ਪਾਲ ਸਿੰਘ ਨੌਲੀ
ਜਲੰਧਰ, 30 ਜੁਲਾਈ
ਸਿਵਲ ਹਸਪਤਾਲ ‘ਚ ਨਵਜੰਮੀ ਬੱਚੀ ਦੀ ਹੋਈ ਮੌਤ ਬਾਰੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀਆਂ ਹਦਾਇਤਾਂ ‘ਤੇ ਬਣਾਈ ਗਈ ਜਾਂਚ ਕਮੇਟੀ ਨੇ ਵੀ ਆਪਣੀ ਰਿਪੋਰਟ ‘ਚ ਸਿਵਲ ਹਸਪਤਾਲ ਵੱਲੋਂ ਕੀਤੀਆਂ ਗਈਆਂ ਕੁਤਾਹੀਆਂ ਵੱਲ ਉਂਗਲ ਕੀਤੀ ਹੈ।
ਇਸ ਪੰਜ ਮੈਂਬਰੀ ਜਾਂਚ ਕਮੇਟੀ ਦੇ ਸਾਰੇ ਮੈਂਬਰਾਂ ਨੇ ਆਪਣੇ ਦਸਤਖਤ ਕਰਕੇ ਇਹ ਰਿਪੋਰਟ ਡਾਇਰੈਕਟਰ ਸਿਹਤ ਸੇਵਾਵਾਂ ਤੇ ਪਰਿਵਾਰ ਭਲਾਈ ਪੰਜਾਬ ਡਾ. ਕਰਨਜੀਤ ਸਿੰਘ ਨੂੰ ਸੌਂਪ ਦਿੱਤੀ ਹੈ। ਉਹ ਖੁਦ ਇਹ ਰਿਪੋਰਟ ਲੈਣ ਲਈ ਚੰਡੀਗੜ੍ਹ ਤੋਂ ਜਲੰਧਰ ਆਏ ਸਨ। ਇਸ ਜਾਂਚ ਕਮੇਟੀ ਦੀ ਮੈਂਬਰ ਦੋ ਮਹਿਲਾ ਡਾਕਟਰਾਂ ਨੇ ਹਸਪਤਾਲ ਸਟਾਫ ਦੀ ‘ਅਪਰਾਧਿਕ ਲਾਪ੍ਰਵਾਹੀ’ ਬਾਰੇ ਵੱਖਰੇ ਤੌਰ ‘ਤੇ ਲਿਖੇ ਨੋਟ ਰਾਹੀਂ ਅਸਹਿਮਤੀ ਪ੍ਰਗਟਾਈ ਹੈ। ਇਸ ਜਾਂਚ ਰਿਪੋਰਟ ‘ਚ ਵੀ ਜ਼ਿਆਦਾਤਰ ਉਹੀ ਤੱਥ ਦੱਸੇ ਗਏ ਹਨ, ਜਿਹੜ ਕਿ ਵਧੀਕ ਡਿਪਟੀ ਕਮਿਸ਼ਨਰ ਪ੍ਰਨੀਤ ਭਾਰਦਵਾਜ ਵੱਲੋਂ ਡਿਪਟੀ ਕਮਿਸ਼ਨਰ ਨੂੰ ਸੌਂਪੀ ਗਈ ਰਿਪੋਰਟ ‘ਚ ਸਨ।
ਜ਼ਿਕਰਯੋਗ ਹੈ ਕਿ ਮੁੱਖ ਮੰਤਰੀ ਦੀਆਂ ਹਦਾਇਤਾਂ ‘ਤੇ ਸਿਹਤ ਵਿਭਾਗ ਦੀ ਪ੍ਰਿੰਸੀਪਲ ਸਕੱਤਰ ਵਿੰਨੀ ਮਹਾਜਨ ਵੱਲੋਂ ਬਣਾਈ ਗਈ ਇਸ ਪੰਜ ਮੈਂਬਰੀ ਕਮੇਟੀ ਵਿੱਚ ਸਿਵਲ ਸਰਜਨ ਡਾ. ਆਰ.ਐਲ. ਵੱਸਣ, ਗਾਇਨੀ ਦੇ ਡਾਕਟਰ ਸੰਗੀਤਾ ਕਪੂਰ, ਬੱਚਿਆਂ ਦੇ ਮਾਹਿਰ ਡਾਕਟਰ ਜਸਵਿੰਦਰ ਕੌਰ, ਵਧੀਕ ਡਿਪਟੀ ਕਮਿਸ਼ਨਰ ਪ੍ਰਨੀਤ ਭਾਰਦਵਾਜ ਤੇ ਨਕੋਦਰ ਦੇ ਐਸ.ਡੀ.ਐਮ. ਡਾ. ਸੁਮਿਤ ਸ਼ਾਮਲ ਸਨ। ਇਸ ਕਮੇਟੀ ਵੱਲੋਂ ਸੌਂਪੀ ਗਈ ਰਿਪੋਰਟ ਵਿੱਚ ਵੀ ਹਸਪਤਾਲ ਸਟਾਫ ਨੂੰ ਦੋਸ਼ੀ ਪਾਇਆ ਗਿਆ ਹੈ ਤੇ ਇਸ ਨੂੰ ਸਟਾਫ ਦੀ ਅਪਰਾਧਿਕ ਲਾਪ੍ਰਵਾਹੀ ਦੱਸਿਆ ਗਿਆ ਹੈ, ਜਦੋਂ ਕਿ ਦੋ ਡਾਕਟਰਾਂ ਨੇ ਅਪਰਾਧਿਕ ਲਾਪ੍ਰਵਾਹੀ ਨਾਲ ਸਹਿਮਤੀ ਨਹੀਂ ਪ੍ਰਗਟਾਈ।
ਉੱਧਰ ਵਿਭਾਗ ਦੇ ਡਾਇਰੈਕਟਰ ਡਾ. ਕਰਨਜੀਤ ਸਿੰਘ ਨੇ ਦੱਸਿਆ ਕਿ ਉਹ ਬੁੱਧਵਾਰ ਤੱਕ ਇਹ ਰਿਪੋਰਟ ਸਿਹਤ ਵਿਭਾਗ ਦੇ ਪ੍ਰਿੰਸੀਪਲ ਸੈਕਟਰੀ ਵਿੰਨੀ ਮਹਾਜਨ ਨੂੰ ਸੌਂਪ ਦੇਣਗੇ। ਅੱਗਿਓਂ ਇਹ ਰਿਪੋਰਟ ਸਿਹਤ ਮੰਤਰੀ ਰਾਹੀਂ ਮੁੱਖ ਮੰਤਰੀ ਕੋਲ ਪਹੁੰਚੇਗੀ। ਯਾਦ ਰਹੇ ਕਿ ਇਹ ਘਟਨਾ ਵਾਪਰਨ ‘ਤੇ ਸਿਹਤ ਮੰਤਰੀ ਮਦਨ ਮੋਹਨ ਮਿੱਤਲ ਨੇ ਇਸ ਮਾਮਲੇ ਦੀ ਜਾਂਚ 15 ਦਿਨਾਂ ‘ਚ ਕਰਨ ਦੀਆਂ ਹਦਾਇਤਾਂ ਦਿੱਤੀਆਂ ਸਨ, ਪਰ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਇਸ ਮਾਮਲੇ ਦੀ ਜਾਂਚ ਨੂੰ ਤਿੰਨ ਦਿਨਾਂ ‘ਚ ਮੁਕੰਮਲ ਕਰਨ ਲਈ ਸਖਤੀ ਨਾਲ ਕਿਹਾ ਹੈ।
ਜ਼ਿਕਰਯੋਗ ਹੈ ਕਿ 25 ਜੁਲਾਈ ਨੂੰ ਅਨੀਤਾ ਤੇ ਸੰਜੀਵ ਦੀ ਚਾਰ ਦਿਨਾਂ ਦੀ ਬੱਚੀ ਸਿਵਲ ਹਸਪਤਾਲ ਦੇ ਸਟਾਫ ਦੀ ਲਾਪ੍ਰਵਾਹੀ ਦੇ ਚੱਲਦਿਆਂ ਮੌਤ ਦੇ ਮੰੂਹ ‘ਚ ਚਲੀ ਗਈ ਸੀ।
ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਦੋਵੇਂ ਜਾਂਚ ਕਮੇਟੀਆਂ ਦੀ ਰਿਪੋਰਟ ਵਿੱਚ ਇਹ ਗੱਲ ਬੜੀ ਸਪੱਸ਼ਟ ਕੀਤੀ ਗਈ ਹੈ ਕਿ ਬੱਚੀ ਦੀ ਮੌਤ ਫੋਟੋਥੈਰਪੀ ਮਸ਼ੀਨ ‘ਚੋਂ ਬਾਹਰ ਕੱਢੇ ਜਾਣ ਨਾਲ ਨਹੀਂ ਹੋਈ। ਰਿਪੋਰਟ ਵਿੱਚ ਇਹ ਵੀ ਸਪੱਸ਼ਟ ਕੀਤਾ ਗਿਆ ਹੈ ਕਿ ਪੀੜਤ ਜੋੜੇ ਕੋਲੋਂ 200 ਰੁਪਏ ਲੈਣ ਲਈ ਉਨ੍ਹਾਂ ਨੂੰ ਵਾਰ-ਵਾਰ ਕਹਿ ਕੇ ਦਬਾਅ ਪਾਇਆ ਜਾਂਦਾ ਸੀ। ਰਿਪੋਰਟ ਵਿੱਚ ਕਿਹਾ ਗਿਆ ਕਿ ਹਸਪਤਾਲ ਦੇ ਸਟਾਫ ਵੱਲੋਂ ਪੀੜਤ ਪਰਿਵਾਰ ਨਾਲ ਕਿਸੇ ਤਰ੍ਹਾਂ ਦੀ ਵੀ ਹਮਦਰਦੀ ਵਾਲਾ ਵਤੀਰਾ ਨਹੀਂਂ ਅਪਣਾਇਆ ਗਿਆ, ਸਗੋਂ ਉਨ੍ਹਾਂ ਨੂੰ ਬੱਚੀ ਦੀ ਮੌਤ ਤੋਂ ਬਾਅਦ ਅੱਧੀ ਰਾਤ ਨੂੰ ਸਿਵਲ ਹਸਪਤਾਲ ‘ਚੋਂ ਜਬਰੀ ਬਾਹਰ ਕੱਢਿਆ ਗਿਆ। ਰਿਪੋਰਟ ਵਿੱਚ ਹਸਪਤਾਲ ਦੇ ਰਿਕਾਰਡ ਨਾਲ ਛੇੜਛਾੜ ਕਰਨ ਦਾ ਦੋਸ਼ ਵੀ ਲਾਇਆ ਗਿਆ ਹੈ।
ਇਸ ਮਾਮਲੇ ਵਿੱਚ ਸਟਾਫ ਨਰਸ ਹਰਜੀਤ ਕੌਰ ਓਬਰਾਏ ਨੂੰ ਪਹਿਲਾਂ ਹੀ ਮੁਅੱਤਲ ਕੀਤਾ ਜਾ ਚੱਕਾ ਹੈ ਤੇ ਉਸ ਨੂੰ ਜਾਂਚ ਰਿਪੋਰਟਾਂ ਵਿੱਚ ਵੀ ਦੋਸ਼ੀ ਪਾਇਆ ਗਿਆ ਹੈ।