ਦਵਿੰਦਰ ਪਾਲ/ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 27 ਜੁਲਾਈ
ਪੰਜਾਬ ਵਿਜੀਲੈਂਸ ਬਿਊਰੋ ਵਿੱਚ ਤਾਇਨਾਤ ਰਹੇ ਪੁਲੀਸ ਅਫਸਰਾਂ ਉਪਰ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਐਫ.ਆਈ.ਆਰ. ਦਰਜ ਕਰਨ ਦੇ ਨਿਰਦੇਸ਼ ਦਿੱਤੇ ਹਨ। ਸੇਵਾਮੁਕਤ ਪੁਲੀਸ ਅਧਿਕਾਰੀ ਸ਼ਿਵ ਕੁਮਾਰ ਸ਼ਰਮਾ, ਬਨਾਰਸੀ ਦਾਸ ਅਤੇ ਇੰਸਪੈਕਟਰ ਈਸ਼ਰ ਸਿੰਘ ’ਤੇ ਮੋਹਨ ਸਿੰਘ ਨਾਮੀ ਪਟਵਾਰੀ ਵਿਰੁੱਧ ਫਰਜ਼ੀ ਕੇਸ ਦਰਜ ਕਰਨ ਦੇ ਦੋਸ਼ ਪਾਏ ਗਏ ਸਨ। ਇਸ ਮਾਮਲੇ ਵਿੱਚ ਮੋਗਾ ਦੇ ਐਸ.ਐਸ.ਪੀ. ਸੁਰਜੀਤ ਸਿੰਘ ਗਰੇਵਾਲ,ਐਸ ਪੀ ਫਿਰੋਜ਼ਪੁਰ ਜਸਪਾਲ ਸਿੰਘ ਅਤੇ ਵਿਜੀਲੈਂਸ ਬਿਊਰੋ ਵਿੱਚ ਤਾਇਨਾਤ ਸੰਯੁਕਤ ਡਾਇਰੈਟਰ ਸੁਰਿੰਦਰ ਪਾਲ ਸਿੰਘ ਵਿਰਕ ਜੋ ਕਿ ‘ਤਫ਼ਤੀਸ਼ੀ ਅਫਸਰ’ ਵਜੋਂ ਮਸ਼ਹੂਰ ਹੈ ਦਾ ਨਾਂ ਵੀ ਸ਼ਾਮਲ ਹੈ। ਸ੍ਰੀ ਬਾਦਲ ਨੇ 6 ਅਧਿਕਾਰੀਆਂ ਵਿਰੁੱਧ ਮਾਮਲਾ ਦਰਜ ਕਰਨ ਲਈ ਆਖ ਦਿੱਤਾ ਹੈ। ਸੂਬੇ ਦੇ ਮੁੱਖ ਸਕੱਤਰ ਰਾਕੇਸ਼ ਸਿੰਘ ਨੇ ਇਸ ਦੀ ਪੁਸ਼ਟੀ ਕਰਦਿਆਂ ਕਿਹਾ ਹੈ ਕਿ ਆਈ.ਏ.ਐਸ. ਅਧਿਕਾਰੀ ਕਾਹਨ ਸਿੰਘ ਪੰਨੂ ਦੀ ਪੜਤਾਲੀਆ ਰਿਪੋਰਟ ਵਿੱਚ ਉਕਤ ਅਧਿਕਾਰੀਆਂ ਨੂੰ ਦੋਸ਼ੀ ਮੰਨਦਿਆਂ ਮਾਮਲਾ ਦਰਜ ਕਰਨ ਦੀ ਜੋ ਸਿਫਾਰਸ਼ ਕੀਤੀ ਗਈ ਸੀ, ਨੂੰ ਮੁੱਖ ਮੰਤਰੀ ਨੇ ਹਰੀ ਝੰਡੀ ਦੇ ਦਿੱਤੀ ਹੈ। ਮੁੱਖ ਸਕੱਤਰ ਨੇ ਕਿਹਾ ਕਿ ਅਗਲੀ ਕਾਨੂੰਨੀ ਕਾਰਵਾਈ ਲਈ ਫਾਈਲ ਸਬੰਧਤ ਵਿਭਾਗ ਨੂੰੂ ਭੇਜ ਦਿੱਤੀ ਹੈ।
ਪੰਜਾਬ ਪਟਵਾਰ ਯੂਨੀਅਨ ਵੱਲੋਂ ਮਾਮਲੇ ਦੀ ਉਚ ਪੱਧਰੀ ਜਾਂਚ ਕਰਾਏ ਜਾਣ ਦੀ ਮੰਗ ਤੋਂ ਬਾਅਦ ਮੁੱਖ ਸਕੱਤਰ ਵੱਲੋਂ ਇਸ ਮਾਮਲੇ ਦੀ ਜਾਂਚ ਕਾਹਨ ਸਿੰਘ ਪੰਨੂ ਨੂੰ ਸੌਂਪੀ ਗਈ ਸੀ। ਜਾਂਚ ਅਧਿਕਾਰੀ ਵੱਲੋਂ ਜੋ ਤੱਥ ਸਾਹਮਣੇ ਲਿਆਂਦੇ ਗਏ ਉਸ ਮੁਤਾਬਕ ਮਾਮਲਾ ਮਹਿਜ਼ 20 ਰੁਪਈਆਂ ਦਾ ਸੀ ਜੋ ਮੋਹਨ ਸਿੰਘ ਪਟਵਾਰੀ ਜੋ ਕਿ ਫਤਿਹਗੜ੍ਹ ਸਾਹਿਬ ਜ਼ਿਲ੍ਹੇ ਦੇ ਪਿੰਡ ਰੁੜਕੀ ਵਿੱਚ ਤਾਇਨਾਤ ਸੀ ਨੇ ਤਤਕਾਲੀ ਵਿਜੀਲੈਂਸ
ਅਧਿਕਾਰੀ ਸ਼ਿਵ ਕੁਮਾਰ ਸ਼ਰਮਾ ਦੇ ਪੁੱਤਰ ਤੋਂ ਫੀਸ ਵਜੋਂ ਮੰਗੇ ਸਨ। ਇਸ ਤੋਂ ਬਾਅਦ ਮੋਹਨ ਸਿੰਘ ਵਿਰੁੱਧ ਵਿਜੀਲੈਂਸ ਦਾ ਮਾਮਲਾ ਦਰਜ ਹੋਇਆ ਤੇ ਉਸ ਨੂੰ ਹਿਰਾਸਤ ਵਿੱਚ ਰੱਖ ਕੇ ਜਲੀਲ ਕੀਤਾ ਗਿਆ। ਜਾਂਚ ਅਧਿਕਾਰੀ ਮੁਤਾਬਕ ਸੁਰਜੀਤ ਸਿੰਘ ਗਰੇਵਾਲ ਜੋ ਕਿ ਉਸ ਸਮੇਂ ਵਿਜੀਲੈਂਸ ਬਿਊਰੋ ਦੇ ਜ਼ਿਲ੍ਹਾ ਜਲੰਧਰ ਵਿੱਚ ਐਸ.ਐਸ.ਪੀ. ਵਜੋਂ ਤਾਇਨਾਤ ਸੀ, ਨੇ ਵੀ ਆਪਣੇ ਸਾਥੀ ਪੁਲੀਸ ਅਧਿਕਾਰੀਆਂ ਦੀ ਮਦਦ ਕਰਦਿਆਂ ਸਰਕਾਰੀ ਅਹੁਦੇ ਦੀ ਦੁਰਵਰਤੋਂ ਕੀਤੀ ਅਤੇ ਪਟਵਾਰੀ ਮੋਹਨ ਸਿੰਘ ਨੂੰ ਡਰਾਇਆ ਧਮਕਾਇਆ। ਇਸੇ ਤਰ੍ਹਾਂ ਦੀ ਭੂਮਿਕਾ ਸੁਰਿੰਦਰ ਪਾਲ ਸਿੰਘ ਵਿਰਕ ਨੇ ਵੀ ਨਿਭਾਈ ਸੀ।
ਕਾਹਨ ਸਿੰਘ ਪੰਨੂ ਨੇ ਉਕਤ ਸਾਰੇ ਅਧਿਕਾਰੀਆਂ ਨੂੰ ਕਟਹਿਰੇ ਵਿੱਚ ਲਿਆ ਖੜ੍ਹੇ ਕੀਤਾ । ਇਸ ਪੜਤਾਲੀਆ ਰਿਪੋਰਟ ਨੇ ਵਿਜੀਲੈਂਸ ਬਿਊਰੋ ਦੇ ਅਧਿਕਾਰੀਆਂ ਦਾ ਕਾਰਗੁਜ਼ਾਰੀ ਦਾ ਵੀ ਪਰਦਾਫਾਸ਼ ਕਰ ਦਿੱਤਾ ਹੈ। ਜਾਂਚ ਅਧਿਕਾਰੀ ਨੇ ਇਨ੍ਹਾਂ ਅਫਸਰਾਂ ਵਿਰੁੱਧ ਮਾਮਲਾ ਦਰਜ ਕਰਨ ਦੀ ਸਿਫਾਰਿਸ਼ ਕੀਤੀ ਸੀ। ਮੁੱਖ ਸਕੱਤਰ ਜੋ ਕਿ ਵਿਜੀਲੈਂਸ ਵਿਭਾਗ ਦੇ ਸਕੱਤਰ ਵੀ ਹਨ, ਨੇ ਫਾਈਲ ਅਗਲੀ ਕਾਰਵਾਈ ਲਈ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਭੇਜ ਦਿੱਤੀ ਸੀ। ਮੁੱਖ ਸਕੱਤਰ ਨੇ ਵੀ ਜਾਂਚ ਅਧਿਕਾਰੀਆਂ ਦੀ ਸਿਫਾਰਸ਼ ਮੁਤਾਬਕ ਹੀ ਕਾਰਵਾਈ ਕਰਨ ਲਈ ਕਿਹਾ ਸੀ। ਅਖੀਰ ਸ੍ਰੀ ਬਾਦਲ ਨੇ ਮਾਮਲਾ ਦਰਜ ਕਰਨ ਦੇ ਨਿਰਦੇਸ਼ ਦੇ ਦਿੱਤੇ। ਪਟਵਾਰੀਆਂ ਵੱਲੋਂ ਇਸ ਰਿਪੋਰਟ ’ਤੇ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਸੀ। ਸਰਕਾਰ ’ਤੇ ਦਬਾਅ ਬਨਾਉਣ ਦੀ ਰਣਨੀਤੀ ਨਾਲ ਪਟਵਾਰੀਆਂ ਤੇ ਕਾਨੂੰਗੋਆਂ ਨੇ ਅੱਜ ਤਿੰਨ ਘੰਟਿਆਂ ਦੀ ਹੜਤਾਲ ਕਰਕੇ ਡਿਪਟੀ ਕਮਿਸ਼ਨਰਾਂ ਦੇ ਦਫ਼ਤਰਾਂ ਅੱਗੇ ਧਰਨੇ ਵੀ ਦਿੱਤੇ ਸਨ। ਪੰਜਾਬ ਵਿਜੀਲੈਂਸ ਬਿਊਰੋ ਵਿੱਚ ਤਾਇਨਾਤ ਇਹ ਅਧਿਕਾਰੀ ਪਿਛਲੇ ਕਈ ਸਾਲਾਂ ਤੋਂ ਕਿਸੇ ਨਾ ਕਿਸੇ ਮੁੱਦੇ ਨੂੰ ਲੈ ਕੇ ਅਕਸਰ ਵਿਵਾਦਾਂ ਵਿੱਚ ਰਹੇ ਹਨ। ਇਹ ਸਾਰੇ ਪੁਲੀਸ ਦੇ ਮੁਖੀ ਸੁਮੇਧ ਸਿੰਘ ਸੈਣੀ ਦੇ ਕਰੀਬੀ ਮੰਨੇ ਜਾਂਦੇ ਹਨ। ਸੁਰਿੰਦਰ ਪਾਲ ਸਿੰਘ ਵਿਰਕ ਤਾਂ ਮੁੱਖ ਮੰਤਰੀ ਅਤੇ ਉਨ੍ਹਾਂ ਦੇ ਪਰਿਵਾਰ ਵਿਰੁੱਧ ਕਾਂਗਰਸ ਰਾਜ ਸਮੇਂ ਦਰਜ ਹੋਏ ਮਾਮਲੇ ਵਿੱਚ ਤਫਤੀਸ਼ੀ ਅਧਿਕਾਰੀ ਸੀ। ਇਹ ਸੇਵਾ ਮੁਕਤੀ ਦੇ ਤਿੰਨ ਸਾਲਾਂ ਬਾਅਦ ਵੀ ਨੌਕਰੀ ’ਤੇ ਕਾਇਮ ਹੈ ਇਨ੍ਹੀਂ ਦਿਨੀ ਛੁੱਟੀ ’ਤੇ ਚੱਲ ਰਿਹਾ ਹੈ। ਸ਼ਿਵ ਕੁਮਾਰ ਸ਼ਰਮਾ ਅਤੇ ਬਨਾਰਸੀ ਦਾਸ ਸੇਵਾ ਮੁਕਤ ਹੋ ਚੁੱਕੇ ਹਨ। ਈਸ਼ਰ ਸਿੰਘ ਨੂੰ ਬਿਊਰੋ ’ਚੋਂ ਬਾਹਰ ਕੀਤਾ ਜਾ ਚੁੱਕਾ ਹੈ।