
ਭਾਜਪਾ ਉਮੀਦਵਾਰ ਸੁਖਜੀਤ ਕੌਰ ਸ਼ਾਹੀ ਤੇ ਉਨ੍ਹਾਂ ਦੇ ਪਰਿਵਾਰ ਦੇ ਜੀਅ ਜਿੱਤ ਤੋਂ ਬਾਅਦ ਲੋਕਾਂ ਦਾ ਧੰਨਵਾਦ ਕਰਦੇ ਹੋਏ (ਫੋਟੋ: ਮਲਕੀਅਤ ਸਿੰਘ)
ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 14 ਜੁਲਾਈ
ਭਾਰਤੀ ਜਨਤਾ ਪਾਰਟੀ ਦੀ ਉਮੀਦਵਾਰ ਸ੍ਰੀਮਤੀ ਸੁਖਜੀਤ ਕੌਰ ਸਾਹੀ ਨੇ ਅੱਜ ਪੰਜਾਬ ਵਿਧਾਨ ਸਭਾ ਦੇ ਦਸੂਹਾ ਹਲਕੇ ਦੀ ਜ਼ਿਮਨੀ ਚੋਣ ਰਿਕਾਰਡਤੋੜ ਅੰਤਰ ਨਾਲ ਜਿੱਤ ਲਈ। ਉਨ੍ਹਾਂ ਨੇ ਆਪਣੇ ਮੁੱਖ ਵਿਰੋਧੀ ਤੇ ਕਾਂਗਰਸ ਦੇ ਉਮੀਦਵਾਰ ਅਰੁਣ ਮਿੱਕੀ ਡੋਗਰਾ ਨੂੰ 47,431 ਵੋਟਾਂ ਦੇ ਫਰਕ ਨਾਲ ਹਰਾਇਆ। ਇਹ ਪਹਿਲੀ ਵਾਰ ਹੈ ਜਦੋਂ ਦਸੂਹਾ ਤੋਂ ਕੋਈ ਉਮੀਦਵਾਰ ਇੰਨੇ ਵੱਡੇ ਫਰਕ ਨਾਲ ਜਿੱਤਿਆ।
ਸ੍ਰੀ ਸਾਹੀ ਨੂੰ ਕੁੱਲ ਭੁਗਤੀਆਂ 1,12,706 ਵੋਟਾਂ ਵਿੱਚੋਂ 77494 ਵੋਟਾਂ ਮਿਲੀਆਂ ਜਦੋਂਕਿ ਸ੍ਰੀ ਡੋਗਰਾ ਨੇ 30,063 ਅਤੇ ਪੀਪਲਜ਼ ਪਾਰਟੀ ਆਫ ਪੰਜਾਬ (ਪੀ ਪੀ ਪੀ) ਦੇ ਭੁਪਿੰਦਰ ਸਿੰਘ ਘੁੰਮਣ ਨੇ 5149 ਵੋਟਾਂ ਪ੍ਰਾਪਤ ਕੀਤੀਆਂ। ਸ੍ਰੀ ਘੁੰਮਣ ਦੀ ਜ਼ਮਾਨਤ ਵੀ ਜ਼ਬਤ ਹੋ ਗਈ। ਹਲਕੇ ਵਿਚ ਜ਼ਿਮਨੀ ਚੋਣ ਲਈ ਵੋਟਾਂ 11 ਜੁਲਾਈ ਨੂੰ ਪਈਆਂ ਸਨ। ਇਹ ਜ਼ਿਮਨੀ ਚੋਣ ਸ੍ਰੀਮਤੀ ਸਾਹੀ ਦੇ ਪਤੀ ਅਤੇ ਭਾਜਪਾ ਵਿਧਾਇਕ ਸ੍ਰੀ ਅਮਰਜੀਤ ਸਾਹੀ ਦੀ ਅਚਨਚੇਤੀ ਮੌਤ ਕਾਰਨ ਕਰਵਾਉਣੀ ਪਈ ਸੀ। ਸ੍ਰੀ ਸਾਹੀ ਨੇ ਇਸ ਸਾਲ ਫਰਵਰੀ ਮਹੀਨੇ ਹੋਈਆਂ ਵਿਧਾਨ ਸਭਾ ਚੋਣਾਂ ਵਿਚ ਇਹ ਸੀਟ ਛੇ ਹਜ਼ਾਰ ਵੋਟਾਂ ਦੇ ਅੰਤਰ ਨਾਲ ਜਿੱਤੀ ਸੀ।
ਹੁਣ ਉਨ੍ਹਾਂ ਦੀ ਪਤਨੀ ਨੇ ਅੱਠ ਗੁਣਾਂ ਵੱਧ ਵੋਟਾਂ ਨਾਲ ਇਹ ਸੀਟ ਭਾਜਪਾ ਦੀ ਝੋਲੀ ਪਾਈ ਹੈ। ਜ਼ਿਕਰਯੋਗ ਹੈ ਕਿ ਸ੍ਰੀ ਸਾਹੀ 2007 ਦੀਆਂ ਚੋਣਾਂ ਵਿਚ ਇਸ ਹਲਕੇ ਤੋਂ ਪਹਿਲੀ ਵਾਰ ਜਿੱਤੇ ਸਨ। ਫਿਰ ਫਰਵਰੀ 2012 ਵਿਚ ਉਹ ਜੇਤੂ ਰਹੇ। ਅੱਜ ਦੀ ਪ੍ਰਾਪਤੀ ਸਦਕਾ ਭਾਜਪਾ ਨੇ ਲਗਾਤਾਰ ਤੀਜੀ ਵਾਰ ਇਸ ਹਲਕੇ ਤੋਂ ਆਪਣੀ ਜਿੱਤ ਸੰਭਵ ਬਣਾਈ ਹੈ। ਕਾਂਗਰਸੀ ਉਮੀਦਵਾਰ ਅਰੁਣ ਡੋਗਰਾ ਸਾਬਕਾ ਸੂਬਾਈ ਮੰਤਰੀ ਰਮੇਸ਼ ਚੰਦਰ ਡੋਗਰਾ ਦੇ ਪੁੱਤਰ ਸਨ। ਕਾਂਗਰਸੀ ਆਗੂ ਰਮੇਸ਼ ਚੰਦਰ ਡੋਗਰਾ ਦਾ ਕਦੇ ਇਸ ਹਲਕੇ ’ਤੇ ਪੂਰਾ ਦਬਦਬਾ ਹੋਇਆ ਕਰਦਾ ਸੀ, ਪਰ ਵੋਟਰਾਂ ਦੀ ਨਵੀਂ ਪੀੜ੍ਹੀ ਹੁਣ ਕਾਂਗਰਸ ਦੇ ਹੱਕ ਵਿਚ ਨਹੀਂ ਭੁਗਤਦੀ ਜਾਪਦੀ।
ਹਲਕੇ ਵਿਚ ਵੋਟਾਂ ਦੀ ਗਿਣਤੀ ਸਵੇਰੇ 8.00 ਵਜੇ ਚੋਣ ਅਧਿਕਾਰੀ ਤੇ ਐਸ ਡੀ ਐਮ ਰਾਹੁਲ ਚਾਬਾ ਅਤੇ ਚੋਣ ਕਮਿਸ਼ਨ ਦੇ ਨਿਗਰਾਨ ਹੇਮੰਤ ਰਾਓ ਦੀ ਨਿਗਰਾਨੀ ਹੇਠ ਸ਼ੁਰੂ ਹੋਈ। ਪਹਿਲੇ ਹੀ ਰਾਊਂਡ ਵਿਚ ਸ੍ਰੀਮਤੀ ਸਾਹੀ ਨੇ 4000 ਵੋਟਾਂ ਦੀ ਲੀਡ ਬਣਾ ਲਈ ਜੋ ਲਗਾਤਾਰ ਵਧਦੀ ਗਈ। ਹੁਕਮਰਾਨ ਅਕਾਲੀ-ਭਾਜਪਾ ਗੱਠਜੋੜ ਨੂੰ ਵੱਡੀ ਜਿੱਤ ਦੀ ਉਮੀਦ ਤਾਂ ਸੀ, ਪਰ ਇਹ ਤਵੱਕੋ ਨਹੀਂ ਸੀ ਕੀਤੀ ਜਾ ਰਹੀ ਕਿ ਸ੍ਰੀਮਤੀ ਸਾਹੀ 47 ਹਜ਼ਾਰ ਤੋਂ ਵੱਧ ਵੋਟਾਂ ਨਾਲ ਜਿੱਤਣਗੇ। ਭਾਜਪਾ ਦੇ ਚੋਣ ਇੰਚਾਰਜ ਦੇ ਦੱਸਣ ਅਨੁਸਾਰ ਪਾਰਟੀ 25 ਤੋਂ 30 ਹਜ਼ਾਰ ਵੋਟਾਂ ਦੀ ਜਿੱਤ ਦੇ ਕਿਆਸ ਲਾ ਰਹੀ ਸੀ। ਦਰਅਸਲ ਹਲਕੇ ਦੇ ਵੋਟਰ ਇਸ ਜਿੱਤ ਨੂੰ ਭਾਜਪਾ ਦੀ ਥਾਂ ਅਕਾਲੀ ਦਲ ਦੀ ਜਿੱਤ ਜ਼ਿਆਦਾ ਸਮਝ ਰਹੇ ਹਨ। ਇਸ ਦੀ ਵਜ੍ਹਾ ਹੈ ਕਿ ਅਕਾਲੀ ਦਲ ਨੇ ਸ੍ਰੀਮਤੀ ਸਾਹੀ ਨੂੰ ਆਪਣੀ ਉਮੀਦਵਾਰ ਮੰਨ ਕੇ ਚੋਣ ਲੜੀ। ਖੁਦ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਚਾਰ ਦਿਨ ਦਸੂਹਾ ਹਲਕੇ ਵਿਚ ਪ੍ਰਚਾਰ ’ਤੇ ਰਹੇ। ਅਕਾਲੀ ਲੀਡਰਸ਼ਿਪ ਆਪਣਾ ਜੇਤੂ ਸਿਲਸਿਲਾ ਲੋਕ ਸਭਾ ਚੋਣਾਂ ਤਕ ਬਰਕਰਾਰ ਰੱਖਣਾ ਚਾਹੁੰਦੀ ਹੈ।