ਨਵੀਂ ਦਿੱਲੀ, 5 ਜੁਲਾਈ
26/11 ਹਮਲਿਆਂ ਦੇ ਮੁੱਖ ਦੋਸ਼ੀ ਮੰਨੇ ਜਾਂਦੇ ਅੱਬੂ ਜਿੰਦਾਲ ਨੂੰ ਅੱਜ 15 ਹੋਰ ਦਿਨਾਂ ਲਈ ਦਿੱਲੀ ਪੁਲੀਸ ਦੀ ਹਿਰਾਸਤ ਵਿਚ ਦੇ ਦਿੱਤਾ ਗਿਆ। ਦਿੱਲੀ ਪੁਲੀਸ ਨੇ ਅਦਾਲਤ ’ਚ ਦੱਸਿਆ ਕਿ ਉਸ ਦਾ ਸਪੈਸ਼ਲ ਸੈੱਲ ਜਿੰਦਾਲ ਤੋਂ ਹੋਰ ਪੁੱਛ-ਪੜਤਾਲ ਕਰਨੀ ਚਾਹੁੰਦਾ ਹੈ।
ਇਸੇ ਦੌਰਾਨ ਸਈਦ ਜ਼ਬੀਊਦੀਨ ਅੰਸਾਰੀ ਉਰਫ ਅਬੂ ਜਿੰਦਾਲ ਨੇ ਸੁਰੱਖਿਆ ਏਜੰਸੀਆਂ ਕੋਲ ਖੁਲਾਸਾ ਕੀਤਾ ਹੈ ਕਿ ਸ਼ੱਕੀ ਆਈ ਐਸ ਆਈ ਕਾਰਕੁਨ ਮੇਜਰ ਸਮੀਰ ਅਲੀ 26/11 ਦੇ ਹਮਲੇ ਦੌਰਾਨ ਕਰਾਚੀ ਕੰਟਰੋਲ ਰੂਮ ’ਚ ਆਇਆ ਸੀ ਅਤੇ ਉਸ ਨੇ ਲਸ਼ਕਰ-ਏ-ਤੋਇਬਾ ਦੇ ਕਮਾਂਡਰ ਜ਼ਕੀ-ਉਰ-ਰਹਿਮਾਨ ਲਖਵੀ ਨੂੰ ਕਈ ਹਦਾਇਤਾਂ ਦਿੱਤੀਆਂ ਸਨ। ਪਾਕਿਸਤਾਨੀ-ਅਮਰੀਕੀ ਲਸ਼ਕਰ ਕਾਰਕੁਨ ਡੇਵਿਡ ਹੈਡਲੀ ਨੇ ਵੀ 26/11 ਹਮਲੇ ਵਿੱਚ ਮੇਜਰ ਸਮੀਰ ਦੀ ਭੂਮਿਕਾ ਬਾਰੇ ਸੂਚਨਾ ਦਿੱਤੀ ਸੀ। ਇਕ ਹੋਰ ਸ਼ੱਕੀ ਆਈ ਐਸ ਆਈ ਅਫਸਰ ਸਾਜਿਦ ਮੀਰ ਨੇ ਬੈਤੁਲ ਮੁਜਾਹਦੀਨ ਵਿੱਚ ਅਜਮਲ ਕਸਾਬ ਅਤੇ ਨੌਂ ਹੋਰ ਦਹਿਸ਼ਤਪਸੰਦਾਂ ਨੂੰ ਸਿਖਲਾਈ ਦਿਵਾਈ ਸੀ। ਜਿੰਦਾਲ ਨੇ ਤਫਤੀਸ਼ਕਾਰਾਂ ਨੂੰ ਦੱਸਿਆ ਕਿ ਮੀਰ ਮੁੰਬਈ ਹਮਲਿਆਂ ਲਈ ਪ੍ਰਬੰਧ ਕਰਨ ਵਾਲਿਆਂ ’ਚੋਂ ਸੀ। ਕੌਮਾਂਤਰੀ ਦਬਾਅ ਪੈਣ ਕਾਰਨ ਮੁੰਬਈ ਹਮਲੇ ਤੋਂ ਕੁਝ ਹਫ਼ਤਿਆਂ ਬਾਅਦ ਪਾਕਿਸਤਾਨ ਦੀ ਸੰਘੀ ਜਾਂਚ ਏਜੰਸੀ ਨੇ ਕੰਟਰੋਲ ਰੂਮ ਤਹਿਸ-ਨਹਿਸ ਕਰ ਦਿੱਤਾ ਸੀ। ਕਈ ਮਹੀਨੇ ਬਾਅਦ ਜਦੋਂ ਐਫ ਆਈ ਏ ਨੇ ਬੈਤੁਲ ਮੁਜਾਹਦੀਨ ’ਤੇ ਛਾਪਾ ਮਾਰਿਆ ਤਾਂ ਉੱਥੋਂ ਲਖਵੀ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਸੀ।
-ਪੀ.ਟੀ.ਆਈ.