ਨਿਜੀ ਪੱਤਰ ਪ੍ਰੇਰਕ
ਹੁਸ਼ਿਆਰਪੁਰ,4 ਜੁਲਾਈ
ਪਿੰਡ ਪੱਟੀ ਵਿਖੇ ਬਾਬਾ ਸ਼ਾਹ ਮਸਤ ਦੀ ਦਰਗਾਹ ‘ਤੇ ਸੇਵਾਦਾਰ ਸੁੱਖਾ ਸੰਘਾ ਦੀ ਅਗਵਾਈ ਹੇਠ ਪੰਚਾਇਤ ਅਤੇ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਪਹਿਲਵਾਨ ਸੂਰਤ ਸਿੰਘ ਚੀਮਾ ਅਤੇ ਸਤਨਾਮ ਸਿੰਘ ਚੀਮਾ ਦੀ ਯਾਦ ਵਿੱਚ ਛਿੰਝ ਮੇਲਾ ਬੜੇ ਧੂਮ ਧੜੱਕੇ ਨਾਲ ਕਰਵਾਇਆ ਗਿਆ ਜਿਸ ਦਾ ਉਦਘਾਟਨ ਯੂਥ ਅਕਾਲੀ ਦਲ ਦੇ ਕੌਮੀ ਸਕੱਤਰ ਰਵਿੰਦਰ ਸਿੰਘ ਠੰਡਲ ਵੱਲੋਂ ਕੀਤਾ ਗਿਆ । ਇਸ ਛਿੰਝ ਮੇਲੇ ਵਿੱਚ 200 ਦੇ ਕਰੀਬ ਪਹਿਲਵਾਨਾਂ ਵੱਲੋ ਆਪਣੇ ਸੰਡੋਲ ਸਰੀਰਾਂ ਦਾ ਜਾਦੂਈ ਪ੍ਰਦਰਸ਼ਨ ਕੀਤਾ ਗਿਆ। ਪਟਕੇ ਦੇ ਘੋਲ ਵਿੱਚ ਸਾਬੀ ਚੀਮਾ ਅਤੇ ਪ੍ਰਿਅੰਕਲ ਵਿਚਕਾਰ ਬੜਾ ਫਸਵਾਂ ਮੁਕਾਬਲਾ ਹੋਇਆ ਜਿਸ ਵਿੱਚ ਸਾਬੀ ਚੀਮੇ ਵੱਲੋਂ ਕਾਫੀ ਜਦੋ ਜਹਿਦ ਤੋ ਬਾਅਦ ਪ੍ਰਿਅੰਕਲ ਪਹਿਲਵਾਨ ਦੀ ਪਿੱਠ ਲਗਾਕੇ ਮਾਲੀ ਜਿੱਤ ਲਈ।
ਦੂਸਰੇ ਫਸਵੇ ਮੁਕਾਬਲੇ ਵਿੱਚ ਬਿੰਦੇ ਨੇ ਸੂਰਮ ਪਹਿਲਵਾਨ ਨੂੰ ਹਰਾ ਕੇ ਦਰਸ਼ਕਾਂ ਤਂੋ ਖੂਬ ਪ੍ਰਸੰਸਾ ਖੱਟੀ। ਜੇਤੂ ਪਹਿਲਵਾਨਾਂ ਨੂੰ ਇਨਾਮਾਂ ਦੀ ਵੰਡ ਕਰਦਿਆਂ ਰਵਿੰਦਰ ਸਿੰਘ ਠੰਡਲ ਨੇ ਆਖਿਆ ਕਿ ਪੱਟੀ ਵਿਖੇ ਹਰ ਸਾਲ ਲੱਗਣ ਵਾਲਾ ਸ਼ਾਹ ਮਸਤ ਯਾਦਗਾਰੀ ਛਿੰਝ ਮੇਲਾ ਹਲਕੇ ਦੇ ਲੋਕਾਂ ਵਿੱਚ ਖਿੱਚ ਦਾ ਕੇਂਦਰ ਹੈ । ਇਸ ਮੇਲੇ ਵਿੱਚ ਨਾਮੀ ਪਹਿਲਵਾਨਾਂ ਦੇ ਘੋਲ ਕਰਵਾਏ ਜਾਂਦੇ ਹਨ ਅਤੇ ਉਨ੍ਹਾਂ ਨੂੰ ਨਕਦ ਇਨਾਮ ਅਤੇ ਟਰਾਫੀਆਂ ਨਾਲ ਸਨਮਾਨਿਆ ਜਾਂਦਾ ਹੈ । ਇਸ ਮੌਕੇ ਉਘੀ ਗਾਇਕ ਜੋੜੀ ਗੁਰਮੀਤ ਮਾਨ ਅਤੇ ਪ੍ਰੀਤ ਪਾਇਲ ਵਲੋ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕਰਕੇ ਖਿਡਾਰੀਆਂ ਅਤੇ ਦਰਗਾਹ ਤੇ ਪੁੱਜੀਆਂ ਸੰਗਤਾਂ ਦਾ ਖੂਬ ਮਨੌਰੰਜ਼ਨ ਕੀਤਾ । ਇਸ ਮੌਕੇ ਹੋਰਨਾ ਤੋ ਇਲਾਵਾ ਜਥੇਦਾਰ ਇਕਬਾਲ ਸਿੰਘ ਖੇੜਾ, ਚੇਅਰਮੈਨ ਪਰਮਜੀਤ ਸਿੰਘ ਪੰਜੌੜ, ਸਰਪੰਚ ਭੁਪਿੰਦਰ ਸਿੰਘ, ਪਲਵਿੰਦਰ ਚੀਮਾ, ਦਦਾਰ ਸਿੰਘ ਬਿੱਲਾ, ਕੁਲਦੀਪ ਸਿੰਘ ਚੀਮਾ, ਰਾਜਾ ਸਿੰਘ ਖਾਲਸਾ, ਹਰਵਿੰਦਰ ਸਿੰਘ ,ਤਰਲੋਚਨ ਸਿੰਘ ਚੀਮਾ ਅਤੇ ਮਨਦੀਪ ਸਿੰਘ ਖਾਬੜਾ ਸਮੇਤ ਵੱਡੀ ਗਿਣਤੀ ਵਿੱਚ ਹਲਕੇ ਦੀਆਂ ਪ੍ਰਮੁੱਖ ਸ਼ਖਸ਼ੀਅਤਾਂ ਅਤੇ ਸੰਗਤਾਂ ਹਾਜ਼ਰ ਸਨ । ਧੰਨਵਾਦ ਪਿੰਡ ਦੇ ਸਰਪੰਚ ਭੁਪਿੰਦਰ ਸਿੰਘ ਵਲੋ ਕੀਤਾ ਗਿਆ । ਸਮੁੱਚੇ ਸਮਾਗਮ ਦੇ ਸਟੇਜ ਸੰਚਾਲਨ ਦੇ ਫਰਜ਼ ਪਲਵਿੰਦਰ ਚੀਮਾਂ ਵੱਲੋਂ ਬਾਖੂਬੀ ਨਿਭਾਏ ਗਏ।