
ਆਈ.ਐਨ.ਐਸ. ਸਹਿਯਾਦਰੀ ਨੂੰ ਮੁੰਬਈ ’ਚ ਭਾਰਤੀ ਜਲ ਸੈਨਾ ਦੇ ਬੇੜੇ ’ਚ ਸ਼ਾਮਲ ਕਰਨ ਮੌਕੇ ਰੱਖਿਆ ਮੰਤਰੀ ਏ.ਕੇ. ਐਂਟਨੀ, ਸਾਥੀ ਮੰਤਰੀਆਂ ਸਚਿਨ ਪਾਇਲਟ ਤੇ ਮਿਲਿੰਦ ਦਿਓੜਾ ਨਾਲ ਖੜ੍ਹੇ ਹੋਏ (ਫੋਟੋ: ਪੀ.ਟੀ.ਆਈ.)
ਮੁੰਬਈ, 21 ਜੁਲਾਈ
ਦੇਸ਼ ਵਿਚ ਹੀ ਤਿਆਰ ਕੀਤੇ ਗਏ ਮਜ਼ਬੂਤ ਜੰਗੀ ਬੇੜੇ ‘ਆਈ.ਐਨ.ਐਸ. ਸਹਿਯਾਦਰੀ’ ਨੂੰ ਅੱਜ ਭਾਰਤੀ ਜਲ ਸੈਨਾ ਦੇ ਸਪੁਰਦ ਕਰ ਦਿੱਤਾ ਗਿਆ ਜਿਸ ਨਾਲ ਇਸ ਦੀ ਪਣਡੁੱਬੀ ਨਾਸ਼ਕ ਸਮਰੱਥਾ ਵਿਚ ਇਜ਼ਾਫ਼ਾ ਹੋਇਆ ਹੈ।
ਆਈ.ਐਨ.ਐਸ. ਸ਼ਿਵਾਲਿਕ ਅਤੇ ਆਈ.ਐਨ.ਐਸ. ਸਤਪੁਰਾ ਤੋਂ ਬਾਅਦ ਸਟੈਲਥ ਵਾਰਸ਼ਿਪਜ਼ ਲੜੀ ਦੇ ਇਸ ਅੰਤਿਮ ਬੇੜੇ ਨੂੰ ਇੱਥੇ ਜਲ ਸੈਨਾ ਦੇ ਡੌਕਯਾਰਡ ਵਿਚ ਜਲ ਸੈਨਾ ਦੇ ਸਪੁਰਦ ਕਰਨ ਮੌਕੇ ਰੱਖਿਆ ਮੰਤਰੀ ਏ.ਕੇ. ਐਂਟਨੀ ਅਤੇ ਜਲ ਸੈਨਾ ਦੇ ਮੁਖੀ ਐਡਮਿਰਲ ਨਿਰਮਲ ਵਰਮਾ ਅਤੇ ਕਈ ਹੋਰ ਸੀਨੀਅਰ ਅਫਸਰ ਮੌਜੂਦ ਸਨ।
‘ਆਈ.ਐਨ.ਐਸ. ਸਹਿਯਾਦਰੀ’ ਜਲ ਸੈਨਾ ਵੱਲੋਂ ਸ਼ੁਰੂ ਕੀਤੇ ਗਏ ‘ਪ੍ਰਾਜੈਕਟ-17’ ਤਹਿਤ ਅੰਤਿਮ ਜੰਗੀ ਬੇੜਾ ਹੈ। ਇਸ ਦੇ ਦੋ ਪਹਿਲੇ ਬੇੜੇ ਆਈ.ਐਨ.ਐਸ. ਸ਼ਿਵਾਲਕ ਅਤੇ ਆਈ.ਐਨ.ਐਸ. ਸਤਪੁਰਾ ਕ੍ਰਮਵਾਰ ਅਪਰੈਲ 2010 ਅਤੇ ਅਗਸਤ-2011 ਵਿਚ ਕਮਿਸ਼ਨਡ ਕੀਤੇ ਗਏ ਸਨ। ਇਹ ਜਹਾਜ਼ ਹਿੰਦ ਮਹਾਸਾਗਰ ਵਿਚ ਵੱਖ-ਵੱਖ ਕੰਮ ਕਰ ਰਹੇ ਹਨ।
ਦੁਸ਼ਮਣ ਦੇ ਜਹਾਜ਼ਾਂ ’ਤੇ ਹਮਲਾ ਕਰਨ ਦੀ ਸਮਰੱਥਾ ਵਾਲਾ ਆਈ.ਐਨ.ਐਸ. ਸਹਿਯਾਦਰੀ ਹਵਾ ਤੋਂ ਹਵਾ ’ਚ ਮਾਰ ਕਰਨ ਵਾਲੀਆਂ ਮਿਜ਼ਾਈਲਾਂ ਨਾਲ ਲੈਸ ਹੋਵੇਗਾ ਅਤੇ ਵੱਖ-ਵੱਖ ਮਿਸ਼ਨਾਂ ਲਈ ਦੋ ਹੈਲੀਕਾਪਟਰ ਨਾਲ ਲਿਜਾ ਸਕਦਾ ਹੈ। ਇਸ ’ਤੇ ਬ੍ਰਹਮੋਸ ਅਤੇ ਜਹਾਜ਼ ਤੋੜੂ ਕਰੂਜ਼ ਮਿਜ਼ਾਈਲਾਂ ਵੀ ਲੱਗੀਆਂ ਹੋਈਆਂ ਹਨ। ਇਸ ਦੀ ਰਫ਼ਤਾਰ 30 ਨਾਟਿਕਲ ਮੀਲ ਤਕ ਜਾ ਸਕਦੀ ਹੈ ਅਤੇ ਗਹਿਰੇ ਸਮੁੰਦਰ ਵਿਚ ਦੁਸ਼ਮਣ ਦੀ ਨਕਲੋ-ਹਰਕਤ ’ਤੇ ਨਜ਼ਰ ਰੱਖਣ ਲਈ ਬੇੜੇ ’ਤੇ ਨਵੀਨਤਮ ਸੋਨਰ ਅਤੇ ਰਾਡਾਰ ਪ੍ਰਣਾਲੀ ਲੱਗੀ ਹੋਈ ਹੈ।
-ਪੀ.ਟੀ.ਆਈ.