ਲੰਡਨ, 22 ਜੁਲਾਈ ਭਾਰਤੀ ਮੂਲ ਦੇ ਕਰਨ ਬਿਲੀਮੋਰੀਆ ਸਣੇ ਬਰਤਾਨੀਆ ਦੇ ਬੇਹੱਦ ਮਸ਼ਹੂਰ ਉਦਯੋਗਿਕ ਆਗੂਆਂ ਨੇ ਪ੍ਰਧਾਨ ਮੰਤਰੀ ਡੇਵਿਡ ਕੈਮਰੋਨ ਨੂੰ ਅਪੀਲ ਕੀਤੀ ਹੈ ਕਿ ਧਨ ਤੇ ਹੁਨਰ ਦੇ ਬਹੁਮੁੱਲੇ ਸਰੋਤਾਂ ‘ਚ ਅੜਿੱਕਾ ਲੱਗਣ ਤੋਂ ਰੋਕਣ ਲਈ ਵਿਦੇਸ਼ੀ ਵਿਦਿਆਰਥੀਆਂ ਨੂੰ ਸਰਕਾਰੀ ਪਰਵਾਸ ਸੂਚੀ ‘ਚੋਂ ਹਟਾ ਦਿੱਤਾ ਜਾਵੇ। ‘ਦ ਸੰਡੇ ਟਾਈਮਜ਼’ ‘ਚ ਛਪੇ ਪੱਤਰ ‘ਚ 37 ਉਦਯੋਗਿਕ ਆਗੂਆਂ ਨੇ ਸਰਕਾਰ ਨੂੰ ਚਿਤਾਵਨੀ ਦਿੱਤੀ ਹੈ ਕਿ ਵੀਜ਼ਾ ਅੜਿੱਕਿਆਂ ਰਾਹੀਂ ਇਕ ਸਾਲ ‘ਚ ਪਰਵਾਸੀਆਂ ਦੀ ਗਿਣਤੀ ਇਕ ਲੱਖ ਘੱਟ ਜਾਵੇਗੀ। ਇਨ੍ਹਾਂ ਆਗੂਆਂ ਨੇ ਬੇਨਤੀ ਕੀਤੀ ਹੈ ਕਿ ਪਰਵਾਸ ਬਾਰੇ ਨਵੀਂ ਨੀਤੀ ‘ਤੇ ਗੌਰ ਕੀਤੀ ਜਾਵੇ। ਵਿਦੇਸ਼ੀ ਵਿਦਿਆਰਥੀਆਂ ਪ੍ਰਤੀ ਨਰਮ ਰੁਖ ਅਖਤਿਆਰ ਕੀਤਾ ਜਾਵੇ। ਇਨ੍ਹਾਂ ਉਦਯੋਗਿਕ ਆਗੂਆਂ ਨੇ ਕਿਹਾ ਹੈ ਕਿ ਬਰਤਾਨੀਆ ਨੂੰ ਪੂਰੇ ਵਿਸ਼ਵ ‘ਚੋਂ ਸਰਵੋਤਮ ਸ਼ਖਸੀਅਤਾਂ ਖਿੱਚਣ ਦੀ ਲੋੜ ਹੈ। ਇਸ ਲਈ ਦੇਸ਼ ਇਹ ਸਪਸ਼ਟ ਸੁਨੇਹਾ ਦੇਵੇ ਕਿ ਕੌਮਾਂਤਰੀ ਵਿਦਿਆਰਥੀਆਂ ਦਾ ਯੂ.ਕੇ. ‘ਚ ਪੜ੍ਹਾਈ ਲਈ ਸਵਾਗਤ ਹੈ। ਅਖਬਾਰ ‘ਚ ਛਪੀ ਸੰਪਾਦਕੀ ‘ਚ ਕਿਹਾ ਗਿਆ ਹੈ ਕਿ ਉਨ੍ਹਾਂ ਦਾ ਬਰਤਾਨੀਆ ਦੇ ਵਪਾਰ ਦੀ ਸਫਲਤਾ ‘ਚ ਅਹਿਮ ਸਥਾਨ ਹੈ ਤੇ ਇਸ ਲਈ ਉਨ੍ਹਾਂ ਨੂੰ ਕਿਸੇ ਵੀ ਕੀਮਤ ‘ਤੇ ਨਜ਼ਰਅੰਦਾਜ਼ ਨਹੀਂਂ ਕਰਨਾ ਚਾਹੀਦਾ। ਉਨ੍ਹਾਂ ਕਿਹਾ ਕਿ ਵਿਦੇਸ਼ੀ ਵਿਦਿਆਰਥੀਆਂ ਦੀਆਂ ਫੀਸਾਂ ਨਾਲ ਦੇਸ਼ ਦੀਆਂ ਯੂਨੀਵਰਸਿਟੀਆਂ ਤੇ ਵਿਦਿਅਕ ਸੰਸਥਾਵਾਂ ਨੂੰ ਹੁਲਾਰਾ ਮਿਲ ਰਿਹਾ ਹੈ। ਇਸ ਲਈ ਇਹ ਵਿਦਿਆਰਥੀ ਦੇਸ਼ ਦੇ ਆਰਥਿਕ ਹਿੱਤ ਲਈ ਵੀ ਸਹਾਈ ਹੁੰਦੇ ਹਨ।
-ਪੀ.ਟੀ.ਆਈ.