ਪੱਤਰ ਪ੍ਰੇਰਕ
ਲਾਲੜੂ, 22 ਜੁਲਾਈ
ਡੇਰਾਬਸੀ ਬਲਾਕ ‘ਚ ਪੈਂਦੇ ਪਿੰਡ ਭਗਵਾਨਪੁਰ (ਭਗਵਾਸ) ਦੇ ਚਾਰ ਪੰਚਾਇਤ ਮੈਂਬਰਾਂ ਨੇ ਪਿੰਡ ਦੀ ਮਹਿਲਾ ਸਰਪੰਚ ਕੋਲੋਂ ਆਪਣਾ ਸਮਰਥਨ ਵਾਪਸ ਲੈ ਕੇ ਪ੍ਰਬੰਧਕ ਲਗਾਏ ਜਾਣ ਦੀ ਮੰਗ ਕੀਤੀ ਹੈ। ਪੰਚ ਵਰਿੰਦਰ ਸਿੰਘ, ਪਰਮਜੀਤ ਸਿੰਘ, ਗੁਰਦਿਆਲ ਸਿੰਘ ਅਤੇ ਮਨਿੰਦਰ ਕੌਰ ਵੱਲੋਂ ਦਿੱਤੇ ਗਏ ਹਲਫ਼ੀਆ ਬਿਆਨਾਂ ਮੁਤਾਬਿਕ ਸਰਪੰਚ ਮਨਜੀਤ ਕੌਰ ਉਨ੍ਹਾਂ ਦੀ ਸਹਿਮਤੀ ਤੋਂ ਬਗੈਰ ਫੈਸਲੇ ਕਰਦੀ ਸੀ। ਇਨ੍ਹਾਂ ਪੰਚਾਂ ਨੇ ਕਿਹਾ ਕਿ ਹੁਣ ਉਨ੍ਹਾਂ ਦਾ ਸਰਪੰਚ ਤੋਂ ਵਿਸ਼ਵਾਸ ਉਠ ਗਿਆ ਹੈ ਜਿਸ ਕਾਰਨ ਉਨ੍ਹਾਂ ਨੇ ਆਪਣਾ ਸਮਰਥਨ ਵਾਪਸ ਲੈਣ ਦਾ ਫੈਸਲਾ ਕੀਤਾ ਹੈ। ਉਨ੍ਹਾਂ ਸਬੰਧਤ ਅਧਿਕਾਰੀਆਂ ਨੂੰ ਵੀ ਹਲਫ਼ੀਆ ਬਿਆਨਾਂ ਰਾਹੀਂ ਸਰਪੰਚ ਤੋਂ ਅਧਿਕਾਰ ਵਾਪਸ ਲੈ ਕੇ ਪਿੰਡ ‘ਚ ਵਿਕਾਸ ਕੰਮਾਂ ਲਈ ਪ੍ਰਬੰਧਕ ਲਗਾਏ ਜਾਣ ਦੀ ਮੰਗ ਕੀਤੀ ਹੈ। ਪਿੰਡ ਦੇ ਨੰਬਰਦਾਰ ਸੁਖਦੇਵ ਸਿੰਘ ਨੇ ਵੀ ਦੋਸ਼ ਲਾਇਆ ਕਿ ਸਰਪੰਚ ਮਨਜੀਤ ਕੌਰ ਵੱਲੋਂ ਵਿਕਾਸ ਦੇ ਕੰਮਾਂ ‘ਚ ਕਥਿਤ ਭੇਦਭਾਵ ਕੀਤਾ ਜਾਂਦਾ ਸੀ। ਉਧਰ ਸਰਪੰਚ ਮਨਜੀਤ ਕੌਰ ਮੁਤਾਬਿਕ ਇਹ ਪੰਚ ਲੋਕ ਹਿਤਾਂ ਨੂੰ ਨਜ਼ਰਅੰਦਾਜ਼ ਕਰਕੇ ਆਪਣੇ ਹਿੱਤਾਂ ਲਈ ਕੰਮ ਕਰਵਾਉਣ ‘ਤੇ ਜ਼ੋਰ ਪਾਉਂਦੇ ਸਨ ਜਿਸ ਤੋਂ ਖਫ਼ਾ ਹੋ ਕੇ ਉਨ੍ਹਾਂ ਨੇ ਸਮਰਥਨ ਵਾਪਸ ਲਿਆ ਹੈ। ਉਨ੍ਹਾਂ ਕਿਹਾ ਕਿ ਪਿੰਡ ਦੇ ਸਰਬਪੱਖੀ ਵਿਕਾਸ ਲਈ ਜੇਕਰ ਉਨ੍ਹਾਂ ਨੂੰ ਸਰਪੰਚ ਦਾ ਅਹੁਦਾ ਵੀ ਛੱਡਣਾ ਪਿਆ ਤਾਂ ਉਹ ਇਸ ਲਈ ਵੀ ਤਿਆਰ ਹਨ।