ਪੱਤਰ ਪ੍ਰੇਰਕ
ਮੁਹਾਲੀ, 5 ਜੁਲਾਈ
ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਵਾਲੀ ਮੌਜੂਦਾ ਅਕਾਲੀ-ਭਾਜਪਾ ਸਰਕਾਰ ਵੱਲੋਂ ਭਾਵੇਂ ਪੰਜਾਬ ਦੇ ਲੋਕਾਂ ਤੇ ਖਪਤਕਾਰਾਂ ਦੀ ਸਹੂਲਤ ਲਈ ਪੰਜਾਬ ਰਾਜ ਬਿਜਲੀ ਬੋਰਡ ਦਾ ਨਿਗਮੀਕਰਨ ਕੀਤਾ ਗਿਆ ਸੀ ਤੇ ਪਾਵਰਕੌਮ ਤੋਂ ਲੋਕਾਂ ਨੂੰ ਬਹੁਤ ਸਾਰੀਆਂ ਆਸਾਂ ਸਨ, ਪਰ ਇਸ ਦੇ ਉਲਟ ਲੋਕਾਂ ਨੂੰ ਰਾਹਤ ਮਿਲਣ ਦੀ ਬਜਾਏ ਉਨ੍ਹਾਂ ਦੀਆਂ ਪ੍ਰੇਸ਼ਾਨੀਆਂ ਪਹਿਲਾਂ ਨਾਲੋਂ ਵੀ ਵਧ ਗਈਆਂ ਹਨ।
ਇਸ ਦੀ ਤਾਜ਼ਾ ਮਿਸਾਲ ਬੁੱਧਵਾਰ ਨੂੰ ਮੁਹਾਲੀ ਦੇ ਉਦਯੋਗਿਕ ਖੇਤਰ ਫੇਜ਼-7 ਵਿਖੇ ਸਥਿਤ ਪਾਵਰਕੌਮ ਦੇ ਦਫ਼ਤਰ ਵਿੱਚ ਬਿਜਲੀ ਬਿੱਲ ਜਮ੍ਹਾਂ ਕਰਵਾਉਣ ਲਈ ਲੱਗੀਆਂ ਖਪਤਕਾਰਾਂ ਦੀਆਂ ਲੰਮੀਆਂ ਲਾਈਨਾਂ ਤੋਂ ਮਿਲੀ। ਲੋਕ ਸਵੇਰ ਤੋਂ ਆਪਣੇ ਕੰਮ-ਕਾਰ ਛੱਡ ਕੇ ਬਿਜਲੀ ਦੇ ਬਿੱਲਾਂ ਦਾ ਭੁਗਤਾਨ ਕਰਨ ਇੱਥੇ ਆਏ ਹੋਏ ਸਨ, ਪਰ ਪਾਵਰਕੌਮ ਦੇ ਦਫ਼ਤਰ ਵਿੱਚ ਸਹੂਲਤਾਂ ਦੀ ਭਾਰੀ ਘਾਟ ਦੇ ਚਲਦੇ ਉਨ੍ਹਾਂ ਨੂੰ ਬਹੁਤ ਸਾਰੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਇੱਥੇ ਕੇਵਲ ਇਕ ਹੀ ਖਿੜਕੀ ‘ਤੇ ਬਿੱਲ ਭਰੇ ਜਾ ਰਹੇ ਸਨ ਤੇ ਏ.ਟੀ.ਐਮ. ਮਸ਼ੀਨ ਵੀ ਬੰਦ ਪਈ ਸੀ।
ਇਸ ਦੌਰਾਨ ਖਪਤਕਾਰਾਂ ਵੱਲੋਂ ਬਿੱਲ ਭਰਨ ਸਮੇਂ ਪੇਸ਼ ਆ ਰਹੀ ਦਿੱਕਤ ਬਾਰੇ ਮੀਡੀਆਂ ਨੂੰ ਇਤਲਾਹ ਦਿੱਤੀ। ਇਤਲਾਹ ਮਿਲਣ ‘ਤੇ ਪੱਤਰਕਾਰ ਵੀ ਉੱਥੇ ਪਹੁੰਚੇ ਤੇ ਖਪਤਕਾਰਾਂ ਨੂੰ ਦਰਪੇਸ਼ ਸਮੱਸਿਆਵਾਂ ਤੇ ਮਾੜੇ ਪ੍ਰਬੰਧਾਂ ਸਬੰਧੀ ਪਾਵਰਕੌਮ ਦੇ ਐਕਸੀਅਨ ਐਚ.ਐਸ. ਬੋਪਾਰਾਏ ਦਾ ਪੱਖ ਜਾਣਨ ਦੀ ਕੋਸ਼ਿਸ਼ ਕੀਤੀ। ਪੱਤਰਕਾਰਾਂ ਦੇ ਸਵਾਲਾਂ ਤੋਂ ਉਹ ਅਚਾਨਕ ਤੈਸ਼ ਵਿੱਚ ਆ ਗਿਆ। ਇਸ ਮੌਕੇ ਉਨ੍ਹਾਂ ਨਾ ਕੇਵਲ ਆਪਣੇ ਸਟਾਫ ਦੇ ਕਰਮਚਾਰੀਆਂ ਨੂੰ ਸੱਦ ਕੇ ਪੱਤਰਕਾਰਾਂ ਨੂੰ ਦਫ਼ਤਰ ‘ਚੋਂ ਬਾਹਰ ਕੱਢਿਆ, ਸਗੋਂ ਮੀਡੀਆ ਕਰਮੀਆਂ ਦੇ ਕੈਮਰੇ ਵੀ ਖੋਹ ਲਏ। ਬਾਅਦ ਵਿੱਚ ਮੁਹਾਲੀ ਇਲਾਕੇ ਦੇ ਸਾਰੇ ਪੱਤਰਕਾਰ ਉੱਥੇ ਪਹੁੰਚ ਗਏ ਤੇ ਫੇਜ਼-1 ਥਾਣਾ ਦੇ ਐਸ.ਐਚ.ਓ. ਗੁਰਦੀਪ ਸਿੰਘ ਗੋਸਲ ਤੇ ਇੰਡਸਟਰੀ ਏਰੀਆ ਪੁਲੀਸ ਚੌਕੀ ਦੇ ਇੰਚਾਰਜ ਰਾਮ ਦਰਸ਼ਨ ਵੀ ਮੌਕੇ ‘ਤੇ ਪਹੁੰਚ ਗਏ।
ਇਸ ਮੌਕੇ ਐਕਸੀਅਨ ਸ੍ਰੀ ਬੋਪਾਰਾਏ ਨੇ ਮੀਡੀਆ ਨਾਲ ਕੀਤੀ ਵਧੀਕੀ ਦੀ ਜਨਤਕ ਤੌਰ ‘ਤੇ ਮੁਆਫ਼ੀ ਮੰਗੀ ਤੇ ਪੱਤਰਕਾਰਾਂ ਨੂੰ ਕੈਮਰੇ ਵਾਪਸ ਕੀਤੇ ਗਏ। ਇਸ ਤੋਂ ਬਾਅਦ ਕਿਤੇ ਜਾ ਕੇ ਮਾਮਲਾ ਸ਼ਾਂਤ ਹੋਇਆ। ਐਕਸੀਅਨ ਨੇ ਭਵਿੱਖ ਵਿੱਚ ਮੀਡੀਆ ਨੂੰ ਪੂਰਾ ਸਹਿਯੋਗ ਦੇਣ ਦਾ ਭਰੋਸਾ ਵੀ ਦਿੱਤਾ।
ਇਸ ਮੌਕੇ ਖਪਤਕਾਰ ਅਸ਼ੋਕ ਕੁਮਾਰ ਮੌਲੀ ਬੈਦਵਾਨ, ਦਰਸ਼ਨ ਸਿੰਘ ਕੰਬਾਲੀ, ਵਿਜੈ ਕੁਮਾਰ ਇੰਡਸਟਰੀ ਏਰੀਆ ਫੇਜ਼-9, ਅਮਰੀਕ ਸਿੰਘ ਕੁੰਭੜਾ, ਜਗਦੀਪ ਸਿੰਘ ਕੁੰਭੜਾ, ਵਿਕਰਾਂਤ ਸ਼ਰਮਾ ਸੈਕਟਰ-67, ਜਗਤਾਰ ਸਿੰਘ, ਹਰਮੇਲ ਸਿੰਘ ਕੰਬਾਲੀ ਤੇ ਜਗਰੂਪ ਸਿੰਘ ਮੌਲੀ ਸਮੇਤ ਹੋਰਨਾਂ ਲੋਕਾਂ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਉਹ ਆਪਣੇ ਘਰਾਂ ਤੇ ਦੁਕਾਨਾਂ ਦੇ ਬਿਜਲੀ ਬਿੱਲ ਦਾ ਭੁਗਤਾਨ ਕਰਨ ਲਈ ਅੱਜ ਸਵੇਰੇ 8.30 ਵਜੇ ਤੋਂ ਇੱਥੇ ਲੰਮੀਆਂ ਲਾਈਨਾਂ ਵਿੱਚ ਖੜ੍ਹੇ ਹੋਏ ਹਨ, ਪਰ ਪਾਵਰਕੌਮ ਵੱਲੋਂ ਬਿਜਲੀ ਦੇ ਬਿੱਲ ਜਮ੍ਹਾਂ ਕਰਵਾਉਣ ਲਈ ਕੇਵਲ ਇਕ ਹੀ ਕਾਊਂਟਰ ਰਾਹੀਂ ਬਿੱਲ ਲਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਬਿੱਲ ਜਮ੍ਹਾਂ ਕਰਵਾਉਣ ਲਈ ਕਈ ਕਈ ਘੰਟੇ ਲੰਮੀਆਂ ਲਾਈਨਾਂ ਵਿੱਚ ਖੜਨਾ ਪੈਂਦਾ ਹੈ। ਉਨ੍ਹਾਂ ਕਿਹਾ ਕਿ ਇਸ ਸਮੱਸਿਆ ਨਾਲ ਉਹ ਪਿਛਲੇ ਕਾਫੀ ਸਮੇਂ ਤੋਂ ਜੂਝਦੇ ਆ ਰਹੇ ਹਨ, ਲੇਕਿਨ ਹਾਲੇ ਤੱਕ ਖਪਤਕਾਰਾਂ ਦੀ ਵਧਦੀ ਗਿਣਤੀ ਨੂੰ ਦੇਖਦੇ ਹੋਏ ਪਾਵਰਕੌਮ ਅਧਿਕਾਰੀਆਂ ਵੱਲੋਂ ਲੋੜ ਅਨੁਸਾਰ ਵਾਧੂ ਕਾਊਂਟਰ ਨਹੀਂ ਬਣਾਏ ਗਏ ਹਨ।
ਲੋਕਾਂ ਦਾ ਇਹ ਵੀ ਕਹਿਣਾ ਸੀ ਕਿ ਸਰਕਾਰ ਵੱਲੋਂ ਬਿਜਲੀ ਬੋਰਡ ਨੂੰ ਭੰਗ ਕਰਕੇ ਪਾਵਰਕੌਮ ਕਾਰਪੋਰੇਸ਼ਨ ਬਣਾਉਣ ਤੋਂ ਬਾਅਦ ਉਨ੍ਹਾਂ ਨੂੰ ਮੁਢਲੀਆਂ ਸਹੂਲਤਾਂ ਮਿਲਣ ਦੀ ਬਹੁਤ ਸਾਰੀਆਂ ਆਸਾਂ ਸਨ, ਪਰ ਕਾਰਪੋਰੇਸ਼ਨ ਬਣਨ ਨਾਲ ਪਹਿਲਾਂ ਨਾਲੋਂ ਵੀ ਵਧੇਰੇ ਪ੍ਰੇਸ਼ਾਨੀਆਂ ਖੜ੍ਹੀਆਂ ਹੋ ਗਈਆਂ ਹਨ ਤੇ ਕੋਈ ਵੀ ਅਧਿਕਾਰੀ ਜਾਂ ਕਰਮਚਾਰੀ ਖਪਤਕਾਰਾਂ ਦੀ ਗੱਲ ਸੁਣਨ ਲਈ ਤਿਆਰ ਨਹੀਂ ਹੈ। ਉਨ੍ਹਾਂ ਮੰਗ ਕੀਤੀ ਕਿ ਬਿਜਲੀ ਬਿੱਲ ਜਮ੍ਹਾਂ ਕਰਵਾਉਣ ਲਈ ਲੋਕਾਂ ਦੀ ਸਹੂਲਤ ਲਈ ਘਟੋ ਘੱਟ ਤਿੰਨ ਕਾਊਂਟਰ ਖੋਲ੍ਹੇ ਜਾਣ ਤੇ ਇਕ-ਇਕ ਕਾਊਂਟਰ ਔਰਤਾਂ ਤੇ ਸੀਨੀਅਰ ਸਿਟੀਜ਼ਨਾਂ ਲਈ ਰਾਖਵਾਂ ਕੀਤਾ ਜਾਵੇ।
ਉੱਧਰ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਮੀਡੀਆ ਨਾਲ ਕੀਤੀ ਵਧੀਕੀ ਤੇ ਮਾੜੇ ਪ੍ਰਬੰਧਾਂ ਸਬੰਧੀ ਆਪਣੇ ਓ.ਐਸ.ਡੀ. ਸੁਰਜੀਤ ਸਿੰਘ ਨੂੰ ਜਾਂਚ ਦੇ ਆਦੇਸ਼ ਦਿੱਤੇ ਹਨ ਤੇ ਤੁਰੰਤ ਪੜਤਾਲੀਆ ਰਿਪੋਰਟ ਉਨ੍ਹਾਂ ਨੂੰ ਸੌਂਪਣ ਲਈ ਆਖਿਆ ਹੈ।
ਇਸ ਸਬੰਧੀ ਐਕਸੀਅਨ ਐਚ.ਐਚ. ਬੋਪਾਰਾਏ ਨਾਲ ਲਗਾਤਾਰ ਮੋਬਾਈਲ ਫੋਨ ‘ਤੇ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ, ਪਰ ਉਨ੍ਹਾਂ ਫੋਨ ਨਹੀਂ ਚੁੱਕਿਆ। ਇਹੀ ਨਹੀਂ ਉਨ੍ਹਾਂ ਦੇ ਮੋਬਾਈਲ ਫੋਨ ‘ਤੇ ਖ਼ਬਰ ਸਬੰਧੀ ਗੱਲਬਾਤ ਕਰਨ ਬਾਰੇ ਸੰਦੇਸ਼ ਵੀ ਭੇਜਿਆ ਗਿਆ, ਪਰ ਇਸ ਦੇ ਬਾਵਜੂਦ ਉਨ੍ਹਾਂ ਨਾ ਹੀ ਫੋਨ ਚੁੱਕਿਆ ਤੇ ਨਾ ਹੀ ਫੋਨ ਕੀਤਾ।