ਜੋਗਿੰਦਰ ਸਿੰਘ ਮਾਨ
ਮਾਨਸਾ, 22 ਜੁਲਾਈ
ਮਾਨਸਾ ਨੇੜੇ ਫਾਟਕ ਰਹਿਤ ਲਾਂਘੇ ’ਤੇ ਰੇਲ ਗੱਡੀ ਤੇ ਟਰੈਕਟਰ ਵਿਚਾਲੇ ਟੱਕਰ ਹੋਣ ਕਾਰਨ ਦੋ ਵਿਅਕਤੀਆਂ ਦੀ ਮੌਕੇ ’ਤੇ ਹੀ ਮੌਤ ਹੋ ਗਈ। ਇਹ ਰੇਲ ਗੱਡੀ ਫਿਰੋਜ਼ਪੁਰ ਤੋਂ ਵਾਇਆ ਬਠਿੰਡਾ-ਮਾਨਸਾ ਹੋ ਕੇ ਜਾਖ਼ਲ-ਹਿਸਾਰ ਨੂੰ ਜਾ ਰਹੀ ਸੀ।
ਰੇਲ ਗੱਡੀ ਟਰੈਕਟਰ ਦੂਰ ਤੱਕ ਘੜੀਸ ਕੇ ਲੈ ਗਈ ਤੇ ਉਸ ਉਪਰ ਸਵਾਰ ਦੋ ਵਿਅਕਤੀਆਂ ਦੇ ਚੀਥੜੇ ਉੱਡ ਗਏ। ਹਾਦਸਾ ਵਾਪਰਦੇ ਸਾਰ ਹੀ ਖੇਤਾਂ ਵਿੱਚ ਕੰਮ ਕਰਦੇ ਕਾਮੇ ਬਚਾਅ ਲਈ ਭੱਜ ਕੇ ਆਏ ਪਰ ਉਦੋਂ ਤੱਕ ਸਾਰਾ ਭਾਣਾ ਵਰਤ ਚੁੱਕਿਆ ਸੀ।
ਘਟਨਾ ਵਾਲੇ ਸਥਾਨ ’ਤੇ ਫਾਟਕ ਬਣਾਉਣ ਦੀ ਮੰਗ ਲੰਬੇ ਸਮੇਂ ਤੋਂ ਚੱਲਦੀ ਆ ਰਹੀ ਹੈ ਪਰ ਰੇਲਵੇ ਵਿਭਾਗ ਨੇ ਇਸ ਵੱਲ ਕੋਈ ਧਿਆਨ ਨਹੀਂ ਦਿੱਤਾ। ਮਿਲੀ ਜਾਣਕਾਰੀ ਅਨੁਸਾਰ ਦੁਪਹਿਰ ਸਮੇਂ ਬੋਹਾ ਲਾਗੇ ਪਿੰਡ ਸ਼ੇਰ ਖਾਂ ਵਾਲਾ ਦਾ ਮੰਗਾ ਸਿੰਘ (40) ਪੁੱਤਰ ਜੀਤ ਸਿੰਘ ਆਪਣੇ ਸਾਥੀ ਨਾਲ ਟਰੈਕਟਰ ਉਪਰ ਸਵਾਰ ਹੋ ਕੇ ਪਿੰਡ ਤੋਂ ਮਾਨਸਾ ਸ਼ਹਿਰ ਵੱਲ ਆ ਰਿਹਾ ਸੀ ਕਿ ਅਚਾਨਕ ਪਿੰਡ ਚਕੇਰੀਆਂ ਨੇੜੇ ਫਾਟਕ ਰਹਿਤ ਲਾਂਘਾ ਪਾਰ ਕਰਦੇ ਸਮੇਂ ਮਾਨਸਾ ਸਟੇਸ਼ਨ ਤੋਂ ਚੱਲ ਕੇ ਹਿਸਾਰ ਵੱਲ ਜਾ ਰਹੀ ਪੈਸੰਜਰ ਗੱਡੀ ਨਾਲ ਟੱਕਰ ਹੋ ਗਈ। ਟੱਕਰ ਹੁੰਦੇ ਸਾਰ ਹੀ ਟਰਾਲੀ ਟਰੈਕਟਰ ਨਾਲੋਂ ਅਲੱਗ ਹੋ ਗਈ ਤੇ ਟਰੈਕਟਰ ਸਮੇਤ ਉਸ ਉਪਰ ਸਵਾਰ ਮੰਗਾ ਸਿੰਘ ਤੇ ਉਸ ਦੇ ਸਾਥੀ ਦੇ ਚੀਥੜੇ ਉੱਡ ਗਏ।
ਇਸ ਘਟਨਾ ਦਾ ਪਤਾ ਲੱਗਦਿਆਂ ਹੀ ਰੇਲਵੇ ਪੁਲੀਸ ਮੌਕੇ ’ਤੇ ਪੁੱਜ ਗਈ ਤੇ ਆਪਣੀ ਕਾਰਵਾਈ ਸ਼ੁਰੂ ਕਰ ਦਿੱਤੀ। ਪੁਲੀਸ ਨੇ ਘਟਨਾ ਸਥਾਨ ਤੋਂ ਲਾਸ਼ਾਂ ਸਮੇਤ ਖਿੱਲਰਿਆ ਸਾਮਾਨ ਕਬਜ਼ੇ ਵਿੱਚ ਲੈ ਲਿਆ ਤੇ ਉਨ੍ਹਾਂ ਨੂੰ ਮਾਨਸਾ ਦੇ ਸਿਵਲ ਹਸਪਤਾਲ ਵਿਖੇ ਰੱਖ ਦਿੱਤਾ। ਇਸ ਘਟਨਾ ਵਿੱਚ ਦੂਜੇ ਮ੍ਰਿਤਕ ਵਿਅਕਤੀ ਦੀ ਹਾਲੇ ਸ਼ਨਾਖ਼ਤ ਨਹੀਂ ਹੋ ਸਕੀ। ਰੇਲਵੇ ਪੁਲੀਸ ਨੇ ਫਿਲਹਾਲ ਦੁਰਘਟਨਾ ਬਾਰੇ ਧਾਰਾ 174 ਦੀ ਕਾਰਵਾਈ ਕੀਤੀ ਹੈ। ਰੇਲਵੇ ਪੁਲੀਸ ਚੌਕੀ ਦੇ ਏ.ਐਸ.ਆਈ ਜਗਜੀਤ ਸਿੰਘ ਨੇ ਦੱਸਿਆ ਕਿ ਪੁਲੀਸ ਨੇ ਆਪਣੀ ਕਾਰਵਾਈ ਕਰਕੇ ਵਾਰਸਾਂ ਨੂੰ ਇਸ ਦੀ ਸੂਚਨਾ ਦੇ ਦਿੱਤੀ ਹੈ। ਦੁਰਘਟਨਾ ਦਾ ਸ਼ਿਕਾਰ ਯਾਤਰੀ ਗੱਡੀ ਆਪਣੇ ਤੈਅ ਸਮੇਂ ਤੋਂ ਇੱਕ ਘੰਟਾ ਬਾਅਦ ਮਿਥੇ ਰੂਟ ਉਪਰ ਰਵਾਨਾ ਹੋ ਗਈ।