ਹੁਣ ਦੇਸ਼ ਦੇ 13ਵੇਂ ਰਾਸ਼ਟਰਪਤੀ ਦੀ ਚੋਣ ਲਈ ਪ੍ਰਕਿਰਿਆ ਚੱਲ ਰਹੀ ਹੈ। ਹੁਣ ਤੱਕ ਸਭ ਤੋਂ ਲੰਬਾ ਕਾਰਜਕਾਲ ਸਾਡੇ ਦੇਸ਼ ਦੇ ਪਹਿਲੇ ਰਾਸ਼ਟਰਪਤੀ ਡਾ. ਰਜਿੰਦਰ ਪ੍ਰਸ਼ਾਦ ਦਾ ਰਿਹਾ। ਉਹ ਆਪਣੇ 2 ਵਾਰ ਦੇ ਕਾਰਜਕਾਲ ਦੌਰਾਨ 12 ਸਾਲ ਤਿੰਨ ਮਹੀਨੇ 18 ਦਿਨ ਇਸ ਅਹੁਦੇ ਤੇ ਰਹੇ। ਰਾਸ਼ਟਰਪਤੀ ਦੀ ਚੋਣ ਦੇ ਮਾਮਲੇ ਵਿੱਚ ਦਿਲਚਸਪ ਗੱਲ ਇਹ ਵੀ ਹੈ ਕਿ ਚੋਣ ਲੜਨ ਲਈ 35 ਸਾਲ ਦੀ ਉਮਰ ਯੋਗ ਹੈ ਪਰ ਹਾਲੇ ਤੱਕ 62 ਸਾਲ ਤੋਂ ਘੱਟ ਉਮਰ ਤੋਂ ਘੱਟ ਦਾ ਕੋਈ ਵੀ ਵਿਅਕਤੀ ਰਾਸ਼ਟਰਪਤੀ ਦੀ ਕੁਰਸੀ ’ਤੇ ਨਹੀਂ ਬੈਠਿਆ। ਦੇਸ਼ ਦੇ ਪਹਿਲੇ ਨਾਗਰਿਕ ਰਾਸ਼ਟਰਪਤੀ ਦੀ ਕੁਰਸੀ ’ਤੇ ਬਿਰਾਜਮਾਨ ਹੋਏ ਸਭ ਤੋਂ ਵੱਡੀ ਉਮਰ 85 ਸਾਲਾ ਵੀ. ਵੀ. ਗਿਰੀ (ਵਗਹ ਗਿਰੀ ਵੈਂਕਟ ਗਿਰੀ) ਸਨ।
ਅਜ਼ਾਦੀ ਪ੍ਰਾਪਤੀ ਤੋਂ ਬਾਅਦ 26 ਜਨਵਰੀ 1950 ਨੂੰ 66 ਸਾਲ ਦੀ ਉਮਰ ’ਚ ਡਾ. ਰਜਿੰਦਰ ਪ੍ਰਸ਼ਾਦ ਪਹਿਲੇ ਰਾਸ਼ਟਰਪਤੀ ਬਣੇ। ਉਹ ਇਸ ਅਹੁਦੇ ’ਤੇ 13 ਮਈ 1962 ਤੱਕ ਰਹੇ। ਭਾਰਤ ਦੇ ਦੂਜੇ ਰਾਸ਼ਟਰਪਤੀ ਡਾ. ਸਰਵਪੱਲੀ ਰਾਧਾ ਕ੍ਰਿਸ਼ਨਨ ਸਨ। ਉਹਨਾਂ ਨੇ 13 ਮਈ 1962 ਨੂੰ 74 ਸਾਲ ਦੀ ਉਮਰ ’ਚ ਅਹੁਦਾ ਸੰਭਾਲਿਆ ਅਤੇ ਪੂਰੇ 5 ਸਾਲ 13 ਮਈ 1967 ਤੱਕ ਇਸ ਅਹੁਦੇ ਤੇ ਬਿਰਾਜਮਾਨ ਰਹੇ। ਤੀਜੇ ਰਾਸ਼ਟਰਪਤੀ 70 ਸਾਲਾ ਡਾ. ਜਾਕਿਰ ਹੁਸੈਨ ਸਨ। ਉਹ 13 ਮਈ 1967 ਤੋਂ 3 ਮਈ 1969 ਤੱਕ 1 ਸਾਲ 11 ਮਹੀਨੇ 20 ਦਿਨ ਇਸ ਅਹੁਦੇ ’ਤੇ ਰਹੇ। ਇਸ ਤੋਂ ਬਾਅਦ 20 ਜੁਲਾਈ 1969 ਤੱਕ ਵੀ. ਵੀ. ਗਿਰੀ ਕਾਰਜਵਾਹਕ ਰਾਸ਼ਟਰਪਤੀ ਬਣੇ। ਮੁਹੰਮਦ ਹਦਾਇਤ ਉੱਲਾ ਨੂੰ ਕਾਰਜਕਾਰੀ ਰਾਸ਼ਟਰਪਤੀ ਵਜੋਂ ਇਸ ਅਹੁਦੇ ’ਤੇ ਬਿਰਾਜਮਾਨ ਹੋਣ ਦਾ ਮੌਕਾ 69 ਸਾਲ ਦੀ ਉਮਰ ’ਚ 20 ਜੁਲਾਈ 1969 ਨੂੰ ਮਿਲਿਆ ਅਤੇ ਉਹ 24 ਅਗਸਤ 1969 ਤੱਕ ਸਿਰਫ਼ 1 ਮਹੀਨਾ 4 ਦਿਨ ਇਸ ਅਹੁਦੇ ’ਤੇ ਰਹੇ। ਇਸ ਤੋਂ ਪਿੱਛੋਂ 24 ਅਗਸਤ 1969 ਤੋਂ 24 ਅਗਸਤ 1974 ਤੱਕ ਵੀ. ਵੀ. ਗਿਰੀ ਪੂਰੇ ਪੰਜ ਸਾਲ ਰਾਸ਼ਟਰਪਤੀ ਬਣੇ ਰਹੇ। ਇਸ ਤੋਂ ਬਾਅਦ ਰਾਸ਼ਟਰਪਤੀ ਬਣਨ ਦਾ ਮੌਕਾ ਫਖਰੂਦੀਨ ਅਲੀ ਅਹਿਮਦ (69 ਸਾਲ) ਨੂੰ ਮਿਲਿਆ। ਉਹ 11 ਫਰਵਰੀ 1977 ਤੱਕ 2 ਸਾਲ 5 ਮਹੀਨੇ 17 ਦਿਨ ਹੀ ਇਸ ਅਹੁਦੇ ’ਤੇ ਰਹਿ ਸਕੇ। ਇਸ ਤੋਂ ਪਿੱਛੋਂ 25 ਜੁਲਾਈ 1977 ਤੱਕ 64 ਸਾਲ ਦੇ ਬੀ. ਡੀ. ਜੋਤੀ (ਬਾਸੱਪਾ ਦਾਨੱਪਾ ਜੋਤੀ) ਨੂੰ ਕਾਰਜਵਾਹਕ ਰਾਸ਼ਟਰਪਤੀ ਬਣਾਇਆ ਗਿਆ। 64 ਸਾਲ ਦੀ ਉਮਰ ’ਚ ਡਾ. ਨੀਲਮ ਸੰਜੀਵਾ ਰੈਡੀ 25 ਜੁਲਾਈ 1977 ਤੋਂ 25 ਜੁਲਾਈ 1982 ਤੱਕ ਪੰਜ ਸਾਲ ਲਈ ਰਾਸ਼ਟਰਪਤੀ ਚੁਣੇ ਗਏ। ਦੇਸ਼ ਦੇ 7ਵੇਂ ਰਾਸ਼ਟਰਪਤੀ ਗਿਆਨੀ ਜੈਲ ਸਿੰਘ (66 ਸਾਲ) ਸਨ। ਉਹ ਪਹਿਲੇ ਪੰਜਾਬੀ ਸਨ ਜੋ ਰਾਸ਼ਟਰਪਤੀ ਬਣੇ। ਉਹ 25 ਜੁਲਾਈ 1982 ਤੋਂ 25 ਜੁਲਾਈ 1987 ਤੱਕ 5 ਸਾਲ ਇਸ ਅਹੁਦੇ ’ਤੇ ਬਿਰਾਜਮਾਨ ਰਹੇ। ਇਸੇ ਤਰ੍ਹਾਂ ਹੀ ਆਰ. ਵੈਕਟਾਰਮਨ (77 ਸਾਲ) ਨੇ 25 ਜੁਲਾਈ 1987 ਤੋਂ 25 ਜੁਲਾਈ 1992 ਤੱਕ ਆਪਣਾ 5 ਸਾਲਾ ਕਾਰਜਕਾਲ ਪੂਰਾ ਕੀਤਾ। ਡਾ. ਸ਼ੰਕਰ ਦਿਆਲ ਸ਼ਰਮਾ ਨੂੰ 74 ਸਾਲ ਦੀ ਉਮਰ ’ਚ 25 ਜੁਲਾਈ 1992 ਤੋਂ 25 ਜੁਲਾਈ 1997 ਤੱਕ ਬਿਰਾਜਮਾਨ ਹੋਣ ਦਾ ਮੌਕਾ ਮਿਲਿਆ। ਕੇ. ਆਰ. ਨਰਾਇਨਣ 25 ਜੁਲਾਈ 1997 ਤੋਂ 25 ਜੁਲਾਈ 2002 ਤੱਕ ਇਸ ਅਹੁਦੇ ’ਤੇ ਰਹੇ। ਇਸ ਤੋਂ ਬਾਅਦ ਦੇਸ਼ ਦੇ ‘ਮਿਜ਼ਾਈਲ ਮੈਨ’ ਡਾ. ਏ. ਪੀ. ਜੇ. ਅਬਦੁਲ ਕਲਾਮ ਨੂੰ ਸਰਬਸੰਮਤੀ ਨਾਲ ਹੋਈ ਚੋਣ ਉਪਰੰਤ 25 ਜੁਲਾਈ 2002 ਤੋਂ 25 ਜੁਲਾਈ 2007 ਤੱਕ ਦੇਸ਼ ਦੇ ਇਸ ਸਰਵਉੱਚ ਅਹੁਦੇ ’ਤੇ ਰਹਿਣ ਦਾ ਮੌਕਾ ਮਿਲਿਆ। ਡਾ. ਕਲਾਮ ਤੋਂ ਮਗਰੋਂ ਭਾਰਤ ਦੇ ਰਾਸ਼ਟਰਪਤੀ ਵਜੋਂ ਪ੍ਰਤਿਭਾ ਦੇਵੀ ਸਿੰਘ ਪਾਟਿਲ ਦੀ ਚੋਣ ਕੀਤੀ ਗਈ। ਉਹ ਭਾਰਤ ਦੀ ਪਹਿਲੀ ਮਹਿਲਾ ਰਾਸ਼ਟਰਪਤੀ ਸਨ ਜੋ 73 ਸਾਲ ਦੀ ਉਮਰ ’ਚ 25 ਜੁਲਾਈ 2007 ਨੂੰ ਇਸ ਅਹੁਦੇ ’ਤੇ ਬਿਰਾਜਮਾਨ ਹੋਏ ਅਤੇ ਉਹ ਹੁਣ ਤੱਕ ਦੇਸ਼ ਦੇ ਰਾਸ਼ਟਰਪਤੀ ਹਨ। ਉਨ੍ਹਾਂ ਦੇ ਅਹੁਦੇ ਦੀ ਮਿਆਦ 25 ਜੁਲਾਈ 2012 ਤੱਕ ਹੈ। ਦੇਸ਼ ਦੇ ਇਸ ਸਭ ਤੋਂ ਵੱਡੇ ਅਹੁਦੇ ’ਤੇ ਕੌਣ ਬਿਰਾਜਮਾਨ ਹੋਵੇਗਾ ਇਹ ਜਵਾਬ ਤਾਂ ਫਿਲਹਾਲ ਪਤਾ ਨਹੀਂ ਹੈ ਪਰ ਸਭ ਦੀਆਂ ਨਿਗਾਹਾਂ ਇਸ ਚੋਣ ਵੱਲ ਲੱਗੀਆਂ ਹੋਈਆਂ ਹਨ।
-ਮੋਹਿਤ ਵਰਮਾ