ਮਾਲਵਾ: ਅਤੀਤ ਅਤੇ ਵਰਤਮਾਨ !    ਫੁੱਲਾਂ ਨਾਲ ਮਹਿਕਦਾ ਚੈਲ !    ਸਾਗਰ ਦਾ ਸ਼ਾਹ-ਅਸਵਾਰ ਅਭਿਲਾਸ਼ ਟਾਮੀ !    ਦੋ ਭਰਾ !    ਮਾਂ ਦੀਆਂ ਕੁੜੀਆਂ-ਚਿੜੀਆਂ !    ਸਫ਼ਰ ਤੋਂ ਸਫ਼ਰ ਤਕ !    ਆਗੂ ਵੋਟਾਂ ਲੈਣ ਤੁਰੇ ਤੇ ਮੁਲਾਜ਼ਮ ਵੋਟਾਂ ਪਵਾਉਣ !    2ਜੀ: ਜੇ.ਪੀ.ਸੀ. ਦੀ ਮੀਟਿੰਗ ਅਗਲੇ ਮਹੀਨੇ !    ਸੌਂਕਣ ਵਸਦੀ ਲਲਕਾਰ ਕੇ! !    ਨਾਰੀਵਾਦ ਦੀ ਝੰਡਾਬਰਦਾਰ ਜੂਲੀਆ ਕ੍ਰਿਸਤੇਵਾ !    

ਸਿੱਖਿਆ ਬੋਰਡ ਦੇ ਲੁਧਿਆਣਾ ਡਿੱਪੂ ’ਚ 80 ਲੱਖ ਦਾ ਘੁਟਾਲਾ

Posted On July - 22 - 2012

ਦਰਸ਼ਨ ਸਿੰਘ ਸੋਢੀ
ਮੁਹਾਲੀ, 22 ਜੁਲਾਈ
ਪੰਜਾਬ ਸਕੂਲ ਸਿੱਖਿਆ ਬੋਰਡ ਵਿੱਚ ਤਿੰਨ ਸਾਲ ਪਹਿਲਾਂ ਹੋਏ 65 ਲੱਖ ਰੁਪਏ ਦੇ ਕਥਿਤ ਪੁਸਤਕ ਘੁਟਾਲੇ ਦੀਆਂ ਪਰਤਾਂ ਖੁੱਲ੍ਹਣੀਆਂ ਸ਼ੁਰੂ ਹੋ ਗਈਆਂ ਹਨ। ਹਾਲ ਹੀ ਵਿੱਚ ਬੋਰਡ ਦੇ ਖੇਤਰੀ ਦਫ਼ਤਰ ਜ਼ਿਲ੍ਹਾ ਬੁੱਕ ਡਿੱਪੂ ਲੁਧਿਆਣਾ ਵਿੱਚ 80 ਲੱਖ ਰੁਪਏ ਦਾ ਪੁਸਤਕ ਘੁਟਾਲਾ ਸਾਹਮਣੇ ਆਇਆ ਹੈ। ਇਸ ਗੱਲ ਦੀ ਪੁਸ਼ਟੀ ਬੋਰਡ ਦੇ ਸਕੱਤਰ ਡਾ. ਬਲਵਿੰਦਰ ਸਿੰਘ ਨੇ ਕੀਤੀ ਹੈ। ਉਧਰ ਇਸ ਸਬੰਧੀ ਬੋਰਡ ਮੈਨੇਜਮੈਂਟ ਵੱਲੋਂ ਕੁਝ ਦਿਨ ਪਹਿਲਾਂ ਹੀ ਲੁਧਿਆਣਾ ਬੁੱਕ ਡਿੱਪੂ ਦੇ ਜ਼ਿਲ੍ਹਾ ਮੈਨੇਜਰ ਅਨਿਲ ਕੁਮਾਰ ਸ਼ਰਮਾ ਨੂੰ ਮੁਅੱਤਲ ਕੀਤਾ ਗਿਆ ਹੈ ਅਤੇ ਇਸ ਮਾਮਲੇ ਦੀ ਉੱਚ ਪੱਧਰੀ ਵਿਭਾਗੀ ਜਾਂਚ ਕੀਤੀ ਜਾ ਰਹੀ ਹੈ।
ਜਾਣਕਾਰੀ ਅਨੁਸਾਰ ਬੋਰਡ ਵੱਲੋਂ ਸਿੱਖਿਆ ਬੋਰਡ ਦੇ ਸੀਨੀਅਰ ਐਡੀਟਰ ਰਸ਼ਭਿੰਦਰ ਸਿੰਘ ਦੀ ਅਗਵਾਈ ਹੇਠ  ਬਣਾਈ ਤਿੰਨ ਮੈਂਬਰੀ ਜਾਂਚ ਕਮੇਟੀ ਨੂੰ ਜ਼ਿਲ੍ਹਾ ਬੁੱਕ ਡਿੱਪੂ ਲੁਧਿਆਣਾ ਦਾ ਨਿਰੀਖਣ ਕਰਨ ਦੇ ਆਦੇਸ਼ ਜਾਰੀ ਕੀਤੇ ਗਏ ਸਨ। ਜਾਂਚ ਕਮੇਟੀ ਪਿਛਲੇ 20 ਦਿਨਾਂ ਤੋਂ ਲੁਧਿਆਣਾ ਡਿੱਪੂ ਵਿੱਚ ਪੁਸਤਕ ਘੁਟਾਲੇ ਦੀ ਜਾਂਚ ਕਰ ਰਹੀ ਹੈ। ਕਮੇਟੀ  ਨੇ ਬੀਤੇ ਦਿਨੀਂ ਆਪਣੀ ਮੁੱਢਲੀ ਜਾਂਚ ਰਿਪੋਰਟ ਬੋਰਡ ਦੇ ਆਲ੍ਹਾ ਅਧਿਕਾਰੀਆਂ ਨੂੰ ਸੌਂਪੀ ਹੈ ਜਿਸ ਵਿੱਚ 80 ਲੱਖ ਤੋਂ ਵੱਧ ਦੇ ਪੁਸਤਕ ਘੁਟਾਲੇ ਦਾ ਖੁਲਾਸਾ ਕੀਤਾ ਗਿਆ ਹੈ।
ਸੂਤਰਾਂ ਦਾ ਕਹਿਣਾ ਹੈ ਕਿ ਇਸ ਘੁਟਾਲੇ ਵਿੱਚ ਮੈਨੇਜਰ ਅਨਿਲ ਕੁਮਾਰ ਤੋਂ ਇਲਾਵਾ ਕਈ ਹੋਰ ਵੀ ਕਰਮਚਾਰੀਆਂ ਦੀ ਸ਼ਮੂਲੀਅਤ ਸਾਹਮਣੇ ਆਈ ਹੈ। ਦੱਸਿਆ ਗਿਆ ਹੈ ਕਿ ਆਡਿਟ ਸ਼ਾਖਾ ਵੱਲੋਂ ਕਰੀਬ 6 ਮਹੀਨੇ ਪਹਿਲਾਂ ਉਸ ਸਮੇਂ ਦੇ ਬੋਰਡ ਦੇ ਚੇਅਰਮੈਨ ਨੂੰ ਇੱਕ ਰਿਪੋਰਟ ਭੇਜ ਕੇ ਜਾਣਕਾਰੀ ਦਿੱਤੀ ਸੀ ਕਿ ਲੁਧਿਆਣ ਡਿੱਪੂ ਵਿੱਚ 60 ਲੱਖ ਰੁਪਏ ਦੀਆਂ ਪੁਸਤਕਾਂ ਦਾ ਹਿਸਾਬ-ਕਿਤਾਬ ਨਹੀਂ ਮਿਲ ਰਿਹਾ ਹੈ ਪਰ ਬੋਰਡ ਮੈਨੇਜਮੈਂਟ ਨੇ ਉਦੋਂ ਇਸ ਰਿਪੋਰਟ ਵੱਲ ਬਹੁਤਾ ਧਿਆਨ ਨਹੀਂ ਦਿੱਤਾ।
ਸੂਤਰਾਂ ਅਨੁਸਾਰ ਲੁਧਿਆਣਾ ਬੁੱਕ ਡਿੱਪੂ ਦੇ ਜ਼ਿਲ੍ਹਾ ਮੈਨੇਜਰ ਅਨਿਲ ਕੁਮਾਰ ਸ਼ਰਮਾ ਨੇ ਪੁਸਤਕ ਸਟੋਰ ਇੰਚਾਰਜ  ਨਾਲ ਕਥਿਤ ਤੌਰ ’ਤੇ ਮਿਲ ਕੇ ਸਿੱਖਿਆ ਅਭਿਆਨ ਅਥਾਰਟੀ ਅਤੇ ਸਮਾਜ ਭਲਾਈ ਨੂੰ ਸਾਂਝਾ ਉਪਰਾਲਾ ਪ੍ਰਾਜੈਕਟ ਤਹਿਤ ਸਪਲਾਈ ਕੀਤੀਆਂ ਜਾਣ ਵਾਲੀ ਪੁਸਤਕਾਂ ਦੇ ਹਿਸਾਬ-ਕਿਤਾਬ ਵਿੱਚ ਕਾਫੀ ਗੜਬੜ ਕੀਤੀ ਹੈ।
ਸੂਤਰਾਂ ਦਾ ਇਹ ਵੀ ਕਹਿਣਾ ਹੈ ਕਿ ਕਰਮਚਾਰੀਆਂ ਵੱਲੋਂ ਸਮੇਂ ਸਿਰ ਦਸਤਾਵੇਜ਼ ਨਾ ਦੇਣ ਕਾਰਨ ਹੀ ਸਿੱਖਿਆ ਬੋਰਡ ਵੱਲੋਂ ਸਾਂਝਾ ਪ੍ਰਾਜੈਕਟ ਤਹਿਤ ਗ਼ਰੀਬ ਬੱਚਿਆਂ ਨੂੰ ਵੰਡਣ ਲਈ ਪੰਜਾਬ ਸਰਕਾਰ ਨੂੰ ਦਿੱਤੀਆਂ ਪੁਸਤਕਾਂ ਦੇ ਕਰੋੜਾਂ ਦੀ ਰਾਸ਼ੀ ਦਾ ਹਾਲੇ ਭੁਗਤਾਨ ਨਹੀਂ ਹੋ ਸਕਿਆ ਹੈ ਕਿਉਂਕਿ ਗੜਬੜੀ  ਕਾਰਨ ਸਰਕਾਰ ਨੂੰ ਅਦਾਇਗੀ ਲਈ ਬਿੱਲ ਵੀ ਨਹੀਂ ਭੇਜੇ ਜਾ ਸਕੇ ਹਨ। ਉਂਜ ਪਹਿਲੇ ਚੇਅਰਮੈਨ ਐੱਸ.ਐੱਸ. ਚੰਨੀ ਨੇ ਪਹਿਲਕਦਮੀ ਕਰਦਿਆਂ ਆਪਣੇ ਪੱਧਰ ’ਤੇ ਪੰਜਾਬ ਸਰਕਾਰ ਵੱਲ ਬਕਾਇਆ ਕਰੋੜਾਂ ਰੁਪਏ ਲੈਣ ਲਈ ਪੱਤਰ ਲਿਖਿਆ ਸੀ ਪਰ ਹਾਲੇ ਤੱਕ ਸਰਕਾਰ ਨੇ ਬੋਰਡ ਨੂੰ ਇਕ ਧੇਲਾ ਵੀ ਨਹੀਂ ਦਿੱਤਾ ਹੈ।
ਇਸ ਸਬੰਧੀ ਸੰਪਰਕ ਕਰਨ ’ਤੇ ਸਿੱਖਿਆ ਬੋਰਡ ਦੇ ਸਕੱਤਰ ਡਾ. ਬਲਵਿੰਦਰ ਸਿੰਘ ਨੇ ਜ਼ਿਲ੍ਹਾ ਬੁੱਕ ਡਿੱਪੂ ਲੁਧਿਆਣਾ ਵਿੱਚ 80 ਲੱਖ ਰੁਪਏ ਦੇ ਪੁਸਤਕ ਘੁਟਾਲੇ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਪੜਤਾਲੀਆਂ ਕਮੇਟੀ ਵੱਲੋਂ ਬੋਰਡ ਨੂੰ ਸੌਂਪੀ ਆਪਣੀ ਮੁਢਲੀ ਜਾਂਚ ਰਿਪੋਰਟ ਵਿੱਚ 80 ਲੱਖ ਰੁਪਏ ਦੇ ਘੁਟਾਲੇ ਦੀ ਗੱਲ ਸਾਹਮਣੇ ਆਈ ਹੈ। ਉਨ੍ਹਾਂ ਕਿਹਾ ਕਿ ਕਮੇਟੀ ਦੀ ਰਿਪੋਰਟ ਬਾਰੇ ਬੋਰਡ ਦੇ ਚੇਅਰਮੈਨ ਨੂੰ ਦੱਸ ਦਿੱਤਾ ਗਿਆ ਹੈ। ਇਸ ਮਾਮਲੇ ਵਿੱਚ ਹੋਰਨਾਂ ਕਰਮਚਾਰੀਆਂ ਦੀ ਸ਼ਮੂਲੀਅਤ ਬਾਰੇ ਪੁੱਛੇ ਜਾਣ ’ਤੇ ਸਕੱਤਰ ਨੇ ਕਿਹਾ ਕਿ ਜੇਕਰ ਕਿਸੇ ਵੀ ਅਧਿਕਾਰੀ ਜਾਂ ਕਰਮਚਾਰੀ ਦੀ ਮਿਲੀਭੁਗਤ ਸਾਹਮਣੇ ਆਈ ਤਾਂ ਉਸ  ਖ਼ਿਲਾਫ਼ ਨਿਯਮਾਂ ਅਨੁਸਾਰ ਬਣਦੀ ਕਾਰਵਾਈ ਕੀਤੀ ਜਾਵੇਗੀ।


Share |
You can leave a response, or trackback from your own site.

Leave a Reply

Enable Google Transliteration.(To type in English, press Ctrl+g)

ਖਬਰ ਵਿਚ ਹਾਲ ਮੈ ਲੋਕਪ੍ਰਿਯ

  • ਮੌਸਮ

    Delhi, India 28 °CClear
    Chandigarh, India 30 °CPartly Cloudy
    Ludhiana,India 30 °CPartly Cloudy
    Dehradun,India 28 °CHaze

ਕ੍ਰਿਕਟ

Powered by : Mediology Software Pvt Ltd.