ਸਿਹਤ ਵਿਭਾਗ ਵਿੱਚ ਕੰਮ ਕਰਦੀਆਂ ਏ.ਐਨ.ਐਮਜ਼ (ਠੇਕਾ ਆਧਾਰਤ) ਨੂੰ ਰੈਗੂਲਰ ਏ.ਐਨ.ਐਮਜ਼ ਨਾਲੋਂ ਬਹੁਤ ਹੀ ਘੱਟ ਨਿਗੂਣੀ ਤਨਖ਼ਾਹ ਮਿਲਦੀ ਹੈ ਜੋ ਸਰਾਸਰ ਧੱਕਾ ਹੈ। ਇਸ ਮਹਿੰਗਾਈ ਦੇ ਯੁੱਗ ਵਿੱਚ ਇਨ੍ਹਾਂ ਸਿਹਤ ਕਰਮਚਾਰੀਆਂ ਨੂੰ ਆਰਥਿਕ, ਸਮਾਜਿਕ ਅਤੇ ਮਾਨਸਿਕ ਔਕੜਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਯਾਦ ਰਹੇ ਕਿ ਸਿਹਤ ਵਿਭਾਗ ਨਾਲ ਸਬੰਧਤ ਸਾਰੀਆਂ ਸਰਗਰਮੀਆਂ, ਕੰਮਾਂ ਨੂੰ ਨੇਪਰੇ ਚੜ੍ਹਾਉਣ, ਪੂਰਾ ਕਰਨ ਲਈ ਇਸ ਵਰਗ (ਏ.ਐਨ.ਐਮਜ਼) ਦਾ ਸਭ ਤੋਂ ਵਧੇਰੇ ਯੋਗਦਾਨ ਹੁੰਦਾ ਹੈ। ਸਰਕਾਰ ਵੱਲੋਂ ਇਸ ਵਰਗ ਦੀਆਂ ਹੱਕੀ ਮੰਗਾਂ ਨੂੰ ਪਹਿਲ ਦੇ ਆਧਾਰ ’ਤੇ ਹਮਦਰਦੀ ਪੂਰਵਕ ਵਿਚਾਰਦੇ ਹੋਏ ਮੰਨਿਆ ਜਾਣਾ ਚਾਹੀਦਾ ਹੈ ਤਾਂ ਜੋ ਇਸ ਵਰਗ ਨਾਲ ਸਬੰਧਤ ਏ.ਐਨ.ਐਮਜ਼ ਨੂੰ ਸਹੀ ਅਰਥਾਂ ਵਿੱਚ ਇਨਸਾਫ਼ ਮਿਲ ਸਕੇ।
ਲਾਲ ਚੰਦ ਸਿੰਘ, ਚੁੱਘੇ ਖੁਰਦ (ਬਠਿੰਡਾ)।
4 ਜੂਨ ਨੂੰ ‘ਖੇਡ ਤੇ ਖਿਡਾਰੀ’ ਅੰਕ ਵਿੱਚ ਰਾਮ ਸਵਰਨ ਲੱਖੇਵਾਲੀ ਦਾ ਲਿਖਿਆ ਲੇਖ ‘ਆਈ.ਪੀ.ਐਲ. ਦਾ ਜਾਦੂ’ ਪੜ੍ਹਨ ਦਾ ਮੌਕਾ ਮਿਲਿਆ। ਲੇਖਕ ਨੇ ਖ਼ੂਬਸੂਰਤ ਸ਼ਬਦਾਂ ਨਾਲ ਇਸ ਖੇਡ ਅਤੇ ਖਿਡਾਰੀਆਂ ਪ੍ਰਤੀ ਬਹੁਤ ਵਧੀਆ ਜਾਣਕਾਰੀ ਦਿੱਤੀ ਅਤੇ ਕ੍ਰਿਕਟ ਅਤੇ ਆਈ.ਪੀ.ਐਲ. ਵਰਗੇ ਟੂਰਨਾਮੈਂਟਾਂ ਦਾ ਅਸਲੀ ਚਿਹਰਾ ਨੰਗਾ ਹੋਇਆ। ਆਸ ਹੈ ਕਿ ਅੱਗੇ ਤੋਂ ਵੀ ਅਜਿਹੇ ਲੇਖ ਸਾਡੇ ਤਕ ਪਹੁੰਚਦੇ ਰਹਿਣਗੇ।
ਡਾ. ਪਾਸ਼, ਬਠਿੰਡਾ।
5 ਜੂਨ ਦੀ ਸੰਪਾਦਕੀ ‘ਹੋਸਨੀ ਮੁਬਾਰਕ ਨੂੰ ਉਮਰ ਕੈਦ’ ਪੜ੍ਹਿਆ। ਅਸਲ ਵਿੱਚ ਤਾਨਾਸ਼ਾਹ ਜਦੋਂ ਸੱਤਾ ਦੇ ਨਸ਼ੇ ’ਚ ਜਨਤਾ ਨੂੰ ਭੁੱਲ ਕੇ ਸਿਰਫ਼ ਆਪਣੇ ਪਰਿਵਾਰ ਅਤੇ ਰਿਸ਼ਤੇਦਾਰਾਂ ਬਾਰੇ ਹੀ ਸੋਚਦੇ ਹਨ, ਦੇਸ਼ ਦਾ ਧਨ-ਦੌਲਤ ਲੁੱਟਣ ਲੱਗ ਜਾਂਦੇ ਹਨ ਅਤੇ ਕਿਸੇ ਵੀ ਕੀਮਤ ’ਤੇ ਕੁਰਸੀ ਨਹੀਂ ਛੱਡਦੇ ਤਾਂ ਜਨਤਾ ਬਗ਼ਾਵਤ ਉੱਤੇ ਉਤਰ ਆਉਂਦੀ ਹੈ। ਸਮੇਂ ਅਤੇ ਦੇਸ਼ ਦੇ ਲੋਕਾਂ ਦੀ ਰਮਜ਼ ਨੂੰ ਸਮਝਦੇ ਹੋਏ ਤਾਨਾਸ਼ਾਹਾਂ ਨੂੰ ਗੱਦੀ ਛੱਡ ਦੇਣੀ ਚਾਹੀਦੀ ਹੈ। ਇਪੋਹ ਵਿਖੇ ਅਜ਼ਲਾਨ ਸ਼ਾਹ ਹਾਕੀ ਕੱਪ ਵਿੱਚ ਭਾਰਤ ਦਾ ਪ੍ਰਦਰਸ਼ਨ ਤਸੱਲੀਬਖਸ਼ ਰਿਹਾ। ਭਾਵੇਂ ਸ਼ੁਰੂ ਵਿੱਚ ਭਾਰਤੀ ਟੀਮ ਨੂੰ ਕਾਫ਼ੀ ਝਟਕੇ ਲੱਗੇ ਪਰ ਬਾਅਦ ’ਚ ਸੰਭਲ ਕੇ ਖੇਡਦਿਆਂ ਟੀਮ ਨੇ ਕਾਂਸੀ ਦਾ ਤਮਗ਼ਾ ਜਿੱਤ ਕੇ ਸਨਮਾਨਯੋਗ ਥਾਂ ਬਣਾਈ। ਇਸ ਲਈ ਸਮੁੱਚੀ ਟੀਮ ਨੂੰ ਵਧਾਈ। ਹਾਲੇ ਭਾਰਤੀ ਟੀਮ ਪੂਰੀ ਮਜ਼ਬੂਤ ਨਹੀਂ ਕਹੀ ਜਾ ਸਕਦੀ। ਸਾਨੂੰ ਆਪਣੀਆਂ ਖਾਮੀਆਂ ਦੂਰ ਕਰਕੇ ਲੰਡਨ ਉਲੰਪਿਕ ਵਿੱਚ ਜੇਤੂ ਪ੍ਰਦਰਸ਼ਨ ਕਰਨ ਦੀ ਲੋੜ ਹੈ।
ਬਲਬੀਰ ਸਿੰਘ, ਰਾਮਪੁਰਾ ਫੂਲ (ਬਠਿੰਡਾ)।
6 ਜੂਨ ਦੇ ‘ਨਜ਼ਰੀਆ’ ਪੰਨੇ ’ਤੇ ਲੇਖਕ ਨਿੰਦਰ ਘੁਗਿਆਣਵੀ ਦਾ ਲੇਖ ‘ਲੇਖਕ ਸਭਾਵਾਂ ਦੀਆਂ ਚੋਣਾਂ’ ਪੜ੍ਹਿਆ। ਪੜ੍ਹ ਕੇ ਹੈਰਾਨੀ ਵੀ ਹੋਈ ਤੇ ਨਿਰਾਸ਼ਾ ਵੀ। ਲੇਖਕ ਆਮ ਲੋਕਾਂ ਦੀ ਨਜ਼ਰੇ ਖ਼ਾਸ ਹਨ, ਅਸਾਧਾਰਨ ਹਨ, ਮੇਰੀ-ਤੇਰੀ, ਤੇਰੀ-ਮੇਰੀ ਤੋਂ ਉਤਾਂਹ ਹਨ। ਛਲ-ਕਪਟ ਦੇ ਨਤੀਜਿਆਂ ਤੋਂ ਵਾਕਫ਼ ਹਨ। ਜੇ ਲੇਖਕ ਹੀ ਚਾਪਲੂਸੀ, ਗੰਢ-ਤੁਪ ਦੀ ਮੈਲੀ-ਕੁਚੈਲੀ ਰਾਜਨੀਤੀ ਦੇ ਗੁਲਾਮ ਹਨ ਤਾਂ ਕਹਿਣੀ ਤੇ ਕਰਨੀ ਦਾ ਅੰਤਰ ਤਾਂ ਮਿਟੇਗਾ ਹੀ ਨਹੀਂ। ਅਨੈਤਿਕ ਕਾਰਜ ਕਰਨ ਤੋਂ ਪਹਿਲਾਂ ਲੋਕਾਂ ਦੇ ਭੋਲੇਪਨ ਦਾ ਧਿਆਨ ਜ਼ਰੂਰ ਰੱਖ ਲੈਣਾ ਚਾਹੀਦਾ ਹੈ।
ਕੁਲਵਿੰਦਰ ਸਿੰਘ ਬਿੱਟੂ, ਸੈਂਫਲਪੁਰ (ਰੂਪਨਗਰ)।
6 ਜੂਨ ਦੇ ‘ਨਜ਼ਰੀਆ’ ਪੰਨੇ ’ਤੇ ਨਿੰਦਰ ਘੁਗਿਆਣਵੀ ਦਾ ਲੇਖ ‘ਲੇਖਕ ਸਭਾਵਾਂ ਦੀਆਂ ਚੋਣਾਂ’ ਸੱਚਾਈ ਪੇਸ਼ ਕਰਦਾ ਸੀ ਜੋ ਇਨ੍ਹਾਂ ਸਭਾਵਾਂ ਦੇ ਮੁਖੀਆਂ ਦੀ ਅੰਦਰੂਨੀ ਖਾਹਿਸ਼ ਦਾ ਪਰਦਾ ਜ਼ਾਹਰ ਕਰਦਾ ਸੀ। ਕੁਝ ਲੇਖਕ ਪ੍ਰਧਾਨਗੀ ਅਤੇ ਬਿਆਨਬਾਜ਼ੀ ਤਕ ਹੀ ਸੀਮਤ ਹਨ। ਉਹ ਸਾਹਿਤ ਜਾਂ ਸਮਾਜ ਲਈ ਗੰਭੀਰ ਨਹੀਂ ਹਨ। ਲੇਖਕ ਦਾ ਇਹ ਲਿਖਣਾ ਕਿ ਇਨ੍ਹਾਂ ਨੇ ਕਦੇ ਕਿਸੇ ਲੋੜਵੰਦ ਗੀਤਕਾਰ ਦੀ ਕਿਸੇ ਤਰ੍ਹਾਂ ਦੀ ਮਦਦ ਨਹੀਂ ਕੀਤੀ ਅਤੇ ਨਾ ਹੀ ਹੁਣ ਤਕ ਸਰਕਾਰ ਤੋਂ ਕੁਝ ਪ੍ਰਾਪਤ ਕਰ ਸਕੇ ਹਨ, ਬਿਲਕੁਲ ਸੱਚ ਹੈ। ਲੇਖਕ ਨੇ ਇਨ੍ਹਾਂ ਦੀ ਕਰਨੀ ਅਤੇ ਕਥਨੀ ਬਾਰੇ ਚੰਗੀ ਤਰ੍ਹਾਂ ਚਾਨਣਾ ਪਾਇਆ ਹੈ। 8 ਜੂਨ ਦੇ ‘ਨਜ਼ਰੀਆ’ ਪੰਨੇ ’ਤੇ ‘ਪਾਖੰਡਵਾਦ ਵਿਰੁੱਧ ਜਨ-ਚੇਤਨਾ ਜ਼ਰੂਰੀ’ ਲੇਖ ਵਿੱਚ ਸੁਮੀਤ ਸਿੰਘ ਨੇ ਅੱਜ ਦੇ ਪਾਖੰਡੀ ਬਾਬਿਆਂ ਦੇ ਕਿਰਦਾਰ ਅਤੇ ਉਨ੍ਹਾਂ ਵੱਲੋਂ ਰਚੇ ਪਾਖੰਡ ਬਾਰੇ ਵਧੀਆ ਜਾਣਕਾਰੀ ਦਿੱਤੀ ਹੈ। ਅਨਪੜ੍ਹ ਅਤੇ ਗ਼ਰੀਬ ਲੋਕਾਂ ਤੋਂ ਇਲਾਵਾ ਅਮੀਰ ਅਤੇ ਪੜ੍ਹੇ-ਲਿਖੇ ਲੋਕ ਵੀ ਇਨ੍ਹਾਂ ਦੇ ਜਾਲ ਵਿੱਚ ਫਸੇ ਹੋਏ ਹਨ। ਲੋਕਾਂ ਨੂੰ ਵਹਿਮਾਂ-ਭਰਮਾਂ ਵਿੱਚ ਪਾ ਕੇ ਅਤੇ ਲੋਕਾਂ ਦੇ ਖ਼ੂਨ-ਪਸੀਨੇ ਦੀ ਕਮਾਈ ਨੂੰ ਲੁੱਟ ਕੇ ਇਹ ਕੁਝ ਸਾਲਾਂ ਵਿੱਚ ਹੀ ਕਰੋੜਾਂ ਦੇ ਮਾਲਕ ਬਣ ਗਏ ਹਨ। ਮਹਿੰਗੀਆਂ ਗੱਡੀਆਂ ਅਤੇ ਆਲੀਸ਼ਾਨ ਡੇਰੇ ਹੀ ਇਨ੍ਹਾਂ ਦੀ ਪਛਾਣ ਹਨ। ਇਸ ਲਈ ਸਰਕਾਰਾਂ ਅਤੇ ਪ੍ਰਸਾਰਨ ਮੰਤਰਾਲਾ ਵੀ ਜ਼ਿੰਮੇਵਾਰ ਹਨ ਜੋ ਜਾਣ-ਬੁੱਝ ਕੇ ਇਨ੍ਹਾਂ ਨੂੰ ਸਮਾਜ ਵਿੱਚ ਅੰਧਵਿਸ਼ਵਾਸ ਫੈਲਾਉਣ ਦੇ ਰਹੇ ਹਨ।
ਲਖਵਿੰਦਰ ਲਾਡਵਾ, ਕੁਰੂਕਸ਼ੇਤਰ (ਹਰਿਆਣਾ)।
6 ਜੂਨ ਦੇ ਅੰਕ ਵਿੱਚ ਗੁਰਵਿੰਦਰ ਸਿੰਘ ਨੇ ਆਪਣੇ ਲੇਖ ‘ਭ੍ਰਿਸ਼ਟਾਚਾਰ ਬਨਾਮ ਲੋਕਪਾਲ’ ਵਿੱਚ ਸਰਕਾਰੀ ਭ੍ਰਿਸ਼ਟਾਚਾਰ ਤੋਂ ਇਲਾਵਾ ਗ਼ੈਰ-ਸਰਕਾਰੀ ਖੇਤਰ ’ਚ ਹੋ ਰਹੇ ਭ੍ਰਿਸ਼ਟਾਚਾਰ ਸਬੰਧੀ ਆਪਣੀਆਂ ਦਲੀਲਾਂ ਰਾਹੀਂ ਪੂਰਾ ਸੱਚ ਬਿਆਨ ਕੀਤਾ ਹੈ। ਗ਼ੈਰ-ਸਰਕਾਰੀ ਸਕੂਲਾਂ ਵਿਖੇ ਗ਼ਰੀਬ ਬੱਚਿਆਂ ਦੇ ਦਾਖ਼ਲੇ ਸਬੰਧੀ ਸੁਪਰੀਮ ਕੋਰਟ ਦੇ ਹੁਕਮ ਅਨੁਸਾਰ 25 ਫ਼ੀਸਦੀ ਗ਼ਰੀਬ ਬੱਚਿਆਂ ਨੂੰ ਦਾਖ਼ਲ ਕਰਕੇ ਮੁਫ਼ਤ ਵਿੱਦਿਆ ਦੇਣੀ ਹੈ ਪਰ ਅਮਲ ਵਿੱਚ ਕੁਝ ਨਹੀਂ ਹੋ ਰਿਹਾ ਕਿਉਂਕਿ ਗ਼ੈਰ-ਸਰਕਾਰੀ ਸਕੂਲ ਵਿੱਦਿਆ ਦੀਆਂ ਦੁਕਾਨਾਂ ਹਨ। ਸਰਕਾਰਾਂ ਵੀ ਇਸ ਪਾਸੇ ਧਿਆਨ ਨਹੀਂ ਦੇ ਰਹੀਆਂ। ਇਸੇ ਅੰਕ ਵਿੱਚ ‘ਕਾਮੇ ਤੇ ਕਿਸਾਨ, ਖ਼ੁਦਕੁਸ਼ੀਆਂ ਦੇ ਰਾਹ’ ਸਿਰਲੇਖ ਤਹਿਤ ਡਾ. ਗਿਆਨ ਸਿੰਘ ਦਾ ਲੇਖ ਸਾਡੇ ਵਿਚਾਰਾਂ ਦੀ ਤਰਜਮਾਨੀ ਕਰ ਰਿਹਾ ਹੈ। ਸਰਕਾਰਾਂ ਨੂੰ ਕੰਧ ’ਤੇ ਲਿਖਿਆ ਪੜ੍ਹ ਲੈਣਾ ਚਾਹੀਦਾ ਹੈ ਕਿ ਆਉਣ ਵਾਲੇ ਸਮੇਂ ਵਿੱਚ ਕਿਸਾਨ ਖ਼ੁਦਕੁਸ਼ੀਆਂ ਨਹੀਂ ਕਰਨਗੇ, ਸਗੋਂ ਦੂਸਰਾ ਰਸਤਾ ਅਪਣਾਉਣਗੇ।
ਸਰੂਪ ਸਿੰਘ, ਸਹਾਰਨ ਮਾਜਰਾ।
9 ਜੂਨ ਦੇ ‘ਹਰੇ ਭਰੇ ਖੇਤ’ ਵਿੱਚ ‘ਨਿੰਮ ਦੀ ਨਿਆਮਤ’ ਪੜ੍ਹਨ ਨੂੰ ਮਿਲੀ। ਜਗਜੀਤ ਸਿੰਘ ਖੱਖ ਨੇ ਨਿੰਮ ਬਾਰੇ ਭਰਪੂਰ ਜਾਣਕਾਰੀ ਦਿੱਤੀ ਹੈ। ਬਾਈ ਦੇਵ ਥਰੀਕਿਆਂ ਵਾਲਾ ਪਹਿਲਾਂ ਦੀ ਤਰ੍ਹਾਂ ਹੀ ਅੱਜ-ਕੱਲ੍ਹ ਹੋ ਰਹੀ ਜੱਟ ਦੀ ਲੁੱਟ ਬਾਰੇ ‘ਸਲਫ਼ਾਸ ਉੱਗਦੀ’ ਨਾਲ ਆਪਣੀ ਕਲਮ ਦਾ ਸਿੱਕਾ ਮਨਵਾ ਗਿਆ ਹੈ। ਮੱਕੀ ਦੀ ਥਾਂ ਝੋਨਾ ਬੀਜਣ ਦਾ ਡਾ. ਰਣਜੀਤ ਸਿੰਘ ਦਾ ਸੁਝਾਅ ਮੰਨਣ ਵਾਲਾ ਹੈ। ਇਸ ਨਾਲ ਪਾਣੀ ਦੀ ਬਹੁਤ ਬਚਤ ਹੋਵੇਗੀ।
ਸਰਬਜੀਤ ਸਿੰਘ ਝੱਮਟ।