ਗੱਲ 23 ਸਾਲ ਪੁਰਾਣੀ ਹੈ। ਪੱਚੀ ਜੂਨ 1989 ਦਾ ਦਿਨ ਸੀ। ਮੇਰੀ ਡਿਊੂਟੀ ਮੋਗੇ ਦੇ ਨੇੜੇ ਹੀ ਸੀ। ਐਤਵਾਰ ਹੋਣ ਕਾਰਨ ਮੈਂ ਘਰ ਆਇਆ ਹੋਇਆ ਸਾਂ। ਸਵੇਰੇ ਛੇ ਵਜੇ ਤੋਂ ਬਾਅਦ ਹਰ ਪਾਸੇ ਰੌਲਾ ਜਿਹਾ ਪੈਂਦਾ ਸੁਣਾਈ ਦਿੱਤਾ। ਲੋਕ ਸਾਈਕਲਾਂ-ਸਕੂਟਰਾਂ ‘ਤੇ ਬੜੀ ਹਫ਼ੜਾ-ਦਫ਼ੜੀ ਵਿੱਚ ਇੱਧਰ-ਉੱਧਰ ਭੱਜ ਰਹੇ ਸਨ। ਇੰਜ ਲੱਗ ਰਿਹਾ ਸੀ ਕਿ ਕੋਈ ਅਸਾਧਾਰਨ ਘਟਨਾ ਜ਼ਰੂਰ ਵਾਪਰ ਗਈ ਹੈ। ਕੁਝ ਚਿਰ ਬਾਅਦ ਪੁੱਛਗਿੱਛ ਕਰਨ ‘ਤੇ ਪਤਾ ਲੱਗਾ ਕਿ ਨਹਿਰੂ ਪਾਰਕ (ਹੁਣ ਸ਼ਹੀਦੀ ਪਾਰਕ) ਵਿੱਚ ਗੋਲੀ ਚੱਲ ਗਈ ਹੈ ਅਤੇ ਕਈ ਬੰਦੇ ਮਾਰੇ ਗਏ ਹਨ।
ਮੈਂ ਸਾਈਕਲ ਚੁੱਕਿਆ। ਮੇਰਾ ਛੋਟਾ ਭਤੀਜਾ ਜੁਗਨੂੰ ਵੀ ਮੱਲੋ-ਮੱਲੀ ਮੇਰੇ ਅੱਗੇ ਬੈਠ ਗਿਆ। ਅਸੀਂ ਦੋ ਮਿੰਟ ਵਿੱਚ ਹੀ ਨਹਿਰੂ ਪਾਰਕ ਪਹੁੰਚ ਗਏ। ਉੱਥੇ ਹਾਹਾਕਾਰ ਮਚੀ ਹੋਈ ਸੀ ਤੇ ਚੀਕ-ਚਿਹਾੜਾ ਪੈ ਰਿਹਾ ਸੀ। ਪੁਲੀਸ ਦੀਆਂ ਕਈ ਗੱਡੀਆਂ ਅਤੇ ਐਂਬੂਲੈਂਸਾਂ ਖੜੀਆਂ ਸਨ। ਲੋਕ ਪੁਲੀਸ ਖ਼ਿਲਾਫ਼ ਅਤੇ ਪਤਾ ਨਹੀਂ ਕੀ-ਕੀ ਨਾਅਰੇ ਲਾ ਰਹੇ ਸਨ। ਪਾਰਕ ਦੇ ਅੰਦਰ ਜਿੱਥੇ ਗੋਲੀ ਚੱਲਣ ਦੀ ਘਟਨਾ ਹੋਈ ਸੀ, ਪਹੁੰਚਣਾ ਬਹੁਤ ਮੁਸ਼ਕਲ ਸੀ। ਅਸੀਂ ਸਾਈਕਲ ਪਾਰਕ ਦੇ ਸਾਹਮਣੇ ਕੰਧ ਦੇ ਨਾਲ ਲਾ ਦਿੱਤਾ ਅਤੇ ਮੁੜ ਪਾਰਕ ਦੇ ਗੇਟ ਅੰਦਰ ਪੁਲੀ ‘ਤੇ ਖੜੋ ਕੇ ਦੇਖਣ ਲੱਗ ਪਏ। ਕੁਝ ਪੱਲੇ ਨਹੀਂ ਸੀ ਪੈ ਰਿਹਾ ਅਤੇ ਨਾ ਹੀ ਕੁਝ ਨਜ਼ਰ ਆ ਰਿਹਾ ਸੀ। ਇੰਨਾ ਪਤਾ ਲੱਗਾ ਕਿ ਗੋਲੀਆਂ ਚਲਾਉਣ ਵਾਲੇ, ਗੋਲੀ ਕਾਂਡ ਤੋਂ ਮਗਰੋਂ ਭੱਜ ਗਏ ਹਨ ਅਤੇ ਪੰਦਰਾਂ-ਵੀਹ ਵਿਅਕਤੀ ਮਾਰੇ ਗਏ ਹਨ। ਜ਼ਖ਼ਮੀਆਂ ਦਾ ਤਾਂ ਪਤਾ ਹੀ ਨਹੀਂ ਸੀ ਲੱਗ ਰਿਹਾ। ਲਾਸ਼ਾਂ, ਜ਼ਖ਼ਮੀਆਂ ਨੂੰ ਗੱਡੀਆਂ ਵਿੱਚ ਪਾ ਕੇ ਲਿਜਾਉਣ ਦੇ ਯਤਨ ਕੀਤੇ ਜਾ ਰਹੇ ਸਨ। ਬੜਾ ਹੀ ਭਿਆਨਕ ਮੰਜ਼ਰ ਸੀ।
ਖਿਆਲ ਆਇਆ ਕਿ ਭੀੜ ਬੜੀ ਹੈ, ਕੋਈ ਸਾਈਕਲ ਹੀ ਨਾ ਚੁੱਕ ਕੇ ਲੈ ਜਾਵੇ। ਮੈਂ ਅਤੇ ਮੇਰਾ ਭਤੀਜਾ ਪੁਲੀ ਤੋਂ ਉਤਰ ਕੇ ਸੜਕ ਪਾਰ ਕਰ ਕੇ ਸਾਈਕਲ ਕੋਲ ਪਹੁੰਚੇ ਹੀ ਸਾਂ ਕਿ ਪੰਜ ਸਕਿੰਟ ਬਾਅਦ ਹੀ ਇੱਕ ਕੰਨ ਪਾੜਵਾਂ ਧਮਾਕਾ ਹੋ ਗਿਆ। ਧੂੰਆਂ ਹੀ ਧੂੰਆਂ, ਚੀਕਾਂ, ਰੌਲਾ ਅਤੇ ਹਾਹਾਕਾਰ। ਪੁਲੀ ਦੇ ਹੇਠਾਂ ਜਾਂ ਜਿੱਥੇ ਅਸੀਂ ਖੜ੍ਹੇ ਸਾਂ, ਦੇ ਨੇੜੇ ਹੀ, ਇੱਕ ਬੰਬ ਦੱਬਿਆ ਹੋਇਆ ਸੀ ਜੋ ਫਟ ਗਿਆ ਸੀ। ਪਤਾ ਨਹੀਂ ਕੀ ਸੀ, ਟਾਈਮ ਬੰਬ, ਗਰਨੇਡ ਜਾਂ ਸੁਰੰਗ ਟਾਈਪ ਬੰਬ ਪਰ ਸੀ ਬੜਾ ਜ਼ਬਰਦਸਤ, ਜਿਸ ਨਾਲ ਕਈ ਬੰਦੇ ਮਾਰੇ ਗਏ ਅਤੇ ਅਨੇਕਾਂ ਜ਼ਖ਼ਮੀ ਹੋਏ ਹੋਣਗੇ। ਸਾਡੇ ਇੱਕ ਗੁਆਂਢੀ ਮੁੰਡੇ ਦੀਆਂ ਇਸ ਦੁਰਘਟਨਾ ਵਿੱਚ ਦੋਨੋਂ ਅੱਖਾਂ ਜਾਂਦੀਆਂ ਰਹੀਆਂ।
ਜੇ ਪੰਜ ਸਕਿੰਟ ਉੱਥੇ, ਉਸ ਪੁਲੀ ‘ਤੇ ਰਹਿ ਜਾਂਦੇ ਅਤੇ ਸਾਈਕਲ ਦਾ ਖਿਆਲ ਨਾ ਆਉਂਦਾ ਤਾਂ ਅਸੀਂ ਵੀ ਉਨ੍ਹਾਂ ਵਿੱਚੋਂ ਇੱਕ ਹੋ ਸਕਦੇ ਸਾਂ। ਜੀਵਨ ਅਤੇ ਮੌਤ ਵਿੱਚ ਸਿਰਫ਼ ਪੰਜ ਸਕਿੰਟ ਦਾ ਅੰਤਰ ਸੀ, ਸਿਰਫ਼ ਵੀਹ ਫੁੱਟ ਦਾ ਫ਼ਾਸਲਾ ਸੀ ਪਰ ਸਾਡੇ ਕਦਮ ਜ਼ਿੰਦਗੀ ਵਾਲੇ ਪਾਸੇ ਧਰੇ ਜਾ ਚੁੱਕੇ ਸਨ ਤੇ ਅਸੀਂ ਬਚ ਗਏ ਸਾਂ।
ਅੱਜ-ਕੱਲ੍ਹ ਮੇਰਾ ਭਤੀਜਾ ਦਿੱਲੀ ਵਿਖੇ ਇੱਕ ਅਫ਼ਸਰ ਹੈ ਤੇ ਮੈਂ ਮੋਗੇ ਹਸਪਤਾਲ ਵਿੱਚ ਸਰਜਨ ਵਜੋਂ ਸੇਵਾ ਕਰ ਰਿਹਾ ਹਾਂ। ਜਿੱਥੋਂ ਤਕ ਹੋ ਸਕੇ ਆਪਣਾ ਫਰਜ਼ ਨਿਭਾਉਂਦਿਆਂ ਹੋਇਆਂ ਲੋਕਾਂ ਦੀ ਜਾਨ ਬਚਾਉਣ ਦੇ ਯਤਨ ਕਰਦੇ ਹਾਂ।