ਪਿਛਲੇ ਸਾਲ ਮਾਰਚ ਵਿੱਚ ਇੱਕ ਦਿਨ ਮੈਂ ਸਾਡੀ ਕੰਮ ਵਾਲੀ ਦੇ ਪੁੱਤਰ ਸ਼ੇਰੇ ਨੂੰ ਨਾਲ ਲੈ ਕੇ ਗਮਲਿਆਂ ਵਿੱਚ ਲੱਗੇ ਬੂਟਿਆਂ ਦੀ ਛਾਂਟੀ ਕਰ ਰਹੀ ਸੀ। ਕੁਝ ਦੇਰ ਇਹ ਸਿਲਸਿਲਾ ਚੱਲਦਾ ਰਿਹਾ। ਫੇਰ ਜਦੋਂ ਸ਼ੇਰੇ ਨੇ ਇੱਕ ਗਮਲਾ ਚੁੱਕਿਆ ਤਾਂ ਗਮਲੇ ਦੀ ਹੇਠਲੀ ਗਿੱਲੀ ਮਿੱਟੀ ਉੱਤੇ ਉਸ ਨੂੰ ਕੁਝ ਦਿੱਸਿਆ। ਉਹ ਉੱਚੀ ਸਾਰੀ ਕਹਿੰਦਾ, ‘‘ਮੈਡਮ ਜੀ, ਇਸ ਗਮਲੇ ਦੇ ਥੱਲੇ ਵੇਖੋ ਕਿੱਡਾ ਵੱਡਾ ਗੰਡੋਆ ਬੈਠਾ ਹੈ।’’ ਇਸ ਦੇ ਨਾਲ ਹੀ ਉਸ ਨੇ ਉਸ ਜੀਵ ਨੂੰ ਰੰਬੇ ਉੱਤੇ ਚੁੱਕਿਆ ਅਤੇ ਮੇਰੇ ਕੋਲ ਲਿਆ ਕੇ ਜ਼ਮੀਨ ’ਤੇ ਰੱਖ ਦਿਤਾ। ਮੈਂ ਆਪਣਾ ਕੰਮ ਕਰੀ ਗਈ ਪਰ ਥੋੜ੍ਹੀ ਦੇਰ ਬਾਅਦ ਉਹ ਜੀਵ ਸਿੱਧਾ ਹੋਇਆ ਅਤੇ ਹੌਲੀ-ਹੌਲੀ, ਫੇਰ ਤੇਜ਼ ਰੀਂਗਣਾ ਲੱਗਿਆ। ਮੇਰਾ ਧਿਆਨ ਉਸ ਵੱਲ ਗਿਆ। ਉਹ ਕਿਸੇ ਗੰਡੋਏ ਵਾਂਗ ਸਿੱਧੀ ਲਕੀਰ ਵਿੱਚ ਨਹੀਂ ਸਗੋਂ ਕਿਸੇ ਸੱਪ ਵਾਂਗ ਵਲ ਖਾ ਕੇ ਅਤੇ ਲਹਿਰਾ ਕੇ ਰੀਂਗ ਰਿਹਾ ਸੀ। ਜਦੋਂ ਮੈਂ ਉਸ ਨੂੰ ਨੇੜੇ ਹੋ ਕੇ ਚੰਗੀ ਤਰ੍ਹਾਂ ਦੇਖਿਆ ਤਾਂ ਮੈਂ ਸ਼ੇਰੇ ਨੂੰ ਕਿਹਾ, ‘‘ਸ਼ੇਰੇ, ਇਹ ਕੋਈ ਗੰਡੋਆ ਨਹੀਂ ਹੈ ਸਗੋਂ ਇਹ ਅੰਨ੍ਹਾ ਸੱਪ ਹੈ।’’ ਮੇਰੇ ਮੂੰਹੋਂ ਸੱਪ ਦਾ ਨਾਂ ਸੁਣਦਿਆਂ ਹੀ ਸ਼ੇਰਾ ਦੋ ਛਾਲਾਂ ਮਾਰ ਕੇ ਦੂਰ ਜਾ ਖੜ੍ਹਾ ਹੋਇਆ। ਉਹ ਕਹਿੰਦਾ, ‘‘ਮੈਡਮ ਜੀ, ਮੈਂ ਨਹੀਂ ਕਰਵਾਉਂਦਾ ਤੁਹਾਡੇ ਨਾਲ ਇਨ੍ਹਾਂ ਗਮਲਿਆਂ ਦਾ ਕੰਮ। ਸ਼ੁਕਰ ਹੈ ਮੈਂ ਬਚ ਗਿਆ ਜੇ ਮੈਨੂੰ ਇਹ ਸੱਪ ਲੜ ਜਾਂਦਾ!’’ ਮੈਂ ਉਸ ਦੀ ਗੱਲ ਸੁਣ ਕੇ ਉਸ ਸੱਪ ਨੂੰ ਚੁੱਕ ਕੇ ਆਪਣੀ ਹਥੇਲੀ ਉੱਤੇ ਰਖਦਿਆਂ ਕਿਹਾ, ‘‘ਸ਼ੇਰੇ, ਮੇਰੀ ਪੂਰੀ ਗੱਲ ਸੁਣ ਲੈ ਪਹਿਲਾਂ। ਮੰਨ ਲਿਆ ਕਿ ਸੱਪ ਬਹੁਤ ਜ਼ਹਿਰੀਲੇ ਹੁੰਦੇ ਹਨ ਅਤੇ ਡੰਗ ਮਾਰਦੇ ਹਨੈ ਪਰ ਇਹ ਸੱਪ ਜ਼ਹਿਰੀਲਾ ਨਹੀਂ।’’ ਸੱਪ ਦਾ ਨਾਂ ਸੁਣ ਕੇ ਡਾਕਟਰ ਸਾਹਿਬ ਅਤੇ ਬੱਚੇ ਵੀ
ਬਾਹਰ ਸਾਡੇ ਕੋਲ ਆ ਗਏ। ਆਉਂਦਿਆਂ ਹੀ ਮੈਨੂੰ ਪੁੱਛਣ ਲੱਗੇ ਕਿ ਸ਼ੇਰੇ ਨੂੰ ਕੀ ਹੋਇਆ ਹੈ? ਮੈਂ ਉਨ੍ਹਾਂ ਨੂੰ ਅੰਨ੍ਹਾ ਸੱਪ ਦਿਖਾ ਕੇ ਕਿਹਾ ਕਿ ਉਹ ਇਸ ਤੋਂ ਡਰ ਗਿਆ ਹੈ। ਅੰਨ੍ਹੇ ਸੱਪ ਨੂੰ ਦੇਖ ਕੇ ਛੋਟਾ ਬੇਟਾ ਕਹਿੰਦਾ, ‘‘ਸ਼ੇਰਾ ਤਾਂ ਬਹੁਤ ਡਰਪੋਕ ਨਿਕਲਿਆ। ਇਸ ਗੰਡੋਏ ਕੋਲੋਂ ਡਰਨ ਦੀ ਕੀ ਲੋੜ ਹੈ?’’
ਉਹ ਅੰਨ੍ਹਾ ਸੱਪ ਕੋਈ ਦਸ ਸੈਂਟੀਮੀਟਰ ਦਾ ਸੀ ਅਤੇ ਉਸ ਦੇ ਸਰੀਰ ਦੀ ਗੋਲਾਈ ਮਸਾਂ ਚਾਰ ਮਿਲੀਮੀਟਰ ਸੀ। ਉਹ ਉਪਰੋਂ ਚਾਕਲੇਟੀ ਅਤੇ ਹੇਠਲੇ ਪਾਸਿਓਂ ਸਲੇਟੀ ਰੰਗ ਦਾ ਸੀ। ਉਹ ਸੱਪਾਂ ਵਾਂਗ ਵਾਰ-ਵਾਰ ਆਪਣੀ ਜੀਭ ਵੀ ਬਾਹਰ ਕੱਢ ਰਿਹਾ ਸੀ। ਉਸ ਦੇ ਮੂੰਹ ਵਿੱਚ ਬਰੀਕ-ਬਰੀਕ ਅਤੇ ਬਹੁਤ ਛੋਟੇ-ਛੋਟੇ ਦੰਦ ਸਨ। ਮੈਂ ਬੱਚਿਆਂ ਅਤੇ ਸ਼ੇਰੇ ਨੂੰ ਕੋਲ ਬੁਲਾ ਕੇ ਦੱਸਿਆ ਕਿ ਇਸ ਸੱਪ ਵਿੱਚ ਜ਼ਹਿਰ ਅਤੇ ਨਾ ਹੀ ਡੰਗ ਮਾਰਨ ਵਾਲੇ ਦੰਦ ਹੁੰਦੇ ਹਨ। ਇਹ ਤਾਂ ਅੰਨ੍ਹਾ ਹੁੰਦਾ ਹੈ। ਇਸ ਦੀਆਂ ਅੱਖਾਂ ਦੀ ਥਾਂ ਦੋ ਚਿੱਟੇ ਨਿਸ਼ਾਨ ਜਿਹੇ ਹੀ ਹੁੰਦੇ ਹਨ। ਅੰਨ੍ਹੇ ਸੱਪਾਂ ਨੂੰ ਅੰਗਰੇਜ਼ੀ ਵਿੱਚ ਬਲਾਈਂਡ ਸਨੇਕ, ਫਲਾਵਰ ਪੌਟ ਸਨੇਕ ਅਤੇ ਵਰਮ ਸਨੇਕ ਵਰਗੇ ਨਾਂ ਇਸ ਦੇ ਵੱਖ-ਵੱਖ ਗੁਣਾਂ ਕਰਕੇ ਦਿੱਤੇ ਹੋਏ ਹਨ। ਇਨ੍ਹਾਂ ਦੀਆਂ 260 ਜਾਤੀਆਂ ਦੇ ਪਰਿਵਾਰ ਨੂੰ ਟਿਫਲੋਪਿਡੇਈ ਕਹਿੰਦੇ ਹਨ। ਸੱਪਾਂ ਦੀਆਂ ਕੁਲ ਕੋਈ 3400 ਜਾਤੀਆਂ ਦੇ ਛੋਟੇ ਸਮੂਹ ਨੂੰ ਸਰਪੈਂਟਿਸ ਅਤੇ ਕਿਰਲੀਆਂ, ਗੋਹਾਂ ਅਤੇ ਬਾਹਮਣੀਆਂ ਦੇ ਨਾਲ ਸਾਂਝੇ ਸਮੂਹ ਨੂੰ ਸਕੁਐਮੈਟਾ ਕਹਿੰਦੇ ਹਨ। ਅੰਨ੍ਹੇ ਸੱਪ ਦਾ ਤਕਨੀਕੀ ਵੇਰਵਾ ਸਭ ਤੋਂ ਪਹਿਲਾਂ ਇੱਕ ਭਾਰਤੀ ਵਿਗਿਆਨੀ ਨੇ ਦਿਤਾ ਸੀ। ਉਸ ਨੇ ਇਸ ਜਾਤੀ ਦਾ ਨਾਂ ਰੈਮਫੋਟਾਈਫ਼ੋਲੋਸ ਬਰੈਮਿਨੱਸ ਰੱਖਿਆ ਸੀ।
ਅੰਨ੍ਹੇ ਸੱਪ ਅਫ਼ਰੀਕਾ, ਏਸ਼ੀਆ ਅਤੇ ਆਸਟਰੇਲੀਆ ਵਿੱਚ ਜੰਗਲਾਂ, ਬਾਗ਼ਾਂ, ਫੁੱਲਾਂ ਦੀਆਂ ਕਿਆਰੀਆਂ, ਰਸੋਈ ਵਿੱਚੋਂ ਨਿਕਲੇ ਕੂੜੇ ਦੇ ਢੇਰਾਂ, ਗਲ-ਸੜ ਰਹੇ ਪੱਤਿਆਂ ਜਾਂ ਵੱਡੇ ਮੁੱਢਾਂ ਥੱਲੇ, ਗਮਲਿਆਂ ਆਦਿ ਵਿੱਚ ਦਿਨ ਵੇਲੇ ਲੁਕ ਕੇ ਬੈਠਦੇ ਹਨ। ਆਇਰਲੈਂਡ, ਨਿਊਜ਼ੀਲੈਂਡ ਅਤੇ ਐਨਟਾਰਟਿਕਾ ਨੂੰ ਛੱਡ ਕੇ ਸੱਪ ਸਾਰੀ ਦੁਨੀਆਂ ਵਿੱਚ ਮਿਲ ਜਾਂਦੇ ਹਨ। ਅੰਨ੍ਹੇ ਸੱਪ ਆਪਣੇ ਸਿਰ ਨਾਲ ਇਨ੍ਹਾਂ ਥਾਵਾਂ ’ਤੇ ਖੁੱਡ ਪੁੱਟਣ ਵਿੱਚ ਮਾਹਿਰ ਹੁੰਦੇ ਹਨ। ਇਹ ਸਿਉਂਕ ਦੀਆਂ ਵਰਮੀਆਂ ਜਾਂ ਕੀੜੀਆਂ ਦੇ ਭੌਣਾਂ ਵਿੱਚ ਵੜ ਕੇ ਉਨ੍ਹਾਂ ਦੇ ਅੰਡਿਆਂ ਅਤੇ ਛੋਟੇ ਬੱਚਿਆਂ ਨੂੰ ਸਾਹ ਖਿੱਚ ਕੇ ਆਪਣੇ ਮੂੰਹ ਵਿੱਚ ਅਤੇ ਫੇਰ ਸੰਘ ਵਿੱਚੋਂ ਲੰਘਾ ਲੈਂਦੇ ਹਨ। ਇਹ ਹੋਰ ਕੀੜੇ-ਮਕੌੜਿਆਂ ਦੇ ਅੰਡੇ ਅਤੇ ਛੋਟੀਆਂ ਸੁੰਡੀਆਂ ਨੂੰ ਵੀ ਖਾਂਦੇ ਹਨ। ਇਹ ਆਪਣਾ ਸ਼ਿਕਾਰ ਆਪਣੀ ਜੀਭ ਅਤੇ ਸਰੀਰ ਦੀ ਚਮੜੀ ਨਾਲ ਸੁੰਘ ਕੇ ਲੱਭਦੇ ਹਨ। ਜੇ ਇਨ੍ਹਾਂ ਨੂੰ ਸਿਉਂਕ ਜਾਂ ਕੀੜੀਆਂ ਲੜ ਜਾਣ ਤਾਂ ਇਹ ਆਪਣੀ ਪੂਛ ਵਿੱਚੋਂ ਇੱਕ ਬੋ ਛੱਡਦੇ ਹਨ, ਜਿਸ ਨੂੰ ਸੁੰਘਦੇ ਸਾਰ ਸਿਉਂਕ ਅਤੇ ਕੀੜੀਆਂ ਪਿੱਛੇ ਹਟ ਜਾਂਦੀਆਂ ਹਨ। ਅੰਨ੍ਹੇ ਸੱਪ ਤੇ ਹੋਰ ਸੱਪ ਬਾਕੀ ਦੇ ਰੈਪਟਾਈਲਜ਼ ਵਾਂਗ ਠੰਢੇ ਖ਼ੂਨ ਵਾਲੇ ਹੀ ਹੁੰਦੇ ਹਨ ਅਤੇ ਲੋੜ ਪੈਣ ਉੱਤੇ ਧੁੱਪ ਵੀ ਸੇਕਦੇ ਹਨ।
ਅੰਨ੍ਹੇ ਸੱਪ ਸਾਢੇ ਛੇ ਤੋਂ ਸਾਢੇ ਸੋਲਾਂ ਸੈਂਟੀਮੀਟਰ ਲੰਮੇ ਹੋ ਸਕਦੇ ਹਨ। ਇਨ੍ਹਾਂ ਦਾ ਰੰਗ ਚੰਮਕਦਾ ਗੁੜ੍ਹੇ ਜਾਮਣੀ ਤੋਂ ਚਾਕਲੇਟੀ-ਕਾਲਾ ਹੁੰਦਾ ਹੈ। ਦੂਜੇ ਪਾਸੇ ਕਈ ਵੱਡੇ ਸੱਪਾਂ ਦੀ ਲੰਬਾਈ ਸਾਢੇ ਅੱਠ ਮੀਟਰ ਤੱਕ ਚਲੀ ਜਾਂਦੀ ਹੈ। ਸਾਰੇ ਸੱਪਾਂ ਦੇ ਸਰੀਰ ਉੱਤੇ ਸਕੇਲਜ਼ ਹੁੰਦੀਆਂ ਹਨ ਜਿਹੜੀਆਂ ਪਿੱਠ ਵਾਲੇ ਪਾਸੇ ਰੰਗ-ਬਰੰਗੀਆਂ ਅਤੇ ਛੋਟੀਆਂ-ਛੋਟੀਆਂ ਹੁੰਦੀਆਂ ਹਨ ਪਰ ਢਿੱਡ ਦੇ ਥੱਲੇ ਵਾਲੀਆਂ ਸਕੇਲਜ਼ ਵੱਡੀਆਂ ਪੂਰੀ ਢਿੱਡ ਦੀ ਚੌੜਾਈ ਜਿੰਨੀਆਂ ਅਤੇ ਆਇਤਾਕਾਰ ਹੁੰਦੀਆਂ ਹਨ। ਇਹ ਸਕੇਲਜ਼ ਸੱਪਾਂ ਵਿੱਚ ਤੁਰਨ ਵੇਲੇ ਜ਼ਮੀਨ ਉੱਤੇ ਪਕੜ ਬਣਾਉਣ ਦੇ ਕੰਮ ਆਉਂਦੀਆਂ ਹਨ। ਸੱਪਾਂ ਦੀਆਂ ਸਕੇਲਜ਼ ਚਮਕਦਾਰ ਅਤੇ ਮੁਲਾਇਮ ਹੁੰਦੀਆਂ ਹਨ। ਸੱਪ ਆਪਣੀ ਚਮੜੀ ਦੀ ਸਭ ਤੋਂ ਬਾਹਰਲੀ ਤਹਿ ਨੂੰ ਸਾਲ ਵਿੱਚ ਕਈ ਵਾਰ ਪੂਰੇ ਇੱਕ ਖੋਲ ਦੇ ਰੂਪ ਵਿੱਚ ਲਾਹੁੰਦੇ ਹਨ ਅਤੇ ਲੱਥੀ ਹੋਈ ਚਮੜੀ ਨੂੰ ਕੁੰਜ ਕਹਿੰਦੇ ਹਨ। ਸਾਰੇ ਸੱਪਾਂ ਦੇ ਸਰੀਰ ਉੱਤੇ ਲੱਤਾਂ ਨਹੀਂ ਹੁੰਦੀਆਂ, ਸਿਰਫ਼ ਕੁਝ ਅਜਗ਼ਰਾਂ ਦੇ ਬਹੁਤ ਹੀ ਛੋਟੀਆਂ-ਛੋਟੀਆਂ ਲੱਤਾਂ ਦਾ ਢਾਂਚਾ ਸਰੀਰ ਦੇ ਅੰਦਰ ਹੁੰਦਾ ਹੈ ਪਰ ਬਾਹਰੋਂ ਨਹੀਂ ਦਿਸਦਾ। ਇਨਸਾਨਾਂ ਦੀ ਰੀੜ੍ਹ ਦੀ ਹੱਡੀ ਵਿੱਚ ਤੇਤੀ ਮਣਕੇ ਹੁੰਦੇ ਹਨ ਪਰ ਇਨ੍ਹਾਂ ਸੱਪਾਂ ਵਿੱਚ ਦੋ ਸੌ ਤੋਂ ਵੱਧ ਮਣਕੇ ਅਤੇ ਤਕਰੀਬਨ ਓਨੇ ਹੀ ਪਸਲੀਆਂ ਦੇ ਜੋੜੇ ਹੁੰਦੇ ਹਨ। ਇਹ ਆਪਣੀ ਲਹਿਰਾਉਣ ਵਾਲੀ ਚਾਲ ਆਪਣੀਆਂ ਪਸਲੀਆਂ, ਮਾਸਪੇਸ਼ੀਆਂ ਅਤੇ ਢਿੱਡ ਹੇਠਲੀਆਂ ਸਕੇਲਜ਼ ਦੇ ਨਾਲ ਬਣਾਉਂਦੇ ਹਨ। ਅੰਨ੍ਹੇ ਸੱਪਾਂ ਦੀ ਗਰਦਨ ਸਿਰ ਨਾਲੋਂ ਪਤਲੀ ਨਹੀਂ ਹੁੰਦੀ ਅਤੇ ਦੂਰੋਂ ਦੇਖਣ ਨੂੰ ਇਨ੍ਹਾਂ ਦੇ ਸਰੀਰ ਦੇ ਦੋਵੇਂ ਸਿਰੇ ਇੱਕੋ ਜਿਹੇ ਲੱਗਦੇ ਹਨ ਪਰ ਦੂਜੇ ਸੱਪਾਂ ਵਿੱਚ ਗਰਦਨ ਦਾ ਕੁਝ ਹਿੱਸਾ ਸਿਰ ਤੋਂ ਪਤਲਾ ਹੁੰਦਾ ਹੈ ਅਤੇ ਬਾਕੀ ਸਰੀਰ ਹੌਲੀ-ਹੌਲੀ ਇੱਕ ਬਰੀਕ ਪੂਛ ਵਿੱਚ ਬਦਲ ਜਾਂਦਾ ਹੈ। ਸਾਰੇ ਸੱਪਾਂ ਦੇ ਸਿਰ ਅਤੇ ਜਬਾੜਿਆਂ ਵਿੱਚ ਕਿਰਲੀਆਂ ਦੇ ਮੁਕਾਬਲੇ ਬਹੁਤੀਆਂ ਹੱਡੀਆਂ ਹੁੰਦੀਆਂ ਹਨ ਜਿਹੜੀਆਂ ਢਿੱਲੇ ਹੋ ਸਕਣ ਵਾਲੇ ਜੋੜਾਂ ਨਾਲ ਆਪਸ ਵਿੱਚ ਜੁੜੀਆਂ ਹੁੰਦੀਆਂ ਹਨ। ਲੋੜ ਪੈਣ ਉੱਤੇ ਸੱਪ ਆਪਣੇ ਜਬਾੜਿਆਂ ਨੂੰ ਢਿੱਲਾ ਕਰਕੇ ਬਹੁਤ ਵੱਡੇ ਸ਼ਿਕਾਰ ਨੂੰ ਵੀ ਆਸਾਨੀ ਨਾਲ ਅੰਦਰ ਲੰਘਾ ਲੈਂਦੇ ਹਨ। ਸੱਪਾਂ ਦੇ ਬਾਹਰਲੇ ਕੰਨ ਨਹੀਂ ਹੁੰਦੇ। ਇਸ ਲਈ ਇਹ ਹਵਾ ਵਿੱਚ ਤੈਰਨ ਵਾਲੀਆਂ ਤਰੰਗਾਂ ਨਹੀਂ ਸੁਣ ਸਕਦੇ ਪਰ ਕੰਨ ਦਾ ਅੰਦਰਲਾ ਹਿੱਸਾ ਹੁੰਦਾ ਹੈ ਜਿਸ ਕਰਕੇ ਇਹ ਧਰਤੀ ਦੀ ਧਮਕ ਮਹਿਸੂਸ ਕਰ ਲੈਂਦੇ ਹਨ। ਬੇਟਾ ਕਹਿੰਦਾ, ‘‘ਮਾਂ, ਸਪੇਰੇ ਤਾਂ ਬੀਨ ਵਜਾ ਕੇ ਹੀ ਸੱਪਾਂ ਨੂੰ ਲੁਭਾਉਂਦੇ ਹਨ।’’ ਮੈਂ ਬੇਟੇ ਨੂੰ ਦੱਸਿਆ, ‘‘ਇਹ ਧਾਰਨਾ ਗ਼ਲ਼ਤ ਹੈ। ਬੇਟਾ, ਜੇ ਤੂੰ ਧਿਆਨ ਨਾਲ ਕਿਸੇ ਸਪੇਰੇ ਨੂੰ ਬੀਨ ਵਜਾਉਂਦੇ ਦੇਖੇਂ ਤਾਂ ਉਹ ਬੀਨ ਨੂੰ ਸੱਪ ਦੇ ਨੇੜੇ ਗੋਲ-ਗੋਲ ਘੁੰਮਾ ਵੀ ਰਿਹਾ ਹੁੰਦਾ ਹੈ। ਸੱਪ ਬੀਨ ਦੀ ਅਵਾਜ਼ ਕਰਕੇ ਨਹੀਂ ਸਗੋਂ ਆਪਣੇ ਸਿਰ ਵੱਲ ਕਿਸੇ ਡੰਡੇ ਜਿਹੇ ਦੇ ਆਉਣ ਦੇ ਖ਼ਤਰੇ ਨੂੰ ਭਾਂਪ ਰਿਹਾ ਹੁੰਦਾ ਹੈ। ਤੁਹਾਨੂੰ ਮੈਂ ਇੱਕ ਬਹੁਤ ਹੀ ਹੈਰਾਨ ਕਰਨ ਵਾਲੀ ਗੱਲ ਦੱਸਣ ਲੱਗੀ ਹਾਂ। ਅੰਨ੍ਹੇ ਸੱਪਾਂ ਦੀ ਸਫ਼ਲਤਾ ਦਾ ਰਾਜ਼ ਇਨ੍ਹਾਂ ਦੇ ਪ੍ਰਜਣਨ ਕਰਨ ਦੇ ਅਨੋਖੇ ਤਰੀਕੇ ਵਿੱਚ ਹੈ। ਇਨ੍ਹਾਂ ਵਿੱਚ ਨਰ ਨਹੀਂ ਹੁੰਦੇ ਅਤੇ ਸਾਰੀਆਂ ਮਾਦਾ ਹੀ ਹੁੰਦੀਆਂ ਹਨ ਜੋ ਸਹਿਵਾਸ ਤੋਂ ਬਿਨਾਂ ਹੀ ਅੰਡੇ ਦਿੰਦੀਆਂ ਹਨ। ਹਰ ਸਾਲ ਇੱਕ ਮਾਦਾ 2-6 ਅੰਡੇ ਪੱਤਿਆਂ ਜਾਂ ਕਿਸੇ ਪੱਥਰ ਹੇਠ ਦਿੰਦੀ ਹੈ ਅਤੇ ਬੱਚੇ ਨਿਕਲਣ ਤੱਕ ਅੰਡਿਆਂ ਦੀ ਰਾਖੀ ਵੀ ਕਰਦੀ ਹੈ। ਬੱਚੇ ਬਿਲਕੁਲ ਆਪਣੀ ਮਾਂ ਵਰਗੇ ਹੁੰਦੇ ਹਨ। ਸੱਪਾਂ ਦੀ ਸਾਰੀਆਂ ਜਾਤੀਆਂ ਵਿੱਚ ਇਹ ਇੱਕੋ-ਇੱਕ ਅਜਿਹਾ ਪਰਿਵਾਰ ਹੈ ਜਿਸ ਵਿੱਚ ਨਰ ਨਹੀਂ ਹੁੰਦੇ। ਸੱਪਾਂ ਦੀਆਂ 3400 ਜਾਤੀਆਂ ਦੇ ਛੋਟੇ-ਸਮੂਹ ਵਿੱਚ ਸਿਰਫ਼ 750 ਜਾਤੀਆਂ ਹੀ ਐਸੀਆਂ ਹੁੰਦੀਆਂ ਹਨ ਜਿਨ੍ਹਾਂ ਕੋਲ ਜ਼ਹਿਰ ਹੁੰਦਾ ਹੈ। ਵੱਖ-ਵੱਖ ਜਾਤੀਆਂ ਵਿੱਚ ਵੱਖ-ਵੱਖ ਕਿਸਮ ਅਤੇ ਵੱਖ-ਵੱਖ ਤਰ੍ਹਾਂ ਦਾ ਅਸਰ ਕਰਨ ਵਾਲਾ ਜ਼ਹਿਰ ਹੁੰਦਾ ਹੈ। ਇਹ ਜ਼ਹਿਰ ਲੋਕਾਂ ਨੂੰ ਡੰਗ ਮਾਰਨ ਵਾਸਤੇ ਨਹੀਂ ਹੁੰਦਾ ਸਗੋਂ ਇਹ ਇਨ੍ਹਾਂ ਕੋਲ ਆਪਣੇ ਸ਼ਿਕਾਰ ਨੂੰ ਨਿਢਾਲ ਕਰਕੇ ਕਾਬੂ ਕਰਨ ਲਈ ਹੁੰਦਾ ਹੈ। ਇਸ ਦੇ ਨਾਲ-ਨਾਲ ਇਹ ਸ਼ਿਕਾਰ ਨੂੰ ਹਜ਼ਮ ਕਰਨ ਦੇ ਕੰਮ ਆਉਂਦਾ ਹੈ। ਅਕਸਰ ਸੱਪ ਆਪਣੇ ਬਚਾਅ ਲਈ ਅਤੇ ਬਹੁਤ ਡਰ ਕੇ ਡੰਗ ਨੂੰ ਅਖ਼ੀਰਲੇ ਹਥਿਆਰ ਵਜੋਂ ਵਰਤਦੇ ਹਨ। ਦੁਨੀਆਂ ਵਿੱਚ ਸਿਰਫ਼ 250 ਜਾਤੀਆਂ ਦੇ ਸੱਪ ਹਨ ਜਿਨ੍ਹਾਂ ਦਾ ਇੱਕ ਵਾਰ ਡੰਗ ਮਾਰਨਾ ਹੀ ਇਨਸਾਨ ਲਈ ਘਾਤਕ ਹੁੰਦਾ ਹੈ। ਸੱਪਾਂ ਦਾ ਰਾਤ ਵੇਲੇ ਸ਼ਿਕਾਰ ਕਰਨਾ, ਅਚਾਨਕ ਘਾਤਕ ਢੰਗ ਮਾਰਨਾ, ਆਪਣੇ ਆਪ ਨੂੰ ਬੜੀ ਛੇਤੀ ਇਨਸਾਨ ਦੀ ਨਿਗਾਹ ਤੋਂ ਲੋਪ ਕਰ ਲੈਣ ਵਰਗੇ ਗੁਣਾਂ ਕਰਕੇ ਇਨ੍ਹਾਂ ਦਾ ਇਨਸਾਨ ਨਾਲ ਟਾਕਰਾ ਇਤਿਹਾਸ ਵਿੱਚ ਬਹੁਤ ਪਹਿਲਾਂ ਹੀ ਹੋ ਗਿਆ ਸੀ। ਇਨ੍ਹਾਂ ਨੇ ਇਨਸਾਨ ਨੂੰ ਬਹੁਤ ਪਹਿਲਾਂ ਹੀ ਭੈਅ-ਭੀਤ ਕਰ ਲਿਆ। ਇਨ੍ਹਾਂ ਦਾ ਜ਼ਿਕਰ ਹਰ ਸੱਭਿਅਤਾ ਵਿੱਚ ਕਿਸੇ ਨਾ ਕਿਸੇ ਰੂਪ ’ਚ ਆਉਂਦਾ ਰਿਹਾ ਹੈ। ਭਾਰਤ ਵਿੱਚ ਸੱਪਾਂ ਦੀ ਗਿਣਤੀ ਦੇਵੀ-ਦੇਵਤਿਆਂ ਵਿੱਚ ਵੀ ਕੀਤੀ ਜਾਂਦੀ ਹੈ। ਇਨ੍ਹਾਂ ਨੂੰ ਸ਼ਿਵ ਜੀ ਦੇ ਗਲੇ ਦਾ ਹਾਰ ਅਤੇ ਵਿਸ਼ਨੂੰ ਜੀ ਦਾ ਆਸਣ ਮੰਨਿਆ ਜਾਂਦਾ ਹੈ। ਕਈ ਥਾਵਾਂ ਉੱਤੇ ਨਾਗ ਪੰਚਮੀ ਦਾ ਤਿਉਹਾਰ ਵੀ ਮਨਾਇਆ ਜਾਂਦਾ ਹੈ ਜਿਸ ਵਿੱਚ ਸੱਪਾਂ ਨੂੰ ਪੂਜਿਆ ਜਾਂਦਾ ਹੈ। ਇਸ ਦੇ ਬਾਵਜੂਦ ਚੀਨ, ਦੱਖਣੀ ਏਸ਼ੀਆ ਅਤੇ ਅਫ਼ਰੀਕਾ ਵਿੱਚ ਕਈ ਲੋਕ ਇਨ੍ਹਾਂ ਨੂੰ ਖਾਂਦੇ ਹਨ। ਇਨ੍ਹਾਂ ਦੀ ਚਮੜੀ ਤੋਂ ਜੁੱਤੀਆਂ, ਟੋਪੀਆਂ, ਬੈਲਟਾਂ ਅਤੇ ਪਰਸ ਬਣਾਉਂਦੇ ਹਨ। ਕਈ ਸੱਪ ਖੇਤਾਂ ਅਤੇ ਗੋਦਾਮਾਂ ਵਿੱਚ ਚੂਹਿਆਂ ਦੀ ਸੰਖਿਆ ਨੂੰ ਕਾਬੂ ਵਿੱਚ ਰੱਖਦੇ ਹਨ ਅਤੇ ਇਨ੍ਹਾਂ ਨੂੰ ਕਿਸਾਨ ਦੇ ਮਿੱਤਰ ਵੀ ਕਿਹਾ ਜਾ ਸਕਦਾ ਹੈ।’’
* ਮੋਬਾਈਲ: 98140-05552