ਪੱਤਰ ਪ੍ਰੇਰਕ
ਲੁਧਿਆਣਾ, 21 ਅਗਸਤ
ਸਿੱਧਵਾਂ ਨਹਿਰ ਦੇ ਨਾਲ-ਨਾਲ ਲੁਧਿਆਣਾ ਤੋਂ ਦੋਰਾਹਾ ਤੱਕ 26 ਕਿਲੋਮੀਟਰ ਲੰਬਾਈ ਵਾਲੀ ਚਾਰਮਾਰਗੀ ਸੜਕ ਦੇ 328.16 ਕਰੋੜ ਰੁਪਏ ਦੀ ਲਾਗਤ ਵਾਲੇ ਪ੍ਰੋਜੈਕਟ ਦਾ ਕੰਮ ਜੰਗੀ ਪੱਧਰ ’ਤੇ ਚੱਲ ਰਿਹਾ ਹੈ ਪਰ ਕੇਂਦਰ ਸਰਕਾਰ ਵੱਲੋਂ ਪਾਈਆਂ ਜਾ ਰਹੀਆਂ ਬੇਲੋੜੀਆਂ ਰੁਕਾਵਟਾਂ ਕਾਰਨ ਪ੍ਰਾਜੈਕਟ ਦੇ ਮਕੁੰਮਲ ਹੋਣ ਵਿੱਚ ਦੇਰੀ ਹੋ ਰਹੀ ਹੈ।
ਇਹ ਪ੍ਰਗਟਾਵਾ ਪੰਜਾਬ ਦੇ ਲੋਕ ਨਿਰਮਾਣ ਮੰਤਰੀ ਸ਼ਰਨਜੀਤ ਸਿੰਘ ਢਿੱਲੋਂ ਨੇ ਅੱਜ ਇੱਥੇ ਫ਼ਿਰੋਜ਼ਪੁਰ ਰੋਡ ਵਿਖੇ ਸਿੱਧਵਾਂ ਨਹਿਰ ’ਤੇ ਚੱਲ ਰਹੇ ਇਸ ਪ੍ਰਾਜੈਕਟ ਦਾ ਜਾਇਜ਼ਾ ਲੈਣ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਦੱਸਿਆ ਕਿ ਇਸ ਪ੍ਰਾਜੈਕਟ ਦੇ 31 ਅਕਤੂਬਰ, 2012 ਤੱਕ ਮੁਕੰਮਲ ਹੋਣ ਦੀ ਆਸ ਸੀ ਪਰ ਕੁਝ ਕਾਰਨਾਂ ਕਰਕੇ ਹੋਈ ਦੇਰੀ ਕਾਰਨ ਹੁਣ ਇਹ ਪ੍ਰਾਜੈਕਟ 31 ਮਾਰਚ 2013 ਤੱਕ ਹਰ ਹਾਲ ਵਿੱਚ ਮਕੁੰਮਲ ਹੋ ਜਾਵੇਗਾ। ਇਸ ਦੇ ਮੁਕੰਮਲ ਹੋਣ ਨਾਲ ਲੋਕਾਂ ਨੂੰ ਆਵਾਜਾਈ ਦੀ ਵੱਡੀ ਸਹੂਲਤ ਮਿਲੇਗੀ ਕਿਉਂਕਿ ਲੁਧਿਆਣਾ ਸ਼ਹਿਰ ਵਿੱਚ ਇਸ ਸੜਕ ’ਤੇ ਨਾ ਕੋਈ ਟਰੈਫਿਕ ਲਾਈਟ ਹੋਵੇਗੀ ਤੇ ਨਾ ਹੀ ਰੇਲਵੇ ਫਾਟਕ ਹੋਵੇਗਾ। ਇਸ ਕਾਰਨ ਲੁਧਿਆਣਾ ਤੋਂ ਦੋਰਾਹਾ ਤੱਕ ਦਾ 45 ਮਿੰਟ ਦਾ ਸਫ਼ਰ ਕੇਵਲ 12 ਮਿੰਟਾਂ ਵਿੱਚ ਤੈਅ ਕੀਤਾ ਜਾ ਸਕੇਗਾ। ਮੰਤਰੀ ਨੇ ਦੱਸਿਆ ਕਿ ਪ੍ਰਾਜੈਕਟ ਵਿੱਜ ਦੇਰੀ ਦਾ ਕਾਰਨ ਸੜਕ ’ਤੇ ਪੈਂਦੇ ਦੋ ਰੇਲਵੇ ਓਵਰਬਰਿੱਜ ਹਨ ਕਿਉਂਕਿ ਰੇਲਵੇ ਵਿਭਾਗ ਵੱਲੋਂ ਲੋੜੀਂਦੀ ਪ੍ਰਵਾਨਗੀ ਦੇਣ ਵਿੱਚ ਕੀਤੀ ਬੇਲੋੜੀ ਦੇਰੀ ਕਾਰਨ ਰੇਲਵੇ ਵਾਲੇ ਹਿੱਸੇ ’ਤੇ ਕੰਮ ਹੁਣ ਸ਼ੁਰੂ ਹੋਇਆ ਹੈ। ਰੇਲਵੇ ਵਿਭਾਗ ਵੱਲੋਂ ਅਜੇ ਕੇਵਲ ਪਹਿਲੀ ਪ੍ਰਵਾਨਗੀ ਦਿੱਤੀ ਗਈ ਹੈ ਜਦ ਕਿ ਮੁਕੰਮਲ ਰੂਪ ਵਿੱਚ ਪ੍ਰਵਾਨਗੀ ਅਜੇ ਤੱਕ ਨਹੀਂ ਮਿਲੀ। ਦੂਸਰਾ ਕਾਰਨ ਇਹ ਪ੍ਰੋਜੈਕਟ ਨਹਿਰ ਦੇ ਕਿਨਾਰੇ ਹੋਣ ਕਰਕੇ ਇਸ ਨੂੰ ਨੇਪਰੇ ਚਾੜ੍ਹਨ ਲਈ ਵਾਰ-ਵਾਰ ਨਹਿਰ ਦੀ ਬੰਦੀ ਲੈਣੀ ਪੈਂਦੀ ਹੈ, ਜੋ ਫਸਲ ਦਾ ਸੀਜ਼ਨ ਖ਼ਤਮ ਹੋਣ ’ਦੇ ਹੀ ਮਿਲਦੀ ਹੈ। ਉਨ੍ਹਾਂ ਦੱਸਿਆ ਕਿ ਸੜਕ ਦਾ ਕੁਝ ਹਿੱਸਾ ਨਹਿਰ ਵਿੱਚ ਉਸਾਰਿਆ ਜਾਵੇਗਾ, ਜਿਸ ਲਈ ਬੰਦੀ ਦੀ ਜ਼ਰੂਰਤ ਪਵੇਗੀ। ਇਸੇ ਤਰ੍ਹਾਂ ਮਾਨਪੁਰ ਹੈੱਡ ਵਰਕਸ ਵਿਖੇ ਪੁਲ ਦੀ ਉਸਾਰੀ ਲਈ ਸਰਹਿੰਦ ਨਹਿਰ ਦੀਆਂ 21-21 ਦਿਨਾਂ ਦੀਆਂ ਦੋ ਬੰਦੀਆਂ ਦੀ ਲੋੜ ਪਵੇਗੀ।
ਸ੍ਰੀ ਢਿੱਲੋਂ ਨੇ ਦੱਸਿਆ ਕਿ ਫ਼ਿਰੋਜ਼ਪੁਰ ਰੋਡ ’ਤੇ ਸਿੱਧਵਾਂ ਨਹਿਰ ਪੁਲ ਦੇ ਖੱਬੇ ਅਤੇ ਸੱਜੇ ਪਾਸੇ ਟਰੈਫਿਕ ਦੀ ਸਹੂਲਤ ਲਈ ਦੋ ਅੰਡਰ ਪਾਸ ਬਣਾਏ ਜਾ ਰਹੇ ਹਨ। ਅੰਡਰ ਪਾਸ ਮੁਕੰਮਲ ਕਰਨ ਲਈ ਪਹਿਲਾਂ ਪੁਰਾਣਾ ਪੁਲ ਬੰਦ ਕਰਨ ਦੀ ਤਜਵੀਜ਼ ਹੈ ਅਤੇ ਲਗਭਗ ਚਾਰ ਮਹੀਨੇ ਇਹ ਪੁਲ ਬੰਦ ਰਹੇਗਾ। ਟਰੈਫਿਕ ਸੁਚਾਰੂ ਢੰਗ ਨਾਲ ਚਲਾਉਣ ਲਈ ਦੂਸਰੇ ਪੁਲ ਦੇ ਫੁੱਟਪਾਥ ਤੋੜ ਕੇ ਉਸ ਨੂੰ ਚੌੜਾ ਕੀਤਾ ਜਾ ਰਿਹਾ ਹੈ।
ਮੈਟਰੋ ਰੇਲ ਸੇਵਾ ਬਾਰੇ ਸ੍ਰੀ ਢਿੱਲੋਂ ਨੇ ਕਿਹਾ ਕਿ ਲੁਧਿਆਣਾ ਵਿੱਚ ਮੈਟਰੋ ਰੇਲ ਸੇਵਾ ਹਰ ਹਾਲਤ ਵਿੱਚ ਚਾਲੂ ਹੋਵੇਗੀ। ਇਸ ਪ੍ਰਾਜੈਕਟ ਨੂੰ ਨੇਪਰੇ ਚਾੜ੍ਹਨ ਲਈ ਲੋਕ ਪੰਜਾਬ ਸਰਕਾਰ ਨੂੰ ਪੂਰਨ ਸਹਿਯੋਗ ਦੇਣ। ਉਨ੍ਹਾਂ ਕਿਹਾ ਕਿ ਇਸ ਮੰਤਵ ਲਈ ਜੇਕਰ ਜ਼ਮੀਨ ਐਕੁਆਇਰ ਕਰਨ ਦੀ ਲੋੜ ਪਈ ਤਾਂ ਉਸ ਦਾ ਪੂਰਾ ਮੁਆਵਜ਼ਾ ਦਿੱਤਾ ਜਾਵੇਗਾ।
ਇਸ ਮੌਕੇ ਲੋਕ ਨਿਰਮਾਣ ਵਿਭਾਗ ਦੇ ਚੀਫ ਇੰਜਨੀਅਰ ਕੇ.ਕੇ.ਗਰਗ, ਕਾਰਜਕਾਰੀ ਇੰਜਨੀਅਰ ਅੰਗਰੇਜ਼ ਸਿੰਘ, ਸਿੱਧਵਾਂ ਨਹਿਰ ਦੇ ਪ੍ਰਾਜੈਕਟ ਡਾਇਰੈਕਟਰ ਐਮ.ਐਸ. ਗਿੱਲ, ਸਹਿਜਪਾਲ ਸਿੰਘ ਮਾਂਗਟ, ਹਰਿੰਦਰ ਸਿੰਘ ਢਿੱਲੋਂ, ਦਰਸ਼ਨ ਸਿੰਘ ਅਤੇ ਦਵਿੰਦਰਪਾਲ ਸਿੰਘ ਆਦਿ ਹਾਜ਼ਰ ਸਨ।