ਪਾਵਰ ਕਾਰਪੋਰੇਸ਼ਨ ਝੋਨੇ ਦੇ ਸੀਜ਼ਨ ਲਈ ਖ਼ਰੀਦੇਗੀ 12 ਹਜ਼ਾਰ ਲੱਖ ਯੂਨਿਟ ਬਿਜਲੀ !    ‘ਰਿਜ਼ਲਟ ਪੰਜਾਬ ਐਜੂਕੇਸ਼ਨ.ਕਾਮ’ ਨਾਲ ਸਕੂਲ ਬੋਰਡ ਦਾ ਕੋਈ ਸਬੰਧ ਨਹੀਂ: ਡਾ. ਬਲਵਿੰਦਰ ਸਿੰਘ !    ਮੈਂ ਤਾਂ ਉਦੋਂ ਸੁੱਤਾ ਪਿਆ ਸਾਂ: ਰਾਜੇਸ਼ ਤਲਵਾੜ !    ਗੁਰੂ ਨਾਨਕ ਦੇਵ ’ਵਰਸਿਟੀ ਦੇ ਐਡਹਾਕ ਡਾਟਾ ਐਂਟਰੀ ਅਪਰੇਟਰ ਹੋ ਸਕਦੇ ਨੇ ਬੇਰੁਜ਼ਗਾਰ !    ਕੇਂਦਰ ਸਰਕਾਰ ਵੱਲੋਂ ਨਰਸਿੰਗ ਕੋਰਸਾਂ ਦੇ ਦਾਖ਼ਲੇ ਵਿੱਚ ਅਹਿਮ ਤਬਦੀਲੀਆਂ !    ਤਕਨੀਕੀ ਸਿੱਖਿਆ ਵਿਭਾਗ ਵਿੱਚ ਭਰੀਆਂ ਜਾਣਗੀਆਂ 450 ਨਵੀਆਂ ਅਸਾਮੀਆਂ: ਜੋਸ਼ੀ !    ਪੰਚਾਇਤ ਸਮਿਤੀ ਚੋਣਾਂ ਵਿੱਚ ਮਾਨਸਾ ਜ਼ਿਲ੍ਹੇ ਦਾ ਰਿਕਾਰਡ !    ਚੋਣਾਂ ਦਾ ਸ਼ੋਰ ਸ਼ਰਾਬਾ ਵਿਦਿਆਰਥੀਆਂ ਦੀ ਪੜ੍ਹਾਈ ’ਤੇ ਭਾਰੂ !    ਗਰਮੀ ਨੇ ਜ਼ੋਰ ਫੜਿਆ, ਕਿਸਾਨਾਂ ਦਾ ਨਰਮਾ ਸੜਿਆ !    ਭਾਰਤ-ਪਾਕਿ ਵੀਜ਼ਾ ਪ੍ਰਣਾਲੀ ਸਰਲ ਬਣਾਉਣ: ਘੁਰਕੀ !    

ਦੀਵੇ ਦੀ ਲੋਅ ’ਚੋਂ ਨਿਕਲੇ ਅੱਖਰ

Posted On August - 7 - 2012

ਮੁਖਤਿਆਰ ਸਿੰਘ

ਜਦੋਂ ਮੈਨੂੰ ਸਕੂਲ ਭੇਜਣ ਦੀਆਂ ਤਿਆਰੀਆਂ ਹੋ ਰਹੀਆਂ ਸਨ ਤਾਂ ਚਾਚਾ ਜੀ ਨੇ ਮੇਰੇ ਲਈ ਖੰਨੇ ਤੋਂ ੳ ਅ ੲ ਵਾਲਾ ਕੈਦਾ ਲੈ ਆਉਂਦਾ। ਉਹ ਤੁਰ ਕੇ ਹੀ ਪਹਿਲਾਂ ਟਿੱਬੀ, ਫੇਰ ਲੇਹੀ ਵਿੱਚੋਂ ਸਿੱਧੇ ਸੇਹ ਅਤੇ ਰਹੌਣ ਪਿੰਡਾਂ ਤੋਂ ਲੰਘਦੇ ਹੋਏ ਖੰਨੇ ਦਾ ਰੇਲਵੇ ਸਟੇਸ਼ਨ ਟੱਪ ਕੇ ਬਾਜ਼ਾਰ ਜਾ ਵੜਦੇ ਸਨ। ਉਦੋਂ ਉਹ ਖ਼ਾਲਸਾ ਹਾਈ ਸਕੂਲ ਵਿੱਚ ਪੜ੍ਹਦੇ ਸਨ ਪਰ ਮੈਨੂੰ ਨਹੀਂ ਸੀ ਪਤਾ ਕਿ ਉਹ ਕਿਹੜੀ ਜਮਾਤ ਵਿੱਚ ਸਨ। ਇਹ ਵੀ ਨਹੀਂ ਸੀ ਪਤਾ ਉਹ ਸਕੂਲ ਜਾਂਦੇ ਵੀ ਸਨ ਕਿ ਤੁਰ-ਫਿਰ ਕੇ ਆ ਜਾਂਦੇ ਸਨ। ਬਾਅਦ ’ਚ ਪਤਾ ਲੱਗਾ ਕਿ ਉਹ ਦਸਵੀਂ ਤਕ ਅਪੜੇ ਹੀ ਨਹੀਂ ਸੀ। ਜਿਸ ਦਿਨ ਉਹ ਕੈਦਾ ਲੈ ਕੇ ਘਰ ਆਏ ਤਾਂ ਹਨੇਰਾ ਹੋ ਗਿਆ ਸੀ। ਆਲੇ ਉੱਤੇ ਰੱਖੇ ਸਰੋਂ ਦੇ ਤੇਲ ਦਾ ਲੋਹੇ ਵਾਲਾ ਦੀਵਾ ਜਗ ਰਿਹਾ ਸੀ। ਸਾਰਾ ਟੱਬਰ ਚਾਚੇ ਨੂੰ ਉਡੀਕ ਰਿਹਾ ਸੀ। ਦੂਜੇ ਚਾਚੇ, ਬਾਪੂ ਅਤੇ ਦਾਦੀ-ਮਾਂ ਮੂਹੜੇ ਤੇ ਪੀਹੜੀਆਂ ਉੱਤੇ ਬੈਠੇ ਬੈਠੇ ਆਪਸ ਵਿੱਚ ਘਰੇਲੂ ਗੱਲਾਂ ਕਰ ਰਹੇ ਸਨ ਜਿਨ੍ਹਾਂ ਨਾਲ ਮੈਨੂੰ ਬਹੁਤਾ ਮਤਲਬ ਨਹੀਂ ਸੀ। ਮੈਨੂੰ ਤਾਂ ਕੈਦੇ ਦੀ ਉਡੀਕ ਸੀ ਕਿ ਚਾਚਾ ਲੈ ਕੇ ਵੀ ਆਉਂਦਾ ਹੈ ਜਾਂ ਅੱਜ ਵੀ ਲਾਰਾ ਹੀ ਲਾਉਂਦਾ ਹੈ। ਮੇਰੀ ਮਾਂ ਰੋਟੀ-ਟੁਕ ਸਾਜਰੇ ਤੇ ਚਾਨਣੇ ਬਣਾ ਕੇ ਆਲੇ ਦੇ ਕੋਲ ਦੀਵੇ ਦੀ ਲੋਅ ’ਚ ਬੈਠੀ ਸੀ। ਉਹ ਵੇਖ ਰਹੀ ਸੀ ਕਿ ਕਦੋਂ ਸਾਰੇ ਇਕੱਠੇ ਬੈਠਣ ਤੇ ਉਹ ਸਾਰਿਆਂ ਨੂੰ ਰੋਟੀ ਖੁਆਵੇ ਪਰ ਰੋਟੀ ਨਾਲੋਂ ਤਾਂ ਸਾਰੇ ਕੈਦੇ ਨੂੰ ਉਡੀਕ ਰਹੇ ਸੀ। ਸਾਰਿਆਂ ਦੇ ਦੀਵੇ ਵੱਲ ਨੂੰ ਮੂੰਹ ਕੀਤੇ ਹੋਏ ਸਨ। ਗੁਲਾਬੀ ਰੌਸ਼ਨੀ ਨਾਲ ਸਾਰਿਆਂ ਦੇ ਚਿਹਰੇ ਚਮਕ ਰਹੇ ਸੀ।
ਚਾਚਾ ਕੈਦਾ ਲੈ ਆਇਆ ਤੇ ਦੀਵੇ ਦੀ ਰੌਸ਼ਨੀ ਵਿੱਚ ਕੈਦਾ ਲੈ ਕੇ ਖਲੋ ਗਿਆ। ਸਾਰੇ ਕੈਦੇ ਵੱਲ ਵੇਖਣ ਲੱਗ ਪਏ। ਚਾਚੇ ਤੋਂ ਬਿਨਾਂ ਅਸੀਂ ਹੈਰਾਨ ਹੋ ਰਹੇ ਸੀ ਕਿ ਇਹ ਕੈਦਾ ਪੜ੍ਹਾਈ ਦਾ ਜਾਦੂਗਰ ਕਿਵੇਂ ਹੈ? ਇਸ ਤੋਂ ਜਾਦੂ ਸਿੱਖ ਕੇ ਪਟਵਾਰੀ, ਥਾਣੇਦਾਰ ਤੇ ਲਫਟੈਣ ਕਿਵੇਂ ਬਣਿਆ ਜਾਊ? ਚਾਚਾ ਵੀ ਉਨ੍ਹਾਂ ਨੂੰ ਇਹੋ ਕੁਝ ਬਣਦਾ ਦਿਸਦਾ ਸੀ। ਮੈਂ ਵੀ ਚਾਅ ਨਾਲ ਕੋਲ ਜਾ ਕੇ ਕੈਦੇ ਵੱਲ ਵੇਖਣ ਲੱਗ ਪਿਆ। ਚਾਚੇ ਨੇ ਪਹਿਲਾ ਹੀ ਸਫਾ ਖੋਲ੍ਹਿਆ ਤਾਂ ਉਹ ਕਹਿੰਦਾ ਇਹ ਦੇਖ ਊੜਾ…ਇਹਦੇ ਸਾਹਮਣੇ ਊਠ। ਊੜਾ… ਊਠ। ਮੈਂ ਊੜੇ ਵੱਲ ਵੇਖਿਆ ਤੇ ਫਿਰ ਊਠ ਵੱਲ, ਮੈਨੂੰ ਊੜਾ ਊਠ ਜਿੱਡਾ ਹੀ ਲੱਗਿਆ। ਊਠ ਤਾਂ ਸਾਡੇ ਕੋਲ ਹਲਟ ਨੂੰ ਚੱਲਦਾ ਹੁੰਦਾ ਸੀ। ਮੈਨੂੰ ਊੜਾ ਉਸ ਊਠ ਵਰਗਾ ਵੱਡਾ ਹੋ ਗਿਆ ਜਾਪਿਆ। ਮੈਂ ਡਰ ਗਿਆ ਕਿ ਜੇ ਊੜਾ ਐਡਾ ਵੱਡਾ ਹੈ ਤਾਂ ਆੜਾ ਕਿੱਡਾ   ਵੱਡਾ ਹੋਊ? ਮੈਂ ਅਜੇ ਸੋਚ ਹੀ ਰਿਹਾ ਸਾਂ ਕਿ ਚਾਚੇ ਨੇ ਫਿਰ ਆੜੇ ’ਤੇ ਉਂਗਲ ਰੱਖ ਦਿੱਤੀ, ਇਹ ਦੇਖ ਆੜਾ…ਸਾਹਮਣੇ ਅੱਖ। ਆੜਾ… ਅੱਖ।
ਮੈਂ ਐਡੇ ਵੱਡੇ ਊਠ ਤੋਂ ਨਿਗ੍ਹਾ ਹਟਾ ਕੇ ਛੋਟੇ ਆੜੇ ’ਤੇ ਟਿਕਾਈ ਤੇ ਫਿਰ ਅੱਖ ਉੱਤੇ। ਅੱਖ ਤਾਂ ਮੈਨੂੰ ਛੋਟੀ ਹੀ ਜਾਪੀ। ਮੈਂ ਸੋਚ ਰਿਹਾ ਸੀ ਕਿ ਊੜੇ ਤੋਂ ਬਾਅਦ ਅੱਖ? ਇਹ ਕਿਹੋ ਜਿਹੀ ਪੜਾਈ ਹੈ ਪਰ ਅੱਖ ਤਾਂ ਮੈਨੂੰ ਹੱਸਦੀ ਜਾਪੀ ਤੇ ਪਿਆਰੀ ਲੱਗਣ ਲੱਗ ਪਈ। ਫਿਰ ਬਾਅਦ ’ਚ ਪਤਾ ਚੱਲਿਆ, ਅੱਖਾਂ ’ਚ ਕਿੰਨਾ ਪਿਆਰ, ਨਫ਼ਰਤ, ਹਾਸਾ, ਹੰਝੂ ਤੇ ਸਾਰੀ ਦੁਨੀਆਂ ਹੀ ਸਮਾਈ ਹੋਈ ਹੈ।
ਚਾਚਾ ਅੱਗੇ ਬੋਲ ਪਿਆ, ਉਏ ਦੇਖ ਈੜੀ …ਇੱਟ। ਮੈਂ ਈੜੀ ਵੱਲ ਵੇਖਿਆ ਤਾਂ ਨਿਮਾਣੀ ਜਿਹੀ ਲੱਗੀ ਤੇ ਸੋਚਿਆ ਇਹ ਐਨੀ ਛੋਟੀ ਐ ਤੇ ਊੜਾ ਐਡਾ ਵੱਡਾ? ਇੱਟ ਤੇ ਊਠ ਦਾ ਕਿਆ ਮੁਕਾਬਲਾ। ਇਹ ਤਾਂ ਕੀੜੀ ਜਿੰਨੀ ਕੁ ਹੈ। ਚਾਚੇ ਨੇ ਮੈਨੂੰ ਸਾਰੇ ਅੱਖਰ ਅਤੇ ਉਨ੍ਹਾਂ ਦੇ ਸਾਹਮਣੇ ਤਸਵੀਰਾਂ ਵਾਲਾ ਸਾਰਾ ਕੈਦਾ ਹੀ ਬੋਲ ਕੇ ਵਿਖਾ ਦਿੱਤਾ। ਮੈਂ ਬੋਲਦਾ ਗਿਆ ਤੇ ਹੈਰਾਨ ਹੁੰਦਾ ਰਿਹਾ। ਕਈ ਅੱਖਰ ਅਜੀਬ ਜਿਹੇ ਲੱਗੇ ਪਰ ਮੰਮਾ-ਮਾਂ ਆਪਣੀ ਮਾਂ ਵਰਗਾ ਲੱਗਾ। ਉਸ ਦੇ ਦੁੱਧ ਵਰਗਾ ਸੁਆਦ ਆ ਗਿਆ। ਬਾਣ ਦੇ ਮੰਜੇ ਉੱਤੇ ਬੈਠੀ ਦਾਦੀ-ਮਾਂ ਬੋਲ ਰਹੀ ਸੀ ਦੇਖ ਲੈ ਸਮਾਰ ਕੇ ਪੜ੍ਹੀਂ ਹੁਣ। ਸਕੂਲੇ ਜਾਈਂ ਕੱਲ੍ਹ ਤੋਂ।
ਸਾਰੇ ਟੱਬਰ ਨੂੰ ਹੀ ਕੈਦਾ ਲਿਆਂਦੇ ਦਾ ਚਾਅ ਚੜ੍ਹਿਆ ਹੋਇਆ ਸੀ। ਮੈਂ ਦੀਵੇ ਦੀ ਲੋਅ ’ਚ ਵਾਰ-ਵਾਰ ਕੈਦੇ ਨੂੰ ਪਲਟ ਕੇ ਵੇਖਦਾ ਰਿਹਾ। ਮੈਂ ਹੈਰਾਨ ਸੀ ਕਿ ਇਹ ਐਨਾ ਕੁ ਹੀ ਕੈਦਾ ਮੈਨੂੰ ਪੜ੍ਹਾਈ ਕਰਾਊਗਾ… ਪੜ੍ਹਾਈ ਤਾਂ ਸੁਣਿਆ ਸੀ ਬਹੁਤ ਔਖੀ ਹੁੰਦੀ ਐ। ਚਾਚਾ ਮੈਨੂੰ ਕੈਦਾ ਸੰਭਾਲ ਕੇ ਆਪ ਪਰੇ ਜਾ ਕੇ ਬਿੱਲੀ ਦੇ ਬਲੂੰੰਗੜਿਆਂ ਨੂੰ ਰੱਸੀ ਨਾਲ ਟਪਾਉਣ ਲੱਗ ਪਿਆ। ਮੈਂ ਕੈਦਾ ਆਪਣੇ ਝੋਲੇ ਵਿੱਚ ਪਾ ਲਿਆ ਤੇ ਸਵੇਰੇ ਸਕੂਲ ਜਾਣ ਦੀ ਤਿਆਰੀ ਮਨੋ-ਮਨੀ ਕਰਨ ਲੱਗ ਪਿਆ। ਕਾਫ਼ੀ ਚਿਰ ਮੈਨੂੰ ਨੀਂਦ ਨਾ ਆਈ। ਜਦੋਂ ਆਈ ਤਾਂ ਸੁਪਨੇ ’ਚ ਊੜਾ ਊਠ ਹੀ ਦਿਸਣ ਲੱਗ ਪਿਆ ਜੋ ਹਲਟ ਨੂੰ ਚੱਲਦਾ ਸੀ। ਉਸ ਦੀਆਂ ਅੱਖਾਂ ’ਤੇ ਖੋਪੇ ਲੱਗੇ ਹੋਏ ਸਨ। ਹਲਟ ਦਾ ਕੁੱਤਾ ਟੱਕ-ਟੱਕ ਬੱਜ ਰਿਹਾ ਸੀ।
ਸਵੇਰੇ ਸਾਰਿਆਂ ਨੇ ਚਾਅ ਨਾਲ ਮੈਨੂੰ ਮੂੰਹ-ਹੱਥ ਧੁਆ ਕੇ, ਸਿਰ ਵਾਹ ਕੇ, ਜੂੜੇ ’ਤੇ ਰੁਮਾਲ ਬੰਨ੍ਹ ਕੇ ਤੇ ਝੋਲਾ ਫੜਾ ਕੇ ਸਕੂਲ ਤੋਰ ਦਿੱਤਾ। ਮੈਨੂੰ ਉਸ ਦੀਵੇ ਦੀ ਲੋਅ ’ਚ ਵੱਡੇ ਦਿਸੇ ਊੜੇ ਵਿੱਚੇ ਐਨੇ ਅੱਖਰ ਦਿਸਣ ਲੱਗ ਪਏ, ਜਿਨ੍ਹਾਂ ਦੀ ਗਿਣਤੀ ਨਹੀਂ ਹੋ ਸਕਦੀ। ਇਹ ਸਮੁੰਦਰ ਜਿੱਡਾ ਅੱਖਰ ਗਿਆਨ ਉਸ ਦੀਵੇ ਦੀ    ਲੋਅ ’ਚ ਵੇਖਿਆ ਊੜੇ ਦੇ ਊਠ ਦਾ ਹੀ ਜਾਦੂ ਹੈ। ਉਹ ਦੀਵੇ ਦੀ ਲੋਅ ਉਸੇ ਤਰ੍ਹਾਂ ਹੁਣ ਵੀ ਮੇਰੇ ਸਾਹਮਣੇ ਹੈ ਤੇ ਇਹ ਲੋਅ  ਹਮੇਸ਼ਾ ਜਗਦੀ ਰਹੇਗੀ।

ਸੰਪਰਕ: 98728-23511


Share |
You can leave a response, or trackback from your own site.

Leave a Reply

Enable Google Transliteration.(To type in English, press Ctrl+g)

ਖਬਰ ਵਿਚ ਹਾਲ ਮੈ ਲੋਕਪ੍ਰਿਯ

  • ਮੌਸਮ

    Delhi, India 33 °CWidespread Dust
    Chandigarh, India 32 °CHaze
    Ludhiana,India 32 °CHaze
    Dehradun,India 32 °CHaze

ਕ੍ਰਿਕਟ

Powered by : Mediology Software Pvt Ltd.