
ਮੈਚ ਰੈਫਰੀ ਪਹਿਲਵਾਨ ਯੋਗੇਸ਼ਵਰ ਦੱਤ ਨੂੰ ਜੇਤੂ ਐਲਾਨ ਦੇ ਹੋਏ। ਉਸ ਨੇ ਆਖਰੀ ਮੁਕਾਬਲੇ 'ਚ ਕੋਰਿਆਈ ਪਹਿਲਵਾਨ ਨੂੰ ਹਰਾ ਕੇ ਕਾਂਸੀ ਦਾ ਤਗ਼ਮਾ ਜਿੱਤਿਆ (ਫੋਟੋ: ਪੀ.ਟੀ.ਆਈ.)
ਲੰਡਨ, 11 ਅਗਸਤ
ਭਾਰਤੀ ਪਹਿਲਵਾਨ ਯੋਗੇਸ਼ਵਰ ਦੱਤ ਨੇ ਅੱਜ ਓਲੰਪਿਕ ਖੇਡਾਂ ਦੇ ਕੁਸ਼ਤੀ ਮੁਕਾਬਲੇ ਦੇ 60 ਕਿਲੋਗ੍ਰਾਮ (ਫਰੀਸਟਾਈਲ) ਵਰਗ ਵਿੱਚ ਭਾਰਤ ਲਈ ਕਾਂਸੀ ਦਾ ਤਗਮਾ ਜਿੱਤ ਲਿਆ। ਯੋਗੇਸ਼ਵਰ ਨੇ ਅੱਜ ਰੇਪੇਚੇਜ ਗੇੜ ਵਿਚ ਬਿਹਤਰੀਨ ਕਾਰਗੁਜ਼ਾਰੀ ਦਾ ਮੁਜ਼ਾਹਰਾ ਕਰਦਿਆਂ ਲਗਾਤਾਰ ਤਿੰਨ ਮੁਕਾਬਲੇ ਜਿੱਤੇ ਅਤੇ ਭਾਰਤ ਲਈ ਅੱਜ ਪੰਜਵਾਂ ਤਗਮਾ ਹਾਸਲ ਕੀਤਾ। ਭਾਰਤ ਵਾਸੀਆਂ ਨੂੰ ਕੁਸ਼ਤੀਆਂ ਅਤੇ ਮੁੱਕੇਬਾਜ਼ੀ ਵਰਗ ਵਿਚ ਤਗਮਿਆਂ ਦੀ ਬਹੁਤ ਆਸ ਸੀ ਪਰ ਹੁਣ ਤਕ ਦੋਹਾਂ ਵਰਗਾਂ ਵਿਚ ਖਿਡਾਰੀਆਂ ਨੇ ਨਿਰਾਸ਼ ਹੀ ਕੀਤਾ ਸੀ ਪਰ ਅੱਜ ਯੋਗੇਸ਼ਵਰ ਨੇ ਸਾਰੇ ਰੋਣੇ ਧੋ ਦਿੱਤੇ ਅਤੇ ਕਮਾਲ ਦਾ ਪ੍ਰਦਰਸ਼ਨ ਕਰਦਿਆਂ ਭਾਰਤ ਵਾਸੀਆਂ ਦੇ ਦਿਲ ਜਿੱਤ ਲਏ। ਪਹਿਲਵਾਨ ਦੱਤ ਦੀ ਕਾਰਕਰਦਗੀ ਤੋਂ ਖੁਸ਼ ਹੁੰਦਿਆਂ ਹਰਿਆਣਾ ਦੇ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਨੇ ਇਕ ਕਰੋੜ ਰੁਪਏ ਦੇਣ ਦਾ ਐਲਾਨ ਕਰ ਦਿੱਤਾ। ਹਰਿਆਣਾ ਦੇ ਸੋਨੀਪਤ ਜ਼ਿਲ੍ਹੇ ਦਾ 29 ਸਾਲਾ ਇਹ ਖਿਡਾਰੀ ਬੀਜਿੰਗ ਓਲੰਪਿਕ ਵਿਚ ਕਾਂਸੀ ਦੇ ਤਗਮੇ ਤੋਂ ਖੁੰਝ ਗਿਆ ਸੀ। ਇਸ ਖਿਡਾਰੀ ਨੇ ਅੱਜ ਬਿਹਤਰੀਨ ਖੇਡ ਤਕਨੀਕਾਂ ਅਤੇ ਜੋਸ਼ ਨਾਲ ਖੇਡਦਿਆਂ ਤਿੰਨ ਜਿੱਤਾਂ ਦਰਜ ਕੀਤੀਆਂ ਤੇ ਕਾਂਸੀ ਦਾ ਤਗਮਾ ਜਿੱਤਿਆ। ਰੇਪੇਚੇਜ ਮੁਕਾਬਲੇ ਵਿਚ ਉਸ ਨੇ ਵਿਸ਼ਵ ਚੈਂਪੀਅਨਸ਼ਿਪ ਦੇ ਰਨਰਜ਼ ਅੱਪ ਪਿਊਰਟੋ ਰੀਕੋ ਦੇ ਗੋਮਜ਼ ਮਾਤੋਸ ਤੇ ਦੂਜੇ ਦੌਰ ‘ਚ ਇਰਾਨ ਦੇ ਮਸੂਦ ਇਸਮਾਈਲ ਪੂਰਜੋਯਬਾਰੀ ਨੂੰ ਹਰਾਇਆ। ਤੀਜੇ ਮੈਚ ਵਿਚ ਭਾਰਤੀ ਖਿਡਾਰੀ ਨੇ ਕੋਰਿਆਈ ਪਹਿਲਵਾਨ ਨੂੰ ਹਰਾ ਕੇ ਤਗਮੇ ‘ਤੇ ਕਬਜ਼ਾ ਕੀਤਾ। ਯੋਗੇਸ਼ਵਰ ਨੇ 20 ਮਿੰਟਾਂ ਦੇ ਵਕਫ਼ੇ ‘ਚ ਦੋ ਜਿੱਤਾਂ ਦਰਜ ਕੀਤੀਆਂ।
ਪਹਿਲਵਾਨ ਦੱਤ ਨੇ ਆਪਣੇ ਪਹਿਲੇ ਮੁਕਾਬਲੇ ਵਿਚ ਬੁਲਗਾਰੀਆ ਦੇ ਅਨਾਤੋਲੀ ਗੁਇਡੀਆ ਨੂੰ 3-1 ਨਾਲ ਮਾਤ ਦਿੱਤੀ ਪਰ ਉਹ ਦੂਜੇ ਮੁਕਾਬਲੇ ਭਾਵ ਪ੍ਰੀ ਕੁਆਰਟਰ ਫਾਈਨਲ ਵਿਚ ਰੂਸੀ ਪਹਿਲਵਾਨ ਬੇਸਿਕ ਕੁਦੂਖੋਵ ਕੋਲੋਂ ਹਾਰ ਗਿਆ। ਬੁਲਗਾਰੀਅਨ ਪਹਿਲਵਾਨ ਦੇ ਖ਼ਿਲਾਫ਼ ਵੀ ਦੱਤ ਪਹਿਲੇ ਗੇੜ ਵਿਚ 1-0 ਨਾਲ ਪਛੜ ਗਿਆ ਸੀ ਪਰ ਇਸ ਤੋਂ ਬਾਅਦ ਜ਼ੋਰਦਾਰ ਵਾਪਸੀ ਕਰਦਿਆਂ ਉਸ ਨੇ 3-1 ਨਾਲ ਜਿੱਤ ਦਰਜ ਕੀਤੀ। ਦੂਜੇ ਮੁਕਾਬਲੇ ਵਿਚ ਵੀ ਦੱਤ ਨੇ ਵਧੀਆ ਸ਼ੁਰੂਆਤ ਕੀਤੀ ਪਰ ਰੂਸੀ ਪਹਿਲਵਾਨ ਅਖ਼ੀਰ ਵਿਚ ਇਕ ਤਕਨੀਕੀ ਅੰਕ ਹਾਸਲ ਕਰਨ ਵਿਚ ਕਾਮਯਾਬ ਰਿਹਾ ਅਤੇ ਜਿੱਤ ਗਿਆ।
-ਪੀ.ਟੀ.ਆਈ.