ਨਵੀਂ ਦਿੱਲੀ, 22 ਅਗਸਤ
ਪਾਕਿਸਤਾਨ ਵੱਲੋਂ ਵਪਾਰ ਲਈ ਵਸਤਾਂ ਦੀ ਸੂਚੀ ਵਿਚ ਵਾਧਾ ਕਰਨ ਨਾਲ ਖੇਤੀ ਜਿਣਸਾਂ ਕੱਪੜਾ ਰਸਾਇਣ ਅਤੇ ਵਾਹਨਾਂ ਦੇ ਪੁਰਜ਼ਿਆਂ ਦੀਆਂ ਬਰਾਮਦਾਂ ਵਿਚ ਵੱਡਾ ਵਾਧਾ ਹੋਣ ਦੀ ਸੰਭਾਵਨਾ ਹੈ। ਦੋਵੇਂ ਮੁਲਕ ਕਾਰੋਬਾਰੀਆਂ ਲਈ ਵੀਜ਼ਾ ਸ਼ਰਤਾਂ ਸੌਖੀਆਂ ਕਰਨ ਲਈ ਤਿਆਰ ਹੋ ਗਏ ਹਨ। ਵਣਜ ਤੇ ਸਨਅਤੀ ਮਾਮਲਿਆਂ ਲਈ ਕੇਂਦਰੀ ਰਾਜ ਮੰਤਰੀ ਜਯੋਤਿਰਾਦਿਤ ਸਿੰਧੀਆ ਨੇ ਰਾਜ ਸਭਾ ਵਿਚ ਆਪਣੇ ਲਿਖਤੀ ਉੱਤਰ ਵਿਚ ਦੱਸਿਆ ਕਿ ਮਾਰਚ ਵਿਚ ਪਾਕਿਸਤਾਨ ਨੇ ਵਪਾਰ ਲਈ ਹਾਂਪੱਖੀ ਸੂਚੀ ਵਿਚ 1,974 ਵਸਤਾਂ ਸ਼ਾਮਲ ਕੀਤੀਆਂ ਹਨ। ਇਸ ਤਬਦੀਲੀ ਸਦਕਾ ਦੋਹਾਂ ਮੁਲਕਾਂ ਵਿਚਾਲੇ ਵਪਾਰ ਵੱਧਣ-ਫੁੱਲ੍ਹਣ ਦੀ ਸੰਭਾਵਨਾ ਹੈ। ਇਸ ਨਵੇਂ ਮਾਹੌਲ ਵਿਚ ਸਭ ਤੋਂ ਜ਼ਿਆਦਾ ਵਾਧਾ ਖੇਤੀਬਾੜੀ ਖੇਤਰ, ਕੱਪੜਾ ਰਸਾਇਣ ਤੇ ਵਾਹਨਾਂ ਦੇ ਪੁਰਜ਼ਿਆਂ ਦੇ ਖੇਤਰ ਦੀਆਂ ਬਰਾਮਦਾਂ ਵਿਚ ਹੋਣ ਦੀ ਸੰਭਾਵਨਾ ਹੈ। ਸ੍ਰੀ ਸਿੰਧੀਆ ਨੇ ਦੱਸਿਆ ਕਿ ਇਸ ਸਾਲ ਦੇ ਅੰਤ ਤੱਕ ਪਾਕਿਸਤਾਨ ਵੱਲੋਂ ਭਾਰਤ ਨੂੰ ਅੱਵਲ ਤਰਜੀਹੀ ਮੁਲਕ (ਐਮ.ਐਫ.ਐਨ.) ਦੇਣ ਦੀ ਸੰਭਾਵਨਾ ਹੈ ਜਿਸ ਨਾਲ ਵਪਾਰ ਵਿਚੋਂ ਨੈਗੇਟਿਵ ਸੂਚੀ ਬਿਲਕੁਲ ਖਤਮ ਹੋ ਜਾਵੇਗੀ।
-ਪੀ.ਟੀ.ਆਈ.