ਦਰਸ਼ਨ ਸਿੰਘ ਸੋਢੀ
ਮੁਹਾਲੀ, 6 ਅਗਸਤ
ਹਰਿਆਣਾ ਦੇ ਸਾਬਕਾ ਉਪ ਮੁੱਖ ਮੰਤਰੀ ਚੰਦਰ ਮੋਹਨ ਉਰਫ਼ ਚਾਂਦ ਮੁਹੰਮਦ ਨਾਲ ਧਰਮ ਪਰਿਵਰਤਨ ਕਰਕੇ ਦੂਜਾ ਵਿਆਹ ਕਰਵਾਉਣ ਤੋਂ ਬਾਅਦ ਚਰਚਾ ਵਿਚ ਆਈ ਮੁਹਾਲੀ ਦੇ ਵਾਰਡ ਨੰਬਰ-16, ਸੈਕਟਰ-48ਸੀ ਦੀ ਵਸਨੀਕ ਅਨੁਰਾਧਾ ਬਾਲੀ ਉਰਫ਼ ਫ਼ਿਜ਼ਾ ਉਰਫ਼ ਫ਼ਿਜ਼ਾ ਖਾਨ ਦੀ ਭੇਤਭਰੀ ਹਾਲਤ ਵਿਚ ਮੌਤ ਹੋ ਗਈ। ਮੁਹਾਲੀ ਪੁਲੀਸ ਨੂੰ ਅੱਜ ਉਸ ਦੀ ਗਲੀ-ਸੜੀ ਲਾਸ਼ ਬੈੱਡ ਰੂਮ ’ਚੋਂ ਮਿਲੀ। ਲਾਸ਼ ਵਿਚੋਂ ਬਦਬੂ ਆ ਰਹੀ ਸੀ ਅਤੇ ਮ੍ਰਿਤਕ ਸਰੀਰ ਵਿਚ ਕੀੜੇ ਪੈ ਗਏ ਸਨ। ਫਿਜ਼ਾ ਦੀ ਇਕ ਬਾਂਹ ਬੈੱਡ ਤੋਂ ਥੱਲ੍ਹੇ ਲਮਕ ਰਹੀ ਸੀ, ਜਿਸ ’ਚੋਂ ਖੂਨ ਵਗਿਆ ਹੋਇਆ ਜਾਪਦਾ ਸੀ। ਉਂਜ ਪੂਰਾ ਬੈੱਡ ਕੀੜਿਆਂ ਨਾਲ ਭਰਿਆ ਪਿਆ ਸੀ। ਬੈੱਡ ਦੇ ਨੇੜਿਓਂ ਸ਼ਰਾਬ ਦਾ ਖਾਲੀ ਪਊਆ ਵੀ ਮਿਲਿਆ ਹੈ।
ਉਧਰ ਹਾਲੇ ਤੱਕ ਜ਼ਿਲ੍ਹਾ ਪੁਲੀਸ ਨੂੰ ਫਿਜ਼ਾ ਦੇ ਮੌਤ ਦੇ ਅਸਲ ਕਾਰਨਾਂ ਬਾਰੇ ਕੋਈ ਠੋਸ ਸੁਰਾਗ ਨਹੀਂ ਮਿਲਿਆ ਹੈ। ਇਸ ਸਬੰਧੀ ਪੁਲੀਸ ਵੱਖ-ਵੱਖ ਪਹਿਲੂਆਂ ’ਤੇ ਬਾਰੀਕੀ ਨਾਲ ਜਾਂਚ-ਪੜਤਾਲ ਕਰ ਰਹੀ ਹੈ। ਫਿਜ਼ਾ ਦੀ ਮੌਤ ਬਾਰੇ ਸਭ ਤੋਂ ਪਹਿਲਾਂ ਉਸਦੇ ਚਾਚਾ ਸਤਪਾਲ ਸ਼ਰਮਾ ਨੂੰ ਪਤਾ ਚੱਲਿਆ। ਉਹ ਅੱਜ ਆਪਣੀ ਭਤੀਜੀ ਨੂੰ ਮਿਲਣ ਲਈ ਆਇਆ ਸੀ। ਉਸ ਨੇ ਦੇਖਿਆ ਕਿ ਫਿਜ਼ਾ ਦੇ ਘਰ ਦਾ ਗੇਟ ਅੰਦਰੋਂ ਬੰਦ ਸੀ ਅਤੇ ਗੇਟ ਦੇ ਬਾਹਰ ਸੜਕ ਤੱਕ ਭਾਰੀ ਬਦਬੂ ਆ ਰਹੀ ਸੀ, ਜਿਸ ਕਾਰਨ ਉਹ ਅੰਦਰ ਜਾਣ ਦੀ ਬਜਾਏ ਸਿੱਧਾ ਪੁਲੀਸ ਥਾਣੇ ਚਲਾ ਗਿਆ ਅਤੇ ਪੁਲੀਸ ਕਰਮਚਾਰੀਆਂ ਦੀ ਮੌਜੂਦਗੀ ਵਿਚ ਫਿਜ਼ਾ ਦੇ ਘਰ ਅੰਦਰ ਦਾਖ਼ਲ ਹੋਇਆ। ਅੰਦਰ ਜਾ ਕੇ ਦੇਖਿਆ ਤਾਂ ਬੈੱਡ ’ਤੇ ਫਿਜ਼ਾ ਦੀ ਗਲੀ-ਸੜੀ ਲਾਸ਼ ਪਈ ਸੀ। ਸੂਚਨਾ ਮਿਲਦੇ ਹੀ ਮੁਹਾਲੀ ਦੇ ਡੀ.ਐਸ.ਪੀ. (ਸਿਟੀ-2) ਦਰਸ਼ਨ ਸਿੰਘ ਮਾਨ, ਫੇਜ਼-11 ਥਾਣਾ ਦੇ ਐਸ.ਐਚ.ਓ. ਕੁਲਬੀਰ ਸਿੰਘ, ਜ਼ਿਲ੍ਹਾ ਸੀ.ਆਈ.ਏ. ਸਟਾਫ਼ ਦੇ ਇੰਚਾਰਜ ਗੁਰਚਰਨ ਸਿੰਘ ਤੇ ਹੋਰ ਪੁਲੀਸ ਅਧਿਕਾਰੀ ਵੱਡੀ ਗਿਣਤੀ ਵਿਚ ਉਥੇ ਪਹੁੰਚ ਗਏ। ਇਸ ਦੌਰਾਨ ਕਿਸੇ ਵੀ ਪੱਤਰਕਾਰ ਜਾਂ ਆਮ ਨਾਗਰਿਕ ਨੂੰ ਫਿਜ਼ਾ ਦੇ ਘਰ ਅੰਦਰ ਵੜਨ ਨਹੀਂ ਦਿੱਤਾ। ਪੂਰਾ ਘਰ ਸੀਲ ਕਰਕੇ ਗੇਟ ’ਤੇ ਪੁਲੀਸ ਕਰਮਚਾਰੀ ਤਾਇਨਾਤ ਕਰ ਦਿੱਤੇ ਗਏ।
ਜਾਣਕਾਰੀ ਅਨੁਸਾਰ ਫਿਜ਼ਾ ਸੈਕਟਰ-48ਸੀ ਸਥਿਤ ਮਕਾਨ ਨੰਬਰ-16 ਵਿਚ ਇਕੱਲੀ ਹੀ ਰਹਿੰਦੀ ਸੀ ਅਤੇ ਪਿਛਲੇ ਚਾਰ ਪੰਜ ਦਿਨਾਂ ਤੋਂ ਉਸ ਦਾ ਕਿਸੇ ਨਾਲ ਕੋਈ ਸੰਪਰਕ ਨਹੀਂ ਹੋਇਆ ਸੀ। ਅੱਜ ਸਵੇਰੇ ਉਸ ਦੇ ਚਾਚਾ ਸਤਪਾਲ ਸ਼ਰਮਾ ਵੱਲੋਂ ਮੁਹਾਲੀ ਪੁਲੀਸ ਨੂੰ ਸੂਚਿਤ ਕੀਤਾ ਗਿਆ ਕਿ ਉਸ ਵੱਲੋਂ ਪਿਛਲੇ 2-3 ਦਿਨਾਂ ਤੋਂ ਆਪਣੀ ਭਤੀਜੀ ਨਾਲ ਸੰਪਰਕ ਨਹੀਂ ਹੋ ਰਿਹਾ। ਇਸ ਤੋਂ ਬਾਅਦ ਪੁਲੀਸ ਉਨ੍ਹਾਂ ਨਾਲ ਫਿਜ਼ਾ ਦੇ ਘਰ ਗਈ ਜਿਥੇ ਫਿਜ਼ਾ ਦੀ ਮੌਤ ਦਾ ਪਤਾ ਚਲਿਆ।
ਇਸ ਮੌਕੇ ਸ੍ਰੀ ਭੁੱਲਰ ਨੇ ਦੱਸਿਆ ਕਿ ਮੁਢਲੀ ਜਾਂਚ ਵਿੱਚ ਮੌਤ ਦੇ ਕਾਰਨਾਂ ਬਾਰੇ ਸਪੱਸ਼ਟ ਤੌਰ ’ਤੇ ਕੁੱਝ ਨਹੀਂ ਕਿਹਾ ਜਾ ਸਕਦਾ। ਪੁਲੀਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਪੋਸਟ ਮਾਰਟਮ ਲਈ ਲਾਸ਼ ਨੂੰ ਸਰਕਾਰੀ ਹਸਪਤਾਲ ਵਿਚ ਭੇਜ ਦਿੱਤਾ ਗਿਆ ਹੈ,ਜਿਥੇ ਡਾਕਟਰਾਂ ਦੇ ਮੈਡੀਕਲ ਬੋਰਡ ਵੱਲੋਂ ਉਸ ਦਾ ਪੋਸਟ ਮਾਰਟਮ ਕੀਤਾ ਜਾਵੇਗਾ ਅਤੇ ਇਸ ਸਮੁੱਚੀ ਕਾਰਵਾਈ ਦੀ ਵੀਡੀਓਗਰਾਫੀ ਵੀ ਕੀਤੀ ਜਾਵੇਗੀ। ਇਸ ਦੌਰਾਨ ਜਾਂਚ ਲਈ ਕਾਰਜਕਾਰੀ ਮੈਜਿਸਟਰੇਟ, ਡਾਕਟਰਾਂ ਦੀ ਟੀਮ, ਡਾਗ ਸਕੁਐਡ ਅਤੇ ਫਿੰਗਰ ਪ੍ਰਿੰਟ ਮਾਹਿਰਾਂ ਦੀ ਟੀਮ ਵੀ ਮੌਕੇ ’ਤੇ ਬੁਲਾਈ ਗਈ।
ਅੱਜ ਦੇਰ ਸ਼ਾਮ ਸਰਕਾਰੀ ਹਸਪਤਾਲ ਦੇ ਤਿੰਨ ਡਾਕਟਰਾਂ ਡਾ. ਪਰਮਿੰਦਰ ਸਿੰਘ ਭੱਟੀ, ਡਾ.ਨੀਰਾ ਵਰਮਾ ਅਤੇ ਡਾ. ਸੁਖਵਿੰਦਰ ਕੌਰ ’ਤੇ ਆਧਾਰਿਤ ਮੈਡੀਕਲ ਬੋਰਡ ਵੱਲੋਂ ਲਾਸ਼ ਦਾ ਪੋਸਟ ਮਾਰਟਮ ਕੀਤਾ ਗਿਆ। ਖ਼ਬਰ ਲਿਖੇ ਜਾਣ ਤੱਕ ਪੋਸਟ ਮਾਰਟਮ ਦੀ ਕਾਰਵਾਈ ਜਾਰੀ ਸੀ।
ਫਿਜ਼ਾ ਨੇ ਧਰਮ ਪਰਿਵਰਤਨ ਕਰਨ ਤੋਂ ਬਾਅਦ ਇਸਲਾਮ ਨੂੰ ਅਪਨਾ ਲਿਆ ਸੀ। ਉਸ ਨੇ ਜੁਲਾਈ ਮਹੀਨੇ ਵਿਚ ਰਮਜ਼ਾਨ ਦੇ ਰੋਜ਼ੇ ਵੀ ਰੱਖੇ ਸੀ ਅਤੇ ਬੀਤੀ 30 ਜੁਲਾਈ ਨੂੰ ਉਸਨੇ ਸੈਕਟਰ-56 ਵਿਖੇ ਕਾਜੀ ਦੀ ਮੌਜੂਦਗੀ ਵਿਚ ਆਪਣਾ ਰੋਜ਼ਾ ਖੋਲ੍ਹਿਆ ਸੀ। ਇਸ ਦੌਰਾਨ ਪਹਿਲੀ ਅਗਸਤ ਨੂੰ ਉਸਦੇ ਚਾਚਾ ਸਤਪਾਲ ਸ਼ਰਮਾ ਦੀ ਉਸ ਨਾਲ ਗੱਲਬਾਤ ਹੋਈ ਸੀ। ਉਸ ਨੇ ਅਗਸਤ ਨੂੰ ਰੱਖੜੀ ਬੰਨਣ ਬਾਰੇ ਗੱਲ ਆਖੀ ਸੀ। ਫਿਜ਼ਾ ਨੂੰ 2 ਅਗਸਤ ਨੂੰ ਦਪਹਿਰ ਵੇਲੇ ਉਸਦੇ ਗੁਆਂਢੀਆਂ ਨੇ ਘਰ ਦੇ ਸਾਹਮਣੇ ਵਾਲੀ ਪਾਰਕ ਵਿਚ ਜਾਨਵਰਾਂ ਨੂੰ ਰੋਟੀ ਖੁਆਉਂਦੇ ਹੋਏ ਵੀ ਦੇਖਿਆ ਸੀ। ਇਸ ਤੋਂ ਬਾਅਦ ਅਚਾਨਕ ਫਿਜ਼ਾ ਦਾ ਮੋਬਾਈਲ ਬੰਦ ਹੋ ਗਿਆ,ਜਿਸ ਕਿਸੇ ਨੇ ਵੀ ਉਸ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਸ ਨੂੰ ਫਿਜ਼ਾ ਦਾ ਫੋਨ ਬੰਦ ਮਿਲਿਆ। ਸੋਮਵਾਰ ਨੂੰ ਸਵੇਰੇ ਕਰੀਬ ਸਾਢੇ 10 ਵਜੇ ਫਿਜ਼ਾ ਦਾ ਚਾਚਾ ਸਤਪਾਲ ਸ਼ਰਮਾ ਉਸ ਨੂੰ ਮਿਲਣ ਲਈ ਆਇਆ ਜਿਸ ਤੋਂ ਬਾਅਦ ਫਿਜ਼ਾ ਦੀ ਮੌਤ ਬਾਰੇ ਪਤਾ ਚਲਿਆ।