ਮਿਲਣਾ ਤੇ ਵਿਛੜਨਾ ਦੋ ਅਜਿਹੇ ਵਰਤਾਰੇ ਹਨ ਜਿਨ੍ਹਾਂ ਨਾਲ ਜ਼ਿੰਦਗੀ ਵਿੱਚ ਸਾਹ ਚੱਲਦਾ ਹੈ ਤੇ ਜ਼ਿੰਦਗੀ ਆਪਣੀ ਮਟਕ ਚਾਲ, ਅੱਗੇ ਟੁਰਦੀ ਹੈ। ਕਈ ਮਿਲਾਪ ਅਜਿਹੇ ਹੁੰਦੇ ਹਨ ਕਿ ਅਸੀਂ ਆਪਣਿਆਂ ਨੂੰ ਮਿਲ ਕੇ ਅਜਿਹੀਆਂ ਖ਼ੁਸ਼ੀਆਂ ਪ੍ਰਾਪਤ ਕਰਦੇ ਹਾਂ, ਜਿਹੋ ਜਿਹੀਆਂ ਅਸੀਂ ਪਹਿਲਾਂ ਵੇਖੀਆਂ ਨਹੀਂ ਹੁੰਦੀਆਂ ਤੇ ਕਈ ਮਿਲਾਪ ਅਜਿਹੇ ਵੀ ਹੁੰਦੇ ਹਨ ਕਿ ਅਸੀਂ ਆਪਣਿਆਂ ਦਾ ਦੁੱਖ ਸੁਣ ਕੇ ਰੋਣ ਲੱਗ ਪੈਂਦੇ ਹਾਂ। ਦਰਦਾਂ ਦੀਆਂ ਕਹਾਣੀਆਂ ਮੁੱਕਣ ’ਚ ਨਹੀਂ ਆਉਂਦੀਆਂ ਤੇ ਬਾਤਾਂ ਕਰਦਿਆਂ-ਕਰਦਿਆਂ ਹੀ ਲੰਮੀ ਕਾਲੀ ਰਾਤ ਮੁੱਕ ਜਾਂਦੀ ਹੈ। ਆਪਣਿਆਂ ਦੇ ਦੁੱਖ ਸੁਣ ਕੇ ਇੰਜ ਲੱਗਦਾ ਹੈ ਕਿ ਜਿਵੇਂ ਸਾਡਾ ਆਪਣਾ ਸਰੀਰ ਹੀ ਦਰਦ ਕਰਦਾ ਹੋਵੇ ਤੇ ਅਜਿਹੇ ਮਿਲਾਪ ’ਚ ਚਿਰਾਂ ਦੇ ਥੰਮ੍ਹੇ ਹੰਝੂ ਅੱਖਾਂ ਵਿੱਚ ਤਰਨ ਲੱਗਦੇ ਹਨ। ਜ਼ਿੰਦਗੀ ਦੂਰੋਂ ਤਾਂ ਭਾਵੇਂ ਸੋਨੇ ਦੇ ਮਿਰਗ ਵਰਗੀ ਸੁਹਣੀ ਹੈ ਪਰ ਕਈ ਵਾਰ ਇਹ ਸੋਨੇ ਦੇ ਮਿਰਗ ਵੀ ਅੱਖਾਂ ਦਾ ਭੁਲੇਖਾ ਹੀ ਸਾਬਤ ਹੁੰਦੇ ਹਨ।
ਫਿਰ ਵੀ ਆਪਣਿਆਂ ਨਾਲ ਮਿਲਣਾ, ਜ਼ਿੰਦਗੀ ਨੂੰ ਸੁਹੱਪਣ ਤੇ ਤਾਜ਼ਗੀ ਬਖਸ਼ਦਾ ਹੈ। ਡੂੰਘੇ ਦਰਦਾਂ ’ਚ ਵੀ ਹਾਸੇ ਤੇ ਕਿਲਕਾਰੀਆਂ ਛੁਪੀਆਂ ਹੁੰਦੀਆਂ ਹਨ ਤੇ ਰੋਣ ਜਦ ਥੰਮ੍ਹ ਜਾਂਦਾ ਹੈ ਤਾਂ ਚਿਹਰੇ ’ਤੇ ਅਚਾਨਕ ਹੀ ਖ਼ੁਸ਼ੀਆਂ ਤੇ ਬਹਾਰਾਂ ਦੀ ਲਿਸ਼ਕਵੀਂ ਧੁੱਪ ਚਮਕਾਂ ਮਾਰਦੀ ਹੈ। ਇਨ੍ਹਾਂ ਡੂੰਘੇ ਦਰਦਾਂ ’ਚ ਹੀ ਕਿਧਰੇ ਜ਼ਿੰਦਗੀ ਦੀ ਰਮਜ਼ ਛੁਪੀ ਹੋਈ ਹੁੰਦੀ ਹੈ। ਸਿਆਣੇ ਕਹਿੰਦੇ ਹਨ ਕਿ ਆਪਣਿਆਂ ਨੂੰ ਦੁੱਖ ਦੱਸਣ ਤੇ ਦਿਲ ਫਰੋਲਣ ਨਾਲ ਦੁੱਖ ਅੱਧਾ ਰਹਿ ਜਾਂਦਾ ਹੈ। ਚਿਰਾਂ ਦੇ ਵਿਛੜੇ ਦੋ ਦਿਲ ਜਦ ਮਿਲ ਪੈਣ ਤਾਂ ਹਨੇਰੀ ਰਾਤ ’ਚ ਵੀ ਸੂਰਜ ਚੜ੍ਹਿਆ ਲੱਗਦਾ ਹੈ ਤੇ ਆਕਾਸ਼ ਦਾ ਰੰਗ, ਨਿੱਖਰਿਆ ਤੇ ਨੀਲਾ-ਨੀਲਾ ਲੱਗਣ ਲੱਗ ਪੈਂਦਾ ਹੈ। ਆਪਣਿਆਂ ਨਾਲ ਮਿਲ ਕੇ ਸਵੇਰਾਂ ਖ਼ੂਬਸੂਰਤ ਲੱਗਦੀਆਂ ਹਨ ਤੇ ਰੁੱਖ, ਪੰਛੀ ਤੇ ਰਾਹੀ ਪਾਂਧੀ ਵੀ ਖ਼ੂਬਸੂਰਤ ਲੱਗਦੇ ਹਨ। ਜਦ ਮਨ ਦੇ ਬਾਗ ਖਿੜ ਪੈਣ ਤਾਂ ਸਾਰੀ ਦੁਨੀਆਂ ਹੀ ਖਿੜੀ-ਖਿੜੀ ਜਾਪਦੀ ਹੈ ਤੇ ਦਿਲ ਇੰਜ ਹਲਕਾ ਹੋ ਜਾਂਦਾ ਹੈ ਜਿਵੇਂ ਦੁੱਖ ਕਦੇ ਵੇਖਿਆ ਹੀ ਨਾ ਹੋਵੇ।
ਮਿਲਣ ਦੀ ਵੀ ਇੱਕ ਸੀਮਾ ਹੁੰਦੀ ਹੈ, ਜਦੋਂ ਮਿਲ ਕੇ, ਨਾਲ ਰਹਿ ਕੇ, ਦਿਲ ਦੇ ਜ਼ਖ਼ਮ ਭਰ ਜਾਂਦੇ ਹਨ ਤਾਂ ਅਚਾਨਕ ਹੀ ਸਮਾਂ ਸਾਨੂੰ ਚਿਤਾਵਨੀ ਦਿੰਦਾ ਹੈ ਕਿ ਹੁਣ ਵਿਛੜ ਜਾਣ ਦਾ ਵੇਲਾ ਨੇੜੇ ਆ ਪੁੱਜਿਆ ਹੈ। ਜਿੰਨੀ ਕੁ ਖ਼ੁਸ਼ੀ ਤੁਹਾਨੂੰ ਆਪਣਿਆਂ ਨਾਲ ਮਿਲ ਕੇ ਪ੍ਰਾਪਤ ਹੋਈ ਸੀ, ਉਸ ਤੋਂ ਵੀ ਵੱਧ ਖੁਸ਼ੀ ਹੁਣ ਤੁਹਾਨੂੰ ਵਿਛੜ ਕੇ ਪ੍ਰਾਪਤ ਹੋ ਜਾਵੇਗੀ। ਪੰਛੀ ਵੀ ਇੰਜ ਹੀ ਕਰਦੇ ਹਨ, ਜਦੋਂ ਉਹ ਰਾਤ ਵੇਲੇ ਇੱਕ ਆਲ੍ਹਣੇ ਵਿੱਚ ਸੁੱਖ ਦੀ ਨੀਂਦ ਸੌਂਦੇ ਹਨ ਤੇ ਸੂਰਜ ਦੀ ਪਹਿਲੀ ਕਿਰਨ ਹੁੰਦਿਆਂ ਹੀ ਆਲ੍ਹਣੇ ’ਚੋਂ ਉਡਾਰੀ ਮਾਰ ਕੇ, ਉੱਚੇ ਆਕਾਸ਼ਾਂ ਦੀ ਉਡਾਰੀ ਭਰਦੇ ਹਨ ਤੇ ਨਵੇਂ ਅਸਮਾਨ ’ਚ ਉੱਡ ਕੇ ਦਿਲ ਦੀ ਖ਼ੁਸ਼ੀ ਪ੍ਰਾਪਤ ਕਰਦੇ ਹਨ ਤੇ ਹੋਰ ਧਰਤੀਆਂ ’ਤੇ ਜਾ ਕੇ ਚੋਗ ਲੱਭਦੇ ਹਨ। ਮਾਵਾਂ ਵਿਛੜੀਆਂ ਤੇ ਦੂਰ ਵਿਆਹੀਆਂ ਧੀਆਂ ਦੇ ਦੁੱਖ ਤੇ ਸੁੱਖ ਸਾਂਝੇ ਕਰਕੇ, ਤਸੱਲੀ ਮਹਿਸੂਸ ਕਰਦੀਆਂ ਹਨ। ਕਈ ਵਾਰ ਕਈ ਅਜਿਹੀਆਂ ਗੱਲਾਂ ਵੀ ਹੁੰਦੀਆਂ ਹਨ ਜਿਨ੍ਹਾਂ ਨਾਲ ਮਾਂ ਤੇ ਧੀ ਨੂੰ ਗੱਲਾਂ ਕਰਕੇ ਧਰਵਾਸ ਬੱਝਦਾ ਹੈ ਤੇ ਜ਼ਿੰਦਗੀ ਦੇ ਜ਼ਖ਼ਮ ਵੀ ਮਾਮੂਲੀ ਚੋਟਾਂ ਲੱਗਦੇ ਹਨ, ਜੋ ਵਕਤ ਬੀਤਣ ਨਾਲ ਦਰਦ ਕਰਨੋਂ ਹਟ ਜਾਦੀਆਂ ਹਨ। ਅੱਖਾਂ ’ਚੋਂ ਵਗੇ ਹੰਝੂ ਇਸ ਗੱਲ ਦੀ ਗਵਾਹੀ ਹਨ ਕਿ ਜ਼ਿੰਦਗੀ ਵਿੱਚ ਮੁਸ਼ਕਲਾਂ ਤਾਂ ਆਉਂਦੀਆਂ ਹਨ ਪਰ ਇਹ ਸਦੀਵੀ ਨਹੀਂ ਹੁੰਦੀਆਂ। ਇਨ੍ਹਾਂ ਨੇ ਤਾਂ ਤੁਹਾਨੂੰ ਹੋਰ ਤਕੜੇ ਤੇ ਮਜ਼ਬੂਤ ਕਰਨਾ ਹੁੰਦਾ ਹੈ ਤਾਂ ਕਿ ਤੁਸੀਂ ਜ਼ਿੰਦਗੀ ਦੀ ਕੰਨੀ ਘੁੱਟ ਕੇ ਫੜੀ ਰੱਖੋ ਤੇ ਜ਼ਿੰਦਗੀ ਨੂੰ ਮਾਣਦੇ ਵੀ ਰਹੋ। ਜਿਵੇਂ ਕਈ ਵਾਰ ਵਧੇਰੇ ਖ਼ੁਸ਼ੀ ਦੇ ਮੌਕੇ ਵੀ ਇਨਸਾਨ ਦੀਆਂ ਅੱਖਾਂ ’ਚੋਂ ਹੰਝੂ ਟਪਕ ਜਾਂਦੇ ਹਨ।
ਮਾਂ, ਧੀ ਨੂੰ ਜ਼ਿੰਦਗੀ ਜਿਊਣ ਦੀਆਂ ਨਵੀਆਂ ਤਰਕੀਬਾਂ ਦੱਸਦੀ ਹੈ ਤੇ ਨਾਲ ਹੀ ਇਹ ਵੀ ਸਮਝਾਉਂਦੀ ਹੈ ਕਿ ਧੀਏ ਦੁੱਖ ਤਾਂ ਜੁਗਾਂ ਪੁਰਾਣੇ ਹਨ, ਇਨ੍ਹਾਂ ਨੂੰ ਚੁੱਪ-ਚੁਪੀਤਿਆਂ ਸਹਿਣ ਕਰਨਾ ਹੁੰਦਾ ਹੈ। ਅੱਜ ਤੀਕ ਸਭ ਸਹਿੰਦੇ ਹੀ ਆਏ ਹਨ ਤੇ ਅੱਗੇ ਵੀ ਦੁੱਖ ਜ਼ਿੰਦਗੀ ਨੂੰ ਛੱਡ ਕੇ ਨਹੀਂ ਜਾਵੇਗਾ। ਕਦੇ-ਕਦੇ ਦਾ ਦੁੱਖ, ਜ਼ਿੰਦਗੀ ’ਚ ਰੰਗੀਨੀ ਵੀ ਭਰਦਾ ਹੈ ਤਾਂ ਕਿ ਜ਼ਿੰਦਗੀ ਹੋਰ ਮਜ਼ਬੂਤੀ ਨਾਲ ਮਟਕ ਨਾਲ ਟੁਰ ਸਕੇ।
ਮਾਂ ਤੇ ਧੀ ਦੇ ਦੋ ਸਾਂਝੇ ਦਿਲ, ਜਦ ਗਲਵੱਕੜੀ ਪਾ ਲੈਣ ਤਾਂ ਸਭ ਕੰੂਟਾਂ ’ਚ ਚਾਨਣ ਬਿਖਰਿਆ ਜਾਪਦਾ ਹੈ, ਜਿਵੇਂ ਕੋਈ ਫਰਿਸ਼ਤਾ, ਦੁੱਖਾਂ ਦੀ ਕਹਾਣੀ ਸੁਣ ਕੇ ਧਰਤੀ ’ਤੇ ਉਤਰ ਆਇਆ ਹੋਵੇ। ਸਮਾਂ ਬੀਤਦਾ ਜਾਂਦਾ ਹੈ; ਚਿਰਾਂ ਦੀ ਵਿਛੜੀ ਮਾਂ, ਧੀ ਦੇ ਕੰਮ ਸੰਵਾਰ ਕੇ ਖ਼ੁਸ਼ ਹੁੰਦੀ ਹੈ। ਰਸੋਈ ਵਿੱਚ ਰੋਟੀਆਂ ਪਕਾ ਕੇ, ਸਾਰੇ ਪਰਿਵਾਰ ਲਈ ਖ਼ੁਸ਼ੀ ਨਾਲ ਰੋਟੀ ਪਰੋਸਦੀ ਹੈ ਤੇ ਸਭ ਦਾ ਸੁੱਖ ਲੋੜਦੀ ਹੈ। ਉਹ ਅਰਦਾਸਾਂ ਕਰਦੀ ਹੈ ਕਿ ਉਸ ਦੀ ਧੀ ਦਾ ਪਰਿਵਾਰ ਇੰਜ ਹੀ ਤਰੱਕੀ ਕਰਦਾ ਰਹੇ। ਧੀ ਦੇ ਬੱਚੇ ਬੇਸ਼ੱਕ ਆਪਣੀ ਨਾਨੀ ਨੂੰ ਥੋੜ੍ਹਾ ਓਪਰਾ ਵੀ ਸਮਝਦੇ ਹਨ ਪਰ ਉਸ ਨੂੰ ਇਸ ਨਾਲ ਕੋਈ ਫ਼ਰਕ ਨਹੀਂ ਪੈਂਦਾ, ਉਹ ਤਾਂ ਸਿਰਫ਼ ਆਪਣੀ ਧੀ ਦੀ ਖ਼ੁਸ਼ੀ ਦੇਖਦੀ ਹੈੈ। ਖੁਸ਼ੀਆਂ, ਖੇੜਿਆਂ ’ਚ ਵੱਸਦੀ ਧੀ ਦਾ ਪਰਿਵਾਰ, ਚਿਰਾਂ ਬਾਅਦ ਮਿਲੀ ਮਾਂ ਨੂੰ ਖ਼ੁਸ਼ੀਆਂ ’ਚ ਰੰਗ ਜਾਂਦਾ ਹੈ। ਬਿਗਾਨੀਆਂ ਧਰਤੀਆਂ, ਫਿਰ ਵੀ ਬਿਗਾਨੀਆਂ ਹੁੰਦੀਆਂ ਹਨ ਤੇ ਇੰਜ ਧੀ ਦੇ ਪਰਿਵਾਰ ਨੂੰ ਮਿਲ ਕੇ ਖ਼ੁਸ਼ੀਆਂ ਹਾਸਲ ਕਰ ਕੇ, ਸਰਦਾ ਪੁੱਜਦਾ ਲੈ ਦੇ ਕੇ ਮਾਂ ਆਖ਼ਰ ਆਪਣੇ ਵਤਨ ਨੂੰ ਚਾਲੇ ਪਾ ਕੇ ਖ਼ੁਸ਼ੀ ਹਾਸਲ ਕਰਦੀ ਹੈ।
ਇੰਜ ਹੀ ਨਵੀਂ ਵਿਆਹੀ ਧੀ ਜਦ ਸਹੁਰੇ ਪਰਿਵਾਰ-ਵੱਲ ਕਦਮ ਪੁੱਟਦੀ ਹੈ ਤਾਂ ਇਸ ਇੱਕ ਕਦਮ ’ਚ ਹੀ ਜ਼ਿੰਦਗੀ ਦੇ ਸਾਰੇ ਦੁੱਖ ਤੇ ਸੁੱਖ ਸਮਾਏ ਹੁੰਦੇ ਹਨ। ਧੀ ਨੇ ਪੇਕੇ, ਪਰਿਵਾਰ ਵਿੱਚ ਜੋ ਖ਼ੁਸ਼ੀਆਂ ਵੇਖੀਆਂ ਮਾਣੀਆਂ ਹੁੰਦੀਆਂ ਹਨ, ਉਨ੍ਹਾਂ ਨੂੰ ਇੱਕ ਦਿਨ ਤਿਆਗ ਕੇ ਉਹ ਅਣਵੇਖੇ ਰਾਹਾਂ ਵੱਲ ਕਦਮ ਵਧਾਉਣ ਲਈ ਰਾਜ਼ੀ ਹੋ ਜਾਂਦੀ ਹੈ।
ਆਪਣੇ ਨਵੇਂ ਚੁਣੇ ਜੀਵਨ-ਸਾਥੀ ਵੱਲ ਕਦਮ ਵਧਾ ਕੇ ਖ਼ੁਸ਼ੀਆਂ ਹਾਸਲ ਕਰਦੀ ਹੈ ਤੇ ਨਵੀਂ ਜ਼ਿੰਦਗੀ ’ਚ ਰਚ-ਮਿਚ ਜਾਂਦੀ ਹੈ। ਮਾਹੀ ਦੇ ਦੇਸ਼ ਜਾ ਕੇ ਪਿਛਲਾ ਸਭ ਕੁਝ ਭੁਲ-ਭੁਲਾ ਜਾਂਦੀ ਹੈ ਤਾਂ ਕਿ ਮਾਹੀ ਨੂੰ ਖ਼ੁਸ਼ ਰੱਖ ਸਕੇ ਤੇ ਆਪ ਵੀ ਨਵੇਂ ਆਕਾਸ਼ਾਂ ਵਿੱਚ ਉਡਾਰੀਆਂ ਭਰੇ। ਸੰਦਲੀ ਰਾਹਾਂ ਦੀ ਸਾਰ ਲਵੇ ਤੇ ਦੁਨੀਆਂ ਦੀਆਂ ਕੁੱਲ ਰੰਗੀਨੀਆਂ ਆਪਣੀ ਜ਼ਿੰਦਗੀ ਵਿੱਚ ਭਰ ਲਵੇ। ਸੋਹਲ ਦਿਲਾਂ ਦੀ ਧੜਕਣ, ਦਿਲਾਂ ਵਿੱਚ ਦੀਵੇ ਬਾਲ ਕੇ ਜ਼ਿੰਦਗੀ ’ਚ ਚਾਨਣ ਕਰ ਲੈਂਦੀ ਹੈ ਤੇ ਕੁਦਰਤੀ ਹੀ ਜਿੱਥੇ ਜ਼ਿੰਦਗੀ ’ਚ ਚਾਨਣ ਸਮੋਇਆ ਹੋਵੇ, ਉੱਥੇ ਹਨੇਰੇ ਵੀ ਜ਼ਿਆਦਾ ਚਿਰ ਠਹਿਰ ਨਹੀਂ ਸਕਦੇ।
ਇੰਜ ਮਿਲਣਾ ਤੇ ਵਿਛੜਣਾ, ਜ਼ਿੰਦਗੀ ਜੀਣ ਲਈ ਉਨੇ ਹੀ ਜ਼ਰੂਰੀ ਹਨ ਜਿੰਨੇ ਕਿ ਰਾਤ ਤੇ ਦਿਨ। ਦਿਨ ਹੁੰਦਾ ਹੈ ਤਾਂ ਦਿਨ ਦਾ ਚਾਨਣ ਚੰਗਾ ਲੱਗਦਾ ਹੈ ਪਰ ਰਾਤ ਪੈਣ ’ਤੇ ਗੂੜ੍ਹੀ ਨੀਂਦ ਮਾਣਦਿਆਂ ਦਿਨ ਦਾ ਭੋਰਾ ਵੀ ਚੇਤਾ ਨਹੀਂ ਰਹਿੰਦਾ। ਨਾ ਮਿਲਾਪ ਸਦੀਵੀ ਹੈ ਤੇ ਨਾ ਵਿਛੋੜਾ। ਜਦੋਂ ਇਹ ਦੋਵੇਂ ਵਰਤਾਰੇ ਇੱਕ ਦੂਜੇ ਨੂੰ ਝਾਤ ਕਹਿੰਦੇ ਹਨ ਤਾਂ ਜ਼ਿੰਦਗੀ ਖਿੜੀ-ਖਿੜੀ ਨਜ਼ਰ ਆਉਂਦੀ ਹੈ ਤੇ ਜ਼ਿੰਦਗੀ ਦੇ ਮੱਥੇ ’ਤੇ ਪੈਲਾਂ ਪੈ ਜਾਂਦੀਆਂ ਹਨ।