ਸਾਬਕਾ ਫਰਾਟਾ ਦੌੜਾਕ ਸ਼ੈਟੀ ਆਨੰਦ ਦੀ ਮੌਤ !    ਆਈਪੀਐਲ:ਚੇਨਈ ਵੱਲੋਂ ਮੁੰਬਈ ਨੂੰ 193 ਦੌੜਾਂ ਬਣਾਉਣ ਦੀ ਚੁਣੌਤੀ !    ਰਾਜ ਸਭਾ ਲਈ ਪ੍ਰਧਾਨ ਮੰਤਰੀ ਦੇ ਕਾਗਜ਼ ਸਹੀ ਪਾਏ ਗਏ !    ਹਰੀਹਰਨ ਨੂੰ ਲਤਾ ਮੰਗੇਸ਼ਕਰ ਪੁਰਸਕਾਰ !    ਬਲਾਕ ਫੂਲ ਦੀਆਂ 15 ਸੀਟਾਂ ਵਿਚੋਂ 11 'ਤੇ ਅਕਾਲੀ ਦਲ ਦੀ ਜਿੱਤ, ਇਕ-ਇਕ ਸੀਟ ਕਾਂਗਰਸ ਤੇ ਪੀਪਲਜ਼ ਪਾਰਟੀ ਦੇ ਹਿੱਸੇ ਆਈ !    ਲਾਹੌਰ ਦੇ ਕਾਲਜ ਵਿੱਚ ਟੈਗੋਰ ਦੀਆਂ ਕਵਿਤਾਵਾਂ ਗੂੰਜੀਆਂ !    ਹਾਈ ਕੋਰਟ ਵੱਲੋਂ ਪੱਪੂ ਯਾਦਵ ਬਰੀ, ਜੇਲ੍ਹ 'ਚੋਂ ਰਿਹਾਅ !    ਕਨਾਟ ਪਲੇਸ ’ਚ ਕਿਰਾਏ ਦੇਸ਼ ਭਰ ’ਚੋਂ ਸਭ ਤੋਂ ਵੱਧ ਤੇਜ਼ੀ ਨਾਲ ਵਧੇ !    ਪਾਵਰ ਕਾਰਪੋਰੇਸ਼ਨ ਝੋਨੇ ਦੇ ਸੀਜ਼ਨ ਲਈ ਖ਼ਰੀਦੇਗੀ 12 ਹਜ਼ਾਰ ਲੱਖ ਯੂਨਿਟ ਬਿਜਲੀ !    ‘ਰਿਜ਼ਲਟ ਪੰਜਾਬ ਐਜੂਕੇਸ਼ਨ.ਕਾਮ’ ਨਾਲ ਸਕੂਲ ਬੋਰਡ ਦਾ ਕੋਈ ਸਬੰਧ ਨਹੀਂ: ਡਾ. ਬਲਵਿੰਦਰ ਸਿੰਘ !    

ਮੇਰੀ ਇਟਲੀ ਯਾਤਰਾ

Posted On August - 12 - 2012

ਸੈਰ ਸਫ਼ਰ : ਜੋਗਿੰਦਰ ਸਿੰਘ

ਮੇਰੇ ਮਨ ਵਿੱਚ ਵਿਦੇਸ਼ ਜਾਣ ਦੀ ਇੱਛਾ ਸੀ। ਮੇਰੇ ਕਰੀਬੀ ਰਿਸ਼ਤੇਦਾਰ ਇਟਲੀ ਵਿੱਚ ਰਹਿੰਦੇ ਹਨ। ਉਨ੍ਹਾਂ ਨੇ ਮੈਨੂੰ ਰਾਹਦਾਰੀ ਭੇਜ ਦਿੱਤੀ। ਮੈਂ ਪਾਸਪੋਰਟ ਤੇ ਹੋਰ ਲੋੜੀਂਦੇ ਕਾਗਜ਼ ਚੰਡੀਗੜ੍ਹ ਸਥਿਤ ਇਟਲੀ ਸਫ਼ਾਰਤਖਾਨੇ ਵਿੱਚ ਜਮ੍ਹਾਂ ਕਰਵਾ ਦਿੱਤੇ। ਹਫ਼ਤੇ ਬਾਅਦ ਪਾਸਪੋਰਟ ਆ ਗਿਆ। ਬੀਤੇ ਸਾਲ 10 ਅਗਸਤ ਨੂੰ ਸ਼ਾਮ ਸਵਾ ਕੁ ਪੰਜ ਵਜੇ ਅਸੀਂ ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡੇ ’ਤੇ ਪਹੁੰਚ ਗਏ। ਸ਼ਾਮ ਦੇ 7.40 ’ਤੇ ਹਵਾਈ ਜਹਾਜ਼ ਨੇ ਉਡਾਣ ਭਰੀ। ਏਅਰ ਹੋਸਟਸ ਨੇ ਮੈਨੂੰ ਮੇਰੀ ਸੀਟ ’ਤੇ ਬਿਠਾ ਦਿੱਤਾ। ਮੇਰੇ ਨਾਲ ਹੀ ਇੱਕ ਨੇਪਾਲੀ ਜੋੜਾ ਬੈਠਾ ਸੀ। ਪਤਾ ਲੱਗਿਆ ਕਿ ਉਹ ਟੂਰ ’ਤੇ ਨਿਕਲੇ ਹਨ। ਰਾਤ ਦੇ 9.25 ’ਤੇ ਬਹਿਰੀਨ ਪਹੰੁਚ ਗਏ। ਉੱਥੇ ਚਾਰ ਘੰਟੇ ਰੁਕਣਾ ਸੀ। 11 ਅਗਸਤ ਨੂੰ ਸਵੇਰੇ ਸਵਾ ਦੋ ਵਜੇ ਬਹਿਰੀਨ ਤੋਂ ਉਡਾਣ ਭਰੀ ਅਤੇ ਸਵੇਰੇ 7.35 ਵਜੇ ਮਿਲਾਨ ਹਵਾਈ ਅੱਡੇ ’ਤੇ ਜਾ ਉਤਰੇ। ਬਾਹਰ ਨਿਕਲ ਕੇ ਸਾਨੂੰ ਸਾਡਾ ਰਿਸ਼ਤੇਦਾਰ ਮਿਲ ਗਿਆ। ਉਸ ਦੀ ਗੱਡੀ ਰਾਹੀਂ ਘਰ ਪਹੁੰਚ ਗਏ।
ਅਗਲੇ ਦਿਨ ਸ਼ਨੀਵਾਰ ਨੂੰ ਰੱਖੜੀ ਸੀ। ਮੇਰੇ ਸਾਂਢੂ ਦੀ ਬੇਟੀ ਅਤੇ ਜਵਾਈ ਆਪਣੇ ਬੱਚਿਆਂ ਨਾਲ ਰਣਜੀਤ ਸਿੰਘ ਦੇ ਘਰ ਰੱਖੜੀ ਬੰਨ੍ਹਣ ਆ ਗਏ। ਇਸ ਤੋਂ ਅਗਲੇ ਦਿਨ ਅਸੀਂ ਸਾਰੇ ਗੁਰਦੁਆਰਾ ਸਾਹਿਬ ਚਲੇ ਗਏ। ਇਟਲੀ ਵਿੱਚ ਐਤਵਾਰ ਨੂੰ ਛੁੱਟੀ ਹੁੰਦੀ ਹੈ ਤੇ ਲੋਕ ਇੱਕ-ਦੂਜੇ ਨੂੰ ਮਿਲ ਲੈਂਦੇ ਹਨ। ਪੰਦਰਾਂ ਅਗਸਤ ਨੂੰ ਅਸੀਂ ਕਰੋਮਨਾ ਪਿੰਡ ਗਏ। ਕਰੋਮਨਾ ਪਿੰਡ ਤੋਂ ਅੱਗੇ ਅੱਠ ਮਾਰਗੀ ਨੈਸ਼ਨਲ ਹਾਈਵੇ ਸੀ। ਮੈਂ ਡਰਾਈਵਰ ਦੇ ਨਾਲ ਵਾਲੀ ਸੀਟ ’ਤੇ ਬੈਠਾ ਸੀ। ਉਹ ਗੱਡੀ 135-140 ਦੀ ਰਫ਼ਤਾਰ ਨਾਲ ਚਲਾ ਰਿਹਾ ਸੀ।
ਰਾਸਤੇ ਵਿੱਚ ਟੋਲ ਟੈਕਸ ਪਲਾਜ਼ਾ ਆਇਆ। ਅਸੀਂ ਗੱਡੀ ਰੋਕ ਕੇ ਬਟਨ ਦਬਾ ਕੇ ਪਰਚੀ ਕੱਢ ਲਈ। ਅੱਗੇ ਫਿਰ ਉਸੇ ਤਰ੍ਹਾਂ ਦਾ ਟੋਲ ਟੈਕਸ ਪਲਾਜ਼ਾ ਆਇਆ। ਅਸੀਂ ਮਸ਼ੀਨ ਵਿੱਚ ਉਹ ਪਰਚੀ ਅਤੇ ਕੁਝ ਖੁੱਲ੍ਹੇ ਪੈਸੇ ਪਾ ਦਿੱਤੇ। ਥੋੜ੍ਹੀ ਦੇਰ ਬਾਅਦ ਲੋੜੀਂਦੇ ਪੈਸੇ ਰੱਖ ਕੇ  ਮਸ਼ੀਨ ਨੇ ਬਾਕੀ ਪੈਸੇ ਆਪਣੇ-ਆਪ ਵਾਪਸ ਕਰ ਦਿੱਤੇ। ਇਸ ਤਰ੍ਹਾਂ ਦਾ ਟੋਲ ਟੈਕਸ ਪਲਾਜ਼ਾ ਮੈਂ ਪਹਿਲੀ ਵਾਰ ਵੇਖਿਆ। ਕਈ ਜਗ੍ਹਾ ਇਨਸਾਨ  ਵੀ ਕੰਮ ਕਰਦੇ ਹਨ। ਇਟਲੀ ਦੇ ਲੋਕ ਕਾਫ਼ੀ ਈਮਾਨਦਾਰ ਹਨ। ਖ਼ਾਸ ਕਰਕੇ ਟੈਕਸ ਅਦਾ ਕਰਨ ਤੋਂ ਗੁਰੇਜ਼ ਨਹੀਂ ਕਰਦੇ।

ਜੋਗਿੰਦਰ ਸਿੰਘ

ਸੁੱਕਰਵਾਰ ਨੂੰ ਅਸੀਂ ਜੇਨੋਵਾ ਜਾਣ ਦਾ ਪ੍ਰੋਗਰਾਮ ਬਣਾਇਆ ਸੀ। ਇਹ ਸ਼ਹਿਰ ਸਮੁੰਦਰ ਕਿਨਾਰੇ ਵਸਿਆ ਹੈ। ਮੈਂ ਤੇ ਮੇਰੇ ਰਿਸ਼ਤੇਦਾਰ ਅਰਕੁਆਟਾ ਸਟੇਸ਼ਨ ਪਹੁੰਚ ਗਏ। ਗੱਡੀ ਉੱਥੇ ਹੀ ਖੜ੍ਹੀ ਕਰ ਦਿੱਤੀ ਤੇ ਰੇਲ ਦੀਆਂ ਟਿਕਟਾਂ ਲੈ ਲਈਆਂ। ਸਾਡਾ ਜਾਣਕਾਰ ਇੱਕ ਹੋਰ ਪਰਿਵਾਰ ਵੀ ਮਿਥੇ ਸਮੇਂ ਅਨੁਸਾਰ ਸਟੇਸ਼ਨ ’ਤੇ ਆ ਗਿਆ। ਟਰੇਨ ਆਈ ਤੇ ਸਾਰੇ ਚੜ੍ਹ ਗਏ। ਟਰੇਨ ਵਿੱਚੋਂ ਲੰਘਣ ਲਈ ਰਾਹ ਛੱਡ ਕੇ ਦੋਵੇਂ ਪਾਸੇ ਦੋ ਸੀਟਾਂ ਸਨ। ਰਾਸਤੇ ਵਿੱਚ ਕਾਫ਼ੀ ਸੁਰੰਗਾਂ ਆਈਆਂ। ਜੇਨੋਵਾ ਪਹੁੰਚ ਕੇ ਕੋਈ ਦੋ ਕਿਲੋਮੀਟਰ ਤੁਰ ਕੇ ਸਮੁੰਦਰ ਕਿਨਾਰੇ ਪਹੁੰਚੇ। ਸੈਲਾਨੀ ਬਹੁਤ ਸਨ। ਛੋਟੇ ਪਾਣੀ ਵਾਲੇ ਜਹਾਜ਼ ’ਤੇ ਟਿਕਟਾਂ ਲੈ ਕੇ ਸਮੁੰਦਰ ਵਿੱਚ ਕੋਈ ਇੱਕ ਘੰਟਾ ਸੈਰ ਕੀਤੀ। ਖਾਣ-ਪੀਣ ਵਾਲਾ ਸਾਮਾਨ ਤਾਂ ਘਰੋਂ ਹੀ ਲੈ ਗਏ ਸੀ। ਸਮੁੰਦਰ ਕਿਨਾਰੇ ਬੈਠ ਕੇ ਖਾਣ ਦਾ ਕੁਝ ਵੱਖਰਾ ਹੀ ਆਨੰਦ ਆਉਂਦਾ ਹੈ। ਦੋ ਕੁ ਕਿਲੋਮੀਟਰ ਸਮੁੰਦਰ ਵਿੱਚ ਇੱਕ ਉੱਚੀ ਲੰਮੀ ਦੀਵਾਰ ਸੀ। ਪੁੱਛਣ ’ਤੇ ਪਤਾ ਲੱਗਿਆ ਕਿ ਇਹ ਦੀਵਾਰ ਸੁਨਾਮੀ ਲਹਿਰਾਂ ਤੋਂ ਬਚਾਉਣ ਲਈ ਬਣਾਈ ਗਈ ਹੈ। ਉਸ ਤੋਂ ਛੋਟੀ ਇੱਕ ਹੋਰ ਦੀਵਾਰ ਵੀ ਸੀ। ਸ਼ਹਿਰ ਵਾਲੇ ਪਾਸੇ ਸਮੁੰਦਰ ਵਿੱਚ ਹੀ ਕਈ ਕੰਪਨੀਆਂ ਦੇ ਵੱਡੇ-ਵੱਡੇ ਸਟੋਰ ਸਨ। ਜਿਵੇਂ ਪੈਟਰੋਲ, ਡੀਜ਼ਲ ਤੇ ਹੋਰ ਸਾਮਾਨ ਜੋ ਬਾਹਰਲੇ ਮੁਲਕਾਂ ਤੋਂ ਪਾਣੀ ਵਾਲੇ ਜਹਾਜ਼ਾਂ ਰਾਹੀਂ ਆਉਂਦਾ ਹੈ, ਇੱਥੇ ਇਨ੍ਹਾਂ ਸਟੋਰਾਂ ਵਿੱਚ ਜਮ੍ਹਾਂ ਕਰ ਲੈਂਦੇ ਹਨ। ਇਹ ਸ਼ਹਿਰ ਕਾਫ਼ੀ ਵੱਡਾ ਹੈ। ਇੱਥੇ ਬਹੁਤ ਉੱਚੀਆਂ-ਉੱਚੀਆਂ ਇਮਾਰਤਾਂ ਹਨ। ਇੱਥੇ ਵੀ ਸੈਲਾਨੀਆਂ ਦੀ ਕੋਈ ਘਾਟ ਨਹੀਂ। ਦੇਖ ਕੇ ਬੜੀ ਹੈਰਾਨੀ ਹੋਈ ਕਿ ਇੱਕੋ ਰਾਸਤੇ ਵਿੱਚ ਬੱਸਾਂ, ਟਰਾਮ ਅਤੇ ਗੱਡੀਆਂ ਚੱਲਦੀਆਂ ਹਨ। ਅਸੀਂ ਸੈਰ ਸਪਾਟਾ ਕਰਕੇ ਸਟੇਸ਼ਨ ’ਤੇ ਵਾਪਸ ਆ ਗਏ। ਫਿਰ ਰੇਲਗੱਡੀ ਵਿੱਚ ਸਵਾਰ ਹੋ ਗਏ। ਰੇਲਗੱਡੀ ਦੇ ਡਰਾਈਵਰ ਕੋਲ ਹੀ ਸਾਰਾ ਕੰਟਰੋਲ ਹੁੰਦਾ ਹੈ। ਜਿਵੇਂ ਰੇਲਗੱਡੀ ਰੁਕਣ ’ਤੇ ਸਾਰੀਆਂ ਬਾਰੀਆਂ ਇਕਦਮ ਖੁੱਲ੍ਹ ਜਾਂਦੀਆਂ ਹਨ। ਚੱਲਣ ਵੇਲੇ ਵੀ ਡਰਾਈਵਰ ਨੇ ਬੰਦ ਕਰਨੀਆਂ ਹੁੰਦੀਆਂ ਹਨ। ਇੱਥੋਂ ਦਾ ਸਫ਼ਰ ਬਹੁਤ ਹੀ ਯਾਦਗਾਰ ਹੋ ਨਿਬੜਿਆ ਪਰ ਥਕਾਵਟ ਬਹੁਤ ਹੋਈ।
ਅਸੀਂ 26 ਸਤੰਬਰ ਨੂੰ ਸਵੇਰੇ ਪੰਜ ਵਜੇ ਉੱਠੇ। ਪਾਣੀ ਵਾਲੇ ਸ਼ਹਿਰ ਬਨੇਸ਼ੀਆ ਜਾਣ ਦਾ ਪ੍ਰੋਗਰਾਮ ਸੀ। ਮੈਂ, ਰਣਜੀਤ ਸਿੰਘ, ਰੇਸ਼ਮਾ ਅਤੇ ਬੇਬੀ ਡਿਸਕਾ, ਬੇਰਗਾਮੋ ਪਹੁੰਚ ਗਏ। ਇੱਕ ਘੰਟੇ ਦੇ ਸਫ਼ਰ ਤੋਂ ਬਾਅਦ ਬਰੇਸ਼ੀਆ ਉੱਤਰ ਕੇ ਹੋਰ ਰੇਲਗੱਡੀ ਬਦਲਣੀ ਪਈ। ਇਸ ਮਗਰੋਂ ਪਾਣੀ ਵਾਲੇ ਛੋਟੇ ਜਹਾਜ਼ ’ਤੇ ਕੋਈ ਡੇਢ  ਘੰਟਾ ਸਮੁੰਦਰ ਵਿੱਚ ਸੈਰ ਕੀਤੀ। ਆਸੇ ਪਾਸੇ ਸਮੁੰਦਰ ਹੀ ਸਮੁੰਦਰ ਸੀ ਪਰ ਨਾਲ ਪੱਥਰਾਂ ਦੀ ਸੜਕ ਬਣੀ ਸੀ। ਅਸੀਂ ਉਸ ਉਪਰ ਚਲੇ ਗਏ ਜੋ ਸੈਲਾਨੀਆਂ ਨਾਲ ਭਰੀ ਹੋਈ ਸੀ। ਸੜਕ ’ਤੇ ਖਾਣ-ਪੀਣ ਵਾਲੀਆ ਸਭ ਚੀਜ਼ਾਂ ਉਪਲੱਬਧ ਸਨ। ਇਹ ਇੱਕ ਤਰ੍ਹਾਂ ਨਾਲ ਆਪਣੇ ਦੇਸ਼ ਵਰਗਾ ਸ਼ਹਿਰ ਸੀ। ਫ਼ਰਕ ਇਹ ਸੀ ਕਿ ਆਪਣੇ ਦੇਸ਼ ਵਿੱਚ ਸੜਕਾਂ ਬੱਜਰੀ ਤੇ ਕੰਕਰੀਟ ਦੀਆਂ ਹਨ ਪਰ ਉੱਥੇ ਪਾਣੀ ਵਾਲੇ ਸ਼ਹਿਰ ਵਿੱਚ ਕਿਸ਼ਤੀਆਂ ਰਾਹੀਂ ਗਲੀਆਂ ਵਿੱਚੋਂ ਘਰਾਂ ਨੂੰ ਜਾਣਾ ਪੈਂਦਾ ਹੈ। ਇਸ ਜਗ੍ਹਾ ’ਤੇ ਇੱਕ ਬਹੁਤ ਵੱਡਾ ਚਰਚ ਦੇਖਿਆ ਜੋ ਕਿ ਬਹੁਤ ਸੁੰਦਰ ਸੀ ਤੇ ਨਵੀਂ ਤਕਨੀਕ ਦਾ ਬਣਿਆ ਹੋਇਆ ਸੀ। ਇੱਥੇ ਕਬੂਤਰਾਂ ਦੀ ਭਰਮਾਰ ਸੀ। ਖ਼ੂਬ ਘੁੰਮੇ ਫਿਰੇ।
ਸਮੁੰਦਰ ਵਿੱਚ ਅੱਗੇ ਜਾਣ ਲਈ ਰੇਲਗੱਡੀ ਲਈ ਲਾਈਨ ਅਤੇ ਪੁਲ ਸਮੁੰਦਰ ਵਿੱਚ ਹੀ ਬਣਾਏ ਹੋਏ ਸਨ। ਇਸੇ ਤਰ੍ਹਾਂ ਸਮੁੰਦਰ ਵਿੱਚ ਹੀ ਸੜਕ ਵਾਲਾ ਪੁਲ ਬਣਿਆ ਹੋਇਆ ਹੈ, ਜਿਸ ਰਾਹੀਂ ਅੱਡੇ ਜਾਇਆ ਜਾ ਸਕਦਾ ਹੈ। ਵਾਪਸੀ ’ਤੇ ਇੱਕ ਹੋਰ ਪਾਣੀ ਵਾਲੇ ਜਹਾਜ਼ ’ਤੇ ਟਿਕਟਾਂ ਲੈ ਕੇ ਸਟੇਸ਼ਨ ਵੱਲ ਚੱਲ ਪਏ। ਪਾਣੀ ਵਾਲੇ ਜਹਾਜ਼ ਨੇ ਕਾਫ਼ੀ ਸੈਰ ਕਰਾਈ ਪਰ ਬਹੁਤ ਤੇਜ਼ ਚੱਲਣ ਕਾਰਨ ਡਰ ਵੀ ਬਹੁਤ ਲੱਗਦਾ ਸੀ। ਖੈਰ ਦੋ ਘੰਟੇ ਘੁੰਮ ਕੇ ਸਟੇਸ਼ਨ ’ਤੇ ਉੱਤਰ ਗਏ। ਸ਼ਾਮ ਨੂੰ 6.20 ’ਤੇ ਬਨੇਸ਼ੀਆ ਤੋਂ ਗੱਡੀ ਫੜੀ। ਰਾਸਤੇ ਵਿੱਚ ਬਰੇਸ਼ੀਆ ਤੋਂ ਗੱਡੀ ਬਦਲੀ। ਅਸੀਂ ਬਾਰਗੇਮੋ ਉਤਰਨਾ ਸੀ। ਰਣਜੀਤ ਬੇਬੀ ਡਿਸਕਾ ਨੂੰ ਲੈ ਕੇ ਉਤਰ ਗਿਆ। ਮੈਂ ਤੇ ਰੇਸ਼ਮਾ ਉਤਰਨ ਲੱਗੇ ਤਾਂ ਖਿੜਕੀ ਬੰਦ ਹੋ ਗਈ। ਫਿਰ ਅਸੀਂ ਅਗਲੇ ਸਟੇਸ਼ਨ ਅਲਬਾਨੋ ਉਤਰੇ। ਰਣਜੀਤ ਨੇ ਕਿਸੇ ਦੋਸਤ ਨੂੰ ਕਹਿ ਰੱਖਿਆ ਸੀ ਕਿ ਅਸੀਂ ਪਾਣੀ ਵਾਲੇ ਸ਼ਹਿਰ ਜਾ ਰਹੇ ਹਾਂ ਅਤੇ ਸਾਨੂੰ ਵਾਪਸੀ ’ਤੇ ਲੈ ਜਾਵੀਂ। ਇਸ ਤਰ੍ਹਾਂ ਅਸੀਂ ਰਾਤ ਦੇ 11 ਵਜੇ ਘਰ ਪਹੁੰਚੇ।
ਮਿਲਾਨ ਕਾਫ਼ੀ ਵੱਡਾ ਸ਼ਹਿਰ ਹੈ। ਇੱਥੇ ਇਮਾਰਤਾਂ ਵੀ ਅੱਠ ਜਾਂ ਦਸ ਮੰਜ਼ਿਲਾ ਹਨ। ਰਣਜੀਤ ਸਾਨੂੰ ਇੱਕ ਵੱਡੇ ਸਾਰੇ ਚਰਚ ਕੋਲ ਬਿਠਾ ਗਿਆ। ਚਰਚ ਸਾਹਮਣੇ ਕਾਫ਼ੀ ਜਗ੍ਹਾ ਖਾਲੀ ਸੀ, ਜੋ ਸੈਲਾਨੀਆਂ ਨਾਲ ਭਰੀ ਹੋਈ ਸੀ। ਮੈਂ, ਰੇਸ਼ਮਾ ਤੇ ਬੇਬੀ ਡਿਸਕਾ ਬੈਠ ਕੇ ਰੌਣਕ ਮੇਲਾ ਵੇਖ ਰਹੇ ਸੀ। ਚਾਰ ਕੁੜੀਆਂ ਸਾਡੇ ਕੋਲ ਆ ਕੇ ਬੈਠ ਗਈਆਂ। ਉਹ ਮੇਰੇ ਵੱਲ ਬੜੀ ਉਤਸੁਕਤਾ ਨਾਲ ਦੇਖ ਰਹੀਆਂ ਸਨ। ਥੋੜੀ ਦੇਰ ਬਾਅਦ ਇੱਕ ਨੇ ਮੈਨੂੰ ਪੁੱਛ ਹੀ ਲਿਆ ਕਿ ਤੁਹਾਨੂੰ ਪੱਗ ਨਾਲ ਗਰਮੀ ਨਹੀਂ ਲੱਗਦੀ? ਸ਼ਾਇਦ ਉਨ੍ਹਾਂ ਨੇ ਪਹਿਲੀ ਵਾਰੀ ਸਰਦਾਰ ਦੇਖਿਆ ਸੀ। ਉਹ ਚਾਰ ਕੁੜੀਆਂ ਨਾਰਵੇ ਤੋਂ ਟੂਰ ’ਤੇ ਆਈਆਂ ਸਨ।
ਚਰਚ ਕਾਫ਼ੀ ਵੱਡਾ ਸੀ। ਅਸੀਂ ਵੀ ਅੰਦਰ ਚਲੇ ਗਏ। ਚਰਚ ਦੇਖ ਕੇ ਅਸੀਂ ਬਾਹਰ ਆ ਗਏ। ਚਰਚ ਦੇ ਬਾਹਰ ਸਭ ਤੋਂ ਉੱਤੇ ਈਸਾ ਮਸੀਹ ਦੀ ਸੋਨੇ ਦੀ ਮੂਰਤੀ ਸੀ। ਥੋੜ੍ਹੀ ਦੇਰ ਬਾਅਦ ਰਣਜੀਤ ਵੀ ਆ ਗਿਆ। ਫਿਰ ਅਸੀਂ ਬਾਜ਼ਾਰ ਵੱਲ ਰੁਖ਼ ਕਰ ਲਿਆ। ਸਟੇਸ਼ਨ ’ਤੇ ਵਾਪਸੀ ਲਈ ਗੱਡੀ ਫੜੀ ਅਤੇ ਸ਼ਾਮ ਨੂੰ ਘਰ ਪਹੁੰਚ ਗਏ। ਇੱਥੇ ਹੀ ਕੌਮਾਂਤਰੀ ਹਵਾਈ ਅੱਡਾ ਹੈ। ਇਹ ਮੁਲਕ ਪ੍ਰਦੂਸ਼ਣ ਰਹਿਤ ਹੈ। ਵਾਤਾਵਰਨ ਦਾ ਬਹੁਤ ਧਿਆਨ ਰੱਖਦੇ ਹਨ। ਇੱਥੇ ਪਾਣੀ, ਬਿਜਲੀ ਅਤੇ ਗੈਸ ਇੱਕ ਮਿੰਟ ਵੀ ਬੰਦ ਨਹੀਂ ਹੁੰਦੇ। ਟਰੈਫਿਕ ਬਹੁਤ ਵਧੀਆ ਤਰੀਕੇ ਨਾਲ ਚੱਲਦਾ ਹੈ। ਸਭ ਆਪਣੇ-2 ਸੱਜੇ ਹੱਥ ਚਲਦੇ ਹਨ। ਹੋਰਨ ਵਜਾਉਣ ਨੂੰ ਇਹ ਚੰਗਾ ਨਹੀਂ ਸਮਝਦੇ। ਟਰੈਫਿਕ ਲਾਈਟਾਂ ਦਾ ਪੂਰਾ ਧਿਆਨ ਰੱਖਦੇ ਹਨ। ਕੋਈ ਵੀ ਕੁੱਤਾ ਸੜਕ ਜਾਂ ਗਲੀ ਮੁਹੱਲੇ ਵਿੱਚ ਫਿਰਦਾ ਨਹੀਂ ਦੇਖਿਆ। ਪਤਾ ਲੱਗਾ ਕਿ ਜਿਨ੍ਹਾਂ ਨੇ ਕੁੱਤੇ ਰੱਖੇ ਹਨ, ਉਹ ਘਰਾਂ ਵਿੱਚ ਹੀ ਕੰਟਰੋਲ ਰੱਖਦੇ ਹਨ। ਹਾਂ ਇਸ ਦੀ ਸੂਚਨਾ ਸਬੰਧਤ ਥਾਣੇ ਨੂੂੰ ਦੇਣੀ ਪੈਦੀ ਹੈ। ਬਸ ਵਿੱਚ ਸਫ਼ਰ ਕਰਨਾ ਹੋਵੇ ਤਾਂ ਆਪ ਦੁਕਾਨਾਂ ਤੋਂ ਟਿਕਟ ਲੈ ਕੇ ਚੜ੍ਹੋ। ਕੰਡਕਟਰ ਨਹੀਂ ਹੁੰਦਾ। ਡਰਾਈਵਰ ਦੇ ਨਾਲ ਪੰਚ ਬੋਕਸ ਹੁੰਦਾ। ਚੜ੍ਹਨ ਵੇਲੇ ਟਿਕਟ ਪੰਚ ਕਰਕੇ ਸੀਟ ’ਤੇ ਬੈਠ ਜਾਓ। ਬਾਰੀਆਂ ਖੋਲ੍ਹਣ ਅਤੇ ਬੰਦ ਕਰਨ ਦਾ ਕੰਟਰੋਲ ਡਰਾਈਵਰ ਹੱਥ ਹੁੰਦਾ ਹੈ। ਬੱਸ ਵਿੱਚ ਦੋਵੇਂ ਪਾਸੇ ਦੋ-ਦੋ ਸੀਟਾਂ ਹੁੰਦੀਆਂ ਹਨ। ਵਿਚਕਾਰ ਚੱਲਣ ਫਿਰਨ ਲਈ ਖੁੱਲ੍ਹੀ ਜਗ੍ਹਾ ਹੁੰਦੀ ਹੈ।
ਕਜਾਸਾ ਤੋਂ ਬੱਸ ਰਾਹੀਂ ਬੇਰਗਾਮੋ ਪਹੁੰਚ ਗਏ। ਬੇਰਗਾਮੋ ਤੋਂ ਸਿੱਧੀ ਬਸ ਮਿਲ ਗਈ। ਇਸ ਤਰ੍ਹਾਂ ਅਸੀਂ ਮਿਲਾਨ ਹਵਾਈ ਅੱਡੇ ਪਹੁੰਚ ਗਏ। ਮੈਨੂੰ ਚੜ੍ਹਾਉਣ ਆਏ ਰਣਜੀਤ ਸਿੰਘ ਨੇ ਸਾਰਾ ਕੰਮ ਫਟਾਫਟ ਕਰਵਾ ਦਿੱਤਾ। ਹੈਂਡ ਬੈਗ ਕੁਝ ਜ਼ਿਆਦਾ ਭਾਰੀ ਸੀ ਇੱਕ ਪੰਜਾਬੀ ਦੀ ਮਦਦ ਨਾਲ ਹਵਾਈ ਜਹਾਜ਼ ਵਿੱਚ ਚੜ੍ਹਿਆ। ਸਾਢੇ ਬਾਰ੍ਹਾਂ ਵਜੇ ਜਹਾਜ਼ ਨੇ ਉਡਾਣ ਭਰੀ। ਕੋਈ 7.00 ਵਜੇ ਬਹਿਰੀਨ ਪਹੁੰਚ ਗਏ। ਇੱਥੇ ਦੋ ਘੰਟੇ ਰੁਕਣਾ ਸੀ। ਮੇਰੇ ਨਾਲ ਸੀਟ ’ਤੇ ਇੱਕ ਬਿਹਾਰੀ ਲੜਕਾ ਬੈਠਾ ਸੀ। ਮੈਂ ਉਸ ਨੂੰ ਆਪਣੀ ਮਜਬੂਰੀ ਦੱਸ ਕੇ ਮਦਦ ਲਈ ਕਿਹਾ। ਉਸ ਨੇ ਕਿਹਾ ਕਿ ਅੰਕਲ ਤੁਸੀ ਫ਼ਿਕਰ ਨਾ ਕਰੋ। ਮੈਂ ਦਿੱਲੀ ਹਵਾਈ ਅੱਡੇ ਤੋਂ ਬਾਹਰ ਤੱਕ ਛੱਡ ਕੇ ਆਵਾਗਾਂ। ਉਸ ਨੇ ਮੇਰੀ ਪੂਰੀ ਮਦਦ ਕੀਤੀ। ਥੋੜ੍ਹੀ ਦੇਰ ਬਾਅਦ ਸਵਾਰੀਆਂ ਨੂੰ ਜਹਾਜ਼ ਤੱਕ ਲਿਜਾਣ ਵਾਲੀ ਬੱਸ ਆ ਗਈ। ਮੈਂ ਵੀ ਹਵਾਈ ਜਹਾਜ਼ ’ਚ ਚੜ੍ਹ ਗਿਆ। ਜਹਾਜ਼ ਨੇ 9.30 ਵਜੇ ਦਿੱਲੀ ਲਈ ਉਡਾਣ ਭਰੀ। ਸਵੇਰੇ 3.30 ਵਜੇ ਇੰਦਰਾ ਗਾਂਧੀ ਹਵਾਈ ਅੱਡੇ ’ਤੇ ਉੱਤਰ ਗਏ। ਬਸ ਫਿਰ ਕਾਰ ਰਾਹੀਂ ਤਕਰੀਬਨ 12.50 ਵਜੇ ਬਠਿੰਡੇ ਘਰ ਪਹੁੰਚ ਗਏ।

ਮੋਬਾਈਲ: 95014-29062


Share |
You can leave a response, or trackback from your own site.

Leave a Reply

Enable Google Transliteration.(To type in English, press Ctrl+g)

ਖਬਰ ਵਿਚ ਹਾਲ ਮੈ ਲੋਕਪ੍ਰਿਯ

  • ਮੌਸਮ

    Delhi, India 37 °CHaze
    Chandigarh, India 37 °CClear
    Ludhiana,India 37 °CClear
    Dehradun,India 30 °CHaze

ਕ੍ਰਿਕਟ

Powered by : Mediology Software Pvt Ltd.