
ਸ਼ਹੀਦ ਊਧਮ ਸਿੰਘ ਖ਼ਿਲਾਫ਼ 30 ਅਗਸਤ 1927 ਨੂੰ ਦਰਜ ਹੋਈ ਐਫ.ਆਈ.ਆਰ. ਦੀ ਕਾਪੀ ਅਤੇ ਉਸ ਦੀਆਂ ਵੱਖ ਵੱਖ ਸਮਿਆਂ ਦੀਆਂ ਤਸਵੀਰਾਂ (ਫੋਟੋਆਂ: ਵਿਸ਼ਾਲ ਕੁਮਾਰ)
ਜਗਤਾਰ ਸਿੰਘ ਲਾਂਬਾ/ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 14 ਅਗਸਤ
ਜਲ੍ਹਿਆਂਵਾਲਾ ਬਾਗ ਦੇ ਕਤਲੇਆਮ ਦਾ ਬਦਲਾ ਲੈਣ ਮਗਰੋਂ ਫਾਂਸੀ ਦਾ ਰੱਸਾ ਚੁੰਮਣ ਵਾਲੇ ਸ਼ਹੀਦ ਊਧਮ ਸਿੰਘ ਨੇ ਵਿਦੇਸ਼ ਪਰਵਾਸ ਦੌਰਾਨ ਵਿਆਹ ਕਰਵਾਇਆ ਸੀ ਅਤੇ ਉਸ ਦੇ ਦੋ ਬੇਟੇ ਵੀ ਹਨ। ਇਹ ਖੁਲਾਸਾ ਸ਼ਹੀਦ ਊਧਮ ਸਿੰਘ ਬਾਰੇ ਖੋਜ ਕਰ ਰਹੇ ਵਿਦਵਾਨ ਸਿਕੰਦਰ ਸਿੰਘ ਨੇ ਕੀਤਾ ਹੈ। ਇਸ ਦੌਰਾਨ ਸੈਂਟਰਲ ਖਾਲਸਾ ਯਤੀਮਖਾਨਾ ਜਿੱਥੇ ਊਧਮ ਸਿੰਘ 12 ਸਾਲ ਰਿਹਾ, ਨੂੰ 1927 ‘ਚ ਅੰਮ੍ਰਿਤਸਰ ਦੇ ਏ ਡਵੀਜ਼ਨ ਥਾਣੇ ਵਿਚ ਉਸ ਖ਼ਿਲਾਫ਼ ਦਰਜ ਹੋਏ ਪੁਲੀਸ ਕੇਸ ਨਾਲ ਸਬੰਧਤ ਦਸਤਾਵੇਜ਼ ਪ੍ਰਾਪਤ ਹੋਏ ਹਨ। ਅਜਿਹੇ ਅਹਿਮ ਦਸਤਾਵੇਜ਼ਾਂ ਤੇ ਹੋਰ ਯਾਦਾਂ ਨੂੰ ਸੰਸਥਾ ਵੱਲੋਂ ਉਸ ਦੇ ਕਮਰੇ ਵਿਚ ਸਜਾਉਣ ਦੀ ਯੋਜਨਾ ਹੈ।
ਪਟਿਆਲਾ ਜ਼ਿਲ੍ਹੇ ਦੇ ਪਾਤੜਾਂ ਸ਼ਹਿਰ ਦੇ ਸਰਕਾਰੀ ਕਾਲਜ ਦੇ ਇਤਿਹਾਸ ਵਿਭਾਗ ਦੇ ਅਧਿਆਪਕ ਸਿਕੰਦਰ ਸਿੰਘ ਨੇ ਪੀਐਚ.ਡੀ. ਸ਼ਹੀਦ ਊਧਮ ਸਿੰਘ ‘ਤੇ ਹੀ ਕੀਤੀ ਹੈ। ਇਸ ਖੋਜ ਤੋਂ ਬਾਅਦ ਉਨ੍ਹਾਂ 1998 ਵਿਚ ਇਸ ਬਾਰੇ ਇਕ ਪੁਸਤਕ ਵੀ ਲਿਖੀ, ਜਿਸ ਵਿਚ ਉਨ੍ਹਾਂ ਊਧਮ ਸਿੰਘ ਬਾਰੇ ਲੰਡਨ ਵਿਖੇ ਕਈ ਦਹਾਕਿਆਂ ਤੋਂ ਫਾਈਲਾਂ ‘ਚ ਦੱਬੇ ਅਹਿਮ ਭੇਤ ਉਜਾਗਰ ਕਰਨ ਦਾ ਦਾਅਵਾ ਕੀਤਾ ਹੈ। ਇਸ ਪੁਸਤਕ ‘ਚ ਉਨ੍ਹਾਂ ਲਿਖਿਆ ਕਿ ਲਗਪਗ 10 ਸਾਲ ਦੇ ਯਤਨਾਂ ਤੋਂ ਬਾਅਦ ਇਹ ਪੁਸਤਕ ਤਿਆਰ ਹੋਈ ਹੈ। ਉਨ੍ਹਾਂ 1988 ‘ਚ ਖੋਜ ਕਾਰਜ ਸ਼ੁਰੂ ਕਰਦਿਆਂ ਨੈਸ਼ਨਲ ਆਰਕਾਈਵਸ ਦਿੱਲੀ ਨਾਲ ਸੰਪਰਕ ਬਣਾਉਣਾ ਸ਼ੁਰੂ ਕੀਤਾ ਸੀ ਅਤੇ 1992 ਵਿਚ ਇਸ ਮਾਮਲੇ ਨਾਲ ਸਬੰਧਤ ਚਾਰ ਫਾਈਲਾਂ ਦੇਖਣ ਦੀ ਉਸ ਨੂੰ ਆਗਿਆ ਮਿਲੀ। ਇਸ ਦੌਰਾਨ ਇਸ ਖੋਜਕਾਰ ਨੇ ਪਬਲਿਕ ਰਿਕਾਰਡ ਆਫਿਸ ਲੰਦਨ, ਫੋਰਨ ਐਂਡ ਕਾਮਨਵੈਲਥ ਆਫਿਸ ਲੰਦਨ ਅਤੇ ਪੈਂਟਨ ਵਿਲਾ ਜੇਲ੍ਹ ਦੇ ਗਵਰਨਰ ਤੇ ਹੋਰਨਾਂ ਨਾਲ ਵੀ ਸੰਪਰਕ ਸਥਾਪਤ ਕੀਤਾ। ਇਨ੍ਹਾਂ ਸਰੋਤਾਂ ਤੋਂ ਵੱਡੀ ਗਿਣਤੀ ‘ਚ ਪ੍ਰਾਪਤ ਹੋਏ ਦਸਤਾਵੇਜ਼ਾਂ ਦੇ ਆਧਾਰ ‘ਤੇ ਉਨ੍ਹਾਂ ਇਹ ਪੁਸਤਕ ਲਿਖੀ। ਉਨ੍ਹਾਂ ਦੀ ਖੋਜ ਦਾ ਸਿਲਸਿਲਾ ਹੁਣ ਵੀ ਜਾਰੀ ਹੈ।
ਪੰਜਾਬੀ ਟ੍ਰਿਬਿਊਨ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਦੱਸਿਆ ਕਿ ਖੋਜ ਦੌਰਾਨ ਪਤਾ ਲੱਗਾ ਹੈ ਕਿ ਊਧਮ ਸਿੰਘ ਨੇ ਆਪਣੇ ਲੰਦਨ ਠਹਿਰਾਅ ਦੌਰਾਨ ਉਥੇ ਇਕ ਅਮਰੀਕੀ ਕ੍ਰਾਂਤੀਕਾਰੀ ਔਰਤ ਨਾਲ ਵਿਆਹ ਕਰਵਾ ਲਿਆ ਸੀ, ਜਿਸ ਤੋਂ ਉਨ੍ਹਾਂ ਦੇ ਦੋ ਬੇਟੇ ਪੈਦਾ ਹੋਏ, ਜੋ ਇਸ ਵੇਲੇ ਅਮਰੀਕਾ ਵਿਚ ਹੀ ਰਹਿ ਰਹੇ ਹਨ। ਉਹ ਹੁਣ ਸ਼ਹੀਦ ਦੇ ਬੇਟਿਆਂ ਨਾਲ ਸੰਪਰਕ ਬਣਾਉਣ ਲਈ ਯਤਨਸ਼ੀਲ ਹਨ ਅਤੇ ਇਸ ਸਬੰਧ ਵਿਚ ਅਮਰੀਕਾ ਜਾਣ ਦੀ ਤਿਆਰੀ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਊਧਮ ਸਿੰਘ ਦੇ ਜੀਵਨ ਬਾਰੇ ਫਿਲਹਾਲ ਬਹੁਤ ਕੁਝ ਲਿਖਣ ਵਾਲਾ ਬਾਕੀ ਹੈ ਅਤੇ ਇਸ ਖੋਜ ਦਾ ਸਿਲਸਿਲਾ ਜਾਰੀ ਹੈ। ਉਨ੍ਹਾਂ ਨੇ ਊਧਮ ਸਿੰਘ ਬਾਰੇ ਲੰਦਨ ਤੋਂ ਕਈ ਫਾਈਲਾਂ ਪ੍ਰਾਪਤ ਕੀਤੀਆਂ ਹਨ, ਜਿਨ੍ਹਾਂ ਵਿਚ ਉਸ ਬਾਰੇ ਕਈ ਅਹਿਮ ਗੱਲਾਂ ਦਰਜ ਹਨ, ਜੋ ਹੁਣ ਤਕ ਕਦੇ ਵੀ ਲੋਕਾਂ ਦੇ ਸਾਹਮਣੇ ਨਹੀਂ ਆਈਆਂ ਹਨ। ਸ੍ਰੀ ਸਿਕੰਦਰ ਸਿੰਘ ਨੇ ਆਪਣੀ ਪੁਸਤਕ ਵਿਚ ਇਹ ਵੀ ਖੁਲਾਸਾ ਕੀਤਾ ਹੈ ਕਿ 13 ਅਪਰੈਲ, 1919 ਨੂੰ ਵਾਪਰੇ ਜਲ੍ਹਿਆਂਵਾਲਾ ਬਾਗ ਕਤਲੇਆਮ ਸਮੇਂ ਊਧਮ ਸਿੰਘ ਘਟਨਾ ਵਾਲੀ ਥਾਂ ‘ਤੇ ਸੀ ਅਤੇ ਉਹ ਲੋਕਾਂ ਨੂੰ ਪਾਣੀ ਪਿਲਾਉਣ ਦੀ ਸੇਵਾ ਕਰ ਰਿਹਾ ਸੀ। ਇਸ ਘਟਨਾ ਦੌਰਾਨ ਉਸ ਦੇ ਹੱਥ ‘ਤੇ ਗੋਲੀ ਵੀ ਲੱਗੀ ਸੀ। ਇਹ ਖੁਲਾਸਾ ਉਸ ਦੇ ਦੋਸਤਾਂ ਮਨਜੀਤ ਸਿੰਘ ਖੁਰਸ਼ੀਦ, ਰਾਮਜੀ ਦਾਸ ਸੁਨਾਮੀ ਅਤੇ ਤਾਰਾ ਸਿੰਘ ਸੁਨਾਮੀ ਨੇ ਕੀਤਾ ਸੀ। 30 ਅਗਸਤ, 1927 ਨੂੰ ਦਰਜ ਹੋਈ ਐਫ.ਆਈ.ਆਰ. ਵਿਚ ਉਸ ਨੇ ਆਪਣੇ ਬਿਆਨ ਦੌਰਾਨ ਜਲ੍ਹਿਆਂਵਾਲਾ ਬਾਗ ਘਟਨਾ ਵਿਚ ਗੋਲੀ ਲੱਗਣ ਦਾ ਕੋਈ ਖੁਲਾਸਾ ਨਹੀਂ ਕੀਤਾ। ਚੀਫ ਖਾਲਸਾ ਦੀਵਾਨ ਦੇ ਪ੍ਰਬੰਧ ਹੇਠ ਚੱਲ ਰਹੇ ਸੈਂਟਰ ਖਾਲਸਾ ਯਤੀਮਖਾਨਾ ਜਿੱਥੇ ਊਧਮ ਸਿੰਘ ਨੇ ਆਪਣੇ ਬਚਪਨ ਦੇ 12 ਸਾਲ ਬਿਤਾਏ ਸਨ, ਨੂੰ ਸਿਕੰਦਰ ਸਿੰਘ ਨੇ ਕੁਝ ਅਹਿਮ ਦਸਤਾਵੇਜ਼ ਸੌਂਪੇ ਹਨ, ਜਿਨ੍ਹਾਂ ਵਿਚ ਊਧਮ ਸਿੰਘ ਦੇ ਖ਼ਿਲਾਫ਼ 30.8.1927 ਨੂੰ ਦਰਜ ਹੋਈ ਐਫ.ਆਈ.ਆਰ. ਦੀ ਕਾਪੀ ਵੀ ਹੈ। ਊਰਦੂ ਵਿਚ ਲਿਖੀ ਇਸ ਐਫ.ਆਈ.ਆਰ. ਦੇ ਚਾਰ ਸਫ਼ੇ ਹਨ, ਜਿਸ ਤੋਂ ਪਤਾ ਲੱਗਦਾ ਹੈ ਕਿ ਅੰਮ੍ਰਿਤਸਰ ਦੇ ਕੱਟੜਾ ਸ਼ੇਰ ਸਿੰਘ ਵਿਖੇ 30 ਅਗਸਤ 1927 ਨੂੰ ਸ਼ਾਮ 7 ਵਜੇ ਊਧਮ ਸਿੰਘ ਨੂੰ ਪੁਲੀਸ ਨੇ ਫੜਿਆ ਸੀ, ਉਸ ਵੇਲੇ ਉਸ ਨੇ ਨਾਭੀ ਰੰਗ ਦੀ ਦਸਤਾਰ ਸਜਾਈ ਹੋਈ ਸੀ। ਪੁਲੀਸ ਨੇ ਉਸ ਦੀ ਜੇਬ ਵਿਚੋਂ ਇਕ ਰਿਵਾਲਵਰ, ਜਿਸ ਵਿਚ ਪੰਜ ਗੋਲੀਆਂ ਸਨ ਅਤੇ ਇਕ ਸੂਟਕੇਸ ਸਮੇਤ ਉਸ ਦਾ ਬਟੂਆ, ਜਿਸ ਵਿਚ ਉਸ ਦੀਆਂ ਛੇ ਫੋਟੋਆਂ ਸੰਗ ਬਰਾਮਦ ਕੀਤਾ ਸੀ। ਉਸ ਖ਼ਿਲਾਫ਼ ਅਸਲਾ ਐਕਟ ਹੇਠ ਕੇਸ ਦਰਜ ਕੀਤਾ ਗਿਆ ਸੀ। ਇਸ ਕੇਸ ਦੀ ਕਾਰਵਾਈ ਉਸ ਵੇਲੇ ਦੇ ਥਾਣਾ ਏ ਡਿਵੀਜ਼ਨ ਦੇ ਸਬ ਇੰਸਪੈਕਟਰ ਮੁਰਾਦ ਅਲੀ ਨੇ ਕੀਤੀ ਸੀ। ਐਫ.ਆਈ.ਆਰ. ਵਿਚ ਚੌਧਰੀ ਵਿਸ਼ਨੂੰ ਦਾਸ, ਹਰਦਿਆਲ, ਦੀਨ ਮੁਹੰਮਦ, ਬੂਟਾ, ਕਾਲਾ ਸਿੰਘ ਆਦਿ ਦੇ ਨਾਂ ਵੀ ਦਰਜ ਹਨ। ਦਸਤਾਵੇਜ਼ ਦੇ ਇਕ ਹਿੱਸੇ ਵਿਚ 2 ਅਕਤੂਬਰ 1927 ਨੂੰ ਉਸ ਵੇਲੇ ਦੇ ਐਸ.ਡੀ.ਐਮ. ਬਿਸ਼ਨ ਸਿੰਘ ਦੀ ਅਦਾਲਤ ਵੱਲੋਂ ਪੰਜ ਸਾਲ ਦੀ ਸੁਣਾਈ ਗਈ ਸਜ਼ਾ ਦਾ ਜ਼ਿਕਰ ਵੀ ਸ਼ਾਮਲ ਹੈ। ਇਨ੍ਹਾਂ ਵਿਚੋਂ ਕਾਲਾ ਸਿੰਘ ਨਾਂ ਦਾ ਵਿਅਕਤੀ ਊਧਮ ਸਿੰਘ ਨਾਲ ਯਤੀਮਖਾਨੇ ਵਿਚ ਰਹਿੰਦਾ ਰਿਹਾ ਹੈ।
ਯਤੀਮਖਾਨੇ ਦੇ ਸੁਪਰਡੈਂਟ ਬਲਬੀਰ ਸਿੰਘ ਸੈਣੀ ਨੇ ਦੱਸਿਆ ਕਿ ਸੰਸਥਾ ਵੱਲੋਂ ਸ਼ਹੀਦ ਊਧਮ ਸਿੰਘ ਨਾਲ ਸਬੰਧਤ ਯਾਦਾਂ ਨੂੰ ਇਕੱਠਾ ਕਰਨ ਦਾ ਯਤਨ ਕੀਤਾ ਜਾ ਰਿਹਾ ਹੈ। ਸ਼ਹੀਦ ਦੀਆਂ ਵੱਖ-ਵੱਖ ਸਮਿਆਂ ਦੀਆਂ ਤਸਵੀਰਾਂ ਵੀ ਪ੍ਰਾਪਤ ਕੀਤੀਆਂ ਹਨ। ਇਹ ਸਾਰੀਆਂ ਯਾਦਾਂ ਉਸ ਕਮਰੇ ਵਿਚ ਸਥਾਪਿਤ ਕੀਤੀਆਂ ਜਾਣਗੀਆਂ, ਜਿੱਥੇ ਕਦੇ ਊਧਮ ਸਿੰਘ ਰਹਿੰਦਾ ਹੁੰਦਾ ਸੀ। ਭਾਵੇਂ ਇਸ ਕਮਰੇ ਨੂੰ ਨਵੇਂ ਸਿਰੇ ਤੋਂ ਉਸਾਰਿਆ ਗਿਆ ਹੈ ਪਰ ਇਹ ਕਮਰਾ ਉਸੇ ਜਗ੍ਹਾ ‘ਤੇ ਬਣਾਇਆ ਗਿਆ, ਜਿੱਥੇ ਪਹਿਲਾਂ ਕਮਰਾ ਹੁੰਦਾ ਸੀ। ਇੱਥੇ ਉਸ ਦੇ ਨਾਂ ‘ਤੇ ਇਕ ਲਾਇਬਰੇਰੀ ਵੀ ਸਥਾਪਿਤ ਕੀਤੀ ਗਈ ਹੈ। ਊਧਮ ਸਿੰਘ ਨੂੰ 24 ਅਗਸਤ 1907 ਵਿਚ ਸੈਂਟਰਲ ਖਾਲਸਾ ਯਤੀਮਖਾਨਾ ਵਿਖੇ ਸ਼ੇਰ ਸਿੰਘ ਦੇ ਨਾਂ ਨਾਲ ਦਾਖਲ ਕਰਵਾਇਆ ਗਿਆ ਸੀ। ਉਸ ਨੂੰ ਦਾਖਲ ਕਰਨ ਲਈ ਜਿਸ ਰਜਿਸਟਰ ‘ਤੇ ਇਹ ਐਂਟਰੀਆਂ ਦਰਜ ਕੀਤੀਆਂ ਗਈਆਂ ਸਨ, ਉਹ ਰਜਿਸਟਰ ਇੱਥੇ ਅੱਜ ਵੀ ਮੌਜੂਦ ਹੈ। ਉਹ 1919 ਤਕ ਇਸ ਸੰਸਥਾ ਵਿਚ ਰਿਹਾ ਅਤੇ ਜਲ੍ਹਿਆਂਵਾਲਾ ਬਾਗ ਕਤਲੇਆਮ ਤੋਂ ਬਾਅਦ ਇੱਥੋਂ ਚਲਿਆ ਗਿਆ ਸੀ। 1933 ਤਕ ਉਹ ਅੰਮ੍ਰਿਤਸਰ ਵਿਚ ਹੀ ਰਿਹਾ।