ਚੰਦਰ ਪ੍ਰਕਾਸ਼ ਕਾਲੜਾ
ਜਲਾਲਾਬਾਦ,19 ਅਗਸਤ
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਪੰਜਾਬ ਦੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੇ ਵਿਧਾਨ ਸਭਾ ਹਲਕਾ ਜਲਾਲਾਬਾਦ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਨੇਤਾਵਾਂ ਵਿਚਾਲੇ ਗੁੱਟਬਾਜ਼ੀ ਕਾਰਨ ਬੀਤੇ ਕਰੀਬ 4 ਮਹੀਨਿਆਂ ਤੋਂ ਐਫਸੀਆਈ ਏਜੰਸੀ ਦੀ ਕਣਕ ਦੀ ਲੋਡਿੰਗ ਨਾ ਹੋਣ ਕਾਰਨ ਜਿੱਥੇ ਰਾਈਸ ਮਿੱਲਰਾਂ ਨੂੰ ਡਿੱਪੂ ਵਿਚ ਥਾਂ ਦੀ ਭਾਰੀ ਘਾਟ ਦਾ ਸਾਹਮਣਾ ਕਰਨਾ ਪੈ ਰਿਹਾ ਸੀ, ਉਥੇ ਅੱਜ ਸਿਵਲ ਅਤੇ ਪੁਲੀਸ ਪ੍ਰਸ਼ਾਸਨ ਦੀ ਅਗਵਾਈ ਵਿੱਚ ਸਪੈਸ਼ਲ ਲੋਡਿੰਗ ਦਾ ਕੰਮ ਚਾਲੂ ਹੋ ਗਿਆ।
ਜਲਾਲਾਬਾਦ ਟਰੱਕ ਯੂਨੀਅਨ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਨੇਤਾ ਜਗਸੀਰ ਸਿੰਘ ਬੱਬੂ ਜੈਮਲਵਾਲਾ ਦਰਮਿਆਨ ਚੱਲ ਰਹੇ ਵਿਵਾਦ ਦੇ ਮੱਦੇਨਜ਼ਰ ਅੱਜ ਜਲਾਲਾਬਾਦ ਸ਼ਹਿਰ ਨੂੰ ਹਾਈ ਸਕਿਉਰਿਟੀ ਜ਼ੋਨ ਵਿਚ ਤਬਦੀਲ ਕਰ ਦਿੱਤਾ ਗਿਆ। ਇਸ ਦੌਰਾਨ ਸ਼ਹਿਰ ਦੇ ਵੱਖ ਵੱਖ ਚੌਰਾਹਿਆਂ ’ਤੇ ਸਖਤ ਨਾਕੇਬੰਦੀ ਕੀਤੀ ਗਈ ਸੀ। ਪੰਜਾਬ ਪੁਲੀਸ ਤੋਂ ਇਲਾਵਾ ਬੀ.ਐਸ.ਐਫ. ਦੇ ਜਵਾਨਾਂ ਨੇ ਆਪਣੀ ਨਿਗਰਾਨੀ ਵਿਚ ਸਵੇਰੇ ਕਰੀਬ 6 ਵਜੇ ਤੋਂ ਐਫਸੀਆਈ ਦੇ ਮੁੱਖ ਡਿੱਪੂ ਤੋਂ ਕਣਕ ਦੀ ਸਪੈਸ਼ਲ ਲੋਡਿੰਗ ਸ਼ੁਰੂ ਕਰਵਾਈ। ਇਸ ਮੌਕੇ ਜ਼ਿਲਾ ਫਾਜ਼ਿਲਕਾ ਦੇ ਡਿਪਟੀ ਕਮਿਸ਼ਨਰ ਡਾ.ਬਸੰਤ ਗਰਗ, ਜ਼ਿਲ੍ਹਾ ਪੁਲੀਸ ਕਪਤਾਨ ਅਮਰ ਸਿੰਘ ਚਹਿਲ, ਐਸਡੀਐਮ ਜਲਾਲਾਬਾਦ ਵਿਪੁਲ ਉਜਵਲ, ਡੀ.ਐਸਪੀ.ਸੁਲੱਖਣ ਸਿੰਘ, ਤਹਿਸੀਲਦਾਰ ਬਲਵਿੰਦਰਪਾਲ ਸਿੰਘ ਅਤੇ ਹੋਰ ਪ੍ਰਸ਼ਾਸਨਿਕ ਅਧਿਕਾਰੀ ਮੌਜੂਦ ਸਨ।
ਦੱਸਣਯੋਗ ਹੈ ਕਿ ਬੀਤੀ 13 ਜੁਲਾਈ ਨੂੰ ਤਰਨਜੀਤ ਸਿੰਘ ਨਾਮੀ ਠੇਕੇਦਾਰ ਨੇ ਐਫਸੀਆਈ ਵਿਚ ਰੇਲਵੇ ਲੋਡਿੰਗ ਦਾ ਟਂੈਡਰ ਪਾਇਆ ਸੀ,ਜਿਸ ਵਿੱਚ ਜਗਸੀਰ ਸਿੰਘ ਬੱਬੂ ਜੈੇਮਲਵਾਲਾ ਜੋ ਕਿ ਟਰੱਕ ਯੂਨੀਅਨ ਦੇ ਸਾਬਕਾ ਪ੍ਰਧਾਨ ਵੀ ਰਹਿ ਚੁੱਕੇ ਹਨ, ਹਿੱਸੇਦਾਰ ਹਨ। ਇਸ ਬਾਬਤ ਜਲਾਲਾਬਾਦ ਦੇ ਅਕਾਲੀ ਨੇਤਾਵਾਂ ਦੇ ਆਪਸੀ ਵਿਵਾਦ ਦੇ ਚਲਦੇ ਬੀਤੇ ਕਰੀਬ 4 ਮਹੀਨੇ ਪਹਿਲਾਂ ਕਣਕ ਦੇ ਸੀਜਨ ਵਿਚ ਟਰੱਕ ਯੂਨੀਅਨ ਦੇ ਪ੍ਰਧਾਨ ਬੱਬੂ ਜੈਮਲਵਾਲਾ ਨੂੰ ਉਨ੍ਹਾਂ ਦੇ ਅਹੁਦੇ ਤੋਂ ਹਟਾ ਕੇ ਸੱਤ ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ।
ਪ੍ਰਾਪਤ ਜਾਣਕਾਰੀ ਅਨੁਸਾਰ ਸਾਲ 2007 ਤੋਂ ਲੈ ਕੇ ਅਪਰੈਲ 2014 ਤਕ ਰੇਲਵੇ ਲੋਡਿੰਗ ਦੇ ਢੋਅ-ਢੁਆਈ ਦੇ ਟੈਂਡਰ ਤਰਨਜੀਤ ਸਿੰਘ ਠੇਕੇਦਾਰ ਦੇ ਕੋਲ ਹੋਣ ਕਾਰਨ ਅਤੇ ਸ੍ਰੀ ਜੈਮਲਵਾਲਾ ਨੂੰ ਉਨ੍ਹਾਂ ਦੇ ਅਹੁਦੇ ਤੋਂ ਹਟਾਉਣ ਦੇ ਚਲਦੇ ਅਤੇ ਅਕਾਲੀ ਨੇਤਾਵਾਂ ਦੀ ਆਪਸੀ ਗੁੱਟਬਾਜ਼ੀ ਕਾਰਨ ਬੀਤੇ 4 ਮਹੀਨੇ ਤੋਂ ਸਪੈਸ਼ਲ ਲੋਡਿੰਗ ਦਾ ਕੰਮ ਬੰਦ ਹੋਣ ਕਾਰਨ ਰਾਈਸ ਮਿੱਲਰਾਂ ਅਤੇ ਖੁਰਾਕ ਏਜੰਸੀਆਂ ਨੂੰ ਕਾਫੀ ਨੁਕਸਾਨ ਸਹਿਣ ਕਰਨਾ ਪਿਆ ਹੈ। ਇਹ ਮਾਮਲਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਧਿਆਨ ਵਿਚ ਲਿਆਉਣ ਦੇ ਬਾਅਦ ਵੀ ਅਕਾਲੀ ਨੇਤਾਵਾਂ ਦੀ ਆਪਸੀ ਗੁੱਟਬਾਜ਼ੀ ਨਹੀਂ ਰੁਕੀ।
ਸਪੈਸ਼ਲ ਲੋਡਿੰਗ ਦਾ ਕੰਮ ਬੰਦ ਹੋਣ ਕਾਰਨ ਉਕਤ ਵਿਵਾਦ ਦੇ ਹੱਲ ਨੂੰ ਲੈ ਕੇ ਜਗਸੀਰ ਸਿੰਘ ਬੱਬੂ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੀ ਸ਼ਰਨ ਵਿਚ ਜਾਣਾ ਪਿਆ। ਅਦਾਲਤ ਦੇ ਹੁਕਮਾਂ ਤੋਂ ਬਾਅਦ ਅੱਜ ਸਿਵਲ ਅਤੇ ਪੁਲੀਸ ਪ੍ਰਸ਼ਾਸਨ ਦੀ ਮੌਜੂਦਗੀ ਵਿੱਚ ਸਪੈਸ਼ਲ ਰੇਲਵੇ ਲੋਡਿੰਗ ਦਾ ਕੰਮ ਸ਼ੁਰੂ ਹੋਇਆ।
ਉਧਰ, ਦੂਜੇ ਪਾਸੇ ਅੱਜ ਜਿਵੇਂ ਹੀ ਸਪੈਸ਼ਲ ਲੋਡਿੰਗ ਦਾ ਕੰਮ ਸ਼ੁਰੂ ਹੋਇਆ ਤਾਂ ਫਿਰੋਜ਼ਪੁਰ ਹਲਕੇ ਤੋਂ ਲੋਕ ਸਭਾ ਮੈਂਬਰ ਸ਼ੇਰ ਸਿੰਘ ਘੁਬਾਇਆ ਖੁਦ ਐਫਸੀਆਈ ਦੇ ਮੁੱਖ ਡਿੱਪੂ ਵਿੱਚ ਪਹੁੰਚੇ। ਉਨ੍ਹਾਂ ਦੋਸ਼ ਲਾਇਆ ਕਿ ਬਾਹਰੀ ਠੇਕੇਦਾਰ ਟਰੱਕ ਆਪਰੇਟਰਾਂ ਨੂੰ ਬਣਦਾ ਕਿਰਾਇਆ ਨਹੀਂਂ ਦੇ ਰਹੇ ਹਨ ਅਤੇ ਉਹ ਆਪਰੇਟਰਾਂ ਨੂੰ ਉਨ੍ਹਾਂ ਦਾ ਬਣਦਾ ਹੱਕ ਦਿਵਾਉਣ ਦੇ ਬਾਅਦ ਸਪੈਸ਼ਲ ਲੋਡਿੰਗ ਦਾ ਕੰਮ ਚੱਲਣ ਦੇਣਗੇ।
ਟਰੱਕ ਯੂਨੀਅਨ ਦੇ ਸਾਬਕਾ ਪ੍ਰਧਾਨ ਜਗਸੀਰ ਸਿੰਘ ਬੱਬੂ ਜੈਮਲਵਾਲਾ ਨੇ ਇਸ ਨੂੰ ਟਰੱਕ ਆਪਰੇਟਰਾਂ ਦੀ ਵੱਡੀ ਜਿੱਤ ਕਰਾਰ ਦਿੰਦਿਆਂ ਕਿਹਾ ਕਿ 75 ਫੀਸਦੀ ਟਰੱਕ ਆਪਰੇਟਰਾਂ ਤੋਂ ਇਲਾਵਾ ਉਨ੍ਹਾਂ ਨੂੰ ਟਰਾਲੀ ਯੂਨੀਅਨ ਦਾ ਵੀ ਪੂਰਾ ਸਮਰਥਨ ਹੈ ਅਤੇ ਕਿਰਾਏ ਨੂੰ ਲੈ ਕੇ ਕਿਸੇ ਵੀ ਟਰਾਲੀ ਜਾਂ ਟਰੱਕ ਅਪਰੇਟਰ ਨੂੰ ਕੋਈ ਸਮੱਸਿਆ ਨਹੀਂ ਹੈ। ਇਸ ਬਾਰੇ ਜਦੋਂ ਡਿਪਟੀ ਕਮਿਸ਼ਨਰ ਡਾ.ਬਸੰਤ ਗਰਗ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਦੱਸਿਆ ਕਿ ਸਪੈਸ਼ਲ ਲੋਡਿੰਗ ਦਾ ਕੰਮ ਸ਼ਾਂਤਮਈ ਢੰਗ ਨਾਲ ਚੱਲ ਰਿਹਾ ਹੈ।