ਬਲਵਿੰਦਰ ਜੰਮੂ/ਟ੍ਰਿਬਿਊਨ ਨਿਊਜ਼ ਸਰਵਿਸ
ਨਵੀਂ ਦਿੱਲੀ,6 ਅਗਸਤ
ਕੇਂਦਰ ਸਰਕਾਰ ਵੱਲੋਂ ਖੇਤੀਬਾੜੀ ਸੈਕਟਰ ਨੂੰ ਬਿਜਲੀ ਜ਼ਰੂਰੀ ਸੇਵਾਵਾਂ ਦੇ ਘੇਰੇ ਵਿਚ ਲਿਆਉਣ ਲਈ ਕਦਮ ਚੁੱਕੇ ਜਾਣਗੇ । ਗਰਿੱਡ ਫੇਲ੍ਹ ਹੋਣ ਵਰਗੀ ਘਟਨਾ ਨੂੰ ਮੁੜ ਵਾਪਰਨ ਤੋਂ ਰੋਕਣ ਲਈ ਕੇਂਦਰ ਅਤੇ ਸੂਬਿਆਂ ਦੇ ਆਪਸੀ ਮਿਲਵਰਤਣ ’ਤੇ ਜ਼ੋਰ ਦਿੱਤਾ ਜਾਵੇਗਾ। ਪੰਜਾਬ ਨੇ ਕੇਂਦਰ ਕੋਲੋਂ ਮੰਗ ਕੀਤੀ ਕਿ ਸੂਬੇ ਦੀ ਬਿਜਲੀ ਟਰਾਂਸਮਿਸ਼ਨ ਦੀ ਸਮਰੱਥਾ ਵਧਾਉਣ ਵਿਚ ਮਦਦ ਕੀਤੀ ਜਾਵੇ। ਝੋਨਾ ਪਾਲਣ ਲਈ ਪੰਜਾਬ ਨੇ ਇਕ ਹਜ਼ਾਰ ਮੈਗਾਵਾਟ ਵਾਧੂ ਬਿਜਲੀ ਵੀ ਮੰਗੀ ਹੈ। ਕੇਂਦਰੀ ਬਿਜਲੀ ਮੰਤਰੀ ਵੀਰੱਪਾ ਮੋਇਲੀ ਨੇ ਅੱਠ ਸੂਬਿਆਂ ਦੇ ਮੁੱਖ ਮੰਤਰੀਆਂ ਅਤੇ ਬਿਜਲੀ ਮੰਤਰੀਆਂ ਤੇ ਸੀਨੀਅਰ ਅਧਿਕਾਰੀਆਂ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ 30 ਅਤੇ 31 ਜੁਲਾਈ ਵਰਗੀ ਗਰਿੱਡ ਫੇਲ੍ਹ ਹੋਣ ਦੀ ਘਟਨਾ ਰੋਕਣ ਲਈ ਮਾਹਿਰਾਂ ਦੀ ਟੀਮ ਕੰਮ ਕਰ ਰਹੀ ਹੈ। ਇਸ ਬਾਰੇ ਤਕਨੀਕੀ ਮਾਹਿਰਾਂ ਦੀ ਕਮੇਟੀ ਬਣਾਈ ਗਈ ਹੈ ਜਿਸ ਦੀ ਰਿਪੋਰਟ ਆਉਣ ਤੋਂ ਬਾਅਦ ਹੋਰ ਕਦਮ ਚੁੱਕੇ ਜਾਣਗੇ। ਉਂਜ ਵੀ ਕੇਂਦਰ ਸਰਕਾਰ ਇਸ ਮਾਮਲੇ ਵਿਚ ਸੂਬਿਆਂ ਦੀ ਤਕਨੀਕੀ ਤੇ ਹੋਰ ਮਦਦ ਕਰਨ ਲਈ ਤਿਆਰ ਹੈ। ਸਰਕਾਰ ਬਿਜਲੀ ਸਪਲਾਈ ਨੂੰ ਰੇਲਵੇ ਵਾਂਗ ਹੀ ਜ਼ਰੂਰੀ ਸੇਵਾਵਾਂ ਦੇ ਅਧਿਕਾਰ ਖੇਤਰ ਵਿਚ ਲਿਆਉਣਾ ਚਾਹੁੰਦੀ ਹੈ ਤਾਂ ਜੋ ਕਿਸਾਨਾਂ ਨੂੰ ਨਿਰਵਿਘਨ ਬਿਜਲੀ ਸਪਲਾਈ ਕੀਤੀ ਜਾਵੇ।
ਸੂਬਿਆਂ ਦੇ ਪ੍ਰਤੀਨਿਧਾਂ ਨੇ ਭਰੋਸਾ ਦਿੱਤਾ ਕਿ ਉਤਰੀ ਗਰਿੱਡ ਅਤੇ ਸੂਬੇ ਬਿਜਲੀ ਦੀ ਵੱਧ ਸਪਲਾਈ ਲੈਣ ਸਮੇਂ ਸਹਿਯੋਗ ਕਰਨਗੇ ਅਤੇ ਫੌਰੀ ਤੌਰ ’ਤੇ ਸੂਚਿਤ ਕਰਨਗੇ ਤੇ ਨਿਰਧਾਰਤ ਕੋਟਾ ਹੀ ਲੈਣਗੇ। ਪੰਜਾਬ ਦੇ ਮੁੱਖ ਮੰਤਰੀ ਵੱਲੋਂ ਮੀਟਿੰਗ ਵਿਚ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਸੂਬੇ ਦਾ ਪੱਖ ਪੇਸ਼ ਕਰਦਿਆਂ ਕਿਹਾ ਕਿ ਗਰਿੱਡ ਫੇਲ੍ਹ ਹੋਣ ਲਈ ਪੰਜਾਬ ਨੂੰ ਜ਼ਿੰਮੇਵਾਰ ਨਹੀਂ ਠਹਿਰਾਇਆ ਜਾ ਸਕਦਾ ਕਿਉਂਕਿ ਇਸ ਨੇ ਆਪਣੇ ਹਿੱਸੇ ਨਾਲੋਂ ਥੋੜ੍ਹੀ ਵੱਧ ਬਿਜਲੀ ਜ਼ਰੂਰੀ ਲਈ ਹੈ ਪਰ ਇਸ ਮਾਮਲੇ ਵਿਚ ਹਰਿਆਣਾ ਅਤੇ ਉਤਰ ਪ੍ਰਦੇਸ਼ ਕਾਫੀ ਅੱਗੇ ਹਨ। ਉਨ੍ਹਾਂ ਕਿਹਾ ਕਿ ਇਸ ਵਾਰ ਮੌਨਸੂਨ ਦੇ ਸੀਜ਼ਨ ਵਿਚ ਮੀਂਹ ਬਹੁਤ ਘੱਟ ਪਏ ਹਨ ਤੇ ਇਕ ਤਰ੍ਹਾਂ ਔੜ ਵਰਗੀ ਹਾਲਤ ਹੈ। ਕਿਸਾਨ ਆਪਣੇ ਸਾਧਨਾਂ ਨਾਲ ਝੋਨੇ ਪਾਲਣ ਲਈ ਸਿਰਤੋੜ ਯਤਨ ਕਰ ਰਹੇ ਹਨ। ਕੇਂਦਰ ਆਪਣੇ ਕੋਟੇ ਵਿਚੋਂ ਪੰਜਾਬ ਨੂੰ ਸਤੰਬਰ ਮਹੀਨੇ ਤਕ ਇਕ ਹਜ਼ਾਰ ਵੱਧ ਬਿਜਲੀ ਸਪਲਾਈ ਦੇਵੇ। ਉਨ੍ਹਾਂ ਦੱਸਿਆ ਕਿ ਪੰਜਾਬ ਕੋਲ ਕੇਵਲ 5400 ਮੈਗਾਵਾਟ ਬਿਜਲੀ ਟਰਾਂਸਮਿਸ਼ਨ ਦੀ ਸਮਰੱਥਾ ਹੈ, ਇਸ ਨੂੰ ਵਧਾ ਕੇ 6000 ਮੈਗਾਵਾਟ ਕਰਨ ਵਿਚ ਕੇਂਦਰ ਮਦਦ ਕਰੇ।
ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਕਿਹਾ ਕਿ ਕੇਂਦਰ ਸਰਕਾਰ ਨੂੰ ਚਾਹੀਦਾ ਹੈ ਕਿ ਉਤਰੀ ਗਰਿੱਡ ਦੀ ਸਮਰੱਥਾ ਵਿਚ ਵਾਧਾ ਕੀਤਾ ਜਾਵੇ। ਉਤਰੀ ਗਰਿਡ ਤੋਂ ਬਿਜਲੀ ਦੀ 765 ਕੇ.ਵੀ.ਟਰਾਂਸਮਿਸ਼ਨ 400 ਕੇ.ਵੀ.ਦੇ ਖੇਤਰੀ ਲਿੰਕਾਂ ਰਾਹੀਂ ਕੀਤੀ ਜਾਂਦੀ ਹੈ ਪਰ ਇਹ ਲਿੰਕ ਵੀ 765 ਕੇ.ਵੀ.ਟਰਾਂਸਮਿਸ਼ਨ ਦੇ ਹੋਣੇ ਚਾਹੀਦੇ ਹਨ। ਹਰਿਆਣਾ ਦੇ ਬਿਜਲੀ ਮੰਤਰੀ ਦੀ ਥਾਂ ਆਏ ਮੁੱਖ ਪਾਰਲੀਮਾਨੀ ਸਕੱਤਰ ਅਸ਼ੋਕ ਭਿਆਨਾ ਨੇ ਸੂਬੇ ਦੀ ਨੁਮਾਇੰਦਗੀ ਕੀਤੀ ਤੇ ਸੂਬੇ ਨੂੰ ਹੋਰ ਬਿਜਲੀ ਦੇਣ ਦੀ ਮੰਗ ਕਰਦਿਆਂ ਕਿਹਾ ਕਿ ਸੂਬਾ ਸਰਕਾਰ ਬਿਜਲੀ ਗਰਿੱਡ ਫੇਲ੍ਹ ਹੋਣ ਤੋਂ ਰੋਕਣ ਲਈ ਪੂਰਾ ਸਹਿਯੋਗ ਦੇਵੇਗੀ। ਦਿੱਲੀ ਦੀ ਮੁੱਖ ਮੰਤਰੀ ਸ਼ੀਲਾ ਦੀਕਸ਼ਿਤ ਤੇ ਹੋਰ ਸੂਬਿਆਂ ਦੇ ਬਿਜਲੀ ਮੰਤਰੀਆਂ ਅਤੇ ਮੰਤਰੀਆਂ ਨੇ ਵੀ ਆਪਣੇ ਸੂਬਿਆਂ ਦਾ ਪੱਖ ਪੇਸ਼ ਕਰਦਿਆਂ ਗਰਮੀਆਂ ਦੇ ਬਕਾਇਆ ਸੀਜ਼ਨ ਲਈ ਵੱਧ ਬਿਜਲੀ ਦੇਣ ਦੀ ਮੰਗ ਕੀਤੀ।