ਟ੍ਰਿਬਿਊਨ ਨਿਊਜ਼ ਸਰਵਿਸ
ਅਟਾਰੀ, 19 ਸਤੰਬਰ
ਕੇਂਦਰ ਸਰਕਾਰ ਵੱਲੋਂ ਡੀਜ਼ਲ ਕੀਮਤਾਂ ਵਿਚ ਵਾਧਾ ਕਰਨ, ਪਰਚੂਨ ਵਪਾਰ, ਹਵਾਬਾਜ਼ੀ, ਟੀ.ਵੀ. ਚੈਨਲਾਂ, ਕੇਬਲ ਅਤੇ ਚਾਰ ਵੱਡੇ ਜਨਤਕ ਭਲਾਈ ਅਦਾਰਿਆਂ ਵਿਚ ਵਿਦੇਸ਼ੀ ਕੰਪਨੀਆਂ ਨੂੰ ਨਿਵੇਸ਼ ਕਰਨ ਦੀ ਖੁੱਲ੍ਹ ਦੇਣ ਵਿਰੁੱਧ ਸਰਹੱਦੀ ਖੇਤਰ ਅਟਾਰੀ ਦੇ ਸੈਂਕੜੇ ਕਿਸਾਨਾਂ ਤੇ ਮਜ਼ਦੂਰਾਂ ਨੇ ਅੱਜ ਬਿਜਲੀਘਰ ਅਟਾਰੀ ਵਿਖੇ ਧਰਨਾ ਦੇ ਕੇ ਰੋਸ ਪ੍ਰਦਰਸ਼ਨ ਕੀਤਾ ਅਤੇ ਬੱਸ ਅੱਡੇ ’ਤੇ ਕੇਂਦਰ ਸਰਕਾਰ ਦਾ ਪੁਤਲਾ ਸਾੜਿਆ।
ਧਰਨੇ ਨੂੰ ਸੰਬੋਧਨ ਕਰਦਿਆਂ ਬਾਰਡਰ ਏਰੀਆ ਸੰਘਰਸ਼ ਕਮੇਟੀ ਦੇ ਜਨਰਲ ਸਕੱਤਰ ਸਾਥੀ ਰਤਨ ਸਿੰਘ ਰੰਧਾਵਾ, ਜਮਹੂਰੀ ਕਿਸਾਨ ਸਭਾ ਦੇ ਸੰਯੁਕਤ ਸਕੱਤਰ ਰਾਜ ਬਲਬੀਰ ਸਿੰਘ ਵੀਰਮ, ਪ੍ਰਿੰ: ਕੁਲਦੀਪ ਸਿੰਘ ਮੁਹਾਵਾ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਡੀਜ਼ਲ ਵਿਚ ਕੀਤੇ ਵਾਧੇ ਨਾਲ ਮਹਿੰਗਾਈ ਵਿਚ ਅਤਿ ਦਾ ਵਾਧਾ ਹੋਵੇਗਾ, ਜਿਸ ਨਾਲ ਮਿਹਨਤੀ ਕਿਸਾਨਾਂ ਅਤੇ ਮਜ਼ਦੂਰਾਂ ਦੀ ਆਮਦਨ ਨੂੰ ਹੋਰ ਖੋਰਾ ਲੱਗੇਗਾ। ਉਨ੍ਹਾਂ ਕਿਹਾ ਕਿ ਪਰਚੂਨ ਵਪਾਰ ਵਿਚ ਬਾਹਰਲੀਆਂ ਕੰਪਨੀਆਂ ਦੇ ਦਾਖਲੇ ਨਾਲ ਜਿੱਥੇ ਮਜ਼ਦੂਰਾਂ-ਕਿਸਾਨਾਂ ਦੀ ਲੁੱਟ ਵਧੇਗੀ, ਉਥੇ ਦੇਸ਼ ਦੇ ਛੇ ਕਰੋੜ ਪਰਿਵਾਰ ਬੇਰੁਜ਼ਗਾਰੀ ਅਤੇ ਕੰਗਾਲੀ ਵੱਲ ਧੱਕੇ ਜਾਣਗੇ।
ਉਨ੍ਹਾਂ ਮੰਗ ਕੀਤੀ ਕਿ ਡੀਜ਼ਲ ਤੇ ਖਾਦਾਂ ਦੀਆਂ ਕੀਮਤਾਂ ਵਿਚ ਕੀਤਾ ਵਾਧਾ ਵਾਪਸ ਲਿਆ ਜਾਵੇ, ਪਰਚੂਨ ਵਪਾਰ ਵਿਚ ਸਿੱਧੇ ਵਿਦੇਸ਼ੀ ਨਿਵੇਸ਼ ਦੀ ਨੀਤੀ ਨੂੰ ਰੱਦ ਕੀਤਾ ਜਾਵੇ, ਕਿਸਾਨਾਂ ਨੂੰ ਲਾਹੇਵੰਦ ਭਾਅ ਦਿੱਤੇ ਜਾਣ, ਮਜ਼ਦੂਰਾਂ ਦੀ ਸ਼ਗਨ ਸਕੀਮ, 6 ਮਰਲੇ ਪਲਾਟ ਤੇ ਪੈਨਸ਼ਨ ਵਿਚ ਵਾਧਾ ਕੀਤਾ ਜਾਵੇ। ਅੱਜ ਦੇ ਧਰਨੇ ਨੂੰ ਬਾਬਾ ਅਰਜਨ ਸਿੰਘ, ਬੂਟਾ ਸਿੰਘ ਮੋਦੇ, ਵਿਰਸਾ ਸਿੰਘ ਮੁਹਾਵਾ, ਬੂਟਾ ਸਿੰਘ ਰੋੜਾਂਵਾਲਾ, ਬਲਜੀਤ ਸਿੰਘ, ਪੂਰਨ ਸਿੰਘ ਧਨੋਆ, ਮਿਲਖਾ ਸਿੰਘ, ਕੁਲਵਿੰਦਰ ਸਿੰਘ, ਮੁਹਾਂ ਸਿੰਘ ਵਿਰਸਾ, ਉੱਤਮ ਸਿੰਘ ਸਾਬਕਾ ਏ.ਡੀ.ਸੀ. ਆਦਿ ਨੇ ਸੰਬੋਧਨ ਕੀਤਾ।