ਪੱਤਰ ਪ੍ਰੇਰਕ
ਮਾਹਿਲਪੁਰ, 13 ਸਤੰਬਰ
ਇਥੇ ਅੱਜ ਤੜਕੇ ਮਾਹਿਲਪੁਰ ਗੜ੍ਹਸ਼ੰਕਰ ਰੋਡ ’ਤੇ ਮਾਹਿਲਪੁਰ ਥਾਣੇ ਅੱਗੇ ਗੜ੍ਹਸ਼ੰਕਰ ਵਲੋਂ ਆ ਰਿਹਾ ਮੁਰਗੀਆਂ ਦੇ ਹਜ਼ਾਰਾਂ ਬੱਚਿਆਂ ਨਾਲ ਭਰਿਆ ਟਰੱਕ ਹੁਸ਼ਿਆਰਪੁਰ ਵੱਲੋਂ ਤੂੜੀ ਨਾਲ ਭਰੀ ਟਰੈਕਟਰ ਟਰਾਲੀ ਨਾਲ ਅਚਾਨਕ ਟਕਰਾਉਣ ਕਾਰਨ ਬੇਕਾਬੂ ਹੋ ਕੇ ਥਾਣੇ ਦੀ ਕੰਧ ਪਾੜਦਾ ਹੋਇਆ ਅੰਦਰ ਧੱਸ ਗਿਆ ਜਿਸ ਸਦਕਾ ਮੁਰਗੀਆਂ ਦੇ ਹਜ਼ਾਰਾਂ ਬੱਚਿਆਂ (ਚੂਚਿਆਂ) ਦੀ ਮੌਤ ਹੋ ਗਈ ਤੇ ਡਰਾਈਵਰ ਸਮੇਤ ਉਸ ਦਾ ਇਕ ਸਾਥੀ ਗੰਭੀਰ ਜ਼ਖਮੀ ਹੋ ਗਏ। ਤੂੜੀ ਨਾਲ ਭਰੀ ਟਰਾਲੀ ਬੋਰੇ ਪਾਟ ਜਾਣ ਕਾਰਨ ਸੜਕ ਵਿੱਚ ਖਿੱਲਰ ਗਈ ਜਿਸ ਸਦਕਾ ਸੜਕ ਲਗਪਗ ਇੱਕ ਘੰਟਾ ਪੂਰੀ ਤਰ੍ਹਾਂ ਬੰਦ ਰਹੀ। ਸ਼ਹਿਰ ਦੇ ਲੋਕਾਂ ਅਤੇ ਪੁਲੀਸ ਮੁਲਾਜ਼ਮਾਂ ਵੱਲੋਂ ਬੁਰੀ ਤਰ੍ਹਾਂ ਗੰਭੀਰ ਰੂਪ ਜ਼ਖ਼ਮੀ ਹੋਏ ਡਰਾਈਵਰ ਅਤੇ ਉਸ ਦੇ ਸਾਥੀ ਨੂੰ ਗੱਡੀ ਵਿੱਚੋਂ ਮੁਸ਼ਕਲ ਨਾਲ ਬਾਹਰ ਕੱਢ ਕੇ ਸਿਵਲ ਹਸਪਤਾਲ ਦਾਖਲ ਕਰਵਾਇਆ ਜਿਥੇ ਡਾਕਟਰਾਂ ਨੇ ਇਨ੍ਹਾਂ ਨੂੰ ਇਲਾਜ ਲਈ ਹੁਸ਼ਿਆਰਪੁਰ ਦੇ ਸਿਵਲ ਹਸਪਤਾਲ ਭੇਜ ਦਿੱਤਾ। ਪੁਲੀਸ ਵਲੋਂ ਲੋਕਾਂ ਦੀ ਸਹਾਇਤਾ ਨਾਲ ਸੜਕ ਵਿੱਚ ਖਿੱਲਰੀ ਤੂੜੀ ਅਤੇ ਮਰ ਚੁੱਕੇ ਚੂਚੇ ਬੱਚਿਆਂ ਨੂੰ ਸੜਕ ਵਿੱਚੋਂ ਪਰੇ ਕਰਵਾ ਕੇ ਪੂਰੇ ਇੱਕ ਘੰਟੇ ਬਾਅਦ ਜਾਮ ਖੁਲ੍ਹਵਾਇਆ।
ਪ੍ਰਾਪਤ ਜਾਣਕਾਰੀ ਅਨੁਸਾਰ ਹਰਿਆਣਾ ਦੇ ਜੀਂਦ ਲਾਗਲੇ ਪਿੰਡ ਸਫੀਦੋਂ ਦੇ ਵਾਸੀ ਸੰਜੇ ਨੇ ਜ਼ਖਮੀ ਹਾਲਤ ਵਿੱਚ ਦੱਸਿਆ ਕਿ ਉਹ ਆਪਣੇ ਪਿੰਡ ਦੇ ਹੀ ਸਾਥੀ ਰਕੇਸ਼ ਕੁਮਾਰ ਨਾਲ ਮੁਰਗੀਆਂ ਦੇ ਬੱਚਿਆਂ ਨਾਲ ਭਰੀ ਗੱਡੀ ਨੰਬਰ ਐਚ ਆਰ 56- 7790 ਵਿੱਚ ਹਰਿਆਣਾ ਤੋਂ ਸ੍ਰੀਨਗਰ ਜਾ ਰਹੇ ਸਨ। ਉਸ ਨੇ ਦੱਸਿਆ ਕਿ ਉਹ ਜਦ ਤੜਕਸਾਰ ਮਾਹਿਲਪੁਰ ਸ਼ਹਿਰ ਵਿੱਚੋਂ ਲੰਘ ਰਹੇ ਸਨ ਕਿ ਹੁਸ਼ਿਆਰਪੁਰ ਵਲੋਂ ਤੂੜੀ ਨਾਲ ਲੱਦੀ ਟਰਾਲੀ ਨਾਲ ਉਨ੍ਹਾਂ ਦੀ ਗੱਡੀ ਖਹਿ ਗਈ ਜਿਸ ਸਦਕਾ ਗੱਡੀ ਬੇਕਾਬੂ ਹੋ ਕੇ ਮਾਹਿਲਪੁਰ ਦੇ ਥਾਣੇ ਦੀ ਕੰਧ ਢਾਉਂਦੀ ਹੋਈ ਥਾਣੇ ਅੰਦਰ ਜਾ ਵੜੀ ਜਿਸ ਸਦਕਾ ਗੱਡੀ ਵਿੱਚ ਲੱਦੇ ਹਜ਼ਾਰਾਂ ਬੱਚਿਆਂ ਦੀ ਮੌਤ ਹੋ ਗਈ ਅਤੇ ਉਹ ਦੋਵੇਂ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ। ਉਸਨੇ ਦੱਸਿਆ ਕਿ ਰਕੇਸ਼ ਦੀ ਹਾਲਤ ਗੰਭੀਰ ਬਣੀ ਹੋਈ ਹੈ। ਉਸ ਦੇ ਵੀ ਗੰਭੀਰ ਸੱਟਾਂ ਲੱਗੀਆਂ ਹਨ। ਥਾਣਾ ਮਾਹਿਲਪੁਰ ਦੀ ਪੁਲੀਸ ਵੱਲੋਂ ਦੋਵੇਂ ਵਾਹਨ ਕਬਜ਼ੇ ਵਿੱਚ ਲੈ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।