ਅੰਕੁਸ਼ ਭੰਡਾਰੀ
ਫ਼ਿਰੋਜ਼ਪੁਰ, 19 ਸਤੰਬਰ
ਫ਼ਿਰੋਜ਼ਪੁਰ ਦੇ ਕਸਬਾ ਮੱਲਾਂਵਾਲਾ ਅਧੀਨ ਆਉਂਦੇ ਪਿੰਡ ਦੁਲੇ ਵਾਲਾ ਕੋਲੋਂ ਲੰਘਦੀ ਰੋਡਾ ਡਰੇਨ ਦੇ ਓਵਰਫਲੋ ਹੋ ਜਾਣ ਕਾਰਨ ਨੇੜਲੇ ਅੱਧਾ ਦਰਜਨ ਤੋਂ ਵੱਧ ਪਿੰਡਾਂ ਦੇ ਕਿਸਾਨਾਂ ਦੀ ਹਜ਼ਾਰਾਂ ਏਕੜ ਫਸਲ ਪਾਣੀ ਵਿਚ ਡੁੱਬ ਗਈ ਹੈ। ਡਰੇਨ ਨਾਲ ਲੱਗਦੀ ਜ਼ਮੀਨ ‘ਤੇ ਕਾਸ਼ਤ ਕਰਦੇ ਕਿਸਾਨਾਂ ਵਿਚ ਇਸ ਗੱਲ ਦਾ ਰੋਸ ਹੈ ਕਿ ਪਹਿਲਾ 50 ਫੁੱਟ ਦੀ ਚੋੜੀ ਇਹ ਡਰੇਨ ਹੋਲੀ-ਹੋਲੀ 8 ਫੁੱਟ ਦੀ ਰਹਿ ਗਈ, ਜਿਸ ‘ਤੇ ਲੋਕਾਂ ਵੱਲੋਂ ਨਜਾਇਜ਼ ਕਬਜ਼ਾ ਜਮਾਇਆ ਗਿਆ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਨੇ ਵੀ ਇਸ ਡਰੇਨ ਨੂੰ ਅੱਖਂੋ ਪਰੋਖੇ ਕਰ ਰੱਖਿਆ ਸੀ ਅਤੇ ਇਸ ਡਰੇਨ ਦੀ ਸਫਾਈ ਵੱਲ ਉੱਕਾ ਹੀ ਧਿਆਨ ਨਹੀਂ ਦਿੱਤਾ ਗਿਆ, ਜਿਸ ਕਾਰਨ ਡਰੇਨ ਵਿਚ ਕਲਾਲ ਬੂਟੀ ਵਧਣ ‘ਤੇ ਪਾਣੀ ਓਵਰਫਲੋ ਹੋ ਗਿਆ। ਉਨ੍ਹਾਂ ਮੰਗ ਕੀਤੀ ਕਿ ਸਰਕਾਰ ਨੁਕਸਾਨੀ ਫਸਲ ਦਾ ਜਾਇਜ਼ਾ ਲੈ ਕੇ ਤੁਰੰਤ ਮੁਆਵਜਾ ਦੇਵੇ।
ਝੋਨੇ ਦੀ ਫਸਲ ਲਈ ਜਿਥੇ ਮੀਂਹ ਦਾ ਪਾਣੀ ਵਾਰਦਾਨ ਸਾਬਿਤ ਹੁੰਦਾ ਹੈ, ਉਥੇ ਹੀ ਹੁਣ ਪੱਕੇ ਹੋਏ ਝੋਨੇ ‘ਤੇ ਵਾਧੂ ਪਾਣੀ ਦੀ ਪਈ ਮਾਰ ਨੇ ਕਿਸਾਨਾਂ ਦੇ ਚਿਹਰਿਆਂ ਨੂੰ ਮੁਰਝਾ ਦਿੱਤਾ ਹੈ। ਫ਼ਿਰੋਜ਼ਪੁਰ ਦੇ ਕਸਬਾ ਮੱਲਾਂਵਾਲਾ ਅਧੀਨ ਆਉਂਦੇ ਪਿੰਡ ਦੁਲੇ ਵਾਲਾ ਸਮੇਤ ਅੱਧਾ ਦਰਜਨ ਪਿੰਡਾਂ ਕੋਲੋਂ ਲੰਘਦੀ ਰੋਡਾ ਡਰੇਨ ਦੇ ਓਵਰਫਲੋ ਹੋ ਜਾਣ ਕਾਰਣ ਡਰੇਨ ਦੇ ਆਲੇ-ਦੁਆਲੇ 3 ਤੋਂ 4 ਕਿਲੋਮੀਟਰ ਤੱਕ ਖੇਤਾਂ ਵਿਚ ਪਾਣੀ ਭਰ ਗਿਆ, ਜਿਸ ਕਾਰਨ ਖੇਤਾਂ ਵਿਚ ਖੜੀ ਫਸਲ ਨੁਕਸਾਨੀ ਗਈ। ਪਿੰਡ ਕਾਬਲ ਵਾਲਾ, ਦੁੱਲੇ ਵਾਲਾ, ਜੱਗੂ, ਖੋਖਰ ਦੇ ਕਿਸਾਨਾਂ ਅਵਤਾਰ ਸਿੰਘ, ਭਗਵਾਨ ਸਿੰਘ, ਮੁਖਤਿਆਰ ਸਿੰਘ, ਡਾ. ਸੁਰਿੰਦਰ ਸਿੰਘ ਨੇ ਦੱਸਿਆ ਕਿ ਡਰੇਨ ਓਵਰਫਲੋ ਹੋਣ ਕਾਰਨ ਕਿਸਾਨਾਂ ਨੂੰ ਪਾਣੀ ਦੀ ਮਾਰ ਲੱਗੀ ਹੈ। ਨਿਕਾਸੀ ਨਾ ਹੋਣ ਕਾਰਨ ਪਾਣੀ ਹਮੇਸ਼ਾ ਓਵਰਫਲੋ ਹੋ ਕੇ ਖੇਤਾਂ ਵਿਚ ਦਾਖਿਲ ਹੋ ਜਾਂਦਾ ਹੈ। ਕਿਸਾਨਾਂ ਨੇ ਨੁਕਸਾਨੀ ਫਸਲ ਦਾ ਬਣਦਾ ਢੁੱਕਵਾ ਮੁਆਵਜਾ ਦੇਣ ਦੀ ਮੰਗ ਕੀਤੀ ਹੈ।