ਨਵੀਂ ਦਿੱਲੀ, 13 ਸਤੰਬਰ
ਸਰਕਾਰ ਨੇ ਅੱਜ ਡੀਜ਼ਲ ਦੀਆਂ ਕੀਮਤਾਂ ’ਚ 5 ਰੁਪਏ ਫੀ ਲਿਟਰ ਵਾਧਾ ਕਰਨ ਦਾ ਫੈਸਲਾ ਕੀਤਾ ਜੋ ਅੱਜ ਅੱਧੀ ਰਾਤ ਤੋਂ ਲਾਗੂ ਹੋ ਗਿਆ ਜਦ ਕਿ ਪੈਟਰੋਲ, ਮਿੱਟੀ ਦਾ ਤੇਲ ਅਤੇ ਰਸੋਈ ਗੈਸ ਦੀਆਂ ਕੀਮਤਾਂ ਨੂੰ ਨਹੀਂ ਛੂਹਿਆ ਗਿਆ।
ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੀ ਅਗਵਾਈ ਹੇਠ ਸਿਆਸੀ ਮਾਮਲਿਆਂ ਬਾਰੇ ਕੈਬਨਿਟ ਕਮੇਟੀ ਦੀ ਅੱਜ ਸ਼ਾਮੀਂ ਹੋਈ ਮੀਟਿੰਗ ਵਿਚ ਡੀਜ਼ਲ ਦੀ ਕੀਮਤ 5 ਰੁਪਏ ਫੀ ਲਿਟਰ (ਵੈਟ ਨੂੰ ਛੱਡ ਕੇ) ਵਧਾਉਣ ਦਾ ਫੈਸਲਾ ਕੀਤਾ। ਇਹ ਵੀ ਫੈਸਲਾ ਕੀਤਾ ਗਿਆ ਕਿ ਪ੍ਰਤੀ ਪਰਿਵਾਰ ਸਾਲ ’ਚ ਰਿਆਇਤੀ ਦਰਾਂ ’ਤੇ ਰਸੋਈ ਗੈਸ ਸਿਲੰਡਰਾਂ ਦੀ ਗਿਣਤੀ ਛੇ ਰੱਖੀ ਜਾਵੇਗੀ। ਚਾਲੂ ਮਾਲੀ ਸਾਲ ਦੇ ਬਾਕੀ ਬਚਦੇ ਸਮੇਂ ਦੌਰਾਨ ਖਪਤਕਾਰਾਂ ਨੂੰ ਪ੍ਰਤੀ ਪਰਿਵਾਰ ਤਿੰਨ ਸਿਲੰਡਰ ਰਿਆਇਤੀ ਭਾਅ ’ਤੇ ਮਿਲਣਗੇ, ਜਦਕਿ ਇਸ ਤੋਂ ਵਾਧੂ ਸਿਲੰਡਰ ਲਈ ਮਾਰਕੀਟ ਰੇਟ ਅਦਾ ਕਰਨਾ ਪਏਗਾ। ਦਿੱਲੀ ਵਿਚ ਇਸ ਸਮੇਂ ਸਿਲੰਡਰ ਦੀ ਕੀਮਤ 399 ਰੁਪਏ ਹੈ, ਜਦਕਿ ਤੇਲ ਕੰਪਨੀਆਂ ਵੱਲੋਂ ਨਵੀਂ ਮਾਰਕੀਟ ਕੀਮਤ ਨੋਟੀਫਾਈ ਕੀਤੀ ਜਾਵੇਗੀ।
ਡੀਜ਼ਲ ਦੀ ਕੀਮਤ ਵਿਚ ਅੱਜ ਕੀਤੇ ਵਾਧੇ ਦੇ ਬਾਵਜੂਦ ਚਾਲੂ ਮਾਲੀ ਸਾਲ ਦੌਰਾਨ ਡੀਜ਼ਲ ਦੀ ਮਾਰਕੀਟ ਨਾਲੋਂ ਘੱਟ ਕੀਮਤ ’ਤੇ ਵਿਕਰੀ ਕਾਰਨ 1.03 ਲੱਖ ਕਰੋੜ ਰੁਪਏ ਘਾਟਾ ਪੈਣ ਦਾ ਅਨੁਮਾਨ ਹੈ।
ਦਿੱਲੀ ’ਚ ਡੀਜ਼ਲ ਦੀ ਕੀਮਤ 41.32 ਰੁਪਏ ਤੋਂ ਵਧ ਕੇ 46.95 ਰੁਪਏ ਹੋ ਗਈ ਹੈ। ਪੈਟਰੋਲ ਦੀ ਕੀਮਤ ’ਚ ਵੀ 6 ਰੁਪਏ ਫੀ ਲਿਟਰ ਵਾਧਾ ਦਰਕਾਰ ਸੀ ਪਰ ਸਰਕਾਰ ਨੇ ਆਬਕਾਰੀ ਡਿਊਟੀ 5.50 ਰੁਪਏ ਘਟਾ ਕੇ ਘਾਟ ਪੂਰੀ ਕਰ ਦਿੱਤੀ ਹੈ। ਇਸ ਵੇਲੇ ਆਬਕਾਰੀ ਡਿਊਟੀ ਫੀ ਲਿਟਰ 14.78 ਰੁਪਏ ਬਣਦੀ ਹੈ।
ਇਸੇ ਦੌਰਾਨ ਭਲਕੇ ਕੈਬਨਿਟ ਦੀ ਮੀਟਿੰਗ ਹੋ ਰਹੀ ਹੈ ਜਿਸ ਵਿਚ ਹਵਾਬਾਜ਼ੀ ਅਤੇ ਟਰੇਡਿੰਗ ਐਕਸਚੇਂਜ ਵਿਚ ਸਿੱਧੀ ਵਿਦੇਸ਼ੀ ਸਰਮਾਇਆਕਾਰੀ ਨੂੰ ਖੁੱਲ੍ਹ ਦੇਣ ਤੋਂ ਇਲਾਵਾ ਬ੍ਰਾਡਕਾਸਟ ਖੇਤਰ ਦੀਆਂ ਵੱਖ-ਵੱਖ ਵੰਨਗੀਆਂ ਵਿਚ ਸਿੱਧੇ ਵਿਦੇਸ਼ੀ ਨਿਵੇਸ਼ ਦੀ ਹੱਦ ਵਧਾ ਕੇ 74 ਫੀਸਦੀ ਕਰਨ ਦੇ ਪ੍ਰਸਤਾਵਾਂ ਉਪਰ ਚਰਚਾ ਕੀਤੀ ਜਾਵੇਗੀ। ਨੈਸ਼ਨਲ ਐਲੂਮੀਨੀਅਮ ਲਿਮਟਿਡ ਕੰਪਨੀ (ਨੈਲਕੋ), ਸਟੀਲ ਅਥਾਰਟੀ ਆਫ ਇੰਡੀਆ ਲਿਮਟਿਡ (ਸੇਲ) ਅਤੇ ਮਾਈਨਜ਼ ਐਂਡ ਮਿਨਰਜ਼ ਟਰੇਡਿੰਗ ਕਾਰਪੋਰੇਸ਼ਨ (ਐਮ ਐਮ ਟੀ ਸੀ) ਸਣੇ ਸੱਤ ਜਨਤਕ ਕੰਪਨੀਆਂ ’ਚ ਸਰਕਾਰ ਦੀ ਹਿੱਸਾਪੱਤੀ ਵੇਚਣ ਦੇ ਪ੍ਰਸਤਾਵ ’ਤੇ ਵਿਚਾਰ ਕੀਤੀ ਜਾਵੇਗੀ। ਸੂਤਰਾਂ ਅਨੁਸਾਰ ਕੈਬਨਿਟ ਵੱਲੋਂ ਵਿਦੇਸ਼ੀ ਏਅਰਲਾਈਨਜ਼ ਨੂੰ ਭਾਰਤੀ ਹਵਾਬਾਜ਼ੀ ਖੇਤਰ ’ਚ ਆਪਣੀ ਹਿੱਸਾਪੱਤੀ ਵਧਾਉਣ ਦੀ ਤਜਵੀਜ਼ ’ਤੇ ਵੀ ਵਿਚਾਰ ਕੀਤਾ ਜਾਵੇਗਾ। ਇਸ ਵੇਲੇ ਭਾਰਤ ਸਰਕਾਰ ਵੱਲੋਂ ਏਅਰਲਾਈਨ ਕਾਰੋਬਾਰ ਨਾਲ ਜੁੜੀਆਂ ਕੰਪਨੀਆਂ ਨੂੰ ਘਰੇਲੂ ਏਅਰਲਾਈਨਜ਼ ਵਿਚ 49 ਫੀਸਦ ਤਕ ਹਿੱਸਾਪੱਤੀ ਰੱਖਣ ਦੀ ਖੁੱਲ੍ਹ ਦਿੱਤੀ ਹੋਈ ਹੈ। ਸਰਕਾਰ ਨੇ ਜਨਵਰੀ ਵਿਚ ਇਹ ਪ੍ਰਕਿਰਿਆ ਸ਼ੁਰੂ ਕੀਤੀ ਸੀ ਪਰ ਸਰਕਾਰ ਦੀ ਮੁੱਖ ਭਿਆਲ ਤ੍ਰਿਣਮੂਲ ਕਾਂਗਰਸ ਇਸ ਦਾ ਵਿਰੋਧ ਕਰਦੀ ਹੈ। ਇਸ ਤੋਂ ਇਲਾਵਾ ਬ੍ਰਾਡਕਾਸਟ ਖੇਤਰ ਵਿਚ ਇਕਵਾਢਿਓਂ ਸਿੱਧੀ ਵਿਦੇਸ਼ੀ ਸਰਮਾਇਆਕਾਰੀ ਵਧਾ ਕੇ 74 ਫੀਸਦੀ ਤਕ ਕਰਨ ਦੇ ਪ੍ਰਸਤਾਵ ’ਤੇ ਵੀ ਚਰਚਾ ਕੀਤੀ ਜਾਵੇਗੀ। ਇਸ ਵੇਲੇ ਕੇਬਲ ਟੀ ਵੀ ਅਤੇ ਡੀ ਟੀ ਐਚ ਵਿਚ 49 ਫੀਸਦ ਤਕ ਐਫ ਡੀ ਆਈ ਦੀ ਖੁੱਲ੍ਹ ਦਿੱਤੀ ਹੋਈ ਹੈ ਜਦ ਕਿ ਹਿਟਸ (ਹੈੱਡ ਐਂਡ ਇਨ ਸਕਾਈ) ਵਿਚ 74 ਫੀਸਦ ਹੈ।
-ਪੀ.ਟੀ.ਆਈ.
ਟ੍ਰਿਬਿਊਨ ਨਿਊਜ਼ ਸਰਵਿਸ ਅਨੁਸਾਰ ਯੂ.ਪੀ.ਏ.ਦੀਆਂ ਭਾਈਵਾਲ ਅਤੇ ਵਿਰੋਧੀ ਪਾਰਟੀਆਂ ਨੇ ਡੀਜ਼ਲ ਦੀਆਂ ਕੀਮਤਾਂ ਵਿੱਚ ਕੀਤੇ ਵਾਧੇ ਦੀ ਨਿਖੇਧੀ ਕਰਦਿਆਂ ਕੇਂਦਰ ਸਰਕਾਰ ਕੋਲੋਂ ਮੰਗ ਕੀਤੀ ਹੈ ਕਿ ਇਹ ਵਾਧਾ ਤੁਰੰਤ ਵਾਪਸ ਲਿਆ ਜਾਵੇ। ਆਗੂਆਂ ਵੱਲੋਂ ਰਸੋਈ ਗੈਸ ਦੇ ਸਬਸਿਡੀ ਵਾਲੇ ਸਿਲੰਡਰ ਸੀਮਤ ਕਰਨ ਦਾ ਵੀ ਵਿਰੋਧ ਕੀਤਾ ਹੈ। ਯੁੂ.ਪੀ.ਏ.ਸਰਕਾਰ ਵਿੱਚ ਭਾਈਵਾਲ ਤ੍ਰਿਣਾਮੂਲ ਕਾਂਗਰਸ ਦੇ ਸੰਸਦ ਮੈਂਬਰ ਕੁਨਾਲ ਘੋਸ਼ ਨੇ ਡੀਜ਼ਲ ਦੀ ਕੀਮਤ ਵਿੱਚ ਕੀਤੇ ਗਏ ਵਾਧੇ ਦਾ ਵਿਰੋਧ ਕਰਦਿਆਂ ਕਿਹਾ ਕਿ ਸਰਕਾਰ ਨੇ ਉਨ੍ਹਾਂ ਦੀ ਪਾਰਟੀ ਨਾਲ ਸਲਾਹ ਮਸ਼ਵਰਾ ਕੀਤੇ ਬਿਨਾਂ ਵਾਧਾ ਕੀਤਾ ਹੈ। ਪਾਰਟੀ ਸਰਕਾਰ ਦੇ ਇਸ ਫੈਸਲੇ ਤੋਂ ਸਖਤ ਨਾਰਾਜ਼ ਹੈ। ਸਮਾਜਵਾਦੀ ਪਾਰਟੀ ਦੇ ਆਗੂ ਤੇ ਯੂ.ਪੀ.ਦੇ ਮੁੱਖ ਮੰਤਰੀ ਅਖਿਲੇਸ਼ ਯਾਦਵ ਤੇ ਡੀ.ਐਮ.ਕੇ.ਦੇ ਆਗੂਆਂ ਨੇ ਵੀ ਸਰਕਾਰ ਨੂੰ ਡੀਜ਼ਲ ਦੀ ਕੀਮਤ ਵਿੱਚ ਵਾਧਾ ਅਤੇ ਰਸੋਈ ਗੈਸ ਦੇ ਸਿਲੰਡਰ ਸੀਮਤ ਕਰਨ ਦੇ ਫ਼ੈਸਲੇ ਵਾਪਸ ਲੈਣ ਲਈ ਕਿਹਾ ਹੈ।