ਪੱਤਰ ਪ੍ਰੇਰਕ
ਦੀਨਾਨਗਰ, 19 ਸਤੰਬਰ
ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਸੀਨੀਅਰ ਨੇਤਾਵਾਂ ਨੇ ਅਕਾਲੀ-ਭਾਜਪਾ ਗੱਠਜੋੜ ਦੇ ਹਲਕਾ ਇੰਚਾਰਜ ਤੇ ਭਾਜਪਾ ਐਸ.ਸੀ. ਮੋਰਚਾ ਦੇ ਸੂਬਾ ਜਨਰਲ ਸਕੱਤਰ ਬੀ.ਡੀ. ਧੁੱਪੜ ’ਤੇ ਅਕਾਲੀ ਵਰਕਰਾਂ ਨੂੰ ਭਾਜਪਾ ’ਚ ਸ਼ਾਮਲ ਹੋਣ ਲਈ ਮਜਬੂਰ ਕਰਨ ਦਾ ਦੋਸ਼ ਲਗਾਇਆ ਹੈ। ਉਨ੍ਹਾਂ ਇਸ ਮਾਮਲੇ ’ਚ ਪਾਰਟੀ ਹਾਈਕਮਾਂਡ ਨੂੰ ਦਖਲਅੰਦਾਜ਼ੀ ਕਰਨ ਦੀ ਅਪੀਲ ਵੀ ਕੀਤੀ ਹੈ।
ਇਸ ਮਸਲੇ ਸਬੰਧੀ ਚਰਚਾ ਕਰਨ ਲਈ ਪਾਰਟੀ ਦੇ ਸੀਨੀਅਰ ਤੇ ਯੂਥ ਆਗੂਆਂ ਦੀ ਇਕ ਹੰਗਾਮੀ ਮੀਟਿੰਗ ਅੱਜ ਸਥਾਨਕ ਗੁਰਦੁਆਰਾ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਵਿਖੇ ਹੋਈ। ਇਸ ਮੀਟਿੰਗ ਵਿੱਚ ਇਸਤਰੀ ਵਿੰਗ ਪੰਜਾਬ ਦੀ ਮੀਤ ਪ੍ਰਧਾਨ ਬੀਬੀ ਪੁਸ਼ਪਿੰਦਰ ਕੌਰ ਮਜਬੂਰ, ਸ਼ੂਗਰ ਮਿੱਲ ਪਨਿਆੜ ਦੇ ਚੇਅਰਮੈਨ ਮਹਿੰਦਰ ਸਿੰਘ ਕੌਂਟਾ, ਨਗਰ ਕੌਂਸਲ ਦੀਨਾਨਗਰ ਦੇ ਪ੍ਰਧਾਨ ਵਿਜੇ ਮਹਾਜਨ, ਜ਼ਿਲ੍ਹਾ ਮੀਤ ਪ੍ਰਧਾਨ ਤਿਰਲੋਕ ਸਿੰਘ ਡੁੱਗਰੀ, ਬਲਜਿੰਦਰ ਸਿੰਘ ਧਕਾਲਾ ਤੇ ਸਾਬਕਾ ਚੇਅਰਮੈਨ ਤਰਸੇਮ ਸਿੰਘ ਮਲੂਕਚੱਕ ਤੋਂ ਇਲਾਵਾ ਯੂਥ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਪਰਮਵੀਰ ਸਿੰਘ ਲਾਡੀ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਏ।
ਇਸ ਮੌਕੇ ਉਪਰੋਕਤ ਆਗੂਆਂ ਨੇ ਕਿਹਾ ਕਿ ਉਨ੍ਹਾਂ ਨੇ ਵਿਧਾਨ ਸਭਾ ਚੋਣਾਂ ਵਿੱਚ ਸਖ਼ਤ ਮਿਹਨਤ ਕਰਦਿਆਂ ਬੀ.ਡੀ. ਧੁੱਪੜ ਨੂੰ ਤਕਰੀਬਨ 52 ਹਜ਼ਾਰ ਵੋਟਾਂ ਪੁਆਈਆਂ ਸਨ, ਪਰ ਚੋਣਾਂ ਤੋਂ ਬਾਅਦ ਇਸ ਭਾਜਪਾ ਆਗੂ ਵੱਲੋਂ ਪੂਰੀ ਤਰ੍ਹਾਂ ਅਕਾਲੀ ਨੇਤਾਵਾਂ ਤੇ ਵਰਕਰਾਂ ਦੀ ਅਣਦੇਖੀ ਕੀਤੀ ਗਈ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਜਦੋਂ ਵੀ ਕੋਈ ਅਕਾਲੀ ਵਰਕਰ ਸ੍ਰੀ ਧੁੱਪੜ ਕੋਲੋਂ ਆਪਣਾ ਕੰਮ ਕਰਵਾਉਣ ਲਈ ਜਾਂਦਾ ਹੈ ਤਾਂ ਉਸ ਵੱਲੋਂ ਉਨ੍ਹਾਂ ਨੂੰ ਭਾਜਪਾਈ ਬਣਨ ਲਈ ਮਜਬੂਰ ਕੀਤਾ ਜਾਂਦਾ ਹੈ ਤੇ ਇਸੇ ਸ਼ਰਤ ਦੇ ਆਧਾਰ ’ਤੇ ਕੰਮ ਕਰਨ ਜਾਂ ਨਾ ਕਰਨ ਦੀ ਗੱਲ ਕਹੀ ਜਾਂਦੀ ਹੈ।
ਮੀਟਿੰਗ ਵਿੱਚ ਉਨ੍ਹਾਂ ਅਕਾਲੀ ਵਰਕਰਾਂ ਦੀ ਨਿਖੇਧੀ ਵੀ ਕੀਤੀ ਗਈ, ਜਿਨ੍ਹਾਂ ਨੇ ਕੁਝ ਦਿਨ ਪਹਿਲਾਂ ਇਕ ਵੱਖਰੀ ਮੀਟਿੰਗ ਕਰਕੇ ਧੁੱਪੜ ਨਾਲ ਚੱਲਣ ਦਾ ਐਲਾਨ ਕੀਤਾ ਸੀ। ਯੂਥ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਪਰਮਵੀਰ ਸਿੰਘ ਲਾਡੀ ਨੇ ਵੱਖਰੀ ਮੀਟਿੰਗ ਕਰਨ ਵਾਲੇ ਅਕਾਲੀ ਵਰਕਰਾਂ ਨੂੰ ਅਖੌਤੀ ਦੱਸਿਆ। ਉਨ੍ਹਾਂ ਕਿਹਾ ਕਿ ਅਜਿਹੇ ਲੀਡਰਾਂ ਤੇ ਵਰਕਰਾਂ ਕੋਲ ਤਾਂ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਵੀ ਨਹੀਂ ਹੈ। ਉਨ੍ਹਾਂ ਕਿਹਾ ਕਿ ਉਹ ਧੁੱਪੜ ਨੂੰ ਦੀਨਾਨਗਰ ਦਾ ਹਲਕਾ ਇੰਚਾਰਜ ਨਹੀਂ ਮੰਨਦੇ ਅਤੇ ਉਨ੍ਹਾਂ ਨੇ ਪਾਰਟੀ ਹਾਈਕਮਾਂਡ ਨੂੰ ਲਿਖਤੀ ਰੂਪ ਵਿੱਚ ਸ਼ਿਕਾਇਤ ਭੇਜ ਕੇ ਇਹ ਮੰਗ ਕੀਤੀ ਹੈ ਕਿ ਧੁੱਪੜ ਦੀ ਜਗ੍ਹਾ ਕਿਸੇ ਅਜਿਹੇ ਵਿਅਕਤੀ ਨੂੰ ਹਲਕਾ ਇੰਚਾਰਜ ਬਣਾਇਆ ਜਾਵੇ ਜੋ ਦੋਵਾਂ ਪਾਰਟੀਆਂ ਦੇ ਵਰਕਰਾਂ ਨੂੰ ਬਰਾਬਰ ਸਮਝੇ ਤੇ ਉਨ੍ਹਾਂ ਦੇ ਕੰਮ ਕਰਵਾਏ।
ਇਸ ਮੌਕੇ ਵੱਸਣ ਸਿੰਘ ਸੇਖਾ, ਸਰਪੰਚ ਗੁਰਭੇਜ ਸਿੰਘ ਔਲਖ, ਕੌਂਸਲਰ ਵਿਨਰ ਮਹਾਜਨ, ਬਲਾਕ ਸਮਿਤੀ ਮੈਂਬਰ ਗੁਰਬਚਨ ਸਿੰਘ, ਮੁਲਖ ਰਾਜ, ਪ੍ਰੀਤਮ ਸਿੰਘ, ਨਵਤੇਜ ਸਿੰਘ ਜਕੜੀਆ ਆਦਿ ਤੋਂ ਇਲਾਵਾ ਵੱਡੀ ਗਿਣਤੀ ’ਚ ਪੰਚ, ਸਰਪੰਚ ਤੇ ਵਰਕਰ ਹਾਜ਼ਰ ਸਨ।