
ਅੰਮ੍ਰਿਤਸਰ ਨਗਰ ਨਿਗਮ ਦੇ ਨਵੇਂ ਬਣੇ ਮੇਅਰ ਬਖ਼ਸ਼ੀ ਰਾਮ ਅਰੋੜਾ (ਭਾਜਪਾ) ਸੱਜੇ ਤੋਂ ਦੂਸਰੇ, ਸੀਨੀਅਰ ਡਿਪਟੀ ਮੇਅਰ ਅਵਤਾਰ ਸਿੰਘ (ਸੱਜੇ), ਅਵਤਾਰ ਜੌਲੀ ਡਿਪਟੀ ਮੇਅਰ (ਖੱਬੇ) ਪਾਰਟੀ ਆਗੂਆਂ ਨਾਲ ਜਸਵੀਰ ਖਿਚਵਾਉਂਦੇ ਹੋਏ (ਫੋਟੋ: ਸਹਿਗਲ)
ਮਨਮੋਹਨ ਸਿੰਘ ਢਿੱਲੋਂ
ਅੰਮ੍ਰਿਤਸਰ, 19 ਸਤੰਬਰ
ਭਾਰਤੀ ਜਨਤਾ ਪਾਰਟੀ ਦੇ ਕੌਂਸਲਰ ਅਤੇ ਇੰਪਰੂਵਮੈਂਟ ਟਰੱਸਟ ਦੇ ਸਾਬਕਾ ਚੇਅਰਮੈਨ ਬਖ਼ਸ਼ੀ ਰਾਮ ਅਰੋੜਾ ਨੂੰ ਅੱਜ ਸਰਬਸੰਮਤੀ ਨਾਲ ਅੰਮ੍ਰਿਤਸਰ ਨਗਰ ਨਿਗਮ ਦਾ ਨਵਾਂ ਮੇਅਰ ਚੁਣ ਲਿਆ ਗਿਆ। ਸ਼੍ਰੋਮਣੀ ਅਕਾਲੀ ਦਲ ਦੇ ਕੌਂਸਲਰ ਅਵਤਾਰ ਸਿੰਘ ਟਰੱਕਾਂ ਵਾਲੇ ਸੀਨੀਅਰ ਡਿਪਟੀ ਮੇਅਰ ਅਤੇ ਅਕਾਲੀ ਦਲ ਦੇ ਹੀ ਅਵਿਨਾਸ਼ ਜੌਲੀ ਡਿਪਟੀ ਮੇਅਰ ਬਣੇ।
ਇਸ ਤੋਂ ਪਹਿਲਾਂ ਟਾਊਨ ਹਾਲ ਸਥਿਤ ਨਿਗਮ ਹਾਊਸ ਵਿਚ ਨਵੇਂ ਹਾਊਸ ਦੇ ਗਠਨ ਲਈ ਜਲੰਧਰ ਡਿਵੀਜ਼ਨ ਦੇ ਕਮਿਸ਼ਨਰ ਐਸ.ਆਰ. ਲੱਧੜ ਨੇ ਨਵੇਂ ਚੁਣੇ ਗਏ ਕੌਂਸਲਰਾਂ ਨੂੰ ਸਹੁੰ ਚੁਕਾਈ।
ਸ੍ਰੀ ਲੱਧੜ ਨੇ ਨਵੇਂ ਹਾਊਸ ਦੀ ਕਾਰਵਾਈ ਚਲਾਉਣ ਲਈ ਭਾਜਪਾ ਕੌਂਸਲਰ ਸੁਖਵਿੰਦਰ ਸਿੰਘ ਪਿੰਟੂ ਨੂੰ ਨਾਮਜ਼ਦ ਕੀਤਾ। ਜਦੋਂ ਹੀ ਸਭਾਪਤੀ ਲਈ ਉਨ੍ਹਾਂ ਸ੍ਰੀ ਪਿੰਟੂ ਦਾ ਨਾਂ ਲਿਆ, ਉਦੋਂ ਕਾਂਗਰਸੀ ਕੌਂਸਲਰ ਗੁਰਿੰਦਰ ਰਿਸ਼ੀ ਨੇ ਇਤਰਾਜ਼ ਉਠਾਇਆ ਕਿ ਹਾਊਸ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਕੌਂਸਲਰਾਂ ਦੀ ਗਿਣਤੀ ਭਾਜਪਾ ਕੌਂਸਲਰਾਂ ਨਾਲੋਂ ਵੱਧ ਹੈ, ਇਸ ਲਈ ਅਕਾਲੀ ਦਲ ਵਿੱਚੋਂ ਹੀ ਸਭਾਪਤੀ ਬਣਾਇਆ ਜਾਵੇ। ਉਨ੍ਹਾਂ ਦੀ ਇਸ ਗੱਲ ਵੱਲ ਕਿਸੇ ਨੇ ਧਿਆਨ ਨਾ ਦਿੱਤਾ ਤਾਂ ਹਾਊਸ ਵਿਚ ਹਾਜ਼ਰ ਚਾਰ ਕਾਂਗਰਸੀ ਕੌਂਸਲਰ ਸਮਾਗਮ ਦਾ ਬਾਈਕਾਟ ਕਰਕੇ ਬਾਹਰ ਚਲੇ ਗਏ।
ਮੇਅਰ ਦੇ ਅਹੁਦੇ ਲਈ ਬਖ਼ਸ਼ੀ ਰਾਮ ਅਰੋੜਾ ਦਾ ਨਾਂ ਪੰਜਾਬ ਦੇ ਮੁੱਖ ਪਾਰਲੀਮਾਨੀ ਸਕੱਤਰ ਅਤੇ ਅਕਾਲੀ ਵਿਧਾਇਕ ਇੰਦਰਬੀਰ ਸਿੰਘ ਬੁਲਾਰੀਆ ਨੇ ਪੇਸ਼ ਕੀਤਾ। ਉਨ੍ਹਾਂ ਦੇ ਨਾਂ ਦੀ ਤਾਈਦ ਉਦਯੋਗ ਤੇ ਤਕਨੀਕੀ ਮੰਤਰੀ ਅਨਿਲ ਜੋਸ਼ੀ ਨੇ ਕੀਤੀ।
ਸ੍ਰੀ ਜੋਸ਼ੀ ਨੇ ਸੀਨੀਅਰ ਡਿਪਟੀ ਮੇਅਰ ਦੇ ਅਹੁਦੇ ਲਈ ਅਵਤਾਰ ਸਿੰਘ ਟਰੱਕਾਂ ਵਾਲੇ ਅਤੇ ਡਿਪਟੀ ਮੇਅਰ ਦੇ ਅਹੁਦੇ ਲਈ ਅਵਿਨਾਸ਼ ਜੌਲੀ ਦੇ ਨਾਂ ਪੇਸ਼ ਕੀਤੇ ਅਤੇ ਸ੍ਰੀ ਬੁਲਾਰੀਆ ਨੇ ਦੋਵਾਂ ਨਾਵਾਂ ਦੀ ਤਾਈਦ ਕੀਤੀ।
ਜ਼ਿਕਰਯੋਗ ਹੈ ਕਿ ਅਕਾਲੀ-ਭਾਜਪਾ ਵੱਲੋਂ ਪਹਿਲਾਂ ਕੀਤੇ ਗਏ ਸਮਝੌਤੇ ਅਨੁਸਾਰ ਹੀ ਅੰਮ੍ਰਿਤਸਰ ਨਗਰ ਨਿਗਮ ਦਾ ਮੇਅਰ ਭਾਜਪਾ ਦਾ ਬਣਿਆ ਹੈ ਜਦਕਿ ਸੀਨੀਅਰ ਅਤੇ ਡਿਪਟੀ ਮੇਅਰ ਅਕਾਲੀ ਦਲ ਦੇ ਬਣੇ ਹਨ। ਹਾਊਸ ਵਿਚ ਅਕਾਲੀ ਦਲ ਦੇ 25 ਅਤੇ ਭਾਜਪਾ ਦੇ 24 ਕੌਂਸਲਰ ਹਨ।
ਮੇਅਰ ਚੁਣੇ ਜਾਣ ਮਗਰੋਂ ਸ੍ਰੀ ਅਰੋੜਾ ਨੇ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਦੀ ਲੀਡਰਸ਼ਿਪ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਉਹ ਪਾਰਟੀ ਹਾਈ ਕਮਾਂਡ ਦੀਆਂ ਆਸਾਂ ’ਤੇ ਪੂਰਾ ਉਤਰਨਗੇ। ਉਨ੍ਹਾਂ ਕਿਹਾ ਕਿ ਸ਼ਹਿਰ ਦੀਆਂ ਸੜਕਾਂ, ਸਟਰੀਟ ਲਾਈਟਾਂ, ਸਫਾਈ, ਸੀਵਰੇਜ ਪ੍ਰਬੰਧ ਦੀ ਤਰਜੀਹ ਦੇ ਨਾਲ-ਨਾਲ ਗੁਰੂ ਕੀ ਨਗਰੀ ਦੇ ਸਰਬ-ਪੱਖੀ ਵਿਕਾਸ ਵੱਲ ਵੀ ਵਿਸ਼ੇਸ਼ ਧਿਆਨ ਦੇਣਾ ਹੈ। ਉਨ੍ਹਾਂ ਕਿਹਾ ਕਿ ਉਹ ਆਪਣੇ ਸਾਰੇ ਸਾਥੀ ਕੌਂਸਲਰਾਂ ਨੂੰ ਨਾਲ ਲੈ ਕੇ ਚੱਲਣਗੇ ਅਤੇ ਸ਼ਹਿਰ ਦੀਆਂ ਦਰਪੇਸ਼ ਮੁਸ਼ਕਲਾਂ ਨੂੰ ਦੂਰ ਕਰਨਗੇ। ਉਨ੍ਹਾਂ ਕਿਹਾ ਕਿ ਸ਼ਹਿਰ ਨੂੰ ਸੈਰ-ਸਪਾਟੇ ਦੇ ਕੇਂਦਰ ਵਜੋਂ ਵਿਕਸਤ ਕਰਨਾ ਵੀ ਤਰਜੀਹ ਹੋਵੇਗੀ।
ਲੋਕ ਸਭਾ ਮੈਂਬਰ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਲੀਡਰਸ਼ਿਪ ਨੇ ਸ੍ਰੀ ਅਰੋੜਾ ਦੀ ਯੋਗਤਾ ਦੇਖ ਕੇ ਉਨ੍ਹਾਂ ਨੂੰ ਮੇਅਰ ਬਣਾਇਆ ਹੈ। ਸ੍ਰੀ ਅਰੋੜਾ ਸ਼ਹਿਰ ਦੇ ਸਰਬ-ਪੱਖੀ ਵਿਕਾਸ ਲਈ ਕੰਮ ਕਰਨਗੇ ਅਤੇ ਚੰਗੇ ਕੰਮਾਂ ਨੂੰ ਪ੍ਰਫੁੱਲਤ ਕੀਤਾ ਜਾਵੇਗਾ।
ਮਾਲ ਅਤੇ ਲੋਕ ਸੰਪਰਕ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਅਕਾਲੀ ਦਲ ਭਾਜਪਾ ਵੱਲੋਂ ਇਹ ਨਵੀਂ ਕਮੇਟੀ ਵਿਕਾਸ ਨੂੰ ਮੁੱਖ ਰੱਖ ਕੇ ਚੁਣੀ ਗਈ ਹੈ ਅਤੇ ਨਿਸ਼ਚਿਤ ਤੌਰ ’ਤੇ ਇਹ ਨਵਾਂ ਹਾਊਸ ਸ਼ਹਿਰ ਦੇ ਵਿਕਾਸ ਵਿੱਚ ਵੱਡਾ ਯੋਗਦਾਨ ਪਾਵੇਗਾ।
ਲੋਕ ਸਭਾ ਮੈਂਬਰ ਡਾ. ਰਤਨ ਸਿੰਘ ਅਜਨਾਲਾ ਤੇ ਸ੍ਰੀ ਬਿਕਰਮ ਸਿੰਘ ਮਜੀਠੀਆ ਅਕਾਲੀ ਦਲ ਵੱਲੋਂ ਅਤੇ ਭਾਜਪਾ ਵੱਲੋਂ ਸ੍ਰੀ ਚੁੰਨੀ ਲਾਲ ਭਗਤ ਤੇ ਕਮਲ ਸ਼ਰਮਾ ਨਿਗਮ ਹਾਊਸ ਦੇ ਨਵੇਂ ਗਠਨ ਮੌਕੇ ਅਬਜ਼ਰਵਰ ਸਨ। ਇਸ ਮੌਕੇ ਮੁੱਖ ਪਾਰਲੀਮਾਨੀ ਸਕੱਤਰ ਅਮਰਪਾਲ ਸਿੰਘ ਬੋਨੀ ਅਤੇ ਲੋਕ ਸਭਾ ਮੈਂਬਰ ਨਵਜੋਤ ਸਿੰਘ ਸਿੱਧੂ ਵੀ ਮੌਜੂਦ ਸਨ।