ਅਟਾਰੀ ਸਰਹੱਦ ’ਤੇ ਲਹਿਰਾਏ ਕੌਮੀ ਝੰਡੇ ਸਬੰਧੀ ਸੀਬੀਆਈ ਜਾਂਚ ਮੰਗੀ !    ਸਾਬਕਾ ਚੇਅਰਮੈਨ ਰੌਕੀ ਕਾਂਸਲ ਨੂੰ ਨਿਆਂਇਕ ਹਿਰਾਸਤ ’ਚ ਭੇਜਿਆ !    ਮੈਚ ਫ਼ਿਕਸਿੰਗ: ਮੁਹੰਮਦ ਇਰਫ਼ਾਨ ਉੱਪਰ ਪਾਬੰਦੀ !    ਨਵਜੋਤ ਸਿੱਧੂ ਵੱਲੋਂ ਨਗਰ ਸੁਧਾਰ ਟਰੱਸਟਾਂ ਦੇ ਅਹੁਦੇਦਾਰ ਫ਼ਾਰਗ !    ਆਨਲਾਈਨ ਸ਼ਾਪਿੰਗ ਦੀ ਦੁਨੀਆਂ ਵਿੱਚ ਕਰੀਅਰ ਬਣਾਉਣ ਦੇ ਵਸੀਲੇ !    ਖ਼ਤਰਨਾਕ ਹੋ ਸਕਦਾ ਹੈ ਉੱਚੀ ਅੱਡੀ ਦਾ ਸ਼ੌਕ !    ਭੀਮ ਐਪ: ਨਗ਼ਦੀ ਰਹਿਤ ਲੈਣ-ਦੇਣ ਦੀ ਸਰਲ ਪ੍ਰਕਿਰਿਆ !    ਨੌਜਵਾਨ ਸੋਚ : ਕੀ ਹੋਵੇ ਪੰਜਾਬ ਦੀ ਨਵੀਂ ਸਿੱਖਿਆ ਨੀਤੀ ? !    ਮਲੇਸ਼ਿਆਈ ਪ੍ਰਧਾਨ ਮੰਤਰੀ ਦਾ ਦੌਰਾ ਅੱਜ ਤੋਂ !    ਪਹਿਲੀ ਨੂੰ ਬ੍ਰਾਂਚਾਂ ਖੋਲ੍ਹਣ ਦਾ ਫ਼ੈਸਲਾ ਆਰਬੀਆਈ ਨੇ ਬੈਂਕਾਂ ’ਤੇ ਛੱਡਿਆ !    

ਅੰਮ੍ਰਿਤਸਰ ਦੇ ਯਤੀਮਖ਼ਾਨੇ ਵਿੱਚ ਗੁਜ਼ਾਰਿਆ ਸੀ ਊਧਮ ਸਿੰਘ ਨੇ ਆਪਣਾ ਬਚਪਨ

Posted On January - 8 - 2014

ਅਜਾਇਬ ਘਰ ਵਿੱਚ ਰੱਖਿਆ ਹੋਇਆ ਸ਼ਹੀਦ ਊਧਮ ਸਿੰਘ ਦਾ ਮੰਜਾ

ਮਨਮੋਹਨ ਸਿੰਘ ਢਿੱਲੋਂ
ਅੰਮ੍ਰਿਤਸਰ, 7 ਜਨਵਰੀ
13 ਅਪਰੈਲ, 1919 ਵਿੱਚ ਵਾਪਰੇ ਜਲ੍ਹਿਆਂਵਾਲਾ ਬਾਗ ਸਾਕੇ ਦਾ ਬਦਲਾ ਲੈਣ ਵਾਲੇ ਸ਼ਹੀਦ ਊਧਮ ਸਿੰਘ ਬਾਰੇ ਬਹੁਤ ਘੱਟ ਲੋਕਾਂ ਨੂੰ ਪਤਾ ਹੋਵੇਗਾ ਕਿ ਉਸਨੇ ਆਪਣਾ ਬਚਪਨ ਇੱਥੋਂ ਦੇ ਯਤੀਮਖ਼ਾਨੇ ਵਿੱਚ ਗੁਜ਼ਾਰਿਆ ਸੀ ਅਤੇ ਯਤੀਮਖ਼ਾਨੇ ਵਿੰਚ ਚਲਦੇ ਸਕੂਲ ਵਿੱਚ ਹੀ ਮੁੱਢਲੀ ਵਿਦਿਆ ਪ੍ਰਾਪਤ ਕੀਤੀ ਸੀ। ਇਹ ਯਤੀਮਖਾਨਾ ਚੀਫ਼ ਖਾਲਸਾ ਦੀਵਾਨ ਸੁਸਾਇਟੀ ਦੇ ਪ੍ਰਬੰਧ ਹੇਠ ਚੱਲ ਰਿਹਾ ਹੈ। ਚੀਫ਼ ਖਾਲਸਾ ਦੀਵਾਨ ਵੱਲੋਂ ਹਾਲ ਹੀ ਵਿੱਚ ਕੌਮੀ ਸ਼ਹੀਦ ਊਧਮ ਸਿੰਘ ਅਜਾਇਬ ਘਰ ਸਥਾਪਤ ਕੀਤਾ ਗਿਆ ਹੈ। ਸ਼ਹੀਦ ਊਧਮ ਸਿੰਘ 26 ਦਸੰਬਰ, 1899 ਵਿੱਚ ਸੁਨਾਮ ਦੇ ਪਿੰਡ ਸ਼ਾਹਪੁਰ ਕਲਾਂ ਵਿੱਚ ਪੈਦਾ ਹੋਏ ਸਨ। ਉਨ੍ਹਾਂ ਦੇ ਪਿਤਾ ਸਰਦਾਰ ਟਹਿਲ ਸਿੰਘ ਉਸ ਵੇਲੇ ਉਪੱਲੀ ਪਿੰਡ ਨੇੜੇ ਰੇਲਵੇ ਕਰਾਸਿੰਗ ’ਤੇ ਵਾਚਮੈਨ ਵਜੋਂ ਕੰਮ ਕਰਦੇ ਸਨ। ਊਧਮ ਸਿੰਘ ਦਾ ਪਹਿਲਾਂ ਨਾਂ ਸ਼ੇਰ ਸਿੰਘ ਸੀ। 1901 ਵਿੱਚ ਉਨ੍ਹਾਂ ਦੀ ਮਾਤਾ ਅਕਾਲ ਚਲਾਣਾ ਕਰ ਗਈ ਅਤੇ 1907 ਵਿੱਚ ਉਨ੍ਹਾਂ ਦਾ ਪਿਤਾ ਵੀ ਚਲ ਵਸਿਆ। ਉਦੋਂ ਊਧਮ ਸਿੰਘ ਦੀ ਉਮਰ 5 ਸਾਲ ਸੀ ਅਤੇ ਵੱਡਾ ਭਰਾ ਸਾਧੂ ਸਿੰਘ 10 ਸਾਲਾਂ ਦਾ ਸੀ।
ਯਤੀਮ ਹੋ ਜਾਣ ’ਤੇ ਦੋਵੇਂ ਭਰਾਵਾਂ ਨੂੰ ਰਿਸ਼ਤੇਦਾਰਾਂ ਨੇ ਭਾਈ ਕਿਸ਼ਨ ਸਿੰਘ ਰਾਗੀ ਦੀ ਮਦਦ ਨਾਲ ਯਤੀਮਖ਼ਾਨੇ ਵਿੱਚ ਦਾਖਲ ਕਰਵਾਇਆ ਸੀ। ਯਤੀਮਖ਼ਾਨੇ ਦੇ ਉਸ ਵੇਲੇ ਦੇ ਰਿਕਾਰਡ ਅਨੁਸਾਰ 24 ਅਕਤੂਬਰ 1907 ਨੂੰ ਦੋਵੇਂ ਭਰਾ ਯਤੀਮਖ਼ਾਨੇ ਵਿੱਚ ਆਏ ਸਨ। ਰਿਕਾਰਡ ਵਿੱਚ 101 ਨੰਬਰ ’ਤੇ ਮੁਕਤਾ ਸਿੰਘ ਦਾ ਨਾਂ ਅਤੇ 102 ਨੰਬਰ ’ਤੇ ਸ਼ੇਰ ਸਿੰਘ ਦਾ ਨਾਂ ਲਿਖਿਆ ਹੋਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਬਾਅਦ ਵਿੱਚ ਇਨ੍ਹਾਂ ਦੇ ਨਾਂ ਤਬਦੀਲ ਕੀਤੇ ਗਏ। ਸ਼ੇਰ ਸਿੰਘ ਦਾ ਨਾਂ ਊਧਮ ਸਿੰਘ ਅਤੇ ਭਰਾ ਮੁਕਤਾ ਸਿੰਘ ਦਾ ਨਾਂ ਸਾਧੂ ਸਿੰਘ ਰੱਖਿਆ ਗਿਆ। ਸਾਧੂ ਸਿੰਘ ਦੀ 1917 ਵਿਚ ਮੌਤ ਹੋ ਗਈ ਸੀ। ਯਤੀਮਖਾਨੇ ਦੇ ਸਕੂਲ ਵਿੱਚੋਂ ਹੀ ਊਧਮ ਸਿੰਘ ਨੇ 1918 ਵਿੱਚ ਦਸਵੀਂ ਪਾਸ ਕੀਤੀ ।
13 ਅਪਰੈਲ, 1919 ਨੂੰ ਜਦੋਂ ਜਲ੍ਹਿਆਂਵਾਲਾ ਬਾਗ ਵਿੱਚ ਬਰਤਾਨਵੀ ਰਾਜ ਅਤੇ ਡਾ. ਸਤਿਆ ਪਾਲ, ਡਾ. ਸੈਫੂਦੀਨ ਕਿਚਲੂ ਅਤੇ ਉਨ੍ਹਾਂ ਦੇ ਹੋਰ ਸਾਥੀਆਂ ਨੂੰ ਰੋਲੈਟ ਐਕਟ ਅਧੀਨ ਗ੍ਰਿਫ਼ਤਾਰ ਕਰਨ ਵਿਰੁੱਧ ਮੀਟਿੰਗ ਹੋ ਰਹੀ ਸੀ , ਉਸ ਮੌਕੇ ਊਧਮ ਸਿੰਘ ਆਪਣੇ ਦੋਸਤਾਂ ਨਾਲ ਪਾਣੀ ਪਿਲਾਉਣ ਦੀ ਸੇਵਾ ਨਿਭਾਅ ਰਿਹਾ ਸੀ। ਬ੍ਰਿਗੇਡੀਅਰ-ਜਨਰਲ ਰੇਗੀਨਾਲਡ ਡਾਇਰ ਨੇ ਪੁਲੀਸ ਨੂੰ ਗੋਲੀ ਚਲਾਉਣ ਦਾ ਹੁਕਮ ਦਿੱਤਾ ਅਤੇ ਗੋਲਾਬਾਰੀ ਦਸ ਮਿੰਟ ਤੱਕ ਜਾਰੀ ਰਹੀ। ਇਤਿਹਾਸ ਵਿੱਚ ਇਸ ਕਤਲੇਆਮ ਨੂੰ ਕਾਲੇ ਅੱਖ਼ਰਾਂ ਵਿੱਚ ਅੰਕਿਤ ਕੀਤਾ ਗਿਆ ਹੈ।
ਮਾਈਕਲ ਓਡਵਾਇਰ ਉਸ ਵੇਲੇ ਪੰਜਾਬ ਸੂਬੇ ਦਾ ਲੈਫਟੀਨੈਂਟ ਗਵਰਨਰ ਸੀ। ਊਧਮ ਸਿੰਘ  ਮਾਈਕਲ ਓਡਵਾਇਰ ਨੂੰ ਇਸ ਕਤਲੇਆਮ ਲਈ ਜ਼ਿੰਮੇਵਾਰ ਮੰਨਦਾ ਸੀ। ਜਲ੍ਹਿਆਂਵਾਲਾ ਬਾਗ ਦੀ ਘਟਨਾ ਤੋਂ ਬਾਅਦ ਊਧਮ ਸਿੰਘ ਸ੍ਰੀ ਦਰਬਾਰ ਸਾਹਿਬ ਗਏ ,ਸਰੋਵਰ ਵਿੱਚ ਇਸ਼ਨਾਨ ਕੀਤਾ ਅਤੇ ਅਰਦਾਸ ਕਰ ਕੇ ਇਸ ਸਾਕੇ ਦਾ ਬਦਲਾ ਲੈਣ ਦਾ ਪ੍ਰਣ ਲਿਆ।
ਯਤੀਮਖ਼ਾਨੇ ਦੇ ਰਿਕਾਰਡ ਅਨੁਸਾਰ ਸ਼ਹੀਦ ਊਧਮ ਸਿੰਘ ਉਸ ਤੋਂ ਬਾਅਦ ਯਤੀਖ਼ਾਨੇ ਨਹੀਂ ਪੁੱਜੇ।  ਇਸ ਯਤੀਮਖ਼ਾਨੇ ਨੂੰ ਇਸ ਗੱਲ ਦਾ ਮਾਣ ਹੈ ਕਿ ਇੱਥੇ ਪਲੇ ਤੇ ਪੜ੍ਹੇ ਊਧਮ ਸਿੰਘ ਨੇ ਜਲ੍ਹਿਆਂਵਾਲਾ ਬਾਗ ਦੇ ਕਤਲੇਆਮ ਦਾ ਬਦਲਾ ਲੰਡਨ ਵਿੱਚ ਜਾ ਕੇ 21 ਵਰ੍ਹੇ ਬਾਅਦ ,ਮਾਈਕਲ ਓਡਵਾਇਰ ਨੂੰ 1940 ਵਿੱਚ ਮਾਰ ਕੇ ਲਿਆ। ਊਧਮ ਸਿੰਘ ਨੂੰ 31 ਜੁਲਾਈ, 1940 ਨੂੰ ਫਾਂਸੀ ਲਾਇਆ ਗਿਆ। ਚੀਫ਼ ਖਾਲਸਾ ਦੀਵਾਨ ਨੇ ਕੌਮੀ ਸ਼ਹੀਦ ਊਧਮ ਸਿੰਘ ਦੇ ਨਾਂ ’ਤੇ ਅਜਾਇਬਘਰ ਸਥਾਪਤ ਕਰ  ਉਸਦੀ ਯਾਦ ਨੂੰ ਤਾਜ਼ਾ ਰੱਖਿਆ ਹੋਇਆ ਹੈ।
ਅਜਾਇਬਘਰ ਵਿੱਚ ਸ਼ਹੀਦ ਊਧਮ ਸਿੰਘ ਦਾ  ਮੰਜਾ ਵੀ ਮੌਜੂਦ ਹੈ। ਇਸ ਤੋਂ ਇਲਾਵਾ ਉਨ੍ਹਾਂ ਦਾ ਟਰੰਕ, ਭਾਂਡੇ, ਲਾਲਟੈਣ ਵੀ ਸੰਭਾਲ ਕੇ ਰੱਖੀ ਗਈ ਹੈ। ਉਨ੍ਹਾਂ ਦੀ ਜ਼ਿੰਦਗੀ ਨਾਲ ਸਬੰਧਤ ਬਹੁਤ ਸਾਰੀਆਂ ਤਸਵੀਰਾਂ ਵੀ ਇਸ ਅਜਾਇਬਘਰ ਵਿੱਚ  ਹਨ। ਯਤੀਮਖ਼ਾਨੇ ਵਿੱਚ ਲਾਇਬਰੇਰੀ ਦਾ ਨਾਂ ਵੀ ਕੌਮੀ ਸ਼ਹੀਦ ਊਧਮ ਸਿੰਘ ਲਾਇਬਰੇਰੀ ਰੱਖਿਆ ਗਿਆ ਹੈ। ਇਸ ਅਜਾਇਬਘਰ ਤੋਂ ਬੱਚੇ ਦੇਸ਼ ਭਗਤੀ ਦੀ ਪ੍ਰੇਰਣਾ ਲੈ ਰਹੇ ਹਨ।


Comments Off on ਅੰਮ੍ਰਿਤਸਰ ਦੇ ਯਤੀਮਖ਼ਾਨੇ ਵਿੱਚ ਗੁਜ਼ਾਰਿਆ ਸੀ ਊਧਮ ਸਿੰਘ ਨੇ ਆਪਣਾ ਬਚਪਨ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.