ਅਟਾਰੀ ਸਰਹੱਦ ’ਤੇ ਲਹਿਰਾਏ ਕੌਮੀ ਝੰਡੇ ਸਬੰਧੀ ਸੀਬੀਆਈ ਜਾਂਚ ਮੰਗੀ !    ਸਾਬਕਾ ਚੇਅਰਮੈਨ ਰੌਕੀ ਕਾਂਸਲ ਨੂੰ ਨਿਆਂਇਕ ਹਿਰਾਸਤ ’ਚ ਭੇਜਿਆ !    ਮੈਚ ਫ਼ਿਕਸਿੰਗ: ਮੁਹੰਮਦ ਇਰਫ਼ਾਨ ਉੱਪਰ ਪਾਬੰਦੀ !    ਨਵਜੋਤ ਸਿੱਧੂ ਵੱਲੋਂ ਨਗਰ ਸੁਧਾਰ ਟਰੱਸਟਾਂ ਦੇ ਅਹੁਦੇਦਾਰ ਫ਼ਾਰਗ !    ਆਨਲਾਈਨ ਸ਼ਾਪਿੰਗ ਦੀ ਦੁਨੀਆਂ ਵਿੱਚ ਕਰੀਅਰ ਬਣਾਉਣ ਦੇ ਵਸੀਲੇ !    ਖ਼ਤਰਨਾਕ ਹੋ ਸਕਦਾ ਹੈ ਉੱਚੀ ਅੱਡੀ ਦਾ ਸ਼ੌਕ !    ਭੀਮ ਐਪ: ਨਗ਼ਦੀ ਰਹਿਤ ਲੈਣ-ਦੇਣ ਦੀ ਸਰਲ ਪ੍ਰਕਿਰਿਆ !    ਨੌਜਵਾਨ ਸੋਚ : ਕੀ ਹੋਵੇ ਪੰਜਾਬ ਦੀ ਨਵੀਂ ਸਿੱਖਿਆ ਨੀਤੀ ? !    ਮਲੇਸ਼ਿਆਈ ਪ੍ਰਧਾਨ ਮੰਤਰੀ ਦਾ ਦੌਰਾ ਅੱਜ ਤੋਂ !    ਪਹਿਲੀ ਨੂੰ ਬ੍ਰਾਂਚਾਂ ਖੋਲ੍ਹਣ ਦਾ ਫ਼ੈਸਲਾ ਆਰਬੀਆਈ ਨੇ ਬੈਂਕਾਂ ’ਤੇ ਛੱਡਿਆ !    

ਧਾਰੀਵਾਲ ਨੂੰ ਵਸਾਉਣ ਵਾਲੀ ਗਰਮ ਕੱਪੜਾ ਮਿੱਲ ਖੁਦ ਉਜੜਨ ਕੰਢੇ

Posted On January - 13 - 2014

ਧਾਰੀਵਾਲ ਮਿੱਲ ਦਾ ਬਾਹਰੀ ਦ੍ਰਿਸ਼

ਜਤਿੰਦਰ ਸਿੰਘ ਬੈਂਸ
ਗੁਰਦਾਸਪੁਰ, 13 ਜਨਵਰੀ
ਜ਼ਿਲ੍ਹਾ ਗੁਰਦਾਸਪੁਰ ਦੇ ਕਸਬਾ ਧਾਰੀਵਾਲ ਨੂੰ ਵਸਾਉਣ ਵਾਲੀ ਧਾਰੀਵਾਲ ਦੀ ਪ੍ਰਸਿਧ ਗਰਮ ਕੱਪੜਾ ਮਿੱਲ ‘ਨਿਊ ਐਗਰਟਨ ਵੂਲਨ ਮਿੱਲ’ਹੁਣ ਖੁਦ ਉਜੜਨ ਕੰਢੇ ਹੈ। ਮਿੱਲ ਦੇ ਹਾਲਾਤ ਨੂੰ ਵੇਖਦਿਆਂ ਕਿਸੇ ਸਮੇਂ ਵੀ ਪੱਕੇ ਪੈਰੀਂ ਤਾਲਾਬੰਦੀ ਹੋ ਸਕਦੀ ਹੈ। ਕਿਸੇ ਵੇਲੇ ਮਿੱਲ ਦੀ ਦੇਸ਼ ਅੰਦਰ ਤੂਤੀ ਬੋਲਦੀ ਸੀ। ਧਾਰੀਵਾਲ ਦੀ ਲੋਈ ਲੋਕਾਂ ਵੱਲੋਂ ਖਾਸ ਤੌਰ ’ਤੇ ਪਸੰਦ ਕੀਤੀ ਜਾਂਦੀ ਸੀ ਅਤੇ ਲੋਕ ਲੋਈ ਨੂੰ ਆਪਣੇ ਸਨੇਹੀਆਂ ਨੂੰ ਤੋਹਫ਼ੇ ਵਜੋਂ ਭੇਟ ਕਰਦੇ ਸਨ।
ਲੇਕਿਨ ਹਾਕਮਾਂ ਦੀ ਬੇਰੁਖੀ ਦਾ ਸ਼ਿਕਾਰ ਧਾਰੀਵਾਲ ਮਿੱਲ ਦਾ ਵਜ਼ੂਦ ਖ਼ਤਰੇ ’ਚ ਹੈ। ਮਿੱਲ ਦੇ ਬਚਾਅ ਅਤੇ ਮੁੜ ਸੁਰਜੀਤੀ ਲਈ ਮਿੱਲ ਦੇ ਕਾਮਿਆਂ ਤੋਂ ਇਲਾਵਾ ਇਲਾਕਾ-ਵਾਸੀਆਂ ਵੱਲੋਂ ਵੀ ਕਈ ਵਾਰ ਆਵਾਜ਼ ਚੁੱਕੀ ਗਈ ਹੈ ਲੇਕਿਨ ਆਸਾਂ ਨੂੰ ਬੂਰ ਨਹੀਂ ਪਿਆ ਹੈ। ਉਤਪਾਦਨ ਠੱਪ ਹੋਣ ਕਾਰਨ ਕਰੋੜਾਂ ਰੁਪਏ ਕੀਮਤ ਦੀ ਮਸ਼ੀਨਰੀ ਬੰਦ ਹਾਲਤ ’ਚ ਪਈ ਜੰਗ ਖਾ ਰਹੀ ਹੈ। ਇਲਾਕੇ ਅੰਦਰ ਸਥਿਤ ਇਤਿਹਾਸਕ ਥਾਵਾਂ ਦੀ ਦੇਖਰੇਖ ਨੂੰ ਯਕੀਨੀ ਬਣਾਉਣ ਸਬੰਧੀ ਕੇਂਦਰ ਪੱਧਰ ਦੀ ਇਕ ਕਮੇਟੀ ਵੱਲੋਂ ਸਾਲ ਪਹਿਲਾਂ ਇਸ ਮਿੱਲ ਦਾ ਵੀ ਦੌਰਾ ਕੀਤਾ ਗਿਆ ਸੀ ਅਤੇ ਇਲਾਕੇ ਦੇ ਲੋਕਾਂ ਨੂੰ ਆਸ ਦੀ ਕਿਰਨ ਨਜ਼ਰ ਆਈ ਸੀ। ਪਰ ਸਮਾਂ ਲੰਘਣ ਨਾਲ ਟੀਮ ਦਾ ਦੌਰਾ ਵੀ ਕਾਗਜ਼ੀ ਕਾਰਵਾਈ ਤੱਕ ਹੀ ਸੀਮਿਤ ਰਹਿ ਗਿਆ ਹੈ।
ਜ਼ਿਕਰਯੋਗ ਹੈ ਕਿ ਧਾਰੀਵਾਲ ਦੀ ਵੂਲਨ ਮਿੱਲ ਦੀ ਸਥਾਪਨਾ 1874 ਵਿੱਚ ਅੰਗਰੇਜ਼ਾਂ ਵੱਲੋਂ ਕੀਤੀ ਗਈ ਸੀ। ਮੁੜ 1920 ਵਿੱਚ ਸਰ ਅਲੈਂਗਜ਼ੈਂਡਰ ਮੈਨ ਰਾਬਰਟ ਨੇ ਬ੍ਰਿਟਿਸ਼ ਇੰਡੀਅਨ ਕਾਰਪੋਰੇਸ਼ਨ ਲਿਮਟਿਡ ਦੀ ਸਥਾਪਨਾ ਕੀਤੀ। ਸਹਾਇਕ ਬ੍ਰਾਂਚਾਂ ਵਜੋਂ ਸੀ.ਡਬਲਯੂ.ਐਮ. ਕਾਨਪੁਰ ਕਾਟਨ ਮਿੱਲ ਕਾਪਰ ਐਲਨ ਅਤੇ ਨਿਊ ਐਗਰਟਨ ਵੂਲਨ ਮਿਲ ਲਿਮਟਿਡ’ ਧਾਰੀਵਾਲ ਸ਼ਾਮਲ ਸਨ। ਇਨ੍ਹਾਂ ਦਾ ਮੁੱਖ ਦਫ਼ਤਰ ਕਾਨਪੁਰ (ਉੱਤਰ-ਪ੍ਰਦੇਸ਼)  ਵਿੱਚ ਸੀ। ਮਿੱਲ ਨਾਲ ਸਬੰਧਤ ਵੱਖ-ਵੱਖ ਗਤੀਵਿਧੀਆਂ ਦੀ ਦੇਖਰੇਖ ਕਰਨ ਲਈ ਫਾਈਨਾਂਸ ਅਤੇ ਟੈਕਨੀਕਲ ਡਾਇਰੈਕਟਰ ਨਿਯੁਕਤ ਸਨ। ਧਾਰੀਵਾਲ ਵਿਖੇ ਸਥਾਪਤ ਗਰਮ ਕੱਪੜਾ ਬਣਾਉਣ ਦੀ ਯੂਨਿਟ ਨੂੰ ਐਨਰਜੀ ਦੇਣ ਲਈ ਹੀ ਧਾਰੀਵਾਲ ਨਹਿਰ ਦਾ ਨਿਰਮਾਣ ਕਰਵਾਇਆ ਗਿਆ ਸੀ।
ਜਦੋਂ ਧਾਰੀਵਾਲ ਮਿੱਲ ਹੋਂਦ ਵਿੱਚ ਆਈ ਉਦੋਂ ਇਲਾਕਾ ਜੰਗਲ ਬੀਆਬਾਨ ਸੀ। ਮਿੱਲ ਦੇ ਹੋਂਦ ਵਿੱਚ ਆਉਣ ਨਾਲ ਪਹਿਲਾਂ ਮਿੱਲ ਮੁਲਾਜ਼ਮਾਂ ਅਤੇ ਕਾਮਿਆਂ ਨੇ ਆਪਣੇ ਘਰ ਬਣਾਏ ਸਨ। ਹੌਲੀ-ਹੌਲੀ ਧਾਰੀਵਾਲ ਮਿੱਲ ਦਾ ਇਲਾਕਾ ਕਸਬਾ ਬਣ ਗਿਆ।
ਸਥਾਨਕ ਲੋਕਾਂ ਦੇ ਮਸਲੇ ਸੁਲਝਾਉਣ ਲਈ ਮਿੱਲ ਦਾ ਜਨਰਲ ਮੈਨੇਜਰ ‘ਡਿਸਟ੍ਰਿਕਟ ਮੈਜਿਸਟਰੇਟ’ ਵਜੋਂ ਵੀ ਕੰਮ ਕਰਦਾ ਸੀ। ਧਾਰੀਵਾਲ ਮਿੱਲ ਆਪਣੇ ਉਤਪਾਦ ਵੱਜੋਂ ਇੱਕਲੇ ਭਾਰਤ ’ਚ ਹੀ ਨਹੀਂ ਸਗੋਂ ਸੰਸਾਰ ਦੇ ਦੂਜੇ ਦੇਸ਼ਾਂ ਅੰਦਰ ਵੀ ਮਕਬੂਲ ਹੋ ਗਈ। ਵੂਲਨ ਮਿਲ ਧਾਰੀਵਾਲ ਦੀ ਮਕਬੂਲੀਅਤ ਦਾ ਅੰਦਾਜ਼ਾ ਇਸੇ ਤੋਂ ਲਗ ਜਾਂਦਾ ਹੈ ਕਿ ਸਰਦੀਆਂ ਦੇ ਸੀਜ਼ਨ ਲਈ ਕੱਪੜੇ ਤਿਆਰ ਕਰਨ ਦੇ ਆਰਡਰ ਗਰਮੀਆਂ ਵਿੱਚ ਹੀ ਬੁੱਕ ਕਰ ਲਏ ਜਾਂਦੇ ਸਨ।
ਦੇਸ਼ ਦੀ ਆਜ਼ਾਦੀ ਤੋਂ ਬਾਅਦ ਮਿੱਲ ਦੇ ਅਧਿਕਾਰ ਮੁਦਰਾ ਪਰਿਵਾਰ ਕੋਲ ਆ ਗਏ। 1965 ਵਿੱਚ ਮੁਦਰਾ ਨੂੰ ਧੋਖਾਧੜੀ ਦੇ ਇੱਕ ਕੇਸ ’ਚ ਜੇਲ੍ਹ ਹੋ ਗਈ ਤਾਂ ਬੋਰਡ ਆਫ ਡਾਇਰੈਕਟਰਜ਼ ਨੇ 51 ਫੀਸਦੀ ਸ਼ੇਅਰ ਖਰੀਦ ਕੇ ਮਿਸਟਰ ਬਜੋਰੀਆ ਨੂੰ ਮਿੱਲ ਦਾ ਚੇਅਰਮੈਨ- ਕਮ-ਪ੍ਰਬੰਧਕ ਨਿਰਦੇਸ਼ਕ ਨਿਯੁਕਤ ਕਰ ਦਿੱਤਾ ਸੀ। ਇਸੇ ਤਰ੍ਹਾਂ ਮਿੱਲ ਦਾ ਨਾਂ ਵੀ 1974 ਵਿੱਚ ਬਦਲ ਕੇ ‘ਨਿਊ ਐਗਰਟਨ ਵੂਲਨ ਮਿੱਲ ਲਿਮਟਿਡ’ ਧਾਰੀਵਾਲ ਕਰ ਦਿੱਤਾ ਗਿਆ। ਪਹਿਲੇ ਭਾਰਤੀ ਵਜੋਂ ਜੇ.ਓ ਲਾਲ ਨੇ ਪਹਿਲੀ ਵਾਰ ਜਨਰਲ ਮੈਨੇਜਰ ਵਜੋਂ ਚਾਰਜ ਸੰਭਾਲਿਆ।
ਧਾਰੀਵਾਲ ਮਿੱਲ ਦੇ ਲਗਾਤਾਰ ਘਾਟੇ ’ਚ ਜਾਣ ਕਾਰਨ 1980 ਵਿੱਚ ਕੇਂਦਰੀ ਟੈਕਸਟਾਈਲ ਵਿਭਾਗ ਅÎਧੀਨ ਲੈ ਆਉਂਦਾ ਗਿਆ। 1989 ਵਿੱਚ ਕੰਪਨੀ ਦੇ ਚੇਅਰਮੈਨ ਕਮ ਪ੍ਰਬੰਧਕ ਡੀ.ਐਨ ਦੀਕਸ਼ਤ ਨੇ ਜਰਮਨ ਸਮੇਤ ਹੋਰਨਾਂ ਮੁਲਕਾਂ ਤੋਂ ਆਧੁਨਿਕ ਤਕਨੀਕ ਲਿਆ ਕੇ ਨਾਮੀ ਕੰਪਨੀਆਂ ਦੇ ਹਾਣ ਦਾ  ਬਣਾਉਣ ਦਾ ਉਪਰਾਲਾ ਕੀਤਾ ਸੀ। ਪ੍ਰਧਾਨ ਮੰਤਰੀ ਸ੍ਰੀ ਇੰਦਰ ਕੁਮਾਰ ਗੁਜਰਾਲ ਦੇ ਕਾਰਜਕਾਲ ਦੌਰਾਨ ਮਾਹਿਰਾਂ ’ਤੇ ਆਧਾਰਤ  ਸੰਸਦੀ ਸਬ ਕਮੇਟੀ ਵੱਲੋਂ ਧਾਰੀਵਾਲ ਅਤੇ ਕਾਨਪੁਰ ਦੀਆਂ ਵੂਲਨ ਮਿੱਲਾਂ ਨੂੰ ਬਚਾਉਣ ਲਈ ਰਿਪੋਰਟ ਪੇਸ਼ ਕੀਤੀ ਸੀ।
ਕਮੇਟੀ ਦੀਆਂ ਹਾਂ ਪੱਖੀ ਸਿਫਾਰਸ਼ਾਂ ਵੀ ਧਾਰੀਵਾਲ ਮਿੱਲ ਦੀ ਨਿਘਰਦੀ ਹਾਲਤ ਦਾ ਕੁਝ ਭਲਾ ਨਾ ਕਰ ਸਕੀਆਂ। ਨਤੀਜਾ ਇਹ ਹੋਇਆ ਕਿ ਸੈਂਕਿੜਆਂ ਦੀ ਗਿਣਤੀ ਵਿੱਚ ਕਾਮੇ ਬੇਰੁਜ਼ਗਾਰ ਹੋ ਗਏ।  ਲੋਕ ਸਭਾ ਹਲਕਾ ਗੁਰਦਾਸਪੁਰ ਨਾਲ ਸਬੰਧਤ ਲੋਕ ਸਭਾ ਮੈਂਬਰਾਂ ਦੇ ਭਰੋਸੇ ਵੀ ਮਿੱਲ ਦਾ ਕੁਝ ਨਹੀਂ ਸੰਵਾਰ ਸਕੇ ਹਨ। ਆਲ ਇੰਡੀਆ ਕੋਆਰਡੀਨੇਸ਼ਨ ਸੈਂਟਰ ਆਫ਼ ਟਰੇਡ ਯੂਨੀਅਨ (ਏਕਟੂ) ਦੇ ਸੂਬਾ ਆਗੂ ਕਾਮਰੇਡ ਗੁਰਮੀਤ ਸਿੰਘ ਬਖਤਪੁਰਾ  ਨੇ ਇਸ ਲਈ ਹਾਕਮ ਸਰਕਾਰਾਂ ਦੀਆਂ ਆਰਥਿਕ ਨੀਤੀਆਂ ਨੂੰ ਕਸੂਰਵਾਰ ਠਹਿਰਾਇਆ ਹੈ।


Comments Off on ਧਾਰੀਵਾਲ ਨੂੰ ਵਸਾਉਣ ਵਾਲੀ ਗਰਮ ਕੱਪੜਾ ਮਿੱਲ ਖੁਦ ਉਜੜਨ ਕੰਢੇ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.