ਭਾਜਪਾ ਅਤੇ ਕਾਂਗਰਸ ਹੋਈਆਂ ‘ਆਪ’ ਦੁਆਲੇ !    ਸੁਧਾਰ ਕਾਲਜ ਨੇ ਜਿੱਤੀ ਪੰਜਾਬ ’ਵਰਸਿਟੀ ਹਾਕੀ ਚੈਂਪੀਅਨਸ਼ਿਪ !    ਨੌਜਵਾਨ ਸੋਚ: ਵਿਦੇਸ਼ਾਂ ਵੱਲ ਪਰਵਾਸ - ਕਿੰਨਾ ਕੁ ਜਾਇਜ਼ ? !    ਦਸਵੀਂ ਜਮਾਤ ਤੋਂ ਬਾਅਦ ਵਿਸ਼ਿਆਂ ਦੀ ਚੋਣ ਦਾ ਮਸਲਾ !    ਨੌਕਰੀਆਂ ਲਈ ਭਟਕਣ ਦੀ ਬਜਾਏ ਉੱਦਮੀ ਬਣਨ ਦੀ ਲੋੜ !    ਨੌਜਵਾਨ ਤੇ ਫੈਸ਼ਨਪ੍ਰਸਤੀ !    ਕਿਵੇਂ ਦੂਰ ਕਰੀਏ ਬੋਰਡ ਦੀਆਂ ਪ੍ਰੀਖਿਆਵਾਂ ਦਾ ਡਰ ? !    ਕੇਂਦਰੀ ਬਜਟ: ਮਾਇਆਵਤੀ ਵੱਲੋਂ ਚੋਣ ਕਮਿਸ਼ਨ ਦੇ ਆਦੇਸ਼ਾਂ ਦਾ ਸਵਾਗਤ !    ਰਾਹੁਲ ਨੂੰ ਕੁੜਤੇ ਦੀ ਤਰਪਾਈ ਲਈ ਹਜ਼ਾਰ ਦਾ ਚੈੱਕ ਘੱਲਿਆ !    ਰਾਜਨੀਤਕ ਵਿੰਗ ਸਰਵੇ ਤੋਂ ਬਾਅਦ ਉਮੀਦਵਾਰਾਂ ਦੇ ਸਮਰਥਨ ਦਾ ਲਵੇਗਾ ਫੈਸਲਾ: ਡੇਰਾ ਮੁਖੀ !    

ਬਾਬਾ ਸ੍ਰੀ ਚੰਦ ਦੀ ਯਾਦ ਵਿੱਚ ਸਥਾਪਤ ਗੁਰਦੁਆਰਾ ਸ੍ਰੀ ਟਾਹਲੀ ਸਾਹਿਬ

Posted On January - 8 - 2014

ਗੁਰਦੁਆਰਾ ਸ੍ਰੀ ਟਾਹਲੀ ਸਾਹਿਬ ਦੀ ਇਮਾਰਤ ਦਾ ਬਾਹਰੀ ਦ੍ਰਿਸ਼।

ਜਤਿੰਦਰ ਸਿੰਘ ਬੈਂਸ
ਗੁਰਦਾਸਪੁਰ, 7 ਜਨਵਰੀ
ਸ੍ਰੀ ਗੁਰੂ ਨਾਨਕ ਦੇਵ ਦੇ ਵੱਡੇ ਸਪੁੱਤਰ ਸ੍ਰੀ ਚੰਦ ਦੀ ਯਾਦ ’ਚ ਜ਼ਿਲ੍ਹਾ ਗੁਰਦਾਸਪੁਰ ਦੇ ਸਰਹੱਦੀ ਕਸਬਾ ਗਾਹਲੜੀ ਵਿਖੇ ਇਤਿਹਾਸਕ  ਗੁਰਦੁਆਰਾ ਸ੍ਰੀ ਟਾਹਲੀ ਸਾਹਿਬ ਸਥਿਤ ਹੈ। ਗੁਰਦੁਆਰਾ ਭਾਰਤ-ਪਾਕਿਸਤਾਨ ਕੌਮਾਂਤਰੀ ਸਰਹੱਦ ਤੋਂ ਕੁਝ ਹੀ ਮੀਲ ਦੂਰ ਹੈ। ਜਦੋਂਕਿ ਗੁਰਦਾਸਪੁਰ ਸ਼ਹਿਰ ਤੋਂ ਦੂਰੀ 10 ਕਿਲੋਮੀਟਰ ਦੇ ਕਰੀਬ ਬਣਦੀ ਹੈ। ਗੁਰਦੁਆਰਾ ਸਾਹਿਬ ਦੀ ਵਿਸ਼ਾਲ ਸੁੰਦਰ ਇਮਾਰਤ ਵੇਖਣਯੋਗ ਹੈ ਅਤੇ ਇਲਾਕੇ ਅੰਦਰ ਇਸ ਇਤਿਹਾਸਕ ਗੁਰਦੁਆਰਾ ਸਾਹਿਬ ਦੀ ਬਹੁਤ ਮਾਨਤਾ ਹੈ। ਹਰੇਕ ਮੱਸਿਆ ਦੇ ਦਿਹਾੜੇ ਵੱਡੀ ਗਿਣਤੀ ’ਚ ਸੰਗਤਾਂ ਹਾਜ਼ਰੀ ਭਰਦੀਆਂ ਹਨ।
ਮਹਾਨ ਤਪੱਸਵੀ ਬਾਬਾ ਸ੍ਰੀ ਚੰਦ ਦਾ ਅਵਤਾਰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪੱਵਿਤਰ ਗ੍ਰਹਿ ਵਿਖੇ ਮਾਤਾ ਸੁਲੱਖਣੀ ਦੀ ਕੁੱਖੋਂ ਸੁਲਤਾਨਪੁਰ ਲੋਧੀ ਵਿਖੇ 9 ਭਾਦੋਂ ਸੁਧੀ ਅਤੇ ਸੰਮਤ 1551 (9 ਸਤੰਬਰ 1494) ਨੂੰ ਹੋਇਆ। ਆਖਦੇ ਹਨ ਕਿ ਜਦੋਂ ਬਾਬਾ ਸ੍ਰੀ ਚੰਦ ਨੇ ਅਵਤਾਰ ਧਾਰਿਆ ਤਾਂ ਜਨਮ ਤੋਂ ਹੀ ਉਨ੍ਹਾਂ ਦੇ ਕੰਨਾਂ ’ਚ ਮੁੰਦਰਾਂ ਪਈਆਂ ਹੋਈਆਂ ਸਨ। ਇਨ੍ਹਾਂ ਨੇ ਹੀ ਅੱਗੇ ਜਾ ਉਦਾਸੀ ਮੱਤ ਚਲਾਇਆ। ਜਦੋਂ ਸ੍ਰੀ ਗੁਰੂ ਨਾਨਕ ਦੇਵ ਚੋਲਾ ਛੱਡ ਗਏ ਤਾਂ ਉਨ੍ਹਾਂ ਦੇ ਦੂਸਰੇ ਸਪੁੱਤਰ ਭਾਈ ਲਖਮੀ ਚੰਦ ਪਤਾ ਲੱਗਣ ’ਤੇ ਜਦੋਂ ਆਪਣੇ ਪਰਿਵਾਰ ਸਮੇਤ ਘੋੜੇ ਉੱਤੇ ਸਵਾਰ ਹੋ ਕੇ ਪਰਲੋਕ ਨੂੰ ਉੱਡ ਗਏ ਤਾਂ ਬਾਬਾ ਸ੍ਰੀ ਚੰਦ ਨੇ 14 ਜੋਜਣ ਆਪਣੀ ਬਾਂਹ ਲੰਮੀ ਕਰਕੇ ਭਾਈ ਲੱਖਮੀ ਚੰਦ ਤੋਂ ਉਸ ਦਾ ਸਪੁੱਤਰ ਲਿਆ ਸੀ।
ਇਤਿਹਾਸ ਅਨੁਸਾਰ ਡੇਰਾ ਬਾਬਾ ਨਾਨਕ ਤੋਂ ਹੀ ਬਾਬਾ ਸ੍ਰੀ ਚੰਦ ਪਿੰਡ ਬਾਰਠ (ਪਠਾਨਕੋਟ) ਗਏ ਸਨ ਜਿਥੇ ਹੁਣ ਗੁਰਦੁਆਰਾ ਸ੍ਰੀ  ਬਾਰਠ ਸਾਹਿਬ ਸਥਿਤ ਹੈ। ਬਾਰਠ ਸਾਹਿਬ ਵਿਖੇ ਬਾਬਾ ਸ੍ਰੀ ਚੰਦ ਨੇ 62 ਵਰ੍ਹੇ ਦੇ ਕਰੀਬ ਲੰਮਾਂ ਸਮਾਂ ਤਪੱਸਿਆ ਕੀਤੀ। ਗੁਰਦੁਆਰਾ ਬਾਰਠ ਸਾਹਿਬ ਉਹ ਪਵਿੱਤਰ ਅਸਥਾਨ ਹੈ, ਜਿਥੇ ਪੰਜਵੇਂ ਗੁਰੂ ਸ੍ਰੀ ਗੁਰੂ ਅਰਜਨ ਦੇਵ ਬਾਬਾ ਸ੍ਰੀ ਚੰਦ ਜੀ ਨੂੰ ਮਿਲਣ ਲਈ ਆਏ ਸਨ। ਗੁਰੂ ਹਰਗੋਬਿੰਦ ਸਾਹਿਬ ਵੀ ਉਨ੍ਹਾਂ ਨੂੰ ਮਿਲਣ ਲਈ ਇਥੇ ਆਏ ਸਨ। ਗੁਰੂ ਹਰਗੋਬਿੰਦ ਸਾਹਿਬ ਨੇ ਉਦਾਸੀ ਮੱਤ ਨੂੰ ਅੱਗੇ ਚਲਾਉਣ ਲਈ ਆਪਣਾ ਸਪੁੱਤਰ ਬਾਬਾ ਗੁਰਦਿੱਤਾ ਬਾਬਾ ਸ੍ਰੀ ਚੰਦ ਨੂੰ ਸੌਂਪ ਦਿੱਤਾ ਸੀ।
ਕਸਬਾ ਡੇਰਾ ਬਾਬਾ ਨਾਨਕ ਤੋਂ ਬਾਰਠ ਸਾਹਿਬ ਤੱਕ ਇੱਕ ਕੱਚੀ ਪਗਡੰਡੀ ਦਾ ਰਸਤਾ ਸੀ। ਇਸ ਰਸਤੇ ਹੀ ਬਾਬਾ ਸ੍ਰੀ ਚੰਦ ਦਾ ਆਉਣਾ-ਜਾਣਾ ਹੁੰਦਾ ਸੀ। ਓਨੀਂ ਦਿਨੀਂ ਦਰਿਆ ਰਾਵੀ ਪਿੰਡ ਗਾਹਲੜੀ ਅੰਦਰ ਤੋਂ ਹੀ ਲੰਘਦਾ ਸੀ। ਦਰਿਆ ਅੰਦਰ ਅਕਸਰ ਹੜ੍ਹ ਆ ਜਾਣ ਦੀ ਸੂਰਤ ’ਚ ਇਲਾਕੇ ਅੰਦਰ ਭਾਰੀ ਤਬਾਹੀ ਹੁੰਦੀ ਸੀ। ਹੜ੍ਹ ਆਉਣ ਕਾਰਨ ਇਲਾਕੇ ਦੇ ਕਿਸਾਨਾਂ ਦੀਆਂ ਫ਼ਸਲਾਂ ਪੂਰੀ ਤਰ੍ਹਾਂ ਬਰਬਾਦ ਹੋ ਜਾਂਦੀਆਂ ਸਨ। ਜਿਸ ਕਾਰਨ ਇਲਾਕੇ ਦੇ ਕਿਸਾਨ ਬਹੁਤ ਦੁਖੀ ਤੇ ਪ੍ਰੇਸ਼ਾਨ ਸਨ। ਕਮਾਈ ਦਾ ਹੋਰ ਕੋਈ ਸਾਧਨ ਨਾ ਹੋਣ ਕਾਰਨ ਲੋਕਾਂ ਦਾ ਗੁਜ਼ਾਰਾ ਫ਼ਸਲਾਂ ਸਹਾਰੇ ਹੀ ਚੱਲਦਾ ਸੀ। ਇਲਾਕੇ ਦੇ ਲੋਕ ਗਰੀਬ ਹੋਣ ਕਾਰਨ ਤੰਗੀ-ਤੁਰਸ਼ੀਆਂ ਦਾ ਸ਼ਿਕਾਰ ਸਨ। ਇੱਕ ਦਿਨ ਜਦੋਂ ਬਾਬਾ ਸ੍ਰੀ ਚੰਦ ਰਾਤ ਗੁਜ਼ਾਰਨ ਲਈ ਗਾਹਲੜੀ ਵਿਖੇ ਰਾਵੀ ਦਰਿਆ ਦੇ ਕੰਢੇ ਰੁਕੇ ਹੋਏ ਸਨ ਤਾਂ ਲੋਕਾਂ ਨੂੰ ਪਤਾ ਲੱਗਾ ਕਿ ਕੋਈ ਸਾਧੂ ਰਾਵੀ ਕੰਢੇ ਡੇਰਾ ਜਮਾਈ ਬੈਠਾ ਹੈ। ਸਾਧੂ ਬੜੀ ਹੀ ਕਰਨੀ ਵਾਲਾ ਹੈ।  ਇਲਾਕੇ ਦੇ ਲੋਕ ਵੱਡੀ ਗਿਣਤੀ ਵਿੱਚ ਇੱਕਠੇ ਹੋ ਕੇ ਸਵੇਰੇ ਬਾਬਾ ਸ੍ਰੀ ਚੰਦ ਕੋਲ ਪੁੱਜ ਗਏ। ਬਾਬਾ ਸ੍ਰੀ ਚੰਦ ਟਾਹਲੀ ਦੀ ਦਾਤਣ ਕਰ ਰਹੇ ਸਨ। ਲੋਕਾਂ ਨੇ ਆ ਕੇ ਫਰਿਆਦ ਕੀਤੀ ਕਿ ਅਸੀਂ ਗਰੀਬ ਕਿਸਾਨ ਹਾਂ ਅਤੇ ਗੁਜ਼ਾਰਾ ਫ਼ਸਲਾਂ ਸਹਾਰੇ ਹੀ ਚੱਲਦਾ ਹੈ। ਲੇਕਿਨ ਰਾਵੀ ਦਰਿਆ ਵਿੱਚ ਹੜ੍ਹ ਆ ਜਾਣ ਕਾਰਨ ਫ਼ਸਲਾਂ ਹੜ੍ਹ ਦੀ ਭੇਟ ਚੜ੍ਹ ਜਾਂਦੀਆਂ ਹਨ। ਉਨ੍ਹਾਂ ਦੇ ਖਾਣ ਲਈ ਵੀ ਫ਼ਸਲ ਨਹੀਂ ਬਚਦੀ ਹੈ। ਇਲਾਕੇ ਦੇ ਲੋਕਾਂ ’ਤੇ ਕ੍ਰਿਪਾ ਕਰਨ ਦੀ ਬੇਨਤੀ ਕੀਤੀ ਗਈ। ਸੁਣਨ ਉਪਰੰਤ ਬਾਬਾ ਸ੍ਰੀ ਚੰਦ ਰਾਵੀ ਦਰਿਆ ਵੱਲ ਨੂੰ ਚਲ ਪਏ। ਜਿਥੇ ਦਰਿਆ ਦਾ ਪਾਣੀ ਵਹਿ ਰਿਹਾ ਸੀ, ਉੱਥੇ ਜਾ ਕੇ ਦਾਤਣ  ਗੱਡ ਕੇ ਦਰਿਆ ਨੂੰ ਮੁਖਾਤਿਬ ਹੋ ਕੇ ਬੋਲੇ ਕਿ ਇਨ੍ਹਾਂ ਕਿਸਾਨਾਂ ਨੇ ਤੇਰਾ ਕੀ ਵਿਗਾੜਿਆ ਹੈ। ਬਾਬਾ ਸ੍ਰੀ ਚੰਦ ਨੇ ਦਰਿਆ ਨੂੰ ਜਾਹ ਭਈ ਜਾਹ ਆਖ ਕੇ ਆਪਣਾ ਰਸਤਾ ਬਦਲ ਲੈਣ ਲਈ ਆਖਿਆ ਤਾਂ ਉਸ ਦਿਨ ਤੋਂ ਰਾਵੀ  ਦਰਿਆ ਨੇ ਆਪਣਾ ਰਾਹ ਬਦਲ ਲਿਆ।
ਰਾਵੀ ਦਰਿਆ ਹੁਣ ਇਸ ਸਥਾਨ ਤੋਂ ਪੰਜ ਕਿਲੋਮੀਟਰ ਦੇ ਕਰੀਬ ਦੂਰ ਵਹਿ ਰਿਹਾ ਹੈ। ਜਿਸ ਜਗ੍ਹਾ ਉੱਤੇ ਬਾਬਾ ਸ੍ਰੀ ਚੰਦ ਨੇ ਦਾਤਣ ਗੱਡੀ ਸੀ ਉੱਥੇ ਹੁਣ ਬਾਬਾ ਸ੍ਰੀ ਚੰਦ ਦੀ ਯਾਦ ਵਿੱਚ ਦਾਤਣ ਟਾਹਲੀ ਸਾਹਿਬ ਦੇ ਰੂਪ ਵਿੱਚ ਸ਼ੁਸ਼ੋਭਿਤ ਹੈ। ਗੁਰਦੁਆਰਾ ਸਾਹਿਬ ਵਿਖੇ ਹਰ ਰੋਜ਼ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਜਾਂਦੇ ਹਨ। ਟਾਹਲੀ ਦੀਆਂ  ਜੜ੍ਹਾਂ ਮੁੜ ਤੋਂ ਹਰੀਆਂ ਹੋਣੀਆਂ ਸ਼ੁਰੂ ਹੋ ਗਈਆਂ ਹਨ।


Comments Off on ਬਾਬਾ ਸ੍ਰੀ ਚੰਦ ਦੀ ਯਾਦ ਵਿੱਚ ਸਥਾਪਤ ਗੁਰਦੁਆਰਾ ਸ੍ਰੀ ਟਾਹਲੀ ਸਾਹਿਬ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.