ਅਟਾਰੀ ਸਰਹੱਦ ’ਤੇ ਲਹਿਰਾਏ ਕੌਮੀ ਝੰਡੇ ਸਬੰਧੀ ਸੀਬੀਆਈ ਜਾਂਚ ਮੰਗੀ !    ਸਾਬਕਾ ਚੇਅਰਮੈਨ ਰੌਕੀ ਕਾਂਸਲ ਨੂੰ ਨਿਆਂਇਕ ਹਿਰਾਸਤ ’ਚ ਭੇਜਿਆ !    ਮੈਚ ਫ਼ਿਕਸਿੰਗ: ਮੁਹੰਮਦ ਇਰਫ਼ਾਨ ਉੱਪਰ ਪਾਬੰਦੀ !    ਨਵਜੋਤ ਸਿੱਧੂ ਵੱਲੋਂ ਨਗਰ ਸੁਧਾਰ ਟਰੱਸਟਾਂ ਦੇ ਅਹੁਦੇਦਾਰ ਫ਼ਾਰਗ !    ਆਨਲਾਈਨ ਸ਼ਾਪਿੰਗ ਦੀ ਦੁਨੀਆਂ ਵਿੱਚ ਕਰੀਅਰ ਬਣਾਉਣ ਦੇ ਵਸੀਲੇ !    ਖ਼ਤਰਨਾਕ ਹੋ ਸਕਦਾ ਹੈ ਉੱਚੀ ਅੱਡੀ ਦਾ ਸ਼ੌਕ !    ਭੀਮ ਐਪ: ਨਗ਼ਦੀ ਰਹਿਤ ਲੈਣ-ਦੇਣ ਦੀ ਸਰਲ ਪ੍ਰਕਿਰਿਆ !    ਨੌਜਵਾਨ ਸੋਚ : ਕੀ ਹੋਵੇ ਪੰਜਾਬ ਦੀ ਨਵੀਂ ਸਿੱਖਿਆ ਨੀਤੀ ? !    ਮਲੇਸ਼ਿਆਈ ਪ੍ਰਧਾਨ ਮੰਤਰੀ ਦਾ ਦੌਰਾ ਅੱਜ ਤੋਂ !    ਪਹਿਲੀ ਨੂੰ ਬ੍ਰਾਂਚਾਂ ਖੋਲ੍ਹਣ ਦਾ ਫ਼ੈਸਲਾ ਆਰਬੀਆਈ ਨੇ ਬੈਂਕਾਂ ’ਤੇ ਛੱਡਿਆ !    

ਮਾਤਾ ਨਰਾਇਣ ਕੌਰ ਯਾਦਗਾਰੀ ਪਾਰਕ ਹੋਇਆ ਵੀਰਾਨ

Posted On January - 13 - 2014

ਸੁਨਾਮ ਵਿਖੇ ‘ਮਾਤਾ ਨਰਾਇਣ ਕੌਰ ਯਾਦਗਾਰੀ ਪਾਰਕ ਦੀ ਹੋਈ ਦੁਰਦਸ਼ਾ ਦੀ ਮੂੰਹ ਬੋਲਦੀ ਤਸਵੀਰ।

ਬੀਰ ਇੰਦਰ ਸਿੰਘ ਬਨਭੌਰੀ
ਸੁਨਾਮ, 13 ਜਨਵਰੀ
ਸ਼ਹੀਦ ਊਧਮ ਸਿੰਘ ਦੀ ਮਾਤਾ ਨਰਾਇਣ ਕੌਰ ਦੀ ਯਾਦ ’ਚ ਗੌਰਮਿੰਟ ਸਕੂਲ ਸੁਨਾਮ ਕੋਲ ਬਣਿਆ ‘ਯਾਦਗਾਰੀ ਪਾਰਕ’ ਅੱਜ ਮਿਉਂਸਪਲ ਕੌਂਸਲ ਦੀ ਅਣਦੇਖੀ ਦਾ ਸ਼ਿਕਾਰ ਹੋ ਰਿਹਾ ਹੈ। ਪਾਰਕ ’ਚ ਅੱਜ ਫੁੱਲਾਂ ਦੀ ਥਾਂ ਜੰਗਲੀ ਘਾਹ-ਫੂਸ ਨੇ ਲੈ ਲਈ ਹੈ ਜਿਹੜਾ ਕਿ ਦੂਰੋਂ ਕਿਸੇ ਵੀਰਾਨ ਜਗ੍ਹਾ ਦਾ ਭੁਲੇਖਾ ਪਾਉਂਦਾ ਹੈ। ਥਾਂ-ਥਾਂ ਤੋਂ ਟੁੱਟੀ ਚਾਰਦੀਵਾਰੀ ਅਤੇ ਪਾਰਕ ਅੰਦਰ ਚਿਰਾਂ ਤੋਂ ਖਿੱਲਰਿਆ ਕੂੜਾ-ਕਰਕਟ ਇਸ ਦੀ ਮਾੜੀ ਹਾਲਤ ਦੀ ਮੂੰਹ ਬੋਲਦੀ ਤਸਵੀਰ ਹੈ। ਸਭ ਤੋਂ ਵੱਡੀ ਤਰਾਸਦੀ ਇਸ ਪਾਰਕ ’ਚ ਇਹ ਹੈ ਕਿ ਇਸ ਵਿੱਚ ਮਿਉਂਸਪਲ ਕੌਂਸਲ ਵੱਲੋਂ ਦੋ ਟਿਊਬਵੈਲ ਲਾਏ ਹੋਏ ਹਨ ਜਿਸ ਰਾਹੀਂ ਹਰ ਰੋਜ਼ ਸ਼ਹਿਰ ਵਾਸੀਆਂ ਲਈ ਹਜ਼ਾਰਾਂ ਲੀਟਰ ਪਾਣੀ ਪੁੱਜਦਾ ਹੈ ਪ੍ਰੰਤੂ ਪਾਰਕ ਵਿੱਚ ਬਚੇ-ਖੁਚੇ ਦਰਖਤ ਅੱਜ ਪਾਣੀ ਦੀ ਇੱਕ ਇੱਕ ਬੂੰਦ ਨੂੰ ਹੀ ਤਰਸ ਰਹੇ ਹਨ।
ਅੱਜ ਕੱਲ੍ਹ ਇਹ ਪਾਰਕ ਅਵਾਰਾ ਪਸ਼ੂਆਂ ਦੀ ਪਨਾਹਗਾਹ ਬਣਿਆ ਹੋਇਆ ਹੈ। ਜਾਣਕਾਰੀ ਅਨੁਸਾਰ ਸ਼ੁਰੂ- ਸ਼ੁਰੂ ਵਿੱਚ ਇਸ ਪਾਰਕ ਦੀ ਦੇਖ-ਰੇਖ ਲਈ ਮਾਲੀ ਰੱਖਿਆ ਗਿਆ ਸੀ ਪ੍ਰੰਤੂ ਨਾ ਹੁਣ ਮਾਲੀ ਹੈ ਤੇ ਨਾ ਹੀ ਪਾਰਕ, ਪਾਰਕ ਦੀ ਸ਼ਕਲ ਵਿੱਚ ਹੈ। ਮਾਲੀ ਅਤੇ ਇਸ ਦੇ ਰੱਖ-ਰਖਾਵ ਦੇ ਸਮਾਨ ਸਾਂਭਣ ਖਾਤਰ ਬਣੇ ਦੋ ਕਮਰੇ ਅੱਜ ਨਿਰ੍ਹੀ ਗੰਦਗੀ ਦਾ ਅੱਡਾ ਬਣ ਕੇ ਰਹਿ ਗਏ ਹਨ। ਰਾਤ ਬਰਾਤੇ ਇਥੇ ਮਾੜੇ ਅਨਸਰ ਵੀ ਪਨਾਹ ਲੈਂਦੇ ਦੱਸੇ ਜਾ ਰਹੇ ਹਨ, ਜਦੋਂ ਕਿ ਆਮ ਨਸ਼ੇੜੀ ਨੌਜਵਾਨਾਂ ਦਾ ਤਾਂ ਇਹ ਕਮਰੇ ਇੱਕ ਅੱਡੇ ਵਜੋਂ ਬਣੇ ਹੋਣ ਦਾ ਖਦਸ਼ਾ ਹੈ।
ਇਸ ਤੋਂ ਇਲਾਵਾ ਹੁਣ ਲੋਕ ਇਨ੍ਹਾਂ ਕਮਰਿਆਂ ਨੂੰ ਇੱਕ ਪਖਾਨਿਆਂ ਦੇ ਰੂਪ ’ਚ ਵੀ ਵਰਤਣ ਤੋਂ ਗੁਰੇਜ਼ ਨਹੀਂ ਕਰਦੇ। ਪਾਰਕ ਨੂੰ ਵੇਖਦਿਆਂ ਇਹ ਪ੍ਰਤੀਤ ਹੀ ਨਹੀਂ ਹੁੰਦਾ ਕਿ ਇਹ ਪਾਰਕ ਸ਼ਹੀਦ ਊਧਮ ਸਿੰਘ ਦੇ ਪਰਿਵਾਰ ਨਾਲ ਸਬੰਧਤ ਹੈ? ਮਾਤਾ ਨਰਾਇਣ ਕੌਰ ਦੀ ਯਾਦ ’ਚ ਬਣਾਏ ਗਏ ਇਸ ਯਾਦਗਾਰੀ ਪਾਰਕ ਦਾ ਉਦਘਾਟਨੀ ਪੱਥਰ ਵੀ ਬਸ ਨਾਂ ਦਾ ਹੀ ਪੱਥਰ ਰਹਿ ਗਿਆ ਹੈ ਜਿਸ ਵਿੱਚੋਂ ਕਿਸੇ ਵੀ ਸ਼ਬਦ ਨੂੰ ਪੜ੍ਹਨਾ ਨਾਮੁਮਕਿਨ ਹੀ ਹੈ। ਪਾਰਕ ਅੰਦਰ ਉਸਾਰੀ ਵਕਤ ਬਣਾਇਆ  ਗਿਆ ਸੁੰਦਰ ਗੋਲ ਫ਼ੁਹਾਰਾ ਅੱਜ ਪਾਣੀ ਨਹੀਂ ਵਰਸਾਉਂਦਾ ਸਗੋਂ ਆਪਣੀ ਦੁਰਦਸ਼ਾ ’ਤੇ ਹੰਝੂ ਵਹਾਉਂਦਾ ਪ੍ਰਤੀਤ ਹੁੰਦਾ ਹੈ। ਥਾਂ ਥਾਂ ਤੋਂ ਟੁੱਟਿਆ ਇਹ ਫ਼ੁਹਾਰਾ ਕਦੇ ਘੁੰਮਣ-ਫਿਰਨ ਆਉਣ ਵਾਲੇ ਲੋਕਾਂ ਦੀ ਖਿੱਚ ਦਾ ਮੁੱਖ ਕੇਂਦਰ ਬਣਿਆ ਹੋਇਆ ਸੀ। ਪਾਰਕ ਬਣਨ ਤੋਂ ਬਾਅਦ ਨੇੜਲੇ 15, 16 ਅਤੇ 17 ਵਾਰਡ ਦੇ ਵਾਸੀਆਂ ਤੋਂ ਇਲਾਵਾ ਸਮੁੱਚੇ ਸੁਨਾਮ ਲਈ ਇੱਕ ਵਧੀਆ ਸੈਰਗਾਹ ਸੀ ਜਿਹੜੇ ਕਿ ਅੱਜ ਬੀਆਬਾਨ ਹੋਏ ਇਸ ਪਾਰਕ ਵੱਲ ਝਾਕਣਾ ਵੀ ਸ਼ਾਨ ਦੇ ਖਿਲਾਫ਼ ਸਮਝਦੇ ਹਨ। ਇਸ ਮਸਲੇ ’ਤੇ ਗੱਲਬਾਤ ਕਰਦਿਆਂ ਮਾਲਵਾ ਆਰਟਸ ਸਪੋਰਟਸ ਕਲਚਰ ਐਂਡ ਐਜੂਕੇਸ਼ਨ ਸੋਸ਼ਲ ਵੈਲਫੇਅਰ ਯੂਥ ਕਲੱਬ ਸੁਨਾਮ ਊਧਮ ਸਿੰਘ ਵਾਲਾ ਦੇ ਪ੍ਰਧਾਨ ਪਰਮਜੀਤ ਸਿੰਘ ਹਾਂਡਾ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸ਼ਹੀਦ ਦੀ ਮਾਤਾ ਨਰਾਇਣ ਕੌਰ ਦੀ ਯਾਦ ’ਚ ਇਹ ਪਾਰਕ ਉਸਾਰ ਕੇ ਇਸ ਦੀ ਸਾਂਭ-ਸੰਭਾਲ ਦਾ ਜ਼ਿੰਮਾ ਮਿਉਂਸਪਲ ਕੌਂਸਲ ਸੁਨਾਮ ਨੂੰ ਸੌਂਪ ਦਿੱਤਾ ਸੀ। ਜਿਹੜਾ ਕਿ ਹੌਲੀ ਹੌਲੀ ਸ਼ਹੀਦ ਊਧਮ ਸਿੰਘ ਨਾਲ ਜੁੜੀ ਇਸ ਯਾਦਗਾਰ ਨੂੰ ਸੰਭਾਲਣ ਦੀ ਬਜਾਏ ਖ਼ਤਮ ਕਰਨ ’ਤੇ ਤੁਲੀ ਹੋਈ ਹੈ।
ਸ੍ਰੀ ਹਾਂਡਾ ਨੇ ਖਦਸ਼ਾ ਜ਼ਾਹਿਰ ਕੀਤਾ ਕਿ ਮਿਉਂਸਪਲ ਕੌਂਸਲ ਇਸ ਪਾਰਕ ਨੂੰ ਕਿਸੇ ਹੋਰ ਮੰਤਵ ਲਈ ਵਰਤਣਾ ਚਾਹੁੰਦੀ ਹੈ। ਉਨ੍ਹਾਂ ਕਿਹਾ ਕਿ ਜੇਕਰ ਮਿਉਂਸਪਲ ਕੌਂਸਲ ਦੀਆਂ ਸੁਨਾਮ ਵਿਖੇ ਬਣੀਆਂ ਸ਼ਹੀਦ ਨਾਲ ਜੁੜੀਆਂ ਇਨ੍ਹਾਂ ਯਾਦਗਾਰਾਂ ਦੇ ਰੱਖ-ਰਖਾਵ ਪ੍ਰਤੀ ਅਪਣਾਈਆਂ ਜਾ ਰਹੀਆਂ ਨੀਤੀਆਂ ਭਵਿੱਖ ’ਚ ਇਸੇ ਤਰ੍ਹਾਂ ਬਣੀਆਂ ਰਹੀਆਂ ਤਾਂ ਸ਼ਹੀਦ ਊਧਮ ਸਿੰਘ ਦੀਆਂ ਹੋਰਨਾਂ ਯਾਦਗਾਰਾਂ ਦਾ ਆਉਂਦੇ ਦਿਨਾਂ ’ਚ ਨਾਮੋ-ਨਿਸ਼ਾਨ ਤਕ ਹੀ ਮਿਟ ਜਾਵੇਗਾ। ਉਧਰ ਜਦੋਂ ਇਸ ਮਸਲੇ ਨੂੰ ਲੈ ਕੇ ਮਿਉਂਸਪਲ ਕੌਂਸਲ ਦੇ ਕਾਰਜਸਾਧਕ ਅਫਸਰ ਸ੍ਰੀ ਰਣਬੀਰ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਹੁਣੇ-ਹੁਣੇ ਚਾਰਜ ਸੰਭਾਲਿਆ ਹੈ, ਉਹ ਇਸ ਪਾਰਕ ਦਾ ਜ਼ਾਇਜਾ ਲੈ ਕੇ ਜਲਦੀ ਹੀ ਇਸ ਦੀ ਹਾਲਤ ਨੂੰ ਸੁਧਾਰਨ ਦੀ ਕਾਰਵਾਈ ਸ਼ੁਰੂ ਕਰਨਗੇ। ਉਨ੍ਹਾਂ ਕਿਹਾ ਕਿ ਸ਼ਹਿਰ ਨਿਵਾਸੀ ਜੇਕਰ ਇਸ ਦੇ ਰੱਖ-ਰਖਾਵ ਲਈ ਆਪ ਵੀ ਅੱਗੇ ਆ ਜਾਣ ਤਾਂ ਮਿਉਂਸਪਲ ਕੌਂਸਲ ਦਾ ਕਾਰਜ ਹੋਰ ਵਧੀਆ ਹੋ ਨਿੱਬੜੇਗਾ।


Comments Off on ਮਾਤਾ ਨਰਾਇਣ ਕੌਰ ਯਾਦਗਾਰੀ ਪਾਰਕ ਹੋਇਆ ਵੀਰਾਨ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.