ਅਟਾਰੀ ਸਰਹੱਦ ’ਤੇ ਲਹਿਰਾਏ ਕੌਮੀ ਝੰਡੇ ਸਬੰਧੀ ਸੀਬੀਆਈ ਜਾਂਚ ਮੰਗੀ !    ਸਾਬਕਾ ਚੇਅਰਮੈਨ ਰੌਕੀ ਕਾਂਸਲ ਨੂੰ ਨਿਆਂਇਕ ਹਿਰਾਸਤ ’ਚ ਭੇਜਿਆ !    ਮੈਚ ਫ਼ਿਕਸਿੰਗ: ਮੁਹੰਮਦ ਇਰਫ਼ਾਨ ਉੱਪਰ ਪਾਬੰਦੀ !    ਨਵਜੋਤ ਸਿੱਧੂ ਵੱਲੋਂ ਨਗਰ ਸੁਧਾਰ ਟਰੱਸਟਾਂ ਦੇ ਅਹੁਦੇਦਾਰ ਫ਼ਾਰਗ !    ਆਨਲਾਈਨ ਸ਼ਾਪਿੰਗ ਦੀ ਦੁਨੀਆਂ ਵਿੱਚ ਕਰੀਅਰ ਬਣਾਉਣ ਦੇ ਵਸੀਲੇ !    ਖ਼ਤਰਨਾਕ ਹੋ ਸਕਦਾ ਹੈ ਉੱਚੀ ਅੱਡੀ ਦਾ ਸ਼ੌਕ !    ਭੀਮ ਐਪ: ਨਗ਼ਦੀ ਰਹਿਤ ਲੈਣ-ਦੇਣ ਦੀ ਸਰਲ ਪ੍ਰਕਿਰਿਆ !    ਨੌਜਵਾਨ ਸੋਚ : ਕੀ ਹੋਵੇ ਪੰਜਾਬ ਦੀ ਨਵੀਂ ਸਿੱਖਿਆ ਨੀਤੀ ? !    ਮਲੇਸ਼ਿਆਈ ਪ੍ਰਧਾਨ ਮੰਤਰੀ ਦਾ ਦੌਰਾ ਅੱਜ ਤੋਂ !    ਪਹਿਲੀ ਨੂੰ ਬ੍ਰਾਂਚਾਂ ਖੋਲ੍ਹਣ ਦਾ ਫ਼ੈਸਲਾ ਆਰਬੀਆਈ ਨੇ ਬੈਂਕਾਂ ’ਤੇ ਛੱਡਿਆ !    

ਖੰਡਰ ਬਣ ਰਹੇ ਨੇ ਮਾਲੇਰਕੋਟਲਾ ਰਿਆਸਤ ਦੇ ਸ਼ਾਹੀ ਮਕਬਰੇ

Posted On February - 21 - 2014

ਢਹਿ-ਢੇਰੀ ਹੋ ਰਹੇ ਮਕਬਰੇ

ਨਿੱਜੀ ਪੱਤਰ ਪ੍ਰੇਰਕ
ਮਾਲੇਰਕੋਟਲਾ, 21 ਫਰਵਰੀ
ਪੰਜਾਬ ਦੀ ਇੱਕੋ-ਇੱਕ ਮੁਸਲਿਮ ਰਿਆਸਤ ਮਾਲੇਰਕੋਟਲਾ ਦੇ ਨਵਾਬੀ ਖ਼ਾਨਦਾਨ ਨਾਲ ਸਬੰਧਤ ਸ਼ਾਹੀ ਮਕਬਰਿਆਂ ਦੀ ਹਾਲਤ ਸਾਂਭ-ਸੰਭਾਲ ਖੁਣੋਂ ਦਿਨੋ-ਦਿਨ ਖ਼ਸਤਾ ਹੁੰਦੀ ਜਾ ਰਹੀ ਹੈ।
ਇੱਥੇ ਸਰਹਿੰਦੀ ਦਰਵਾਜ਼ੇ ਦੇ ਬਾਹਰ ਪੰਜਾਬ ਐਂਡ ਸਿੰਧ ਬੈਂਕ ਨਾਲ ਲੱਗਦੀ ਕਰੀਬ ਅੱਠ ਵਿੱਘੇ ਜ਼ਮੀਨ ਵਿੱਚ ਫੈਲੇ ਸ਼ਾਹੀ ਮਕਬਰਿਆਂ ਵਿੱਚ ਰਿਆਸਤ ਦੇ ਸਮੇਂ-ਸਮੇਂ ਸਿਰ ਰਹੇ ਨਵਾਬ, ਨਵਾਬਾਂ ਦੀਆਂ ਬੇਗ਼ਮਾਂ, ਨਵਾਬ ਖ਼ਾਨਦਾਨ ਦੇ ਪਰਿਵਾਰਕ ਜੀਅ, ਰਿਆਸਤੀ ਫ਼ੌਜਾਂ ਅਤੇ ਪੁਲੀਸ ਦੇ ਨਵਾਬੀ ਖ਼ਾਨਦਾਨ ਨਾਲ ਸਬੰਧਤ ਜਰਨੈਲ ਅਤੇ ਰਿਆਸਤੀ ਪ੍ਰਸ਼ਾਸਨ ਦੇ ਉੱਚ ਅਹਿਲਕਾਰ ਦਫ਼ਨ ਹਨ। ਇਨ੍ਹਾਂ ਨਵਾਬਾਂ, ਫ਼ੌਜੀ ਜਰਨੈਲਾਂ ਅਤੇ ਹੋਰ ਅਹਿਲਕਾਰਾਂ ਦੀ ਕਦੀ ਲਾਹੌਰ ਦਰਬਾਰ, ਦਿੱਲੀ ਦਰਬਾਰ ਅਤੇ ਅੰਗਰੇਜ਼ਾਂ ਦੇ ਦਰਬਾਰ ਵਿੱਚ ਕੁਰਸੀ ਡਹਿੰਦੀ ਸੀ ਅਤੇ ਲੋਕ ਝੁਕ-ਝੁਕ ਕੇ ਸਲਾਮਾਂ ਕਰਿਆ ਕਰਦੇ ਸਨ ਪਰ ਅੱਜ ਇਨ੍ਹਾਂ ਦੇ ਸ਼ਾਹੀ ਮਕਬਰੇ ਉਜਾੜ ਬੀਆਬਾਨ ਦਾ ਦ੍ਰਿਸ਼ ਪੇਸ਼ ਕਰਦੇ ਹਨ। ਇਨ੍ਹਾਂ ਦੀ ਸਾਂਭ-ਸੰਭਾਲ ਨਹੀਂ ਹੋ ਰਹੀ ਅਤੇ ਸਫ਼ਾਈ ਪੱਖੋਂ ਅਣਦੇਖੀ ਕਾਰਨ ਦਰੱਖ਼ਤਾਂ ਦੇ ਪੱਤਿਆਂ ਦੇ ਢੇਰ ਲੱਗੇ ਹੋਏ ਹਨ ਅਤੇ ਉੱਗੇ ਘਾਹ-ਝਾੜੀਆਂ ਉਜਾੜੇ ਦੀ ਝਲਕ ਦਿੰਦੇ ਹਨ। ਇਹ ਮਕਬਰੇ ਕਿਸੇ ਵੇਲੇ ਸ਼ੇਰਵਾਨੀ, ਨੁਸਰਤਖ਼ਾਨੀ ਤੇ ਮਿਰਜ਼ਾਖ਼ਾਨੀ ਖਾਨਦਾਨ ਦਾ ਨਿੱਜੀ ਕਬਰਸਤਾਨ ਸਨ। ਇਹ ਸਾਰੇ ਮਕਬਰੇ ਲਾਹੌਰੀ ਇੱਟ ਅਤੇ ਚੂਨੇ ਨਾਲ ਬਣੇ ਹੋਏ ਹਨ। ਇਨ੍ਹਾਂ ’ਚੋਂ ਇੱਕ-ਦੋ ਮਕਬਰਿਆਂ ਦੇ ਅੰਦਰਲੇ ਪਾਸੇ ਜ਼ਿੰਦਗੀ ਅਤੇ ਮੌਤ ਨਾਲ ਸਬੰਧਤ ਅਰਬੀ, ਫਾਰਸੀ ਤੇ ਉਰਦੂ ’ਚ ਤੁਕਾਂ ਲਿਖੀਆਂ ਹੋਈਆਂ ਹਨ।

ਮੁਹੰਮਦ ਇਫ਼ਤਖਾਰ ਅਲੀ ਖਾਨ

ਸਰਹਿੰਦ ਦੇ ਸੂਬੇਦਾਰ ਵਜ਼ੀਰ ਖ਼ਾਨ ਦੀ ਕਚਹਿਰੀ ਵਿੱਚ ਗੁਰੂ ਗੋਬਿੰਦ ਸਿੰਘ ਦੇ ਛੋਟੇ ਸਾਹਿਬਜ਼ਾਦਿਆਂ ਦੇ ਹੱਕ ਵਿੱਚ ਹਾਅ ਦਾ ਨਾਅਰਾ ਮਾਰਨ ਵਾਲੇ ਨਵਾਬ ਸ਼ੇਰ ਮੁਹੰਮਦ ਖ਼ਾਨ (1672-1712) ਦੇ ਇੱਥੇ ਬਣੇ ਮਕਬਰੇ ਉੱਪਰ ਛੱਤ ਨਹੀਂ। ਬਾਕੀ ਨਵਾਬਾਂ ਜਿਨ੍ਹਾਂ ਵਿੱਚ ਨਵਾਬ ਜਮਾਲ ਖ਼ਾਨ, ਨਵਾਬ ਭੀਖਣ ਖ਼ਾਨ, ਨਵਾਬ ਉਮਰ ਖ਼ਾਨ, ਨਵਾਬ ਅਸਾਦੁੱਲਾਹ ਖ਼ਾਨ, ਨਵਾਬ ਅਤਾਉਲਾਹ ਖ਼ਾਨ, ਨਵਾਬ ਵਜ਼ੀਰ ਅਲੀ ਖ਼ਾਨ, ਨਵਾਬ ਅਮੀਰ ਅਲੀ ਖ਼ਾਨ, ਨਵਾਬ ਮਹਿਬੂਬ ਅਲੀ ਖ਼ਾਨ ਸ਼ਾਮਲ ਹਨ, ਦੇ ਮਕਬਰਿਆਂ ’ਤੇ ਛੱਤ, ਗੁੰਬਦ ਜਾਂ ਮੀਨਾਰ ਬਣੇ ਹੋਏ ਹਨ। ਇਨ੍ਹਾਂ ’ਤੇ ਉੱਤਮ ਨਮੂਨੇ ਦੀ ਮੀਨਾਕਾਰੀ ਦੇ ਨਾਲ-ਨਾਲ ਚਿੱਟਾ ਅਤੇ ਲਾਲ ਪੱਥਰ ਲੱਗਿਆ ਹੋਇਆ ਹੈ। ਨਵਾਬ ਸਿਕੰਦਰ ਅਲੀ ਖ਼ਾਨ ਦਾ ਮਕਬਰਾ ਇਮਾਰਤਸਾਜ਼ੀ ਦੇ ਲਿਹਾਜ਼ ਨਾਲ ਬਾਕੀ ਮਕਬਰਿਆਂ ਨਾਲੋਂ ਅਲੱਗ ਹੈ। ਵੱਡਾ ਗੋਲ ਗੁੰਬਦ, ਚਾਰੇ ਕੋਨਿਆਂ ’ਤੇ ਛੋਟੇ ਮੀਨਾਰ, ਚਾਰੇ ਪਾਸੇ ਖਿੜਕੀਦਾਰ ਬਰਾਮਦੇ ਅਤੇ ਸੁੰਦਰ ਜਾਲੀਆਂ ਇਸ ਮਕਬਰੇ ਦੀ ਸੁੰਦਰਤਾ ਅਤੇ ਸ਼ਾਨ ਬਿਆਨ ਕਰਦੇ ਹਨ। ਉੱਤਰੀ ਪਾਸੇ ਫਸੀਲ ਦੇ ਨਾਲ ਹੀ ਨਵਾਬ ਇਬਰਾਹੀਮ ਅਲੀ ਖ਼ਾਨ, ਨਵਾਬ ਅਹਿਮਦ ਅਲੀ ਖ਼ਾਨ ਅਤੇ ਨਵਾਬ ਇਫ਼ਤਖਾਰ ਅਲੀ ਖ਼ਾਨ ਦਾ ਇੱਕੋ ਹੀ ਲੰਬਾ ਮਕਬਰਾ ਹੈ, ਜਿਸ ਦੀ ਛੱਤ ’ਤੇ ਗੁੰਬਦ ਦੀ ਬਜਾਏ ਕੰਕਰੀਟ ਦਾ ਲੈਂਟਰ ਹੈ। ਇਸ ਦੇ ਚਾਰੇ ਪਾਸੇ ਸੀਮਿੰਟ ਦੀਆਂ ਜਾਲੀਆਂ ਤੇ ਸੰਗਮਰਮਰ ਦੇ ਕੁਤਬੇ ਹਨ। ਇਨ੍ਹਾਂ ਸ਼ਾਹੀ ਮਕਬਰਿਆਂ ਵਿੱਚ ਨਵਾਬਾਂ ਤੋਂ ਇਲਾਵਾ ਸਭ ਤੋਂ ਸੁੰਦਰ ਦੋ ਮੰਜ਼ਿਲਾ ਮਕਬਰਾ ਸਰ ਮੁਹੰਮਦ ਜ਼ੁਲਫਿਕਾਰ ਅਲੀ ਖ਼ਾਨ (ਜੋ ਰਿਆਸਤ ਪਟਿਆਲਾ ਦੇ 1911 ਤੋਂ 1913 ਤੱਕ ਚੀਫ਼ ਮਨਿਸਟਰ ਰਹੇ) ਦਾ ਹੈ। ਇਸ ਦੇ ਚਾਰੇ ਪਾਸੇ ਬਰਾਮਦੇ, ਸਾਹਮਣੇ ਅਤੇ ਪਿੱਛੇ ਪੌੜੀਆਂ, ਖ਼ੂਬਸੂਰਤ ਗੋਲ ਗੁੰਬਦ ਤੇ ਸੀਮਿੰਟ ਦੀਆਂ ਹੱਥਾਂ ਨਾਲ ਬਣਾਈਆਂ ਜਾਲੀਆਂ, ਉਪਰਲੀ ਮੰਜ਼ਲ ’ਤੇ ਸੰਗਮਰਮਰ ਦਾ ਤਵੀਜ਼ ਦੇਖਣਯੋਗ ਹਨ। ਹੇਠਾਂ ਉਸ ਦੀ ਕਬਰ ਕੱਚੀ ਹੈ। ਇਹ ਮਕਬਰਾ ਮਹਾਰਾਜਾ ਪਟਿਆਲਾ ਨੇ ਤਾਮੀਰ ਕਰਵਾਇਆ ਸੀ। ਇੱਥੇ ਹੀ 1982 ਵਿੱਚ ਬੇਔਲਾਦ ਫ਼ੌਤ ਹੋਏ ਮਾਲੇਰਕੋਟਲਾ ਰਿਆਸਤ ਦੇ ਆਖ਼ਰੀ ਨਵਾਬ ਅਤੇ ਆਜ਼ਾਦੀ ਉਪਰੰਤ ਵਿਧਾਇਕ ਰਹੇ ਨਵਾਬ ਮੁਹੰਮਦ ਇਫ਼ਤਖਾਰ ਅਲੀ ਖ਼ਾਨ, 2008 ਵਿੱਚ ਫ਼ੌਤ ਹੋਈ ਨਵਾਬ ਇਬਰਾਹੀਮ ਅਲੀ ਖ਼ਾਨ ਦੀ ਪੋਤੀ ਅਸਗਰੀ ਬੇਗ਼ਮ ਸਾਹਿਬਾ, ਨਵਾਬ ਮੁਹੰਮਦ ਅਹਿਮਦ ਅਲੀ ਖ਼ਾਨ ਦੀ ਨੂੰਹ, ਰਾਜਾ ਜਾਫ਼ਰ ਅਲੀ ਖ਼ਾਨ ਬਹਾਦਰ ਦੀ ਪੁੱਤਰੀ, ਇੰਗਲੈਂਡ ਤੋਂ ਫ਼ੌਜੀ ਸਿਖਲਾਈ ਪ੍ਰਾਪਤ ਅਲਤਾਫ਼ ਅਲੀ ਖ਼ਾਨ ਬਹਾਦਰ ਦੀ ਪਤਨੀ ਆਦਿ ਦੀ ਕਬਰ ਵੀ ਇਸ ਮਕਬਰਾ ਸਮੂਹ ਦਾ ਹਿੱਸਾ ਹਨ।
ਅੱਵਲ ਦਰਜੇ ਦੀ ਮੁਸਲਿਮ ਭਵਨ ਨਿਰਮਾਣ ਕਲਾ ਨਾਲ ਬਣੇ ਗੁੰਬਦ, ਮੀਨਾਰ, ਜਾਲੀਆਂ ਅਤੇ ਦਰਵਾਜ਼ੇ ਅੱਜ ਸਮੇਂ ਦੀ ਮਾਰ ਨਾਲ ਢਹਿ-ਢੇਰੀ ਹੋ ਰਹੇ ਹਨ। ਮਕਬਰਿਆਂ ’ਤੇ ਲੱਗੇ ਚਿੱਟੇ ਸੰਗਮਰਮਰ, ਚਿੱਟੇ ਪੱਥਰ ਤੇ ਮੀਨਾਕਾਰੀ ਦੀ ਚਮਕ ਹੁਣ ਫਿੱਕੀ ਪੈਣ ਲੱਗੀ ਹੈ। ਇਨ੍ਹਾਂ ਦਾ ਰੰਗ ਕਾਲਾ ਪੈ ਗਿਆ ਹੈ। ਮਕਬਰਿਆਂ ਦੇ ਗੁੰਬਦਾਂ ਤੋਂ ਪਲੱਸਤਰ ਉਖੜਨ ਲੱਗਿਆ ਹੈ, ਗੁੰਬਦਾਂ ’ਚ ਮੋਘਰੇ ਹੋ ਗਏ ਹਨ, ਚੌਂਤਰਿਆਂ ਦੇ ਫਰਸ਼ ਉਖੜ ਰਹੇ ਹਨ, ਚੁਗਾਠਾਂ/ਦਰਵਾਜ਼ੇ ਸਿਉਂਕ ਨੇ ਖਾ ਲਏ ਹਨ। ਜਾਨਵਰਾਂ ਦੀਆਂ ਬਿੱਠਾਂ ਨੇ ਗੁੰਬਦਾਂ ਅਤੇ ਕਬਰਾਂ ਦੀ ਸ਼ਾਹੀ ਸ਼ਾਨ ਨੂੰ ਤਰਸਯੋਗ ਬਣਾ ਦਿੱਤਾ ਹੈ।
ਨਵਾਬੀ ਖਾਨਦਾਨ ਵੱਲੋਂ ਸ਼ਾਹੀ ਮਕਬਰਿਆਂ ਦੀ ਸਾਂਭ-ਸੰਭਾਲ ਲਈ ਮੁਕੱਰਰ ਕੀਤੇ ਮਤਵੱਲੀ (ਕੇਅਰਟੇਕਰ) ਖ਼ਾਨਦਾਨ ਦੇ ਮੌਜੂਦਾ ਮਤਵੱਲੀ ਹਾਜੀ ਮੁਹੰਮਦ ਨਸੀਰ ਅਨੁਸਾਰ ਮਰਹੂਮ ਨਵਾਬ ਸਿਕੰਦਰ ਅਲੀ ਖ਼ਾਨ ਦੀ ਮਾਂ ਨੇ ਮਦੇਵੀ ਰੋਡ ਸਥਿਤ 80-85 ਵਿੱਘੇ ਜ਼ਮੀਨ ਮਕਬਰਿਆਂ ਦੇ ਨਾਂ ਲਵਾਈ ਸੀ ਤਾਂ ਜੋ ਇਸ ਜ਼ਮੀਨ ਦੀ ਆਮਦਨ ਨਾਲ ਮਤਵੱਲੀ ਇਨ੍ਹਾਂ ਮਕਬਰਿਆਂ ਦੀ ਸਾਂਭ-ਸੰਭਾਲ ਕਰ ਸਕਣ। ਹੁਣ ਉਸ ਜ਼ਮੀਨ ਦੀ ਆਮਦਨ ਵਾਹੀਕਾਰਾਂ ਵੱਲੋਂ ਕੀਤੇ ਅਦਾਲਤੀ ਕੇਸਾਂ ਕਾਰਨ ਰੁਕੀ ਪਈ ਹੈ। ਉਸ ਅਨੁਸਾਰ ਪੁਰਾਤੱਤਵ ਵਿਭਾਗ ਨੇ 2009 ਵਿੱਚ ਇੱਕ ਕਰੋੜ ਰੁਪਏ ਖ਼ਰਚ ਕੇ ਇਨ੍ਹਾਂ ਮਕਬਰਿਆਂ ਦੀ ਮੁਰੰਮਤ ਅਤੇ ਇਨ੍ਹਾਂ ਦੀ ਪੁਰਾਣੀ ਵਿਰਾਸਤੀ ਦਿੱਖ ਬਰਕਰਾਰ ਰੱਖਣ ਦਾ ਕੰਮ ਨਿੱਜੀ ਕੰਪਨੀ ਰਾਹੀਂ ਸ਼ੁਰੂ ਕਰਵਾਇਆ ਸੀ। ਉਹ ਕੰਪਨੀ ਕਿਸੇ ਕਾਰਨ ਇਹ ਕੰਮ ਅੱਧਵਾਟੇ ਛੱਡ ਗਈ ਸੀ। ਮੁੜ ਕਿਸੇ ਨੇ ਇਨ੍ਹਾਂ ਦੀ ਸਾਂਭ-ਸੰਭਾਲ ਵੱਲ ਧਿਆਨ ਨਹੀਂ ਦਿੱਤਾ।


Comments Off on ਖੰਡਰ ਬਣ ਰਹੇ ਨੇ ਮਾਲੇਰਕੋਟਲਾ ਰਿਆਸਤ ਦੇ ਸ਼ਾਹੀ ਮਕਬਰੇ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.