ਅਟਾਰੀ ਸਰਹੱਦ ’ਤੇ ਲਹਿਰਾਏ ਕੌਮੀ ਝੰਡੇ ਸਬੰਧੀ ਸੀਬੀਆਈ ਜਾਂਚ ਮੰਗੀ !    ਸਾਬਕਾ ਚੇਅਰਮੈਨ ਰੌਕੀ ਕਾਂਸਲ ਨੂੰ ਨਿਆਂਇਕ ਹਿਰਾਸਤ ’ਚ ਭੇਜਿਆ !    ਮੈਚ ਫ਼ਿਕਸਿੰਗ: ਮੁਹੰਮਦ ਇਰਫ਼ਾਨ ਉੱਪਰ ਪਾਬੰਦੀ !    ਨਵਜੋਤ ਸਿੱਧੂ ਵੱਲੋਂ ਨਗਰ ਸੁਧਾਰ ਟਰੱਸਟਾਂ ਦੇ ਅਹੁਦੇਦਾਰ ਫ਼ਾਰਗ !    ਆਨਲਾਈਨ ਸ਼ਾਪਿੰਗ ਦੀ ਦੁਨੀਆਂ ਵਿੱਚ ਕਰੀਅਰ ਬਣਾਉਣ ਦੇ ਵਸੀਲੇ !    ਖ਼ਤਰਨਾਕ ਹੋ ਸਕਦਾ ਹੈ ਉੱਚੀ ਅੱਡੀ ਦਾ ਸ਼ੌਕ !    ਭੀਮ ਐਪ: ਨਗ਼ਦੀ ਰਹਿਤ ਲੈਣ-ਦੇਣ ਦੀ ਸਰਲ ਪ੍ਰਕਿਰਿਆ !    ਨੌਜਵਾਨ ਸੋਚ : ਕੀ ਹੋਵੇ ਪੰਜਾਬ ਦੀ ਨਵੀਂ ਸਿੱਖਿਆ ਨੀਤੀ ? !    ਮਲੇਸ਼ਿਆਈ ਪ੍ਰਧਾਨ ਮੰਤਰੀ ਦਾ ਦੌਰਾ ਅੱਜ ਤੋਂ !    ਪਹਿਲੀ ਨੂੰ ਬ੍ਰਾਂਚਾਂ ਖੋਲ੍ਹਣ ਦਾ ਫ਼ੈਸਲਾ ਆਰਬੀਆਈ ਨੇ ਬੈਂਕਾਂ ’ਤੇ ਛੱਡਿਆ !    

ਸਰਕਾਰੀ ਬੇਰੁਖ਼ੀ ਕਾਰਨ ਢਹਿ ਢੇਰੀ ਹੋਈ ਵਿਰਾਸਤੀ ਇਮਾਰਤ ਕਿਲ੍ਹਾ ਮੁਬਾਰਕ

Posted On February - 12 - 2014

ਸਾਂਭ ਸੰਭਾਲ ਖੁਣੋਂ ਢਹਿ ਢੇਰੀ ਹੋ ਰਹੀ ਕਿਲ੍ਹਾ ਮੁਬਾਰਕ ਦੀ ਵਿਰਾਸਤੀ ਇਮਾਰਤ

ਹਰਵਿੰਦਰ ਕੌਰ ਨੌਹਰਾ
ਨਾਭਾ, 12 ਫਰਵਰੀ
ਇਥੋਂ ਦੀ ਵਿਰਾਸਤੀ ਇਮਾਰਤ ਕਿਲ੍ਹਾ ਮੁਬਾਰਕ ਸਾਂਭ-ਸੰਭਾਲ ਪੱਖੋਂ ਖੰਡਰ ਦਾ ਰੂਪ ਧਾਰਦੀ ਜਾ ਰਹੀ ਹੈ। ਭਾਵੇਂ ਕਿ ਸਮੇਂ ਸਮੇਂ ਇਸ ਕਿਲ੍ਹੇ ਅੰਦਰ ਵੱਖ-ਵੱਖ ਅਦਾਰੇ ਚੱਲਦੇ ਰਹੇ ਹਨ, ਪਰ ਅੱਜ ਇਹ ਇਮਾਰਤ ਸੁੰਨਸਾਨ ਪਈ ਹੈ। ਇਸ ਕਿਲ੍ਹੇ ਦਾ ਕੁਝ ਹਿੱਸਾ ਢਹਿ ਚੁੱਕਾ ਹੈ ਤੇ ਕੁਝ ਢਹਿਣ ਕਿਨਾਰੇ ਹੈ। ਕਿਲ੍ਹੇ ਦੀ ਹਾਲਤ ਦੇਖ ਕੇ ਪਤਾ ਚੱਲਦਾ ਹੈ ਕਿ ਪੰਜਾਬ ਸਰਕਾਰ ਨੇ ਇਸ ਨੂੰ ਲਾਵਾਰਸ ਛੱਡ ਦਿੱਤਾ ਹੈ।
ਅਚਾਰੀਆ ਨਿਗਮ ਸਰੂਪ ਨੇ ਦੱਸਿਆ ਕਿ ਨਾਭਾ ਦੇ ਮਹਾਰਾਜਾ ਰਿਪੁਦਮਨ ਸਿੰਘ ਵੱਲੋਂ ਸਿੱਖ ਆਨੰਦ ਕਾਰਜ ਬਾਰੇ ਕਾਨੂੰਨ ਬਣਾਉਣ ਦੀ ਮੁੱਢਲੀ ਸ਼ੁਰੂਆਤ ਕਰਨ ਕਰਕੇ ਅੰਗਰੇਜ਼ਾਂ ਨੇ ਸੰਨ 1923 ਵਿੱਚ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਤੇ ਕਾਲੇਪਾਣੀ ਭੇਜ ਦਿੱਤਾ ਜਿੱਥੇ 1938 ਵਿੱਚ ਉਨ੍ਹਾਂ ਦਾ ਦੇਹਾਂਤ ਹੋ ਗਿਆ। ਮਗਰੋਂ ਉਨ੍ਹਾਂ ਦੇ ਪੁੱਤਰ  ਮਹਾਰਾਜਾ ਪ੍ਰਤਾਪ ਸਿੰਘ ਨੇ 1942 ’ਚ ਇਸੇ ਕਿਲ੍ਹੇ ਵਿੱਚ ਪਿਤਾ ਦੀ ਥਾਂ ਸਹੁੰ ਚੁੱਕੀ। ਕਾਲੇਪਾਣੀ ਜਾਣ ਸਮੇਂ ਮਹਾਰਾਜਾ ਰਿਪੁਦਮਨ ਸਿੰਘ ਨਾਲ ਉਨ੍ਹਾਂ ਦੀਆਂ  ਮਹਾਰਾਣੀਆਂ ਦੀ ਥਾਂ ਦਾਸੀ ਨਾਲ ਗਈ। ਮਹਾਰਾਜਾ ਨੇ ਇਸ ਦਾਸੀ ਗੁਰਚਰਨ ਕੌਰ ਨਾਲ ਵਿਆਹ ਕਰਵਾ ਲਿਆ ਤੇ ਇਸ ਤੋਂ ਇੱਕ ਲੜਕੀ ਪੈਦਾ ਹੋਈ। ਮਹਾਰਾਜਾ ਦੀ ਉਥੇ ਮੌਤ ਹੋਣ ਤੋਂ ਬਾਅਦ ਬਾਂਦੀ ਆਪਣਾ ਹੱਕ ਮੰਗਣ ਲਈ ਮਹਾਰਾਜਾ ਪ੍ਰਤਾਪ ਸਿੰਘ ਕੋਲ ਆਈ, ਜਿਨ੍ਹਾਂ ਨੇ ਉਸ ਨੂੰ ਨਜ਼ਰਬੰਦ ਕਰਵਾ ਕੇ ਨਾਭਾ ਸਟੇਟ ਤੋਂ ਬੇਦਖਲ ਕਰ ਦਿੱਤਾ। ਗੁਰਚਰਨ ਕੌਰ ਨਾਭਾ ਸਟੇਟ ’ਚੋਂ ਕਿਸੇ ਹੋਰ ਸਟੇਟ ’ਚ ਚਲੀ ਗਈ, ਪਰ ਉਸ ਨੇ ਕਿਲ੍ਹੇ ’ਤੇ ਆਪਣਾ ਕਬਜ਼ਾ ਨਾ ਛੱਡਿਆ। ਮਗਰੋਂ ਉਨ੍ਹਾਂ ਦੀ ਔਲਾਦ ਨੇ ਕਿਲ੍ਹਾ ਮੁਬਾਰਕ ’ਤੇ ਆਪਣਾ ਕਬਜ਼ਾ ਕਰਨ ਲਈ ਆਪਣੇ ਪੈਰ ਪਸਾਰਨੇ ਸ਼ੁਰੂ ਕਰ ਦਿੱਤੇ ਅਤੇ ਨਾਭਾ ਫਾਊਂਡੇਸ਼ਨ ਟਰੱਸਟ ਹੋਂਦ ’ਚ ਲਿਆਂਦਾ।
ਅਚਾਰੀਆ ਨੇ ਦੱਸਿਆ ਕਿ ਨਾਭਾ ਫਾਊਂਡੇਸ਼ਨ ਭਾਵੇਂ ਅੱਜ ਵੀ ਇਹ ਕਹਿੰਦਾ ਨਹੀਂ ਥੱਕਦਾ ਕਿ ਉਹ ਕਿਲ੍ਹੇ ਦੀ ਸਾਂਭ-ਸੰਭਾਲ ਕਰਦੇ ਹਨ, ਪਰ ਅਸਲੀਅਤ ਇਸ ਦੇ ਉਲਟ ਹੈ। ਮਿਤੀ 17 ਅਪਰੈਲ, 2007 ਨੂੰ ਉਸ ਸਮੇਂ ਦੇ ਡਿਪਟੀ ਕਮਿਸ਼ਨਰ ਪਟਿਆਲਾ ਨੇ ਮੀਟਿੰਗ ’ਚ ਫੈਸਲਾ ਕੀਤਾ ਸੀ ਕਿ ਸਾਰੇ ਪਬਲਿਕ ਤੇ ਨਿੱਜੀ ਅਦਾਰੇ, ਜੋ ਇਸ ਕਿਲ੍ਹੇ ਵਿੱਚ ਚੱਲਦੇ ਸਨ, ਉਹ ਫਾਊਂਡੇਸ਼ਨ ਨੂੰ ਦਿੱਤੇ ਜਾਣ ਜਦਕਿ ਉਦੋਂ ਇਸ ਕਿਲ੍ਹੇ ਦੇ ਆਲੇ-ਦੁਆਲੇ ਤੇ ਇਸ ਦੇ ਅੰਦਰ ਕਈ ਅਦਾਰੇ ਸਨ ਜਿਵੇਂ ਕਿ ਸੰਸਕ੍ਰਿਤ ਵਿਦਿਆਲਿਆ, ਗੌਰਮਿੰਟ ਪ੍ਰਾਇਮਰੀ ਸਕੂਲ, ਪੋਸਟ ਆਫਿਸ, ਆਰਟ ਐਂਡ ਕਰਾਫਟ ਇੰਸਟੀਚਿਊਟ, ਜੁਡੀਸ਼ਲ ਕੋਰਟ ਕੰਪਲੈਕਸ, ਮਾਲ ਰਿਕਾਰਡ ਅਤੇ ਇਥੇ ਕੁਝ ਪੰਜਾਬ ਪੁਲੀਸ ਦੇ ਵਿਭਾਗ ਦੇ ਮੁਲਾਜ਼ਮ ਰਹਿੰਦੇ ਸਨ। ਇਸ ਕਿਲ੍ਹੇ ਨੂੰ  ਪੰਜਾਬ ਪੁਰਾਤੱਤਵ ਇਤਿਹਾਸਕ ਮੋਨੂਮੈਂਟਸ ਐਕਟ 1964 ਅਧੀਨ ਪੁਰਾਤਨ ਤੇ ਇਤਿਹਾਸਕ ਐਲਾਨਿਆ ਗਿਆ ਹੈ। ਭਰੋਸੇਯੋਗ ਸੂਤਰਾਂ ਅਨੁਸਾਰ ਸਾਲ 2007 ਨੂੰ ਉਸ ਸਮੇਂ ਦੀ ਰਾਜ ਸਰਕਾਰ ਨੇ ਕਿਲ੍ਹਾ ਮੁਬਾਰਕ ਨਾਭਾ ਨੂੰ ਫਾਊਂਡੇਸ਼ਨ ਕੋਲ 66 ਸਾਲ ਲੀਜ਼ ’ਤੇ ਦੇਣ ਲਈ ਇਕਰਾਰ ਕੀਤਾ ਸੀ। ਉਸ ਵਕਤ ਕੈਪਟਨ ਅਮਰਿੰਦਰ ਸਿੰਘ ਪੰਜਾਬ ਦੇ ਮੁੱਖ ਮੰਤਰੀ ਸਨ। ਇਸ ਮਾਮਲੇ ’ਚ ਡਿਪਟੀ ਕਮਿਸ਼ਨਰ ਪਟਿਆਲਾ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ’ਤੇ ਉਨ੍ਹਾਂ ਨੇ ਕਿਲ੍ਹਾ ਮੁਬਾਰਕ ਨੂੰ ਖਾਲੀ ਕਰਵਾ ਦਿੱਤਾ ਹੈ। ਜਦਕਿ ਇਸ ਕਿਲ੍ਹੇ ਦੀ ਮੁਰੰਮਤ ਤੇ ਸਾਂਭ-ਸੰਭਾਲ ਬਾਰੇ ਪੰਜਾਬ ਇਨਫਰਾਸਟਰੱਕਚਰ ਬੋਰਡ ਅਤੇ ਨਾਭਾ ਫਾਊਂਡੇਸ਼ਨ ਟਰੱਸਟ ਨੇ ਦੇਖਣਾ ਹੈ।
ਸੂਤਰਾਂ ਅਨੁਸਾਰ ਅਕਾਲੀ ਸਰਕਾਰ ਦੇ ਸੱਤਾ ’ਚ ਆਉਣ ’ਤੇ ਸਰਕਾਰ ਨੇ ਫਾਊਂਡੇਸ਼ਨ ਦੀ ਲੀਜ਼ ਨੂੰ ਸਹੀ ਨਾ ਮੰਨਦੇ ਹੋਏ ਕਾਫੀ ਸ਼ਰਤਾਂ ਲਗਾਈਆਂ ਸਨ। ਜਿਨ੍ਹਾਂ ’ਚੋਂ ਇੱਕ ਸ਼ਰਤ ਇਹ ਵੀ ਸੀ ਕਿ ਫਾਊਂਡੇਸ਼ਨ ਕਿਲ੍ਹੇ ਦੀ ਮੁਰੰਮਤ ਕਰੇਗੀ, ਪਰ ਹੁਣ 2 ਮਹੀਨੇ ਪਹਿਲਾਂ ਡਿਪਟੀ ਕਮਿਸ਼ਨਰ ਪਟਿਆਲਾ ਨੇ ਪੰਜਾਬ ਸਰਕਾਰ ਵੱਲੋਂ ਸਾਰਾ ਕਿਲ੍ਹਾ ਤੇ ਕਿਲ੍ਹੇ ਦਾ ਅਹਾਤਾ ਖਾਲੀ ਕਰਵਾ ਲਿਆ। ਪਰ ਕਿਲ੍ਹੇ ਦੀ ਅੱਜ ਤੱਕ ਕਿਸੇ ਨੇ ਸੁੱਧ-ਬੁੱਧ ਨਹੀਂ ਲਈ। 2007 ਤੋਂ ਲੈ ਕੇ 2012 ਤੱਕ ਕਾਫੀ ਭਾਰੀ ਬਰਸਾਤਾਂ ਹੋਈਆਂ। ਜਿਸ ਕਾਰਨ ਕਿਲ੍ਹੇ ਦੀ ਕੁਝ ਇਮਾਰਤ ਵੀ ਢਹਿ ਗਈ ਤੇ ਕੁਝ ਢਹਿਣ ਦੇ ਨਜ਼ਦੀਕ ਹੈ। ਲੱਕੜ ਦਾ ਸਾਮਾਨ ਇਥੋਂ ਗਾਇਬ ਹੋ ਗਿਆ।  ਕਿਲ੍ਹੇ ਦਾ ਅਹਾਤਾ ਨਗਰ ਕੌਂਸਲ ਦੇ ਗੰਦ ਦੇ ਢੇਰਾਂ ਨਾਲ ਭਰਿਆ ਪਿਆ ਹੈ। ਅਵਾਰਾ ਪਸ਼ੂ ਆਮ ਫਿਰਦੇ ਦੇਖੇ ਜਾ ਸਕਦੇ ਹਨ। ਇਸ ਸਬੰਧੀ ਫਾਊਂਡੇਸ਼ਨ ਦੇ ਇੰਚਾਰਜ ਤੀਰਥ ਸਿੰਘ ਮਣਕੂ ਨਾਲ  ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਕਿਲ੍ਹਾ ਮੁਬਾਰਕ ਅਜੇ ਤੱਕ ਫਾਊਂਡੇਸ਼ਨ ਹਵਾਲੇ ਨਹੀਂ ਕੀਤਾ ਅਤੇ ਨਾ ਹੀ ਪੰਜਾਬ ਸਰਕਾਰ ਨੇ ਇਸ ਕਿਲ੍ਹੇ ਦੀ ਸਾਂਭ-ਸੰਭਾਲ ਸਬੰਧੀ ਲਿਖਤੀ ਤੌਰ ’ਤੇ ਫਾਊਂਡੇਸ਼ਨ ਨੂੰ ਜ਼ਿੰਮੇਵਾਰ ਬਣਾਇਆ ਹੈ। ਜਦੋਂ ਕਿਲ੍ਹੇ ’ਤੇ ਪੂਰਾ ਅਧਿਕਾਰ ਪੰਜਾਬ ਸਰਕਾਰ ਦਾ ਹੈ ਤਾਂ ਫਾਊਂਡੇਸ਼ਨ ਇਸ ’ਚ ਦਖਲਅੰਦਾਜ਼ੀ ਕਿਵੇਂ ਕਰ ਸਕਦੀ ਹੈ। ਉਨ੍ਹਾਂ ਕਿਹਾ ਕਿ ਜਦੋਂ ਫਾਊਂਡੇਸ਼ਨ ਕੋਲ ਕਿਲ੍ਹੇ ਦੀ ਸਾਂਭ-ਸੰਭਾਲ ਲਈ ਲਿਖਤੀ ਅਧਿਕਾਰ ਹੋਵੇਗਾ ਤਾਂ ਉਹ ਇਸ ਦੀ ਮੁਰੰਮਤ ਕਰਵਾਉਣਗੇ ਤੇ ਸਾਂਭ-ਸੰਭਾਲ ਵੀ ਕਰਨਗੇ। ਉਨ੍ਹਾਂ ਕਿਹਾ ਕਿ ਪੰਜਾਬ ਇਨਫਰਾਸਟਰੱਕਚਰ ਬੋਰਡ ਜਦੋਂ ਇਹ ਕਿਲ੍ਹਾ ਉਨ੍ਹਾਂ ਨੂੰ ਦੇਵੇਗਾ ਤਾਂ ਇਸ ਦੀ ਸਾਂਭ-ਸੰਭਾਲ ਤੇ ਮੁਰੰਮਤ ਦਾ ਕੰਮ ਉਨ੍ਹਾਂ ਕੋਲ ਆ ਜਾਵੇਗਾ।


Comments Off on ਸਰਕਾਰੀ ਬੇਰੁਖ਼ੀ ਕਾਰਨ ਢਹਿ ਢੇਰੀ ਹੋਈ ਵਿਰਾਸਤੀ ਇਮਾਰਤ ਕਿਲ੍ਹਾ ਮੁਬਾਰਕ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.