ਹੜਤਾਲ ਜਾਰੀ ਰੱਖਣਗੇ ਮੀਟ ਵਿਕਰੇਤਾ !    ਕਿੰਨੇ ਕੁ ਸਾਰਥਕ ਹਨ ਮਹਿਲਾ ਵਿਕਾਸ ਵਿਭਾਗ ਤੇ ਕਮਿਸ਼ਨ ? !    ‘ਬਲੱਡ ਮਨੀ’ ਦਾ ਸੰਕਲਪ ਤੇ ਮਹੱਤਵ !    ਜਾਂਚ-ਪੜਤਾਲ ’ਚ ਘਚੋਲਾ ਪਾਉਣਾ ਕੋਈ ਸਾਥੋਂ ਸਿੱਖੇ... !    ਮੇਅਰ ਦੇ ਜਾਤੀ ਪ੍ਰਮਾਣ ਪੱਤਰ ਦੀ ਹੋਵੇਗੀ ਜਾਂਚ !    ਐਸਵਾਈਐਲ ਮੁੱਦੇ ’ਤੇ ਸਾਥ ਦਿਆਂਗੇ: ਤੰਵਰ !    ਲੰਬੀ ਤੇ ਕਬਰਵਾਲਾ ਸਣੇ ਗਿਆਰਾਂ ਥਾਣਿਆਂ ਦੇ ਮੁਖੀ ਬਦਲੇ !    ਟਰੱਕ ਯੂਨੀਅਨ ਦੀ ਪ੍ਰਧਾਨਗੀ ਵਿਵਾਦ ’ਚ ਘਿਰੀ !    ਕਾਵਿ ਕਿਆਰੀ !    ਕਿਉਂ ਵਿਸਰ ਗਏ ਨੇ ਭਵਿੱਖ ਦੇ ਖ਼ਤਰੇ !    

ਪੰਜਾਬੀ ਭਾਸ਼ਾ ਦੇ ਵਿਕਾਸ ਵਿੱਚ ਯੂਨੀਕੋਡ ਪ੍ਰਣਾਲੀ ਦੀ ਮਹਤੱਤਾ

Posted On January - 15 - 2015

ਆਧੁਨਿਕ ਸਮੇਂ ਵਿੱਚ ਤਕਨਾਲੋਜੀ ਨੇ ਦੁਨੀਆਂ ਦੇ ਵੱਖ-ਵੱਖ ਕੋਨਿਆਂ ਵਿੱਚ ਬੈਠੇ ਲੋਕਾਂ ਨੂੰ ਮੁੜ ਆਪਣੀਆਂ ਭਾਸ਼ਾਵਾਂ ਬਾਰੇ ਸੁਚੇਤ ਕਰਨਾ ਸ਼ੁਰੂ ਕਰ ਦਿੱਤਾ ਹੈ। ਹਾਲਾਂਕਿ ਵੀਹਵੀਂ ਸਦੀ ਦੇ ਪਿਛਲੇ ਦਹਾਕੇ ਵਿੱਚ ਦੁਨੀਆਂ ਦੇ ਹਰੇਕ ਕੋਨੇ ਵਿੱਚ ਅੰਗਰੇਜ਼ੀ ਨਾਲ ਤਕਨਾਲੋਜੀ ਨੂੰ ਜੋੜ ਕੇ ਅੰਗਰੇਜ਼ੀ ਦੀ ਸਿੱਧੇ ਜਾਂ ਅਸਿੱਧੇ ਰੂਪ ਵਿੱਚ ਮਹੱਤਤਾ ਬਣਾਈ ਗਈ। ਇੱਥੋਂ ਤਕ ਇਸ ਸਮੇਂ ਅੰਗਰੇਜ਼ੀ ਨੂੰ ਇਸ ਤਰ੍ਹਾਂ ਸਥਾਪਿਤ ਕੀਤਾ ਜਾਣ ਲੱਗਾ ਕਿ ਅੰਗਰੇਜ਼ੀ ਭਾਸ਼ਾ ਤੋਂ ਬਿਨਾ ਨਾ ਕੋਈ ਰਿਜ਼ਕ ਸੰਭਵ ਹੈ ਅਤੇ ਨਾ ਹੀ ਬੌਧਿਕ ਤਰੱਕੀ। ਇਸ ਨਾਲ ਦੁਨੀਆਂ ਦੀਆਂ ਵੱਖ-ਵੱਖ ਭਾਸ਼ਾਵਾਂ ਵਿੱਚ ਕਾਰਜ ਕਰਨ ਵਾਲੇ ਵਿਦਵਾਨ ਅਤੇ ਭਾਸ਼ਾ ਪ੍ਰਤੀ ਜਾਗਰੂਕ ਅਦਾਰਿਆਂ ਨੇ ਮਹਿਸੂਸ ਕੀਤਾ ਕਿ ਭਾਸ਼ਾ ਦੇ ਮਰਨ ਦਾ ਭਾਵ ਹੈ ਸੱਭਿਆਚਾਰ ਦਾ ਮਰ ਜਾਣਾ, ਇਤਿਹਾਸ ਦਾ ਮਰ ਜਾਣਾ, ਕਦਰਾਂ-ਕੀਮਤਾਂ ਜੋ ਕਿ ਇੱਕ ਲੰਮੇ ਇਤਿਹਾਸਿਕ ਦੌਰ ਵਿੱਚੋਂ ਵਿਕਸਿਤ ਹੋਈਆਂ ਸਨ ਉਨ੍ਹਾਂ ਦੀ ਥਾਂ ਪੱਛਮੀ ਪ੍ਰਭਾਵ ਵਾਲੀਆਂ ਖ਼ਪਤਕਾਰੀ ਕਦਰਾਂ-ਕੀਮਤਾਂ ਆਪਣੀ ਤਾਕਤ ਸਥਾਪਿਤ ਕਰਦੀਆਂ ਜਾ ਰਹੀਆਂ ਹਨ। ਇੱਥੋਂ ਤਕ ਬੌਧਿਕ ਪੱਧਰ ਦੀ ਗਿਲਾਨੀ ਦਾ ਵੀ ਅਹਿਸਾਸ ਹੋਣ ਲੱਗਿਆ। ਅਜਿਹੇ ਸਮੇਂ ਸ਼ਾਨਦਾਰ ਬੌਧਿਕ ਸੋਚ ਦੀ ਬਦੌਲਿਤ ਵੱਖ-ਵੱਖ ਅਦਾਰਿਆਂ ਨੇ ਆਪਣੇ ਕਾਰਜ ਖੇਤਰ ਵਿੱਚ ਭਾਸ਼ਾ ਨਾਲ ਸਬੰਧਿਤ ਨਵੀਆਂ ਤਕਨੀਕਾਂ ਦੀ ਖੋਜ ਕੀਤੀ ਅਤੇ ਆਪਣੀ ਭਾਸ਼ਾ ਨਾਲ ਸਬੰਧਿਤ ਨਵੇਂ ਕਾਰਜ ਵੀ ਕੀਤੇ।
ਇਸ ਖੇਤਰ ਵਿਚ ਪੰਜਾਬੀ ਯੂਨੀਵਰਸਿਟੀ, ਪਟਿਆਲਾ ਜੋ ਕਿ ਬੁਨਿਆਦੀ ਤੌਰ ’ਤੇ ਪੰਜਾਬੀ ਭਾਸ਼ਾ, ਸੱਭਿਆਚਾਰ, ਸਾਹਿਤ ਅਤੇ ਸਮਾਜਿਕ ਵਿਗਿਆਨਾਂ  ਨੂੰ ਵਿਕਸਿਤ ਕਰਨ ਵਾਸਤੇ ਸਥਾਪਿਤ ਕੀਤੀ ਗਈ ਸੀ। ਪੰਜਾਬੀ ਯੂਨੀਵਰਸਿਟੀ ਨੇ ਆਪਣੀ ਪਰੰਪਰਾ ਅਤੇ ਰਵਾਇਤ ਨੂੰ ਆਧੁਨਿਕ ਤਕਨਾਲੋਜੀ ਨਾਲ ਜੋੜ ਕੇ ਵਿਕਸਿਤ ਕੀਤਾ ਅਤੇ ਅਗਾਂਹ ਵਧਾਇਆ। ਇਸ ਦਾ ਵੱਡਾ ਸਬੂਤ ਵਿਕੀ-ਪੀਡੀਆ ਦੇ ਬਰਾਬਰ ਪੰਜਾਬੀ-ਪੀਡੀਆ ਵਿਕਸਿਤ ਕਰਨਾ ਹੈ। ਇਸ ਦੇ ਨਾਲ ਹੀ ਪੰਜਾਬੀ ਕੰਪਿਊਟਰ ਨਾਲ ਸਬੰਧਿਤ ਤਕਨੀਕਾਂ ਤੋਂ ਲੈ ਕੇ ਪੰਜਾਬੀ ਨਾਲ ਸਬੰਧਿਤ ਟਾਈਪਿੰਗ ਦੀਆਂ ਵਿਧੀਆਂ ਸਬੰਧੀ ਪੰਜਾਬੀ ਕੰਪਿਊਟਰ ਸਹਾਇਤਾ ਕੇਂਦਰ ਸਥਾਪਿਤ ਕੀਤਾ ਗਿਆ। ਇਸ ਕੇਂਦਰ ਨੇ ਯੂਨੀਵਰਸਿਟੀ ਦੇ ਐਮ.ਫਿਲ ਅਤੇ ਪੀ.ਐਚ.ਡੀ. ਪੱਧਰ ਦੇ ਖੋਜਾਰਥੀਆਂ ਅਤੇ ਅਧਿਆਪਕਾਂ ਨੂੰ ਵਰਕਸ਼ਾਪਾਂ ਲਗਾ ਕੇ ਪੰਜਾਬੀ ਕੰਪਿਊਟਰ ਦੀਆਂ ਵੱਖ-ਵੱਖ ਤਕਨੀਕਾਂ ਬਾਰੇ ਜਾਣਕਾਰੀ ਦੇਣ ਦਾ ਕਾਰਜ ਸ਼ੁਰੂ ਕੀਤਾ। ਇਸ ਵਿੱਚ ਸੌ ਦੇ ਲਗਪਗ ਖੋਜਾਰਥੀਆਂ ਅਤੇ ਅਧਿਆਪਕਾਂ ਨੂੰ ਟਰੇਨਿੰਗ ਦਿੱਤੀ ਜਾ ਚੁੱਕੀ ਹੈ ਅਤੇ ਇਹ ਪ੍ਰਕਿਰਿਆ ਲਗਾਤਾਰ ਚੱਲ ਰਹੀ ਹੈ।
ਹੁਣ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸਮੁੱਚੇ ਕਾਰ-ਵਿਹਾਰ ਨੂੰ ਯੂਨੀਕੋਡ ਪ੍ਰਣਾਲੀ ਅਧੀਨ ਲਿਆਉਣ ਹਿੱਤ ਕਾਰਜ ਸ਼ੁਰੂ ਕੀਤਾ ਗਿਆ ਹੈ। ਸਮੁੱਚੀ ਯੂਨੀਵਰਸਿਟੀ ਦੇ ਅਦਾਰਿਆਂ ਦੇ ਕਾਰਜ ਖੇਤਰ ਵਿੱਚ ਇਕਸੁਰਤਾ ਆਵੇਗੀ ਅਤੇ ਇਸ ਨਾਲ ਪੰਜਾਬੀ ਭਾਸ਼ਾ ਨਾਲ ਜੁੜੀਆਂ ਫੋਂਟਾਂ ਦੀਆ ਸਮੱਸਿਆਵਾਂ ਵੀ ਹੱਲ ਹੋਣਗੀਆਂ। ਇਸ ਕਾਰਜ ਨੂੰ ਸਮੁੱਚੇ ਪੰਜਾਬ ’ਤੇ ਲਾਗੂ ਕਰਨ ਦੀ ਲੋੜ ਵੱਲ ਇੱਕ ਵੱਡਾ ਕਦਮ ਸਮਝਣਾ ਚਾਹੀਦਾ ਹੈ। ਇਸ ਦੀ ਸਮੁੱਚੀ ਬਣਤਰ ਅਤੇ ਇਸ ਨਾਲ ਸਬੰਧਿਤ ਵੱਖ-ਵੱਖ ਪਹਿਲੂਆਂ ਦਾ ਉਲੇਖ ਇਸ ਤਰ੍ਹਾਂ ਹੈ:
ਗੁਰਮੁਖੀ ਦੇ ਵੱਖ-ਵੱਖ ਰਵਾਇਤੀ ਫੋਟਾਂ ਦੀ ਵਰਤੋਂ ਨਾਲ ਅਨੇਕਾਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਿਸੇ ਫੌਂਟ ਵਿੱਚ ਟਾਈਪ ਕੀਤੇ ਮੈਟਰ ਨੂੰ ਅਸੀਂ ਦੂਜੇ ਕੰਪਿਊਟਰ ਉੱਤੇ ਖੋਲ੍ਹ ਕੇ ਨਹੀਂ ਪੜ੍ਹ ਸਕਦੇ। ਅਜਿਹਾ ਕਰਨ ਲਈ ਕੰਪਿਊਟਰ ਵਿੱਚ ਉਸ ਵਿਸ਼ੇਸ਼ ਫੋਂਟ ਦਾ ਹੋਣਾ ਜ਼ਰੂਰੀ ਹੈ ਜਿਸ ਵਿੱਚ ਉਹ ਮੈਟਰ ਟਾਈਪ ਕੀਤਾ ਗਿਆ ਹੈ। ਉਸ ਵਿਸ਼ੇਸ਼ ਫੋਂਟ ਦੀ ਗ਼ੈਰ-ਹਾਜ਼ਰੀ ਕਾਰਨ ਮੈਟਰ ਨਾ-ਪੜ੍ਹਨਯੋਗ ਅਤੇ ਅਰਥਹੀਣ ਹੋ ਜਾਂਦਾ ਹੈ। ਰਵਾਇਤੀ ਫੋਂਟ ਵਿੱਚ ਟਾਈਪ ਕੀਤੇ ਮੈਟਰ ਨੂੰ ਈ-ਮੇਲ ਸੰਦੇਸ਼ ਦੇ ਰੂਪ ਵਿੱਚ ਭੇਜਣ ਸਮੇਂ ਮੁਸ਼ਕਿਲ ਪੇਸ਼ ਆਉਂਦੀ ਹੈ। ਇਸੇ ਪ੍ਰਕਾਰ ਵੈੱਬਸਾਈਟਾਂ, ਬਲੌਗਜ਼ ਆਦਿ‘’ਤੇ ਮੈਟਰ ਚੜ੍ਹਾਉਣ ਸਮੇਂ ਵੀ ਸਮੱਸਿਆ ਆਉਂਦੀ ਹੈ। ਅਸੀਂ ਆਪਣੀਆਂ ਪ੍ਰੋਗਰਾਮਿੰਗ ਭਾਸ਼ਾਵਾਂ ਵਿੱਚ ਸਿੱਧੇ ਤੌਰ ’ਤੇ ਗੁਰਮੁਖੀ ਦੀ ਵਰਤੋਂ ਨਹੀਂ ਕਰ ਸਕਦੇ। ਇਸੇ ਪ੍ਰਕਾਰ ਕਿਸੇ ਸੂਚੀ ਨੂੰ ਕ੍ਰਮ ਵਿੱਚ ਲਗਾਉਣ, ਕਿਸੇ ਸ਼ਬਦ/ਵਾਕ-ਅੰਸ਼ ਦੀ ਸਰਚ ਕਰਨਾ, ਫਾਈਲਾਂ‘ਅਤੇ ਫੋਲਡਰਾਂ ਦੇ ਨਾਂ ਗੁਰਮੁਖੀ ’ਚ ਰੱਖਣ ਆਦਿ ਦਾ ਕੰਮ ਔਖਾ ਜਾਪਦਾ ਹੈ।
ਜੇ ਤੁਹਾਡੇ ਕੰਪਿਊਟਰ ਵਿੱਚ ਵਿੰਡੋਜ਼ ਐਕਸ.ਪੀ., ਵਿੰਡੋਜ਼ ਵਿਸਟਾ ਜਾਂ ਵਿੰਡੋਜ਼ 7 ਆਪਰੇਟਿੰਗ ਸਿਸਟਮ ਸਥਾਪਿਤ ਕੀਤਾ ਹੋਇਆ ਹੈ ਤਾਂ ਰਾਵੀ ਅਤੇ ਏਰੀਅਲ ਯੂਨੀਕੋਡ ਫੋਂਟ ਪਹਿਲਾਂ ਹੀ ਤੁਹਾਡੇ ਕੰਪਿਊਟਰ ਵਿੱਚ ਉਪਲਬਧ ਹੋ ਜਾਂਦੇ ਹਨ। ਹੁਣ ਸਵਾਲ ਇਹ ਹੈ ਕਿ ਤੁਹਾਡਾ ਕੰਪਿਊਟਰ ਯੂਨੀਕੋਡ ਦੇ ਚੱਲਣ ਦੇ ਅਨੁਕੂਲ ਹੈ ਜਾਂ ਨਹੀਂ। ਇਹ ਕਿਵੇਂ ਪਤਾ ਲੱਗੇਗਾ? ਇਹ ਪਤਾ ਲਗਾਉਣ ਲਈ ਕਿ ਕੀ ਕੰਪਿਊਟਰ ਯੂਨੀਕੋਡ ਦੇ ਅਨੁਕੂਲ ਹੈ, ਤੁਸੀਂ ਸਿਰਫ਼ ਵਿੰਡੋਜ਼ ਦਾ ਪਤਾ ਲਗਾਉਣਾ ਹੈ ਕਿ ਤੁਹਾਡੇ ਕੰਪਿਊਟਰ ਵਿੱਚ ਕਿਹੜੀ ਵਿੰਡੋ ਹੈ। ਜੇਕਰ ਕੰਪਿਊਟਰ ਵਿੱਚ ਵਿੰਡੋਜ਼ ਦਾ ਵਿੰਡੋਜ਼ ਵਿਸਟਾ ਤੋਂ ਪੁਰਾਣਾ ਸੰਸਕਰਨ ਜਿਵੇਂ ਕਿ ਵਿੰਡੋਜ਼-2000 ਜਾਂ ਵਿੰਡੋਜ਼ ਐਕਸ.ਪੀ. ਆਦਿ ਹੈ ਤਾਂ ਆਪਣੇ ਕੰਪਿਊਟਰ ਨੂੰ ਯੂਨੀਕੋਡ ਲਈ ਤਿਆਰ ਕਰਨਾ ਪਵੇਗਾ। ਧਿਆਨ ਰਹੇ ਇਹ ਕੰਮ ਸਿਰਫ਼ ਇੱਕ ਵਾਰ ਹੀ ਕਰਨਾ ਪਵੇਗਾ। ਹਾਂ, ਜੇਕਰ ਸਾਡੇ ਕੰਪਿਊਟਰ ਵਿੱਚ ਵਿੰਡੋਜ਼ ਵਿਸਟਾ ਜਾਂ ਵਿੰਡੋਜ਼ 7 ਹੈ ਤਾਂ ਸਾਨੂੰ ਫ਼ਿਕਰ ਕਰਨ ਦੀ ਲੋੜ ਨਹੀਂ ਕਿਉਂਕਿ ਇਨ੍ਹਾਂ ਵਿੱਚ ਯੂਨੀਕੋਡ ਦੀ ਵਿਵਸਥਾ ਪਹਿਲਾਂ ਤੋਂ ਹੀ ਉਪਲਬਧ ਹੁੰਦੀ ਹੈ।
ਯੂਨੀਕੋਡ ਇੱਕ ਵਿਸ਼ਵ-ਵਿਆਪੀ (16 ਬਿੱਟ) ਕੋਡਿੰਗ ਪ੍ਰਣਾਲੀ ਹੈ। ਇਸ ਉੱਤੇ ਦੁਨੀਆਂ ਦੀਆਂ ਪ੍ਰਸਿੱਧ ਭਾਸ਼ਾਵਾਂ ਦੇ ਅੱਖਰਾਂ ਨੂੰ ਸਮਿਲਤ ਕਰ ਕੇ ਕੰਪਿਊਟਰ ਉੱਤੇ ਕੋਡਿੰਗ ਦਾ ਇੱਕ ਅੰਤਰਰਾਸ਼ਟਰੀ ਮਿਆਰ ਸਥਾਪਿਤ ਕੀਤਾ ਗਿਆ ਹੈ। 8 ਬਿੱਟ ਵਾਲੀ ਆਸਕੀ ਕੋਡ ਪ੍ਰਣਾਲੀ ਤਹਿਤ ਪੰਜਾਬੀ ਫੋਂਟਾਂ ਨੂੰ ਵਰਤਣ ਅਤੇ ਕਨਵਰਟਰ ਕਰਨ‘’ਚ ਕਾਫ਼ੀ ਦਿੱਕਤਾਂ ਆ ਰਹੀਆਂ ਸਨ। ਇਨ੍ਹਾਂ ਦਿੱਕਤਾਂ ਦਾ ਪ੍ਰਮੁੱਖ ਕਾਰਨ ਇਹ ਸੀ ਕਿ ਰਵਾਇਤੀ ਫੋਂਟਾਂ ਦੇ ਅੱਖਰਾਂ ਦਾ ਆਸਕੀ ਕੀਮਤਾਂ ਨਾਲ ਮਿਲਾਣ (ਮੈਪਿੰਗ) ਵੱਖੋ-ਵੱਖਰਾ ਸੀ। ਇਨ੍ਹਾਂ ਭਿੰਨਤਾਵਾਂ ਸਦਕਾ ਇੱਕ ਫੋਟ ਵਿੱਚ ਤਿਆਰ ਕੀਤਾ ਮੈਟਰ ਦੂਜੇ ਫੋਂਟ ਵਿੱਚ ਬਦਲ ਕੇ ਨਾ ਤਾਂ ਪੜ੍ਹਿਆ ਜਾ ਸਕਦਾ ਸੀ ਤੇ ਨਾ ਹੀ ਪ੍ਰਿੰਟ ਕੀਤਾ ਜਾ ਸਕਦਾ ਸੀ। ਸੋ ਅਜਿਹੀਆਂ ਸਮੱਸਿਆਵਾਂ ਦਾ ਮਸਲਾ‘ਯੂਨੀਕੋਡ ਨੇ ਸੁਲਝਾ ਦਿੱਤਾ ਹੈ।
ਪੰਜਾਬੀ ਫੋਂਟਾਂ ਨਾਲ ਸਬੰਧਿਤ ਸਾਰੀਆਂ ਸਮੱਸਿਆਵਾਂ ਦੇ ਮਸਲੇ ਨੂੰ ਯੂਨੀਕੋਡ ਪ੍ਰਣਾਲੀ ਨੇ ਹੱਲ ਕਰ ਦਿੱਤਾ ਹੈ। ਹੁਣ ਕੋਈ ਵਿਅਕਤੀ ਰਵਾਇਤੀ ਆਸਕੀ ਆਧਾਰਿਤ ਫੋਂਟਾਂ ਦੀ ਬਜਾਇ ਯੂਨੀਕੋਡ ਦਾ ਸਹਾਰਾ ਲੈ ਕੇ ਫ਼ਾਇਦਾ ਲੈ ਸਕਦਾ ਹੈ। ਗੁਰਮੁਖੀ ਵਿੱਚ ਕਿਸੇ ਫਾਈਲ ਦੀ ਤਿਆਰੀ, ਫਾਈਲਾਂ ਜਾਂ ਫੋਲਡਰਾਂ ਦੇ ਨਾਂ, ਈ-ਮੇਲ ਸੰਦੇਸ਼ਾਂ, ਵੈੱਬਸਾਈਟ, ਬਲੌਗਜ਼ ਅਤੇ ਚੈਟਿੰਗ ਵਿੱਚ ਗੁਰਮੁਖੀ ਦੀ ਵਰਤੋਂ, ਸਕਰੋਲ ਸੰਦੇਸ਼ਾਂ, ਸੂਚੀ ਨੂੰ ਕ੍ਰਮਬੱਧ ਕਰਨਾ, ਖੋਜ ਕਰਨਾ ਆਦਿ ਕਾਰਜ ਕੇਵਲ ਯੂਨੀਕੋਡ ਦੀ ਵਰਤੋਂ ਨਾਲ ਹੀ ਸੰਭਵ ਹੋ ਸਕਦੇ ਹਨ।
ਗੁਰਮੁਖੀ ਯੂਨੀਕੋਡ ਟਾਈਪਿੰਗ ਪੈਡ ਨੂੰ g2s.learnpunjabi.org/unipad.aspx ਨਾਂ ਦੀ ਵੈੱਬਸਾਈਟ ਤੋਂ ਵਰਤਿਆ ਜਾ ਸਕਦਾ ਹੈ। ਯੂਨੀਕੋਡ ਟਾਈਪਿੰਗ ਪੈਡ ਵਿੱਚ ਇੱਕ ਸਾਧਾਰਨ ਟਾਈਪ ਰਾਈਟਰ, ਫੋਂਟ ਕਨਵਰਟਰ, ਲਿਪੀਅੰਤਰਨ, ਵਰਡ ਪ੍ਰੋਸੈੱਸਰ ਅਤੇ ਈ-ਮੇਲ ਪ੍ਰੋਗਰਾਮ ਵਾਲੀਆਂ ਵਿਸ਼ੇਸ਼ਤਾਵਾਂ ਸ਼ੁਮਾਰ ਹਨ। ਗੁਰਮੁਖੀ ਟਾਈਪਿੰਗ ’ਚ ਅਣਜਾਣ ਵਿਅਕਤੀਆਂ ਲਈ ਇਹ ਇੱਕ ਜਾਦੂ ਦੀ ਛੜੀ ਹੈ। ਇਸ ਸਾਫ਼ਟਵੇਅਰ ਦਾ ਵਿਕਾਸ ਯੂਨੀਕੋਡ ਦੀ ਵਧ ਰਹੀ ਵਰਤੋਂ ਨੂੰ ਧਿਆਨ ’ਚ ਰੱਖ ਕੇ ਕੀਤਾ ਗਿਆ ਹੈ। ਇਸ ਰਾਹੀਂ ਭਵਿੱਖ ਵਿੱਚ ਦੁਨੀਆਂ ਦੇ ਵੱਖ-ਵੱਖ ਕੋਨਿਆਂ ਵਿੱਚ ਪੰਜਾਬੀ ਭਾਸ਼ਾ ਲਈ ਕਾਰਜਸ਼ੀਲ ਹਿੱਸਿਆਂ ਨੂੰ ਇੱਕ-ਦੂਜੇ ਨਾਲ ਆਦਾਨ-ਪ੍ਰਦਾਨ ਕਰਨਾ ਸੌਖਾ ਹੋਵੇਗਾ।

-ਡਾ. ਕੁਲਦੀਪ ਸਿੰਘ


Comments Off on ਪੰਜਾਬੀ ਭਾਸ਼ਾ ਦੇ ਵਿਕਾਸ ਵਿੱਚ ਯੂਨੀਕੋਡ ਪ੍ਰਣਾਲੀ ਦੀ ਮਹਤੱਤਾ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.