ਹੜਤਾਲ ਜਾਰੀ ਰੱਖਣਗੇ ਮੀਟ ਵਿਕਰੇਤਾ !    ਕਿੰਨੇ ਕੁ ਸਾਰਥਕ ਹਨ ਮਹਿਲਾ ਵਿਕਾਸ ਵਿਭਾਗ ਤੇ ਕਮਿਸ਼ਨ ? !    ‘ਬਲੱਡ ਮਨੀ’ ਦਾ ਸੰਕਲਪ ਤੇ ਮਹੱਤਵ !    ਜਾਂਚ-ਪੜਤਾਲ ’ਚ ਘਚੋਲਾ ਪਾਉਣਾ ਕੋਈ ਸਾਥੋਂ ਸਿੱਖੇ... !    ਮੇਅਰ ਦੇ ਜਾਤੀ ਪ੍ਰਮਾਣ ਪੱਤਰ ਦੀ ਹੋਵੇਗੀ ਜਾਂਚ !    ਐਸਵਾਈਐਲ ਮੁੱਦੇ ’ਤੇ ਸਾਥ ਦਿਆਂਗੇ: ਤੰਵਰ !    ਲੰਬੀ ਤੇ ਕਬਰਵਾਲਾ ਸਣੇ ਗਿਆਰਾਂ ਥਾਣਿਆਂ ਦੇ ਮੁਖੀ ਬਦਲੇ !    ਟਰੱਕ ਯੂਨੀਅਨ ਦੀ ਪ੍ਰਧਾਨਗੀ ਵਿਵਾਦ ’ਚ ਘਿਰੀ !    ਕਾਵਿ ਕਿਆਰੀ !    ਕਿਉਂ ਵਿਸਰ ਗਏ ਨੇ ਭਵਿੱਖ ਦੇ ਖ਼ਤਰੇ !    

ਹਰਿਆਓ: ਕਈ ਵਾਰ ਉੱਜੜਿਆ ਤੇ ਵੱਸਿਆ

Posted On August - 24 - 2016

ਰਮੇਸ਼ ਭਾਰਦਵਾਜ

ਪਿੰਡ ਹਰਿਆਓ ਦਾ ਗੁਰਦੁਆਰਾ ਸਿੰਘ ਸਭਾ

ਪਿੰਡ ਹਰਿਆਓ ਦਾ ਗੁਰਦੁਆਰਾ ਸਿੰਘ ਸਭਾ

ਸਬ ਡਿਵੀਜ਼ਨ ਲਹਿਰਾਗਾਗਾ ਅਧੀਨ ਆਉਂਦੇ ਪਿੰਡ ਹਰਿਆਓ ਦਾ ਇਤਿਹਾਸ 350 ਸਾਲ ਤੋਂ ਵੱਧ ਪੁਰਾਣਾ ਹੈ। ਇਤਿਹਾਸ ਅਨੁਸਾਰ ਇਹ ਪਿੰਡ ਵਸਦਾ ਅਤੇ ਉੱਜੜਦਾ ਰਿਹਾ ਹੈ। ਪਿੰਡ ਦੀ ਆਬਾਦੀ ਪੰਜ ਹਜ਼ਾਰ ਦੇ ਕਰੀਬ ਹੈ ਅਤੇ 3500 ਵੋਟਰ ਹਨ। ਹਰਿਆਓ ਦਾ ਰਕਬਾ 5080 ਏਕੜ ਹੈ ਤੇ ਪੰਚਾਇਤ ਕੋਲ 35 ਏਕੜ ਜ਼ਮੀਨ ਹੈ।
ਪਿੰਡ ਦੇ ਜੰਮਪਲ ਇੰਜਨੀਅਰ ਮਦਨ ਲਾਲ ਗੋਇਲ ਦੀ ਪੁਸਤਕ ‘ਮੇਰਾ ਪਿੰਡ ਮੇਰੀਆਂ ਯਾਦਾਂ’ ਅਨੁਸਾਰ ਇਸ ਪਿੰਡ ਨੂੰ ਮੁਲਤਾਨੀਆ ਸੱਗੂ ਨੇ ਆਬਾਦ ਕੀਤਾ ਸੀ। ਇਸ ਕਰਕੇ ਪਿੰਡ ਨੂੰ ਹਰਿਆਓ ਸੱਗਵਾਂ ਵੀ ਕਹਿੰਦੇ ਸਨ। ਮੁਗ਼ਲ ਬਾਦਸ਼ਾਹ ਸ਼ਾਹਜਹਾਂ ਨੇ ਮੁਲਤਾਨੀਆਂ ਸੱਗੂ ਨੂੰ 7800 ਵਿੱਘੇ ਜ਼ਮੀਨ ਦਾ ਚੱਕ ਅਲਾਟ ਕੀਤਾ ਸੀ, ਜਿਸ ਵਿੱਚ ਹਰਿਆਓ, ਗਿਦੜਿਆਣੀ, ਡਸਕਾ ਤੇ ਰੱਤਾਖੇੜਾ ਪਿੰਡ ਆਬਾਦ ਹੋਏ। ਉਸ ਅਨੁਸਾਰ ਇਸ ਪਿੰਡ ਵਿੱਚ 36 ਜਾਤਾਂ ਦੇ ਲੋਕਾਂ ਨੂੰ ਸ਼ਰਨ ਦਿੱਤੀ ਗਈ ਸੀ। ਕਹਿੰਦੇ ਹਨ ਪਿੰਡ ਦੇ ਖੂਹ ਦਾ ਪਾਣੀ ਬਹੁਤ ਮਿੱਠਾ ਸੀ। ਜਦੋਂ ਮਹਾਰਾਜਾ ਪਟਿਆਲਾ ਇਲਾਕੇ ਵਿੱਚ ਆਉਂਦੇ ਸਨ ਤਾਂ ਉਸ ਖੂਹ ਦਾ ਪਾਣੀ ਜ਼ਰੂਰ ਪੀਂਦੇ ਸਨ। ਗਾਂਧੀ ਬੇਨਕਾਬ ਤੇ ਨਹਿਰੂ ਬੇਨਕਾਬ ਵਰਗੀਆਂ ਕਿਤਾਬਾਂ ਦੇ ਲੇਖਕ ਹੰਸ ਰਾਜ ਰਹਿਬਰ ਵੀ ਇਸ ਪਿੰਡ ਨਾਲ ਸਬੰਧਤ ਹਨ।  ਉਨ੍ਹਾਂ ਨੇ ਆਪਣੀ ਪੁਸਤਕ ‘ਮੇਰੇ ਸਾਤ ਜਨਮ’ ਵਿੱਚ ਹਰਿਆਓ ਦਾ ਜ਼ਿਕਰ ਕੀਤਾ ਹੈ।
ਸੰਨ 1947 ਦੀ ਹਿੰਦ-ਪਾਕਿ ਵੰਡ ਤੋਂ ਪਹਿਲਾਂ ਇੱਥੇ ਮੁਸਲਮਾਨ ਭਾਈਚਾਰੇ ਦੀ ਗਿਣਤੀ ਜ਼ਿਆਦਾ ਸੀ। ਇਸ ਪਿੰਡ ਵਿੱਚ 1947 ਵੇਲੇ ਕੋਈ ਕੁੱਟਮਾਰ ਨਹੀਂ ਹੋਈ ਸੀ ਪਰ ਆਜ਼ਾਦੀ ਮਗਰੋਂ ਪਿੰਡ ਦੁਸ਼ਮਨੀਆਂ ਕਰਕੇ ਚਰਚਾ ਵਿੱਚ ਜ਼ਰੂਰ ਰਿਹਾ ਸੀ। ਪਿੰਡ ਦੇ ਮੁਸਲਮਾਨਾਂ ਦੇ ਪਾਕਿਸਤਾਨ ਜਾਣ ਮਗਰੋਂ ਇਹ ਰਕਬਾ ਪਾਕਿਸਤਾਨ ਤੋਂ ਆਏ ਰਿਫਊਜੀਆਂ ਨੂੰ ਅਲਾਟ ਹੋਇਆ। ਨੰਬਰਦਾਰ ਧਰਮਾ ਸਿੰਘ ਅਨੁਸਾਰ ਜਿਉਣੇ ਮੌੜ ਦੀ ਮੁਖ਼ਬਰੀ ਕਰਕੇ ਮਸ਼ਹੂਰ ਹੋਏ ਅਹਿਮਦ ਡੋਗਰ ਦਾ ਪਿੰਡ ਵੀ ਇਹੀ ਹੈ। ਇੱਥੇ ਉਸ ਦੀ ਹਵੇਲੀ ਵਾਲੀ ਜਗ੍ਹਾ ਹੁਣ ਜਸਪਾਲ ਸਿੰਘ ਦੀ ਕੋਠੀ ਹੈ। ਇੱਥੇ ਡੋਗਰ ਦੀ ਸਮਾਧ ਵੀ ਹੈ। ਹਰਿਆਓ ਵਿੱਚ ਛੇ ਧਰਮਸ਼ਾਲਾਵਾਂ ਹਨ। ਪਿੰਡ ਵਿੱਚ ਹੁਣ ਵੀ ਮੁਸਲਮਾਨ ਪਰਿਵਾਰ ਰਹਿੰਦੇ ਹਨ। ਧਰਮਾ ਸਿੰਘ, ਜਰਨੈਲ ਸਿੰਘ, ਸਤਨਾਮ ਸਿੰਘ, ਜਸਕਰਨ ਸਿੰਘ, ਮਹਿੰਦਰ ਸਿੰਘ ਤੇ ਦਰਸ਼ਨ ਸਿੰਘ ਚਹਿਲ ਸਣੇ ਛੇ ਨੰਬਰਦਾਰ ਹਨ। ਇਸ ਪਿੰਡ ਨੂੰ ਕਣਕਵਾਲ ਸੰਧੂ ਪੱਤੀ, ਸੈਣੀ, ਭੁੱਲਰ ਪੱਤੀ, ਸਹਿਸੀ, ਰਿਫਊਜੀ ਪੱਤੀ, ਗਾਦੜ ਪੱਤੀ ਤੇ ਸੀਂਹਮਾਰ ਪੱਤੀ ਵਿੱਚ ਵੰਡਿਆ ਹੋਇਆ ਹੈ। ਪਿੰਡ ਦੇ ਜੱਟ ਸਿੱਖ ਮੁੱਖ ਤੌਰ ’ਤੇ ਸੰਧੂ, ਸੈਣੀ, ਚਹਿਲ, ਵਿਰਕ ਤੇ ਭੁੱਲਰ ਗੋਤ ਵਾਲੇ ਹਨ। ਇਸ ਪਿੰਡ ਵਿੱਚ ਪਹਿਲੀ ਪੰਚਾਇਤ 1952 ’ਚ ਬਣੀ ਸੀ ਅਤੇ ਪਹਿਲੇ ਸਰਪੰਚ ਲਾਲਾ ਬਾਰੂ ਮੱਲ ਸਨ। ਉਸ ਮਗਰੋਂ ਬਣੇ ਸਰਪੰਚਾਂ ਵਿੱਚ ਕੁਲਵਿੰਦਰ ਕੌਰ, ਸੁਖਪਾਲ ਕੌਰ, ਅਮਰਜੀਤ ਕੌਰ, ਕਰਨੈਲ ਸਿੰਘ, ਰਾਮਸ਼ਰਨ ਦਾਸ, ਸਰੂਪ ਸਿੰਘ, ਮਦਨ ਲਾਲ, ਚੰਨਣ ਸਿੰਘ, ਮੇਘ ਰਾਜ, ਜੀਤ ਸਿੰਘ ਚਹਿਲ, ਬੀਰ ਸਿੰਘ ਤੇ ਮੌਜੂਦਾ ਸਰਪੰਚ ਕੁਲਦੀਪ ਸਿੰਘ ਬੋਗੀ ਹਨ।
ਇਸ ਪਿੰਡ ਵਿੱਚ ਪੰਜ ਗੁਰਦੁਆਰੇ ਹਨ। ਇਸ ਤੋਂ ਇਲਾਵਾ ਡੇਰਾ ਸੰਤੂ ਪੀਰ, ਡੇਰਾ ਭਾਵਾ ਦਾਸ, ਡੇਰਾ ਬੱਲੂ ਦਾਸ, ਮਸੀਤ, ਦੋ ਮੰਦਿਰ ਤੇ ਪੀਰਖਾਨੇ ਹਨ। ਪਿੰਡ ਦੇ ਲੋਕ ਵਹਿਮਾਂ-ਭਰਮਾਂ ਵਿੱਚ ਜਕੜੇ ਹੋਏ ਹਨ ਜਿਸ ਕਾਰਨ ਇੱਥੇ ਅਖੌਤੀ ਬਾਬਿਆਂ ਦੀ ਜ਼ਿਆਦਾ ਪੁੱਛ-ਪ੍ਰਤੀਤ ਹੈ। ਪਿੰਡ ਵਿੱਚ ਸ਼ਰਾਬ ਦੇ ਦੋ ਠੇਕੇ ਹਨ ਅਤੇ ਨਾਜਾਇਜ਼ ਸ਼ਰਾਬ ਦਾ ਧੰਦਾ ਵੀ ਚੱਲਦਾ ਹੈ।
ਹਰਿਆਓ ਵਿੱਚ ਐਚਡੀਐਫਸੀ ਬੈਂਕ, ਕੋਆਪਰੇਟਿਵ ਬੈਂਕ, ਅਨਾਜ ਮੰਡੀ, ਸਹਿਕਾਰੀ ਸਭਾ, ਸਿਵਲ ਡਿਸਪੈਂਸਰੀ ਤੇ ਪਸ਼ੂ ਡਿਸਪੈਂਸਰੀ ਦੀ ਸਹੂਲਤ ਹੈ। ਇਥੋਂ ਫਤਿਹਗੜ੍ਹ-ਸੁਨਾਮ, ਰੱਤਾਖੇੜਾ-ਬੁਢਲਾਡਾ, ਡਸਕਾ-ਬਰੇਟਾ, ਗਿਦੜਿਆਣੀ-ਲਹਿਰਾਗਾਗਾ, ਸੰਗਤਪੁਰਾ ਤੇ ਫਲੇੜਾ-ਚੀਮਾ ਆਦਿ ਲਿੰਕ ਸੜਕਾਂ ਨਾਲ ਜੁੜਣ ਦੇ ਬਾਵਜੂਦ ਹਰਿਆਓ ਮੁੱਖ ਕੇਂਦਰ ਵਜੋਂ ਨਹੀਂ ਸਥਾਪਿਤ ਹੋ ਸਕਿਆ ਹੈ। ਇਹ ਪਿੰਡ ਸਬ ਡਿਵੀਜ਼ਨ, ਤਹਿਸੀਲ, ਮਾਰਕੀਟ ਕਮੇਟੀ, ਪੰਚਾਇਤ ਸਮਿਤੀ ਤੇ ਖ਼ੁਰਾਕ ਅਤੇ ਸਪਲਾਈ ਵਿਭਾਗ ਰਾਹੀਂ ਲਹਿਰਾਗਾਗਾ ਨਾਲ ਜੁੜਿਆ ਹੈ ਪਰ ਵਿਧਾਨ ਸਭਾ ਹਲਕਾ ਦਿੜਬਾ ਅਤੇ ਪੁਲੀਸ ਸਟੇਸ਼ਨ ਧਰਮਗੜ੍ਹ ਪੈਂਦਾ ਹੈ।
ਪਿੰਡ ਵਿੱਚ ਸਰਕਾਰੀ ਹਾਈ ਸਕੂਲ ਤੋਂ ਇਲਾਵਾ ਸੰਤ ਬਾਬਾ ਅਤਰ ਸਿੰਘ ਸੀਨੀਅਰ ਸੈਕੰਡਰੀ ਸਕੂਲ, ਸੰਤ ਹਰਚੰਦ ਸਿੰਘ ਸੀਨੀਅਰ ਸਕੂਲ ਸਮੇਤ ਤਿੰਨ ਪ੍ਰਾਈਵੇਟ ਸਕੂਲ ਹਨ। ਇੱਥੇ ਸਾਫ਼ ਪਾਣੀ ਲਈ ਜਲਘਰ ਤੋਂ ਇਲਾਵਾ ਆਰਓ ਸਿਸਟਮ ਦੀ ਸਹੂਲਤ ਹੈ। ਪਿੰਡ ਵਿੱਚ ਖੇਡ ਸਟੇਡੀਅਮ ਨਹੀਂ ਹੈ। ਇਸ ਪਿੰਡ ਦੀ ਅਹਿਮ ਸ਼ਖ਼ਸੀਅਤ ਕਬੱਡੀ ਕੁਮੈਂਟਟਰ, ਗੀਤਕਾਰ ਤੇ ਫਿਲਮ ਕਲਾਕਾਰ ਧਰਮਾ ਹਰਿਆਓ ਹਨ। ਇਸ ਤੋਂ ਇਲਾਵਾ ਅਕਾਲੀ ਆਗੂ ਐਡਵੋਕੇਟ ਵਰਿੰਦਰ ਗੋਇਲ, ਜਥੇਦਾਰ ਜਰਨੈਲ ਸਿੰਘ ਹਰਿਆਓ, ਧਰਮਗੜ੍ਹ ਸਰਕਲ ਦੇ ਅਕਾਲੀ ਦਲ ਦੇ ਪ੍ਰਧਾਨ ਜਥੇਦਾਰ ਦਲਬੀਰ ਸਿੰਘ ਹਰਿਆਓ, ਜਥੇਦਾਰ ਸੁਖਦੇਵ ਸਿੰਘ ਹਰਿਆਓ, ਐਸਡੀਓ ਨਰਿੰਦਰ ਗੋਇਲ, ਐਸਡੀਓ ਪ੍ਰੀਤਮ ਸਿੰਘ ਚੀਮਾ, ਐਕਸੀਅਨ ਗੁਰਪ੍ਰੀਤ ਸਿੰਘ ਚੀਮਾ, ਆੜ੍ਹਤੀ ਯੂਨੀਅਨ ਪੰਜਾਬ ਦੇ ਸੂਬਾ ਸਕੱਤਰ ਜੀਵਨ ਰੱਬੜ, ਸਮਾਜਸੇਵੀ ਹੰਸ ਰਾਜ ਹਰਿਆਓ, ਨਗਰ ਕੌਂਸਲ ਲਹਿਰਾਗਾਗਾ ਦੇ ਸਾਬਕਾ ਪ੍ਰਧਾਨ ਭੂਸ਼ਨ ਗੋਇਲ ਤੇ ਸਾਬਕਾ ਪ੍ਰਧਾਨ ਦੁਲਾਰ ਗੋਇਲ ਪਿੰਡ ਦੀਆਂ ਪ੍ਰਮੁੱਖ ਸ਼ਖ਼ਸੀਅਤਾਂ ਹਨ।

ਸੰਪਰਕ: 94170-90220


Comments Off on ਹਰਿਆਓ: ਕਈ ਵਾਰ ਉੱਜੜਿਆ ਤੇ ਵੱਸਿਆ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.