ਹੜਤਾਲ ਜਾਰੀ ਰੱਖਣਗੇ ਮੀਟ ਵਿਕਰੇਤਾ !    ਕਿੰਨੇ ਕੁ ਸਾਰਥਕ ਹਨ ਮਹਿਲਾ ਵਿਕਾਸ ਵਿਭਾਗ ਤੇ ਕਮਿਸ਼ਨ ? !    ‘ਬਲੱਡ ਮਨੀ’ ਦਾ ਸੰਕਲਪ ਤੇ ਮਹੱਤਵ !    ਜਾਂਚ-ਪੜਤਾਲ ’ਚ ਘਚੋਲਾ ਪਾਉਣਾ ਕੋਈ ਸਾਥੋਂ ਸਿੱਖੇ... !    ਮੇਅਰ ਦੇ ਜਾਤੀ ਪ੍ਰਮਾਣ ਪੱਤਰ ਦੀ ਹੋਵੇਗੀ ਜਾਂਚ !    ਐਸਵਾਈਐਲ ਮੁੱਦੇ ’ਤੇ ਸਾਥ ਦਿਆਂਗੇ: ਤੰਵਰ !    ਲੰਬੀ ਤੇ ਕਬਰਵਾਲਾ ਸਣੇ ਗਿਆਰਾਂ ਥਾਣਿਆਂ ਦੇ ਮੁਖੀ ਬਦਲੇ !    ਟਰੱਕ ਯੂਨੀਅਨ ਦੀ ਪ੍ਰਧਾਨਗੀ ਵਿਵਾਦ ’ਚ ਘਿਰੀ !    ਕਾਵਿ ਕਿਆਰੀ !    ਕਿਉਂ ਵਿਸਰ ਗਏ ਨੇ ਭਵਿੱਖ ਦੇ ਖ਼ਤਰੇ !    

ਦੇਸ਼ ਦੀਆਂ ਲੋੜਾਂ ਦੀ ਪੂਰਤੀ ਲਈ ਸੰਯੁਕਤ ਖੇਤੀ ਹੀ ਢੁੱਕਵੀਂ

Posted On November - 25 - 2016

ਬਲਦੇਵ ਸਿੰਘ ਢਿੱਲੋਂ*, ਚਰਨਜੀਤ ਸਿੰਘ ਔਲਖ**

12511cd _skrm_rain_deficitਖੇਤੀਬਾੜੀ ਸਾਡੇ ਦੇਸ਼ ਅਤੇ ਪੰਜਾਬ ਦਾ ਹੁਣ ਤਕ ਸਭ ਤੋਂ ਮਹੱਤਵਪੂਰਣ ਖੇਤਰ ਰਿਹਾ ਹੈ ਅਤੇ ਇਸ ਦੇ ਭਵਿੱਖ ਵਿੱਚ ਵੀ ਇਸੇ ਤਰ੍ਹਾਂ ਬਣੇ ਰਹਿਣ ਦੀ ਸੰਭਾਵਨਾ ਹੈ। ਪਰ ਖੇਤੀਬਾੜੀ ਦਾ ਸਾਡੇ ਦੇਸ਼ ਦੇ ਕੁੱਲ ਘਰੇਲੂ ਉਤਪਾਦ ਵਿੱਚ ਹਿੱਸਾ 1970-71 ਵਿੱਚ 45.6 ਫ਼ੀਸਦੀ ਤੋਂ ਘਟ ਕੇ 2014-15 ਵਿੱਚ ਸਿਰਫ਼ 13.9 ਫ਼ੀਸਦੀ ਹੀ ਰਹਿ ਗਿਆ। ਇਸੇ ਸਮੇਂ ਦੌਰਾਨ ਪੰਜਾਬ ਦੇ ਕੁੱਲ ਘਰੇਲੂ ਉਤਪਾਦ ਵਿੱਚ ਖੇਤੀਬਾੜੀ ਦਾ ਹਿੱਸਾ 57.2 ਫ਼ੀਸਦੀ ਤੋਂ ਘਟ ਕੇ 26.7 ਫ਼ੀਸਦੀ ਰਹਿ ਗਿਆ ਹੈ। ਖੇਤੀਬਾੜੀ  ਦਾ ਇਹ ਘਟਦਾ ਹਿੱਸਾ ਇੱਕ ਚੰਗੀ ਗੱਲ ਹੋਣੀ ਸੀ ਜੇ ਲੋਕਾਂ ਦੀ ਖੇਤੀਬਾੜੀ ਉੱਪਰ ਨਿਰਭਰਤਾ ਵੀ ਉਸੇ ਅਨੁਪਾਤ ਨਾਲ ਘਟਦੀ ਪਰ ਇਸ ਸਮੇਂ ਦੌਰਾਨ ਲੋਕਾਂ ਦੀ ਖੇਤੀਬਾੜੀ ਉੱਪਰ ਨਿਰਭਰਤਾ ਉਸ ਅਨੁਪਾਤ ਨਾਲ ਨਹੀਂ ਘਟੀ ਜਿਸ ਦਾ ਸਿੱਧਾ ਮਤਲਬ ਹੈ ਕਿ ਇਹ ਖੇਤਰ ਉਦਯੋਗਿਕ ਅਤੇ ਸੇਵਾਵਾਂ ਖੇਤਰਾਂ ਦੇ ਮੁਕਾਬਲੇ ਗ਼ਰੀਬ ਹੋਇਆ ਹੈ। ਇਸ ਖੇਤਰ ਦੀ ਦੇਸ਼ ਦੇ ਕੁੱਲ ਘਰੇਲੂ ਉਤਪਾਦ ਵਿੱਚ ਯੋਗਦਾਨ ਘਟਣ ਦੇ ਬਾਵਜੂਦ ਦੇਸ਼ ਨੂੰ ਅੱਠ ਫ਼ੀਸਦੀ ਆਰਥਿਕ ਵਾਧੇ ਦੀ ਦਰ ਪ੍ਰਾਪਤ ਕਰਨ ਲਈ ਖੇਤੀਬਾੜੀ ਵਿੱਚ ਲਗਪਗ ਚਾਰ ਫ਼ੀਸਦੀ ਵਾਧਾ ਦਰ ਦੀ ਲੋੜ ਹੁੰਦੀ ਹੈ। ਖੇਤੀਬਾੜੀ ਵਿੱਚ ਵਾਧੇ ਦੀ ਇਹ ਦਰ ਪ੍ਰਾਪਤ ਕਰਨ ਲਈ ਆਧੁਨਿਕ ਖੇਤੀ ਤਕਨੀਕਾਂ ਦਾ ਅਪਣਾਉਣਾ ਬਹੁਤ ਜ਼ਰੂਰੀ  ਹੋ ਜਾਂਦਾ ਹੈ। ਆਮ ਤੌਰ ’ਤੇ ਕਿਸਾਨੀ ਅਤੇ ਪੇਂਡੂ ਸਮਾਜ ਦੀਆਂ ਸਾਰੀਆਂ ਸਮੱਸਿਆਵਾਂ ਦਾ ਦੋਸ਼ ਆਧੁਨਿਕ ਖੇਤੀ ਦੇ ਤਰੀਕਿਆਂ ਅਤੇ ਤਕਨੀਕਾਂ ’ਤੇ ਹੀ ਲਾਇਆ ਜਾ ਰਿਹਾ ਹੈ। ਇੱਥੋਂ ਤਕ ਕਿ ਨਿਘਰ ਰਹੀਆਂ ਸਮਾਜਿਕ ਕਦਰਾਂ-ਕੀਮਤਾਂ ਨੂੰ ਵੀ ਆਧੁਨਿਕ ਖੇਤੀ ਦੇ ਤੌਰ-ਤਰੀਕਿਆਂ ਨਾਲ ਜੋੜ ਕੇ ਵੇਖਿਆ ਜਾ ਰਿਹਾ ਹੈ। ਸੋਚਣ ਵਾਲੀ ਗੱਲ ਇਹ ਹੈ ਕਿ ਕੀ ਖੇਤੀ ਨੂੰ ਪੁਰਾਣੀ ਰਵਾਇਤੀ ਖੇਤੀ ਵੱਲ ਮੋੜਾ ਦੇ ਕਿ ਇਨ੍ਹਾਂ ਸਮੱਸਿਆਵਾਂ ਦਾ ਹੱਲ ਹੋ ਜਾਵੇਗਾ ਜਾਂ ਫਿਰ ਇਨ੍ਹਾਂ ਸਮੱਸਿਆਵਾਂ ਦਾ ਹੱਲ ਕੋਈ ਹੋਰ ਲੱਭਣਾ ਪਵੇਗਾ? ਮੌਜੂਦਾ ਖੇਤੀ ਦੇ ਆਲੋਚਕ ਅਕਸਰ ਇਸ ਦੀ ਨੁਕਤਾਚੀਨੀ  ਕਰਦੇ ਹਨ ਪਰ ਸਾਨੂੰ ਰਾਸ਼ਟਰੀ ਸੰਦਰਭ ਵਿੱਚ ਇਹ ਪੜਚੋਲ ਕਰਨ ਦੀ ਲੋੜ ਹੈ ਕਿ ਇਸ ਨੁਕਤਾਚੀਨੀ ਕਰਨ ਦੀ ਨੌਬਤ ਤਕ ਅਸੀਂ ਕਿਵੇਂ ਪਹੁੰਚੇ।

ਬਲਦੇਵ ਸਿੰਘ ਢਿੱਲੋਂ, ਚਰਨਜੀਤ ਸਿੰਘ ਔਲਖ

ਬਲਦੇਵ ਸਿੰਘ ਢਿੱਲੋਂ, ਚਰਨਜੀਤ ਸਿੰਘ ਔਲਖ

ਖੇਤੀ ਲਗਪਗ ਦਸ ਹਜ਼ਾਰ ਸਾਲ ਪਹਿਲਾਂ ਸ਼ੁਰੂ ਹੋਈ ਅਤੇ 20ਵੀਂ ਸਦੀ ਤਕ ਇਹ ਬਿਨਾਂ ਕਿਸੇ ਤਰ੍ਹਾਂ ਦੇ ਰਸਾਇਣਾਂ ਦੀ ਵਰਤੋਂ ਦੇ ਰਵਾਇਤੀ ਢੰਗ ਨਾਲ ਹੀ ਹੋ ਰਹੀ ਸੀ। ਰਵਾਇਤੀ ਖੇਤੀ ਤੋਂ ਆਧੁਨਿਕ ਖੇਤੀ ਵੱਲ ਦਾ ਸਫ਼ਰ ਬੰਗਾਲ ਦੇ ਕਾਲ ਤੋਂ ਬਾਅਦ ਅੰਗਰੇਜ਼ਾਂ ਵੱਲੋਂ ਸ਼ੁਰੂ ਕੀਤਾ ਗਿਆ। ਦੇਸ਼ ਦੀ ਅਨਾਜ ਦੀ ਲੋੜ ਦੇ ਮੱਦੇਨਜ਼ਰ ਆਜ਼ਾਦੀ ਤੋਂ ਤੁਰੰਤ ਬਾਅਦ ਪ੍ਰਧਾਨ ਮੰਤਰੀ ਜਵਾਹਰਲਾਲ ਨਹਿਰੂ ਨੇ ਕਿਹਾ ਸੀ ਕਿ ਹਰ ਚੀਜ਼ ਦਾ ਇੰਤਜ਼ਾਰ ਕੀਤਾ ਜਾ ਸਕਦਾ ਹੈ, ਪਰ ਖੇਤੀ ਦਾ ਨਹੀਂ। ਇਸ ਲਈ ਖੇਤੀ ਦੀ ਆਧੁਨਿਕਤਾ ਵੱਲ ਸਭ ਤੋਂ ਪਹਿਲਾ ਕਦਮ ਫ਼ਸਲਾਂ ਦੀਆਂ ਵਧੇਰੇ ਝਾੜ ਦੇਣ ਵਾਲੀਆਂ ਕਿਸਮਾਂ ਨੂੰ ਲਿਆਉਣਾ ਅਤੇ ਵਿਕਸਿਤ ਕਰਨਾ ਸੀ ਜਿਸ ਵਿੱਚ ਮਹਾਨ ਖੇਤੀ ਵਿਗਿਆਨੀਆਂ ਨੋਰਮਨ ਬੋਰਲਾਗ, ਗੁਰਦੇਵ ਸਿੰਘ ਖ਼ੁਸ਼, ਐੱਚ.ਐੱਮ. ਬੀਚਲ, ਬੀ.ਪੀ. ਪਾਲ, ਐੱਮ.ਐੱਸ. ਸਵਾਮੀਨਾਥਨ ਅਤੇ ਡੀ.ਐੱਸ. ਅਟਵਾਲ ਦਾ ਮਹੱਤਵਪੂਰਨ ਰੋਲ ਰਿਹਾ। ਉੱਤਮ ਕਿਸਮਾਂ, ਸਿੰਜਾਈ ਸਾਧਨਾਂ ਦੇ ਵਿਕਾਸ ਅਤੇ ਰਸਾਇਣਕ ਖਾਦਾਂ ਦੀ ਉਪਲੱਭਧਤਾ ਕਾਰਨ ਅਨਾਜ ਉਤਪਾਦਨ ਵਿੱਚ ਹੈਰਾਨੀਜਨਕ ਵਾਧਾ ਹੋਇਆ ਜੋ ਅੱਜ ਤਕ ਨਿਰੰਤਰ ਜਾਰੀ ਹੈ। ਅਨਾਜ ਉਤਪਾਦਨ ਦਾ ਇਹ ਸਫ਼ਰ 1960-61 ਵਿੱਚ ਸਿਰਫ਼ 8.2 ਕਰੋੜ ਟਨ ਨਾਲ ਸ਼ੁਰੂ ਹੋਇਆ ਸੀ ਜਦੋਂ ਦੇਸ਼ ਲਈ ‘ਮੰਗਤੇ ਦੇ ਠੂਠੇ’  ਅਤੇ ‘ਸਮੁੰਦਰੀ ਜਹਾਜ਼ ਤੋਂ ਮੂੰਹ ਤਕ’ ਵਰਗੇ ਸ਼ਬਦਾਂ ਦੀ ਵਰਤੋਂ ਕੀਤੀ ਜਾਂਦੀ ਸੀ। 1966 ਵਿੱਚ ਦੇਸ਼ ਨੂੰ ਪੀ.ਐੱਲ. 480 ਪ੍ਰੋਗਰਾਮ ਤਹਿਤ ਇੱਕ ਕਰੋੜ ਟਨ ਅਨਾਜ ਬਾਹਰੋਂ ਮੰਗਾਉਣਾ ਪਿਆ ਸੀ। ਹਾਲਾਤ ਅਜਿਹੇ ਸਨ ਕਿ ਤੱਤਕਾਲੀਨ ਪ੍ਰਧਾਨ ਮੰਤਰੀ ਲਾਲ ਬਹਾਦਰ ਸ਼ਾਸਤਰੀ ਵੱਲੋਂ ਲੋਕਾਂ ਨੂੰ ਸੋਮਵਾਰ ਦੀ ਸ਼ਾਮ ਨੂੰ ਵਰਤ ਰੱਖਣ ਦੀ ਅਪੀਲ ਕਰਨੀ ਪਈ ਸੀ।
ਪੰਜਾਬ ਨੇ 1960-61 ਵਿੱਚ ਸਿਰਫ਼ 31.6 ਲੱਖ ਟਨ ਅਨਾਜ ਦੀ ਪੈਦਾਵਾਰ ਤੋਂ ਚੱਲ ਕੇ 2013-14 ਵਿੱਚ 286 ਲੱਖ ਟਨ ਪੈਦਾਵਾਰ ਕਰਕੇ ਇਹ ਕਾਮਯਾਬੀ ਦਾ ਸਫ਼ਰ ਤਹਿ ਕੀਤਾ ਅਤੇ ਦੇਸ਼ ਦਾ ਅੰਨ ਭੰਡਾਰ ਹੋਣ ਦਾ ਨਾਮਣਾ ਖੱਟਿਆ। ਇਸ ਸਮੇਂ ਦੌਰਾਨ ਪੰਜਾਬ ਵਿੱਚ ਝੋਨੇ ਅਤੇ ਕਣਕ ਦੇ ਝਾੜ ਵਿੱਚ ਚਾਰ ਗੁਣਾ ਅਤੇ ਮੱਕੀ ਦੇ ਝਾੜ ਵਿੱਚ ਸਾਢੇ ਤਿੰਨ ਗੁਣਾ ਵਾਧਾ ਹੋਇਆ। ਪੰਜਾਬ ਨੇ ਕੇਂਦਰੀ ਅੰਨ ਭੰਡਾਰ ਵਿੱਚ 1979-80 ਦੌਰਾਨ 60 ਫ਼ੀਸਦੀ ਚੌਲ ਅਤੇ 2005-06 ਵਿੱਚ 75 ਫ਼ੀਸਦੀ  ਕਣਕ ਦਿੱਤੀ ਅਤੇ ਹੁਣ ਵੀ 28 ਫ਼ੀਸਦੀ ਚੌਲ ਅਤੇ 43 ਫ਼ੀਸਦੀ ਕਣਕ ਦੇ ਕੇ ਦੇਸ਼ ਦੀ ਅੰਨ ਸੁਰੱਖਿਆ ਵਿੱਚ ਅਹਿਮ ਰੋਲ ਅਦਾ ਕਰ ਰਿਹਾ ਹੈ।
ਪੰਜਾਬ ਦੀ ਅਨਾਜ ਉਤਪਾਦਨ ਵਿੱਚ ਇਹ ਵਿਲੱਖਣ ਪ੍ਰਾਪਤੀ ਫ਼ਸਲਾਂ ਦੀਆਂ ਉੱਨਤ ਕਿਸਮਾਂ ਅਤੇ ਉਨ੍ਹਾਂ ਦੀਆਂ ਕਾਸ਼ਤਕਾਰੀ ਤਕਨੀਕਾਂ ਵਿੱਚ ਸੋਧ ਅਤੇ ਪਸਾਰ, ਸਿੰਜਾਈ ਸਹੂਲਤਾਂ, ਰਸਾਇਣਕ ਖਾਦਾਂ ਦੀ ਉਪਲੱਭਧਤਾ, ਉੱਦਮੀ ਕਿਸਾਨਾਂ ਅਤੇ ਸੁਚਾਰੂ ਸਰਕਾਰੀ ਨੀਤੀਆਂ (ਜਿਵੇਂ ਕਿ ਫ਼ਸਲਾਂ ਦਾ ਘੱਟੋ-ਘੱਟ ਸਮਰਥਨ ਮੁੱਲ ਅਤੇ ਝੋਨੇ-ਕਣਕ ਦੀ ਸਰਕਾਰੀ ਖ਼ਰੀਦ) ਸਦਕਾ ਹੋਈ। ਪੰਜਾਬ, ਹਰਿਆਣਾ ਅਤੇ ਪੱਛਮੀ ਉੱਤਰ ਪ੍ਰਦੇਸ਼ ਵਿੱਚ ਖੇਤੀ ਉਪਜ ਵਿੱਚ ਹੋਏ ਵਾਧੇ ਨੇ ਵਧਦੀ ਆਬਾਦੀ ਦੇ ਬਾਵਜੂਦ ਦੇਸ਼ ਨੂੰ ਅਨਾਜ ਵਿੱਚ ਆਤਮਨਿਰਭਰ ਬਣਾਇਆ। ਖੇਤੀ ਉਤਪਾਦਨ ਵਿੱਚ ਇਸ ਹੈਰਾਨੀਜਨਕ ਵਾਧੇ ਨੂੰ ਹਰੀ-ਕ੍ਰਾਂਤੀ ਦਾ ਨਾਂ ਦਿੱੱਤਾ ਗਿਆ। ਹਰੀ-ਕ੍ਰਾਂਤੀ ਨੇ ਸੱਤਰਵੇਂ ਅਤੇ ਅੱਸੀਵੇਂ ਦਹਾਕੇ ਦੌਰਾਨ ਕਿਸਾਨਾਂ ਦੀ ਆਮਦਨ ਵਿੱਚ ਕਈ ਗੁਣਾ ਵਾਧਾ ਕੀਤਾ ਅਤੇ ਨਤੀਜੇ ਵਜੋਂ ਪੇਂਡੂ ਅਤੇ ਸ਼ਹਿਰੀ ਰਹਿਣ-ਸਹਿਣ ਵਿੱਚ ਇੱਕ ਵੱਡੀ ਤਬਦੀਲੀ ਆਈ। ਕੱਚੇ ਘਰਾਂ ਦੀ ਜਗ੍ਹਾ ਪੱਕੇ ਘਰ ਬਣੇ, ਕੱਚੇ ਰਾਹਾਂ ਦੀ ਜਗ੍ਹਾ ਸੜਕਾਂ ਨੇ ਲੈ ਲਈ, ਗੱਡਿਆਂ ਦੀ ਜਗ੍ਹਾ ਟਰੈਕਟਰ ਅਤੇ ਟਾਂਗਿਆਂ ਦੀ ਜਗ੍ਹਾ ਕਾਰਾਂ ਅਤੇ ਮੋਟਰਸਾਈਕਲ-ਸਕੂਟਰਾਂ ਨੇ ਲੈ ਲਈ। ਖੇਤਾਂ ਵਿੱਚ ਟਿੰਡਾਂ ਵਾਲੇ ਖੂਹਾਂ ਦੀ ਥਾਂ ਟਿਊਬਵੈੱਲਾਂ ਦੀਆਂ ਧਾਰਾਂ ਵਗਣ ਲੱਗੀਆਂ। ਇਸ ਸਾਰੇ ਪਰਿਵਰਤਨ ਦਾ ਇੱਕੋ-ਇੱਕ ਕਾਰਨ ਖੇਤੀ ਤੋਂ ਵਧੀ ਹੋਈ ਆਮਦਨ ਹੀ ਸੀ ਕਿਉਂਕਿ ਪੰਜਾਬ ਕੋਲ ਆਮਦਨ ਦਾ ਕੋਈ ਹੋਰ ਸਾਧਨ ਨਹੀਂ ਸੀ।
ਇਸ ਕਾਮਯਾਬੀ ਨਾਲ ਮੁਲਕ ਦੀ ਅੰਨ ਸਬੰਧੀ ਲੋੜ ਤਾਂ ਬੇਸ਼ੱਕ ਪੂਰੀ ਹੋ ਗਈ ਪਰ ਪੰਜਾਬ ਨੂੰ ਇਸ ਦੀ ਭਾਰੀ ਕੀਮਤ ਦੇਣੀ ਪਈ। ਝੋਨੇ ਅਤੇ ਕਣਕ ਦੀ ਕਾਸ਼ਤ ਹੇਠ ਬੇਹਤਾਸ਼ਾ ਰਕਬਾ ਵਧਿਆ ਕਿਉਂਕਿ ਇਨ੍ਹਾਂ ਫ਼ਸਲਾਂ ਦਾ ਝਾੜ ਅਤੇ ਮੰਡੀਕਰਣ ਲਗਪਗ ਯਕੀਨੀ ਸੀ ਅਤੇ ਆਮਦਨ ਵੀ ਵਧੇਰੇ ਸੀ। ਇਨ੍ਹਾਂ ਦੋਵੇਂ ਫ਼ਸਲਾਂ ਵਿੱਚੋਂ ਝੋਨਾ ਪੰਜਾਬ ਦੇ ਜਲਵਾਯੂ ਅਨੁਸਾਰ ਢੁਕਵੀਂ ਫ਼ਸਲ ਨਹੀਂ ਸੀ ਕਿਉਂਕਿ ਇਸ ਨੂੰ ਪਾਣੀ ਦੀ ਬਹੁਤ ਜ਼ਰੂਰਤ ਹੈ ਅਤੇ ਪੰਜਾਬ ਵਿੱਚ ਉਸ ਅਨੁਸਾਰ ਢੁਕਵੀਂ ਬਾਰਸ਼ ਨਹੀਂ ਹੁੰਦੀ। ਪਰ ਜਲਵਾਯੂ ਅਨੁਸਾਰ ਇਸ ਅਢੁਕਵੀਂ ਫ਼ਸਲ ਹੇਠ ਵੀ ਰਕਬਾ 1960-61 ਵਿੱਚ 2.27 ਲੱਖ ਹੈਕਟੇਅਰ ਤੋਂ ਵਧਾ ਕੇ 2014-15 ਵਿੱਚ 28.9 ਲੱਖ ਹੈਕਟੇਅਰ ਕਰ ਲਿਆ ਗਿਆ ਹੈ ਅਤੇ ਇਸ ਨੂੰ ਲਗਪਗ 14 ਲੱਖ ਟਿਊਬਵੈੱਲਾਂ ਰਾਹੀਂ ਧਰਤੀ ਹੇਠਲਾ ਪਾਣੀ ਖਿੱਚ ਕੇ ਪਾਲਿਆ ਜਾ ਰਿਹਾ ਹੈ ਜੋ ਕਿ ਕੁਦਰਤ ਦੇ ਸਿਧਾਂਤ ਦੇ ਅਨੁਕੂਲ ਨਹੀਂ। ਇਸ ਦਾ ਨਤੀਜਾ ਇਹ ਹੋਇਆ ਕਿ ਧਰਤੀ ਹੇਠਲੇ ਪਾਣੀ ਦਾ ਪੱਧਰ ਡੂੰਘਾ ਹੋ ਗਿਆ। ਇਸੇ ਸਮੇਂ ਦੌਰਾਨ ਕਣਕ ਹੇਠ ਵੀ ਰਕਬਾ 14 ਲੱਖ ਹੈਕਟੇਅਰ ਤੋਂ ਵਧ ਕੇ 35.1 ਲੱਖ ਹੈਕਟੇਅਰ ਹੋਇਆ ਪਰ ਸਿਵਾਏ ਫ਼ਸਲੀ ਵਿਭਿੰਨਤਾ ਘਟਣ ਦੇ ਇਸ ਦਾ ਸਾਡੇ ਕੁਦਰਤੀ ਸਾਧਨਾਂ ’ਤੇ ਕੋਈ ਹੋਰ ਮਾੜਾ ਅਸਰ ਨਹੀਂ ਪਿਆ। ਪਰ ਇਸ ਸਮੇਂ ਦੌਰਾਨ ਪੰਜਾਬ ਦੀ ਵਧੀ ਫ਼ਸਲੀ ਘਣਤਾ (126 ਫ਼ੀਸਦੀ ਤੋਂ 191 ਫ਼ੀਸਦੀ) ਨੇ ਜ਼ਮੀਨ ਵਿਚਲੇ ਖ਼ੁਰਾਕੀ ਤੱਤਾਂ ਦੀ ਘਾਟ ਪੈਦਾ ਕੀਤੀ ਅਤੇ ਨਤੀਜੇ ਵਜੋਂ ਖੇਤੀ ਵਿੱਚ ਖਾਦਾਂ ਦੀ ਖ਼ਪਤ 1960-61 ਵਿੱਚ ਪੰਜ ਹਜ਼ਾਰ ਟਨ ਤੋਂ ਵਧ ਕੇ 2014-15 ਵਿੱਚ 17.2 ਲੱਖ ਟਨ ਤਕ ਪਹੁੰਚ ਗਈ। ਖੇਤੀ ਰਸਾਇਣਾਂ ਦੇ ਆਉਣ ਨਾਲ ਕਿਸਾਨਾਂ ਦਾ ਇਨ੍ਹਾਂ ਦੀ ਵਰਤੋਂ ਵੱਲ ਰੁਝਾਨ ਵਧਿਆ ਪਰ ਇਹ ਰੁਝਾਨ ਰਵਾਇਤੀ ਅਤੇ ਲਾਹੇਵੰਦ ਤਕਨੀਕਾਂ ਜਿਵੇਂ ਕਿ ਰੂੜੀ ਖਾਦ ਦੀ ਵਰਤੋਂ ਅਤੇ ਦਾਲਾਂ ਆਧਾਰਿਤ ਫ਼ਸਲੀ ਚੱਕਰਾਂ ਦੀ ਕੀਮਤ ’ਤੇ ਹੋਇਆ ਜਿਹੜੀਆਂ ਕਿ ਜ਼ਮੀਨ ਦੀ ਸਿਹਤ ਅਤੇ ਵਾਤਾਵਰਣ ਪ੍ਰਬੰਧ ਵਿੱਚ ਮਹੱਤਵਪੂਰਣ ਰੋਲ ਅਦਾ ਕਰਦੀਆਂ ਸਨ। ਵਧਦੀ ਖੇਤੀ ਘਣਤਾ, ਅਢੁੱਕਵਾਂ ਫ਼ਸਲੀ ਚੱਕਰ ਅਤੇ ਸਾਲਾਂ-ਬੱਧੀ ਖੇਤੀ ਰਸਾਇਣਾਂ ਦੀ ਲੋੜੋਂ ਵੱਧ ਵਰਤੋਂ ਨਾਲ ਜ਼ਮੀਨ ਵਿੱਚ ਬਹੁ-ਤੱਤੀ ਘਾਟਾਂ ਪੈਦਾ ਹੋਈਆਂ, ਜ਼ਮੀਨ ਹੇਠਲੇ ਪਾਣੀ ਦੀ ਦੁਰਵਰਤੋਂ ਹੋਈ ਅਤੇ ਖੇਤੀ ਖਾਧ-ਪਦਾਰਥਾਂ ਵਿੱਚ ਖੇਤੀ ਜ਼ਹਿਰਾਂ ਦੇ ਅੰਸ਼ ਆਉਣੇ ਸ਼ੁਰੂ ਹੋ ਗਏ। ਕਣਕ ਅਤੇ ਝੋਨੇ ਦੀਆਂ ਵੱਧ ਝਾੜ ਦੇਣ ਵਾਲੀਆਂ ਕਿਸਮਾਂ ਵਿਕਸਿਤ ਹੋਣ ਅਤੇ ਉਨ੍ਹਾਂ ਦੇ ਬੀਜ ਪਸਾਰ ਨੇ ਸਿਰਫ਼ ਫ਼ਸਲ ਪੱਧਰ ’ਤੇ ਹੀ ਨਹੀਂ ਸਗੋਂ ਫ਼ਸਲਾਂ ਦੀਆਂ ਕਿਸਮਾਂ ਦੇ ਪੱਧਰ ’ਤੇ ਵੀ ਜੈਵਿਕ ਵਿਭਿੰਨਤਾ ਨੂੰ ਖੋਰਾ ਲਾਇਆ। ਹਰੀ ਕ੍ਰਾਂਤੀ ਤੋਂ ਪਹਿਲਾਂ ਪੰਜਾਬ ਵਿੱਚ ਝੋਨੇ ਦੀਆਂ 37 ਅਤੇ ਕਣਕ ਦੀਆਂ 41 ਕਿਸਮਾਂ ਸਨ। ਦਾਲਾਂ ਹੇਠ ਰਕਬਾ 9.03 ਲੱਖ ਹੈਕਟੇਅਰ ਸੀ ਜੋ ਘਟ ਕੇ 2014-15 ਵਿੱਚ ਸਿਰਫ਼ 12 ਹਜ਼ਾਰ ਹੈਕਟੇਅਰ ਹੀ ਰਹਿ ਗਿਆ ਹੈ। ਦਾਲਾਂ ਵਾਲੀਆਂ ਫ਼ਸਲਾਂ ਹਵਾ ਵਿੱਚੋਂ ਜ਼ਮੀਨ ਵਿੱਚ ਨਾਈਟ੍ਰੋਜਨ ਜਮ੍ਹਾਂ ਕਰਨ ਦੀ ਸ਼ਕਤੀ ਰਖਦੀਆਂ ਹੋਣ ਕਰਕੇ ਰਵਾਇਤੀ ਖੇਤੀ ਦੀ ਸਥਿਰਤਾ ਵਿੱਚ ਮਹੱਤਵਪੂਰਨ ਰੋਲ ਨਿਭਾਉਂਦੀਆਂ ਸਨ। ਫ਼ਸਲਾਂ ਅਤੇ ਉਨ੍ਹਾਂ ਦੀਆਂ ਕਿਸਮਾਂ ਦੀ ਜੈਵਿਕ ਵਿਭਿੰਨਤਾ ਕੀੜੇ-ਮਕੌੜੇ ਅਤੇ ਬਿਮਾਰੀ ਪ੍ਰਬੰਧ ਵਿੱਚ ਅਹਿਮ ਭੂਮਿਕਾ ਨਿਭਾਉਂਦੀ ਸੀ ਅਤੇ ਇਸ ਦੇ ਘਟਣ ਨੇ ਕੀੜੇ-ਮਕੌੜਿਆਂ ਅਤੇ ਬਿਮਾਰੀਆਂ ਵਿੱਚ ਵੀ ਵਾਧਾ ਕੀਤਾ। ਇਸ ਲਈ ਝੋਨੇ ਤੇ ਕਣਕ ਫ਼ਸਲੀ ਚੱਕਰ ਦਾ ਮੌਜੂਦਾ ਰੁਝਾਨ ਜੇ ਇਸੇ ਤਰ੍ਹਾਂ ਜਾਰੀ ਰਿਹਾ ਤਾਂ ਇਹ ਖੇਤੀ ਅਤੇ ਵਾਤਾਵਰਣ ਸਬੰਧੀ ਹੋਰ ਵੀ ਗੰਭੀਰ ਮਸਲੇ ਖੜ੍ਹੇ ਕਰੇਗਾ।

(ਦੂਜੀ ਕਿਸ਼ਤ ਅਗਲੇ ਹਫ਼ਤੇ)

*ਉਪ-ਕੁਲਪਤੀ, **ਸੀਨੀਅਰ ਫ਼ਸਲ ਵਿਗਿਆਨੀ, ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ


Comments Off on ਦੇਸ਼ ਦੀਆਂ ਲੋੜਾਂ ਦੀ ਪੂਰਤੀ ਲਈ ਸੰਯੁਕਤ ਖੇਤੀ ਹੀ ਢੁੱਕਵੀਂ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.