ਬਾਬਰੀ ਮਸਜਿਦ ਕੇਸ: ਚਸ਼ਮਦੀਦ ਗਵਾਹ ਦੀ ਮੌਤ !    ਅਮਰੀਕਾ: ਸਿੱਖ ਡਾਕਟਰ ਨੂੰ ਜਾਨੋਂ ਮਾਰਨ ਦੀ ਧਮਕੀ !    ਮੁਕਾਬਲੇ ਵਾਲੀਆਂ ਥਾਵਾਂ ’ਤੇ ਆ ਕੇ ‘ਖ਼ੁਦਕੁਸ਼ੀ’ ਨਾ ਕਰਨ ਨੌਜਵਾਨ: ਵੈਦ !    ਬੰਗਲਾਦੇਸ਼: ਖ਼ੁਦਕੁਸ਼ ਹਮਲੇ ’ਚ ਪਰਿਵਾਰ ਦੇ 8 ਜੀਅ ਮਰੇ !    ਭੇਤਭਰੀ ਹਾਲਤ ਵਿੱਚ ਚੱਲੀ ਗੋਲੀ; ਮੁਲਾਜ਼ਮ ਜ਼ਖਮੀ !    ਬਦਨੌਰ ਵੱਲੋਂ ਸੈਨਿਕ ਬੋਰਡ ਨਾਲ ਮੀਟਿੰਗ !    ਯੂਨੀਵਰਸਿਟੀਆਂ ਦੀ ਭੂਮਿਕਾ ਨੂੰ ਪੁਨਰ ਪ੍ਰਭਾਸ਼ਿਤ ਕਰਨ ਦੀ ਲੋੜ: ਅਪੂਰਵਾਨੰਦ !    ਧੋਖਾਧੜੀ ਕਰਨ ਵਾਲੇ ਬਿਲਡਰਾਂ ਦੀ ਗ੍ਰਿਫ਼ਤਾਰੀ ਲਈ ਲੋਕਾਂ ਤੋਂ ਮੰਗਿਆ ਸਹਿਯੋਗ !    ਨਾਜਾਇਜ਼ ਉਸਾਰੀਆਂ ਦੇ ਮਾਮਲੇ ਵਿੱਚ ਕਸੂਤੇ ਘਿਰੇ ਕੌਂਸਲ ਅਧਿਕਾਰੀ !    ਬੱਚਿਆਂ ਦੇ ਰਿਪੋਰਟ ਕਾਰਡ ਨਾ ਦੇਣ ਕਾਰਨ ਸਕੂਲ ਅੱਗੇ ਧਰਨਾ !    

ਬਾਲ ਫ਼ਿਲਮਾਂ ਦੀ ਮੰਡੀ ਨਹੀਂ ਬਣ ਸਕੀ: ਅਮੋਲ ਗੁਪਤੇ

Posted On November - 26 - 2016

11811cd _amole gupteਸ਼ਾਂਤੀ ਸਵਰੂਪ ਤ੍ਰਿਪਾਠੀ
ਅਦਾਕਾਰ ਅਤੇ ਫ਼ਿਲਮਸਾਜ਼ ਅਮੋਲ ਗੁਪਤੇ ਪਿਛਲੇ ਵੀਹ ਸਾਲਾਂ ਤੋਂ ਬੱਚਿਆਂ ਨਾਲ ਕੰਮ ਕਰ ਰਿਹਾ ਹੈ। ਉਹ ਬੱਚਿਆਂ ਲਈ ਅਦਾਕਾਰੀ ਸਬੰਧੀ ਵਰਕਸ਼ਾਪਾਂ ਲਾਉਂਦਾ ਹੈ। ਉਹ ਕਈ ਫ਼ਿਲਮਾਂ ਵਿੱਚ ਆਪਣੀ ਪ੍ਰਤਿਭਾ ਦਿਖਾ ਚੁੱਕਿਆ ਹੈ। ਇਸ ਦੇ ਨਾਲ ਹੀ ਉਹ ‘ਤਾਰੇ ਜਮੀਂ ਪਰ’ ਵਰਗੀ ਫ਼ਿਲਮ ਦੀ ਕਹਾਣੀ ਲਿਖ ਕੇ ਫ਼ਿਲਮਫੇਅਰ ਐਵਾਰਡ ਜਿੱਤ ਚੁੱਕਿਆ ਹੈ। ਉਹ ਬੱਚਿਆਂ ਲਈ ਦੋ ਸਫ਼ਲ ਫ਼ਿਲਮਾਂ ‘ਸਟੈਨਲੇ ਕਾ ਡਿੱਬਾ’ ਅਤੇ ‘ਹਵਾ ਹਵਾਈ’ ਦਾ ਨਿਰਮਾਣ ਕਰ ਚੁੱਕਿਆ ਹੈ। ਇਨ੍ਹਾਂ ਦੋਨਾਂ ਵਿੱਚ ਮੁੱਖ ਭੂਮਿਕਾ ਉਸ ਦੇ ਪੁੱਤਰ ਪਾਰਥੋ ਗੁਪਤੇ ਨੇ ਨਿਭਾਈ ਸੀ। ‘ਸਟੈਨਲੇ ਕਾ ਡਿੱਬਾ’ ਲਈ ਪਾਰਥੋ ਨੂੰ ਸਰਵੋਤਮ ਅਦਾਕਾਰ ਵਜੋਂ ਕੌਮੀ ਪੁਰਸਕਾਰ ਵੀ ਮਿਲਿਆ ਸੀ। ਅਮੋਲ ਗੁਪਤੇ ਤਿੰਨ ਸਾਲ ਚਿਲਡਰਨ ਫ਼ਿਲਮ ਸੁਸਾਇਟੀ ਦਾ ਚੇਅਰਮੈਨ ਰਿਹਾ। ਸਰਕਾਰੀ ਬੇਰੁਖ਼ੀ ਦੇ ਚੱਲਦਿਆਂ ਉਹ ਫ਼ਿਲਮਾਂ ਅਤੇ ਟੀਵੀ ਲੜੀਵਾਰਾਂ ਵਿੱਚ ਕੰਮ ਕਰਨ ਵਾਲੇ ਬਾਲ ਕਲਾਕਾਰਾਂ ਲਈ ਰੂਲ ਬੁੱਕ ਨਹੀਂ ਬਣਵਾ ਸਕਿਆ। ਅੱਜਕੱਲ੍ਹ ਉਹ ਆਪਣੀ ਨਵੀਂ ਫ਼ਿਲਮ ‘ਸਨਿੱਫ਼’ ਨੂੰ ਲੈ ਕੇ ਚਰਚਾ ਵਿੱਚ ਹੈ। ਇਹ ਵੀ ਇੱਕ ਬਾਲ ਫ਼ਿਲਮ ਹੈ ਪਰ ਹਮੇਸ਼ਾਂ ਵਾਂਗ ਇਸ ਦਾ ਵੀ ਬਾਲ ਫ਼ਿਲਮ ਵਜੋਂ ਪ੍ਰਚਾਰ ਨਹੀਂ ਕੀਤਾ ਜਾ ਰਿਹਾ। ਪੇਸ਼ ਹਨ ਉਸ ਨਾਲ ਹੋਈ ਮੁਲਾਕਾਤ ਦੇ ਅੰਸ਼:
* ਬਾਲ ਫ਼ਿਲਮਾਂ ਅਤੇ ਬੱਚਿਆਂ ਦੀ ਅਦਾਕਾਰੀ ਬਾਰੇ ਕੀ ਕਹੋਗੇ?
-ਬੱਚੇ ਤਾਂ ਮਾਸੂਮ ਹੁੰਦੇ ਹਨ, ਉਹ ਖ਼ੁਸਬੂ ਜਿਹੇ ਹੁੰਦੇ ਹਨ। ਉਨ੍ਹਾਂ ਲਈ ਬੱਚਿਆਂ ਵਰਗੀਆਂ ਹੀ ਕਹਾਣੀਆਂ ਲਿਖੀਆਂ ਜਾਣੀਆਂ ਚਾਹੀਦੀਆਂ ਹਨ। ਪਰ ਅਸਲੀਅਤ ਇਹ ਹੈ ਕਿ ਅਸੀਂ ਵੱਡਿਆਂ ਦੇ ਨਜ਼ਰੀਏ ਤੋਂ ਹੀ ਕਹਾਣੀ ਅਤੇ ਸੰਵਾਦ ਲਿਖਦੇ ਹਾਂ ਤਾਂ ਉਹ ਬੱਚਿਆਂ ਨੂੰ ਕਿਵੇਂ ਪਸੰਦ ਆਏਗੀ। ਬੱਚੇ ਬਹੁਤ ਸੁਭਾਵਿਕ ਅਦਾਕਾਰੀ ਕਰਦੇ ਹਨ। ਉਨ੍ਹਾਂ ਦੀ ਸਮਰੱਥਾ ’ਤੇ ਸ਼ੱਕ ਨਹੀਂ ਕੀਤਾ ਜਾ ਸਕਦਾ। ਸਾਡੇ ਦੇਸ਼ ਦੀ ਵਿਡੰਬਨਾ ਇਹ ਹੈ ਕਿ ਜਦੋਂ ਵੀ ਕੋਈ ਬਾਲ ਫ਼ਿਲਮ ਆਉਂਦੀ ਹੈ ਤਾਂ ਮਾਪੇ ਆਪਣੇ ਬੱਚਿਆਂ ਨੂੰ ਉਹ ਫ਼ਿਲਮ ਦਿਖਾਉਣ ਨਹੀਂ ਲਿਜਾਂਦੇ। ਇਸ ਲਈ ਮੈਂ ਆਪਣੀਆਂ ਫ਼ਿਲਮਾਂ ਦਾ ਬਾਲ ਫ਼ਿਲਮਾਂ ਵਜੋਂ ਪ੍ਰਚਾਰ ਨਹੀਂ ਕਰਦਾ। ਮੈਂ ਨਿਰਮਾਣ ਅਧੀਨ ਆਪਣੀ ਫ਼ਿਲਮ ‘ਸਨਿੱਫ਼’ ਨੂੰ ਵੀ ਰਹੱਸ ਅਤੇ ਰੁਮਾਂਚ ਭਰਪੂਰ ਫ਼ਿਲਮ ਹੀ ਆਖਾਂਗਾ। ਚਿਲਡਰਨ ਫ਼ਿਲਮ ਸੁਸਾਇਟੀ ਦੇ ਚੇਅਰਮੈਨ ਵਜੋਂ ਮੈਂ ਕਈ ਬਾਲ ਫ਼ਿਲਮਾਂ ਨੂੰ ਦਰਸ਼ਕਾਂ ਤੱਕ ਲਿਜਾਣ ਦੀ ਕੋਸ਼ਿਸ਼ ਕੀਤੀ, ਪਰ ਦਰਸ਼ਕ ਆਏ ਹੀ ਨਹੀਂ।

ਅਮੋਲ ਗੁਪਤੇ ਇੱਕ ਬਾਲ ਕਲਾਕਾਰ ਨਾਲ

ਅਮੋਲ ਗੁਪਤੇ ਇੱਕ ਬਾਲ ਕਲਾਕਾਰ ਨਾਲ

* ਕੌਮਾਂਤਰੀ ਬਾਲ ਫ਼ਿਲਮ ਉਤਸਵਾਂ ਨਾਲ ਕੀ ਫਰਕ ਪੈਂਦਾ ਹੈ?
– ਚਿਲਡਰਨ ਫ਼ਿਲਮ ਸੁਸਾਇਟੀ ਹੈਦਾਰਾਬਾਦ ਵਿੱਚ ਹਰ ਸਾਲ ਕੌਮਾਂਤਰੀ ਬਾਲ ਫ਼ਿਲਮ ਸਮਾਰੋਹ ਕਰਾਉਂਦੀ ਹੈ। ਉੱਥੇ ਲੱਖਾਂ ਬੱਚੇ ਫ਼ਿਲਮਾਂ ਦੇਖਣ ਆਉਂਦੇ ਹਨ, ਹਰ ਥਿਏਟਰ ਖਚਾਖਚ ਭਰਿਆ ਹੁੰਦਾ ਹੈ। ਫਿਰ ਇਸ ਦੀ ਡੀਵੀਡੀ ਵੀ ਸਕੂਲਾਂ ਵਾਲਿਆਂ ਨੂੰ ਆਨਲਾਈਨ ਮਿਲਦੀ ਹੈ, ਪਰ ਸਕੂਲਾਂ ਦੇ ਪ੍ਰਿੰਸੀਪਲਾਂ ਅਤੇ ਅਧਿਆਪਕਾਂ ਨੂੰ ਜਾਗਰੂਕ ਕਰਨ ਦੀ ਲੋੜ ਹੈ।
* ਮੁਕੇਸ਼ ਖੰਨਾ ਦਾ ਲੜੀਵਾਰ ਸ਼ਕਤੀਮਾਨ ਹਿੱਟ ਸੀ। ਸਪਾਈਡਰਮੈਨ ਵਰਗੀਆਂ ਫ਼ਿਲਮਾਂ ਵੀ ਹਿੱਟ ਹਨ। ਤੁਹਾਡੀਆਂ ਫ਼ਿਲਮਾਂ ਵੀ ਹਿੱਟ ਰਹੀਆਂ, ਪਰ ਭਾਰਤ ਵਿੱਚ ਹੋਰ ਬਾਲ ਲੜੀਵਾਰ ਜਾਂ ਫ਼ਿਲਮਾਂ ਹਿੱਟ ਕਿਉਂ ਨਹੀਂ ਹੁੰਦੀਆਂ?
-ਸਪਾਈਡਰਮੈਨ ਵਰਗੀ ਫ਼ਿਲਮ ਜਾਂ ਲੜੀਵਾਰ ਬਣਾਉਣ ਲਈ ਬਹੁਤ ਧਨ ਚਾਹੀਦਾ ਹੈ। ਸਪਾਈਡਰਮੈਨ ਦੀ ਲਾਗਤ ਹਜ਼ਾਰ ਕਰੋੜ ਰੁਪਏ ਹੈ। ਉਹ ਪੂਰੀ ਦੁਨੀਆਂ ਵਿੱਚ ਫ਼ਿਲਮ ਪ੍ਰਦਰਸ਼ਿਤ ਕਰਕੇ ਖਰਚਾ ਕੱਢ ਲੈਂਦੇ ਹਨ, ਇਸ ਲਈ ਇੰਨੀ ਵੱਡੀ ਲਾਗਤ ਨਾਲ ਫ਼ਿਲਮ ਬਣਾ ਲੈਂਦੇ ਹਨ। ਉੰਜ ਪੂਰਬੀ ਏਸ਼ੀਆ ਜਾਂ ਜਪਾਨ ਵਿੱਚ ਵੀ ਬੌਲੀਵੁੱਡ ਫ਼ਿਲਮਾਂ ਦੇ ਦਰਸ਼ਕ ਹਨ, ਪਰ ਵਿਦੇਸ਼ ਵਿੱਚ ਬੌਲੀਵੁੱਡ ਫ਼ਿਲਮਾਂ ਤਾਂ ਜਾਂਦੀਆਂ ਹਨ, ਪਰ ਬਾਲ ਫ਼ਿਲਮਾਂ ਨਹੀਂ। ਬਾਲ ਫ਼ਿਲਮਾਂ ਦੀ ਮੰਡੀ ਨਹੀਂ ਬਣ ਸਕੀ। ਮੈਨੂੰ ਲੱਗਦਾ ਹੈ ਕਿ ਮੈਨੂੰ ਆਪਣੀਆਂ ਫ਼ਿਲਮਾਂ ਦੀ ਤੁਲਨਾ ਦੂਜਿਆਂ ਦੀਆਂ ਫ਼ਿਲਮਾਂ ਨਾਲ ਨਹੀਂ ਕਰਨੀ ਚਾਹੀਦੀ। ਹਰ ਫ਼ਿਲਮਸਾਜ਼ ਦੀ ਆਪਣੀ ਸੋਚ ਹੁੰਦੀ ਹੈ। ਮੈਂ ਆਪਣੀ ਹਰ ਫ਼ਿਲਮ ਵਿੱਚ ਭਾਵਨਾਵਾਂ ਪਿਰੋਂਦਾ ਹਾਂ। ਮੇਰਾ ਮੰਨਣਾ ਹੈ ਕਿ ਫ਼ਿਲਮ ਦੀ ਕਹਾਣੀ ਮੇਰੇ ਦਿਲ ਨੂੰ ਛੂੰਹਦੀ ਹੈ ਤਾਂ ਇਹ ਹਰ ਦਰਸ਼ਕ ਦੇ ਦਿਲ ਨੂੰ ਛੂਹੇਗੀ।
* ਫ਼ਿਲਮ ‘ਸਨਿੱਫ਼’ ਬਾਰੇ ਵਿਸਥਾਰ ਨਾਲ ਦੱਸੋਗੇ?
-ਇਹ ਇੱਕ ਰੁਮਾਂਚਕ ਫ਼ਿਲਮ ਹੈ। ਭਾਰਤ ਵਿੱਚ ਹੁਣ ਤੱਕ ਕਿਸੇ ਨੇ ਵੀ ਬੱਚਿਆਂ ਲਈ ਇਸ ਤਰਫ਼ ਕੋਈ ਕੰਮ ਨਹੀਂ ਕੀਤਾ। ਮੈਂ ਪਹਿਲੀ ਵਾਰ ਕੋਸ਼ਿਸ਼ ਕਰ ਰਿਹਾ ਹਾਂ। ਇਹ ਇੱਕ ਬਾਲ ਜਾਸੂਸ ਦੀ ਕਹਾਣੀ ਹੈ, ਅਸੀਂ ਤਮਾਮ ਵਿਦੇਸ਼ੀ ਲੇਖਕਾਂ ਦੀਆਂ ਜਾਸੂਸੀ ਦੀਆਂ ਪੁਸਤਕਾਂ, ਨਾਵਲ ਪੜ੍ਹੇ ਹਨ, ਸਾਡੀ ਫ਼ਿਲਮ ਦਾ ਬਾਲ ਜਾਸੂਸ ਸੁੰਘ ਕੇ ਸੱਚ ਜਾਣ ਜਾਂਦਾ ਹੈ। ਉੁਸ ਅੰਦਰ ਸੁੰਘਣ ਦੀ ਅਜਿਹੀ ਸ਼ਕਤੀ ਹੈ ਜਿਸ ਦਾ ਕਾਇਲ ਹਰ ਇਨਸਾਨ ਹੋ ਜਾਏਗਾ। ਇਸ ਲਈ ਹੀ ਇਸ ਫ਼ਿਲਮ ਦਾ ਨਾਂ ‘ਸਨਿੱਫ਼’ ਰੱਖਿਆ ਹੈ। ਸਾਡੀਆਂ ਪਹਿਲੀਆਂ ਫ਼ਿਲਮਾਂ ਦੀ ਤਰ੍ਹਾਂ ਇਸ ਦੀ ਅਪੀਲ ਵੀ ਬ੍ਰਹਿਮੰਡੀ ਹੈ ਜਿਸ ਨੂੰ ਬੱਚਿਆਂ ਦੇ ਨਾਲ ਉਨ੍ਹਾਂ ਦੇ ਮਾਪੇ ਵੀ ਦੇਖਣਾ ਚਾਹੁਣਗੇ।
* ਤੁਹਾਡੀ ਹਰ ਫ਼ਿਲਮ ਵਿੱਚ ਬੱਚਿਆਂ ਨਾਲ ਜੁੜਿਆ ਇੱਕ ਮੁੱਦਾ ਹੁੰਦਾ ਹੈ। ਸਨਿੱਫ਼ ਵਿੱਚ ਕਿਹੜਾ ਮੁੱਦਾ ਹੈ?
-ਇਸ ਫ਼ਿਲਮ ਦਾ ਸਭ ਤੋਂ ਵੱਡਾ ਮੁੱਦਾ ਇਹ ਹੈ ਕਿ ਕੋਈ ਵੀ ਬੱਚਾ ਆਪਣੇ ਆਪ ਨੂੰ ਨਾਕਾਬਲ ਨਾ ਸਮਝੇ। ਇਹ ਬੱਚਿਆਂ ਦੀ ਕਾਬਲੀਅਤ ਦੀ ਕਹਾਣੀ ਹੈ। ਇਹ ਜ਼ਰੂਰੀ ਨਹੀਂ ਕਿ ਜੋ ਹੁਨਰ ਮੇਰੇ ਅੰਦਰ ਹੈ, ਉਹ ਬੱਚੇ ਵਿੱਚ ਵੀ ਹੋਵੇ, ਪਰ ਉਸ ਦੇ ਅੰਦਰ ਕੋਈ ਨਾ ਕੋਈ ਹੁਨਰ ਜ਼ਰੂਰ ਹੋਏਗਾ ਜਿਸ ਨੂੰ ਉਤਸ਼ਾਹਿਤ ਕਰਨਾ ਚਾਹੀਦਾ ਹੈ। ਮੇਰੀ ਫ਼ਿਲਮ ਇਸ ਤਰਫ਼ ਹੀ ਇਸ਼ਾਰਾ ਕਰਦੀ ਹੈ।
* ਤੁਹਾਡਾ ਬੱਚਿਆਂ ਨਾਲ ਕੰਮ ਕਰਨ ਦਾ ਤਰੀਕਾ ਕੀ ਹੈ?
-ਮੇਰਾ ਕੰਮ ਕਰਨ ਦਾ ਤਰੀਕਾ ਅਲੱਗ ਹੈ। ਮੈਂ ਤਾਂ ਬੱਚੇ ਜੋ ਕੁਦਰਤੀ ਤੌਰ ’ਤੇ ਹਨ, ਉਹ ਹੀ ਫ਼ਿਲਮ ਵਿੱਚ ਲਿਆਉਂਦਾ ਹਾਂ। ਮੈਂ ਸੈੱਟ ’ਤੇ ਪਟਕਥਾ ਲੈ ਕੇ ਨਹੀਂ ਆਉਂਦਾ। ਮੈਂ ਆਪਣੇ ਬਾਲ ਕਲਾਕਾਰਾਂ ਨੂੰ ਸੰਵਾਦ ਰਟਣ ਲਈ ਨਹੀਂ ਕਹਿੰਦਾ। ਮੈਂ ਬੱਚਿਆਂ ਨੂੰ ਕਹਿੰਦਾ ਹਾਂ ਕਿ ਇਸ ਤਰ੍ਹਾਂ ਦਾ ਦ੍ਰਿਸ਼ ਹੈ, ਇਸ ਤਰ੍ਹਾਂ ਦੇ ਸੰਵਾਦ ਹੋਣੇ ਚਾਹੀਦੇ ਹਨ। ਤੁਸੀਂ ਆਪਣੇ ਹਿਸਾਬ ਨਾਲ ਲਾਈਨ ਬੋਲੋ ਅਤੇ ਬੱਚੇ ਬਹੁਤ ਵਧੀਆ ਸੰਵਾਦ ਬੋਲ ਲੈਂਦੇ ਹਨ।

ਬੱਚੇ ਮਜੀਦ ਮਜੀਦੀ ਦੀਆਂ ਫ਼ਿਲਮਾਂ ਦੀ ਗੱਲ ਕਰਦੇ ਹਨ
ਮੈਂ ਸੱਤ-ਅੱਠ ਸਾਲ ਤੋਂ ਬੱਚਿਆਂ ਨੂੰ ਵਰਕਸ਼ਾਪ ਵਿੱਚ ਪੜ੍ਹਾਉਂਦਾ ਹਾਂ। ਮੈਂ ਕਦੇ ਮਜੀਦ ਮਜੀਦੀ ਜਾਂ ਕਦੇ ਕਿਸੇ ਹੋਰ ਫ਼ਿਲਮਸਾਜ਼ ਦੀਆਂ ਬਾਲ ਫ਼ਿਲਮਾਂ ਦਿਖਾਉਂਦਾ ਹਾਂ, ਕਦੇ ਉਨ੍ਹਾਂ ਦੀ ਆਵਾਜ਼ ਦੀ ਐਕਸਰਸਾਈਜ਼ ਕਰਾਉਂਦਾ ਹਾਂ। ਮੈਂ ਕਦੇ ਕਿਸੇ ਬੱਚੇ ਨੂੰ ਪ੍ਰੇਸ਼ਾਨ ਨਹੀਂ ਕਰਦਾ। ਮੇਰੀ ਕੋਸ਼ਿਸ਼ ਹੁੰਦੀ ਹੈ ਕਿ ਬੱਚੇ ’ਤੇ ਕਿਸੇ ਤਰ੍ਹਾਂ ਦਾ ਦਬਾਅ ਨਾ ਬਣੇ। ਇਹ ਬੱਚੇ ਝੌਂਪੜਪੱਟੀ ਵਿੱਚ ਰਹਿੰਦੇ ਹਨ, ਹੋ ਸਕਦਾ ਹੈ ਕਿ ਇਨ੍ਹਾਂ ਨੂੰ ਪੇਟ ਭਰਕੇ ਭੋਜਨ ਨਾ ਮਿਲਦਾ ਹੋਵੇ, ਪਰ ਇਹ ਸਭ ਮਜੀਦ ਮਜੀਦੀ ਦੀਆਂ ਫ਼ਿਲਮਾਂ ’ਤੇ ਗੱਲ ਕਰਦੇ ਹਨ, ਉਹ ਚਾਰਲੀ ਚੈਪਲਿਨ, ਸ਼ਿਆਮ ਬੈਨੇਗਲ ਦੇ ਬਾਰੇ ਵਿੱਚ ਗੱਲਾਂ ਕਰਦੇ ਹਨ, ਬਿਮਲ ਰਾਏ ਬਾਰੇ ਗੱਲਾਂ ਕਰਦੇ ਹਨ। ਤੁਸੀਂ ਸਾਡੇ ਬੱਚਿਆਂ ਨੂੰ ਮਿਲੋ ਤਾਂ ਉਹ ਫ਼ਿਲਮ ‘ਦੋ ਬੀਘਾ ਜ਼ਮੀਨ’ ’ਤੇ ਤਿੰਨ ਘੰਟੇ ਭਾਸ਼ਣ ਦੇ ਸਕਦੇ ਹਨ।


Comments Off on ਬਾਲ ਫ਼ਿਲਮਾਂ ਦੀ ਮੰਡੀ ਨਹੀਂ ਬਣ ਸਕੀ: ਅਮੋਲ ਗੁਪਤੇ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.