ਅਟਾਰੀ ਸਰਹੱਦ ’ਤੇ ਲਹਿਰਾਏ ਕੌਮੀ ਝੰਡੇ ਸਬੰਧੀ ਸੀਬੀਆਈ ਜਾਂਚ ਮੰਗੀ !    ਸਾਬਕਾ ਚੇਅਰਮੈਨ ਰੌਕੀ ਕਾਂਸਲ ਨੂੰ ਨਿਆਂਇਕ ਹਿਰਾਸਤ ’ਚ ਭੇਜਿਆ !    ਮੈਚ ਫ਼ਿਕਸਿੰਗ: ਮੁਹੰਮਦ ਇਰਫ਼ਾਨ ਉੱਪਰ ਪਾਬੰਦੀ !    ਨਵਜੋਤ ਸਿੱਧੂ ਵੱਲੋਂ ਨਗਰ ਸੁਧਾਰ ਟਰੱਸਟਾਂ ਦੇ ਅਹੁਦੇਦਾਰ ਫ਼ਾਰਗ !    ਆਨਲਾਈਨ ਸ਼ਾਪਿੰਗ ਦੀ ਦੁਨੀਆਂ ਵਿੱਚ ਕਰੀਅਰ ਬਣਾਉਣ ਦੇ ਵਸੀਲੇ !    ਖ਼ਤਰਨਾਕ ਹੋ ਸਕਦਾ ਹੈ ਉੱਚੀ ਅੱਡੀ ਦਾ ਸ਼ੌਕ !    ਭੀਮ ਐਪ: ਨਗ਼ਦੀ ਰਹਿਤ ਲੈਣ-ਦੇਣ ਦੀ ਸਰਲ ਪ੍ਰਕਿਰਿਆ !    ਨੌਜਵਾਨ ਸੋਚ : ਕੀ ਹੋਵੇ ਪੰਜਾਬ ਦੀ ਨਵੀਂ ਸਿੱਖਿਆ ਨੀਤੀ ? !    ਮਲੇਸ਼ਿਆਈ ਪ੍ਰਧਾਨ ਮੰਤਰੀ ਦਾ ਦੌਰਾ ਅੱਜ ਤੋਂ !    ਪਹਿਲੀ ਨੂੰ ਬ੍ਰਾਂਚਾਂ ਖੋਲ੍ਹਣ ਦਾ ਫ਼ੈਸਲਾ ਆਰਬੀਆਈ ਨੇ ਬੈਂਕਾਂ ’ਤੇ ਛੱਡਿਆ !    

ਮੁਨਸ਼ੀ ਪ੍ਰੇਮਚੰਦ ਨੂੰ ਮੁੜ ਪੜ੍ਹਨ ਦਾ ਵੇਲਾ…

Posted On November - 27 - 2016

ਹਰੀਸ਼ ਖਰੇ

01 copyਅੰਨਾ ਹਜ਼ਾਰੇ ਲਹਿਰ ਦੇ ਉਨ੍ਹਾਂ ਉਨਮਾਦਮਈ ਅਤੇ ਨਸ਼ੀਲੇ ਦਿਨਾਂ ਦੌਰਾਨ, ਮੈਂ ਆਪਣੇ ਨਾਲ ਗੱਪ-ਸ਼ੱਪ ਮਾਰਨ ਆਏ ਲੋਕਾਂ ਨੂੰ ਅਕਸਰ ਇਹੋ ਸੁਝਾਅ ਦਿੰਦਾ ਸਾਂ ਕਿ ਉਹ ਮੁਨਸ਼ੀ ਪ੍ਰੇਮਚੰਦ ਦੀ ਬਾਕਮਾਲ ਕਹਾਣੀ ‘ਨਮਕ ਕਾ ਦਰੋਗ਼ਾ’ ਪੜ੍ਹਨ।  1930ਵਿਆਂ ਦੇ ਮੱਧ ਦੌਰਾਨ ਲਿਖੀ ਇਹ ਕਹਾਣੀ ਭਾਰਤੀ ਮਾਨਸਿਕਤਾ ਦਾ ਸੁੂਖ਼ਮਭਾਵੀ ਵਿਸ਼ਲੇਸ਼ਣ ਪੇਸ਼ ਕਰਦੀ ਹੈ; ਰਿਸ਼ਵਤ ਦਾ ਲਾਲਚ, ਇੰਸਪੈਕਟਰੀ ਰਾਜ ਵਿੱਚ ਨਿਹਿਤ ਇਖ਼ਲਾਕੀ ਖ਼ਤਰੇ ਤੇ ਔਕੜਾਂ, ਅਤੇ ਕਾਨੂੰਨ ਨੂੰ ਠਿੱਬੀ  ਲਾਉਣ ਦੀ ਕਾਰੋਬਾਰੀ ਜਮਾਤ ਦੀ ਮਨੋਬਿਰਤੀ ਤੇ ਕਾਬਲੀਅਤ-ਇਹ ਸਭ ਕੁਝ ਇਸ ਕਹਾਣੀ ਅੰਦਰ ਮੌਜੂਦ ਹੈ।
ਕਹਾਣੀ ਦੀ ਗੋਂਦ ਬੜੀ ਸਾਦੀ ਜਿਹੀ ਹੈ। ਲੂਣ (ਨਮਕ) ਉੱਤੇ ਪਾਬੰਦੀ ਲੱਗ ਜਾਂਦੀ ਹੈ। ਇਸ ’ਤੇ ਇਸ ਪਾਬੰਦੀਸ਼ੁਦਾ ਪਦਾਰਥ ਦੀ ਵੱਡੇ ਪੱਧਰ ’ਤੇ ਸਮੱਗਲਿੰਗ ਸ਼ੁਰੂ ਹੋ ਜਾਂਦੀ ਹੈ ਅਤੇ ਇਹ ਧੰਦਾ ਖ਼ੂਬ ਮੁਨਾਫ਼ੇ ਵਾਲਾ ਬਣ ਜਾਂਦਾ ਹੈ। ਅਜਿਹੇ ਹਾਲਾਤ ’ਚ ਸਰਕਾਰ ‘ਨਮਕ ਕਾ ਦਰੋਗ਼ਾ’ ਨਿਯੁਕਤ ਕਰਦੀ ਹੈ। ਜਦੋਂ ਉਹ ਘਰੋਂ ਬਾਹਰ ਜਾਣ ਲੱਗਦਾ ਹੈ, ਤਾਂ ਉਸ ਦਾ ਪਿਤਾ ਉਸ ਨੂੰ ਪਰਿਵਾਰ ਦੀ ਮਾੜੀ ਮਾਲੀ ਹਾਲਤ ਬਾਰੇ ਚੇਤੇ ਕਰਵਾਉਂਦਾ ਹੈ। ਪਿਤਾ ਆਪਣੇ ਪੁੱਤਰ ਨੂੰ ‘ਅਕਲ ਦੇ ਮੋਤੀ’ ਵੰਡਦਿਆਂ ਆਖਦਾ ਹੈ: ‘‘ਸਰਕਾਰੀ ਅਹੁਦੇ ਬਾਰੇ ਬਹੁਤਾ ਨਾ ਸੋਚੀ ਜਾਈਂ; ਇਹ ਤਾਂ ਪੀਰ ਦੇ ਮਜ਼ਾਰ ਵਰਗੀ ਐ। ਜਿਹੜਾ ਵੀ ਚੜ੍ਹਾਵਾ ਏਸ ਅਹੁਦੇ ਨੂੰ ਚੜ੍ਹੇ, ਲੈਂਦਾ ਰਵ੍ਹੀਂ। ਨਹੀਂ ਤਾਂ ਕੋਈ ਹੋਰ ‘ਉੱਪਰਲੀ ਆਮਦਨ’ ਵਾਲੀ ਨੌਕਰੀ ਲੱਭ ਲੈ। ਮਾਸਿਕ ਤਨਖ਼ਾਹ ਤਾਂ ਪੁੰਨਿਆਂ ਦੇ ਚੰਨ ਵਰਗੀ ਹੁੰਦੀ ਐ, ਜਿਹੜੀ ਇੱਕੋ ਵਾਰੀ ਦਿਸਦਾ ਹੈ ਤੇ ਫੇਰ ਬੱਸ, ਘਟਦਾ ਹੀ ਜਾਂਦਾ ਹੈ। ‘ਉੱਪਰਲੀ ਆਮਦਨ’ ਵਗਦੇ ਪਾਣੀਆਂ ਜਿਹੀ ਹੁੰਦੀ ਐ, ਜੀਹਦੇ ਨਾਲ ਤੁਸੀਂ ਕਦੇ ਵੀ ਆਪਣੀ ਤ੍ਰੇਹ ਬੁਝਾ ਸਕਦੇ ਹੋ। ਤਨਖ਼ਾਹ ਤਾਂ ਬੰਦਾ ਹੀ ਦਿੰਦੈ, ਪਰ ‘ਉੱਪਰਲੀ ਆਮਦਨ’ ਰੱਬੀ ਦਾ ਤੋਹਫ਼ਾ ਤੇ ਦਾਤੇ ਦੀ ਮਿਹਰ ਹੁੰਦੀ ਐ।’’
ਇਸ ਸ਼ਾਨਦਾਰ ਪੇਸ਼ਕਾਰੀ ’ਚ ਸਰਕਾਰੀ ਨੌਕਰੀ ਦੇ ਇਖ਼ਲਾਕੀ ਅਰਥਚਾਰੇ ਦੀ ਜੋ ਵਿਆਖਿਆ ਕੀਤੀ ਗਈ ਹੈ, ਉਸਨੂੰ ਹਾਲੇ ਤੱਕ ਵੀ ਕੋਈ ਸੁਧਾਰ ਨਹੀਂ ਸਕਿਆ।
ਪ੍ਰੇਮਚੰਦ ਦੀ ਇਸ ਕਹਾਣੀ ’ਚ ਆਦਰਸ਼ਵਾਦੀ ਨੌਜਵਾਨ ਮੁਨਸ਼ੀ ਬੰਸੀਧਰ ਸ਼ਹਿਰ ’ਚ ਲੂਣ ਦੀ ਕਾਲਾ-ਬਾਜ਼ਾਰੀ ਕਰਨ ਵਾਲੇ ਇੱਕ ਬਹੁਤ ਅਮੀਰ ਵਿਅਕਤੀ ਦੇ ਰਾਹ ਦਾ ਰੋੜਾ ਬਣ ਜਾਂਦਾ ਹੈ। ਉਹ ਅਮੀਰ ਆਦਮੀ ਤਾਂ ਕਾਨੂੰਨ ਤੇ ਮੁਨਸ਼ੀ ਬੰਸੀਧਰ ਦੇ ਸੀਨੀਅਰ ਅਧਿਕਾਰੀਆਂ ਨੂੰ ਵੀ ਆਸਾਨੀ ਨਾਲ ਖ਼ਰੀਦ ਸਕਦਾ ਹੈ; ਇਸੇ ਲਈ ਉਹ ਅਧਿਕਾਰੀ ਉਸ ਨੂੰ ਮੁਅੱਤਲ ਕਰ ਦਿੰਦੇ ਹਨ।

20 june e

ਕੌਫ਼ੀ ਤੇ ਗੱਪ-ਸ਼ੱਪ

ਮੈਂ ਇੱਕ ਵਾਰ ਫਿਰ ਕਹਾਂਗਾ ਕਿ ਤੁਸੀਂ ਉਹ ਕਹਾਣੀ ਜ਼ਰੂਰ ਪੜ੍ਹੋ। ਇਹ ਕਹਾਣੀ ਸਾਡੀ ਸਮੂਹਿਕ ਨੈਤਿਕਤਾ ਦੇ ਟੁੱਟ-ਭੱਜ ਚੁੱਕੇ ਦਾਇਰੇ ਉੱਤੇ ਡੂੰਘੀ ਸਮਾਜ ਵਿਗਿਆਨਕ ਅੰਤਰ-ਝਾਤ ਸੰਭਵ ਬਣਾਉਂਦੀ ਹੈ।
ਬੇਸ਼ੱਕ, ਪਿਛਲੇ ਕੁਝ ਵਰ੍ਹਿਆਂ ਦੌਰਾਨ ਕਾਲੇ ਧਨ, ਰਿਸ਼ਵਤਖੋਰੀ ਆਦਿ ਦੇ ਹਮਾਇਤੀਆਂ ਨੇ ਆਪਣੇ ਸੌੜੇ ਹਿਤਾਂ ਮੁਤਾਬਕ ਕਈ ਢਕੌਂਸਲੇ ਸਿਰਜ ਲਏ ਹਨ, ਪਰ ਹਾਲਾਤ ਬਦਤਰ ਹੀ ਹੋਏ ਹਨ।
ਮਾਨਤਾ ਇਹ ਹੈ ਕਿ (ੳ) ਆਜ਼ਾਦੀ ਮਿਲਣ ਤੱਕ, ਭਾਰਤ ਇੱਕ ਬਹੁਤ ਹੀ ਮਾਸੂਮ ਜਿਹਾ ਦੇਸ਼ ਸੀ ਅਤੇ ਭਾਰਤੀਆਂ ਨੂੰ ਰਿਸ਼ਵਤਖੋਰੀ ਦੇ ਸਭਿਆਚਾਰ ਬਾਰੇ ਉੱਕਾ ਜਾਣਕਾਰੀ ਨਹੀਂ ਸੀ; (ਅ) ਅੰਗਰੇਜ਼ਾਂ ਦੀ ਸ਼ਾਸਨ-ਪ੍ਰਣਾਲੀ ਬਹੁਤ ਜ਼ਿਆਦਾ ਸਖ਼ਤ ਨਿਗਰਾਨੀ ਵਾਲੀ ਹੁੰਦੀ ਸੀ, ਜਿਸ ਵਿੱਚ ਅਖ਼ਤਿਆਰਾਂ ਦੀ ਕਿਸੇ ਦੁਰਵਰਤੋਂ ਦੀ ਕੋਈ ਸੰਭਾਵਨਾ ਹੀ ਨਹੀਂ ਸੀ ਹੁੰਦੀ; (ੲ) ਅੰਗਰੇਜ਼ ਹਾਕਮਾਂ ਨੇ ਇੰਨੇ ਉਚੇਰੇ ਨੈਤਿਕ ਮਾਪਦੰਡ ਤੈਅ ਕੀਤੇ ਸਨ ਕਿ ਕਿਸੇ ਭਾਰਤੀ ਬਾਬੂ ਦੀ ਕੋਈ ਉਲੰਘਣਾ ਕਰਨ ਦੀ ਹਿੰਮਤ ਹੀ ਨਹੀਂ ਪੈਂਦੀ ਸੀ; (ਸ) ਆਜ਼ਾਦੀ ਤੋਂ ਬਾਅਦ ਸਿਆਸੀ ਆਗੂਆਂ, ਖ਼ਾਸ ਕਰ ਕੇ ਕਾਂਗਰਸ ਨਾਲ ਸਬੰਧਤ, ਨੇ ਰਿਸ਼ਵਤ ਦੀ ਰੀਤ ਨੂੰ ਹੱਲਾਸ਼ੇਰੀ ਦੇ ਕੇ ਉਸ ਨੂੰ ਵਧਾਇਆ; ਅਤੇ (ਹ) ਬੱਸ ਕੇਵਲ ਇੱਕ ਅਜਿਹੇ ਵਧੀਆ ਇਮਾਨਦਾਰ ਵਿਅਕਤੀ ਦੇ ਸੱਤਾ ’ਚ ਆਉਣ ਦੀ ਲੋੜ ਹੈ, ਜਿਹੜਾ/ਜਿਹੜੀ ਕਿਸੇ ਨੂੰ ਵੀ ਰਿਸ਼ਵਤ ਨਾ ਲੈਣ-ਦੇਣ ਦੇਵੇ ਜਾਂ ਸਰਕਾਰੀ ਅਧਿਕਾਰਾਂ ਦੀ ਦੁਰਵਰਤੋਂ ਨਾ ਕਰਨ ਦੇਵੇ।
ਪ੍ਰੇਮ ਚੰਦ ਦੀ ਇਹ ਕਹਾਣੀ ਇਨ੍ਹਾਂ ਸਾਰੀਆਂ ਮਿੱਥਾਂ ਨੂੰ ਖੋਖ਼ਲਾ ਸਾਬਤ ਕਰਦੀ ਹੈ। ਕਾਲੇ ਧਨ ਬਾਰੇ ਰੌਲ਼ੇ-ਗੌਲ਼ੇ ਦੇ ਮੌਜੂਦਾ ਸਮੇਂ ਦੌਰਾਨ ਇਹ ਕਹਾਣੀ, ਸਥਿਤੀ ਪ੍ਰਤੀ ਸੰਜੀਦਗੀ ਦਾ ਅਹਿਸਾਸ ਕਰਵਾਉਂਦੀ ਹੈ।
ਆਮ ਨਾਗਰਿਕ ਅਤੇ ਸਰਕਾਰ ਵਿਚਾਲੇ ਦੋ ਸਭ ਤੋਂ ਵੱਧ ਔਖੇ ਸੁਆਲ ‘ਕਾਨੂੰਨ ਦੀ ਪਾਲਣਾ ਕਰਨੀ ਅਤੇ ਟੈਕਸ ਅਦਾ ਕਰਨੇ’ ਸਦਾ ਹੀ ਬਣੇ ਰਹਿੰਦੇ ਹਨ। ਅਮੀਰ ਅਤੇ ਸ਼ਕਤੀਸ਼ਾਲੀ ਲੋਕ ਖ਼ੁਦ ਤਾਂ ਨਹੀਂ ਬਦਲਦੇ ਪਰ ਉਹ ਅਧਿਕਾਰੀਆਂ ਨੂੰ ਭ੍ਰਿਸ਼ਟ ਬਣਾ ਕੇ ਇਨ੍ਹਾਂ ਦੋਵਾਂ ਹੀ ਜ਼ਿੰਮੇਵਾਰੀਆਂ ਨੂੰ ਠਿੱਬੀ ਲਾ ਜਾਂਦੇ ਹਨ।
ਇਸੇ ਲਈ ਕਿਸੇ ਨੂੰ ਇਹ ਤੱਥ ਜਾਣ ਕੇ ਕੋਈ ਹੈਰਾਨੀ ਨਹੀਂ ਹੋਣੀ ਚਾਹੀਦੀ ਕਿ ਕਾਰਜਕਾਰੀ ਇੰਜੀਨੀਅਰਾਂ, ਪੁਲੀਸ ਅਧਿਕਾਰੀਆਂ ਤੇ ਸਿਆਸੀ ਆਗੂਆਂ ਵੱਲੋਂ ਰਿਸ਼ਵਤਾਂ ਲੈਣ ਤੇ ਉਹ ਹੀ 2000 ਰੁਪਏ ਦੇ ਨਵੇਂ ਨਕੋਰ ਨੋਟਾਂ ਵਾਲੀਆਂ ਰਿਸ਼ਵਤਾਂ ਦੀਆਂ ਅਜਿਹੀਆਂ ਅਣਗਿਣਤ ਕਹਾਣੀਆਂ ਹੁਣ ਵੀ ਮੌਜੂਦ ਹਨ।

ਪੱਤਰਕਾਰ ਭਾਈਚਾਰੇ ਦੀਆਂ ਬੇਹੱਦ ਉੱਘੀਆਂ ਹਸਤੀਆਂ ਵਿੱਚੋਂ ਇੱਕ ਸਦਾ ਲਈ ਵਿੱਛੜ ਗਈ ਹੈ। ਸ਼ੁੱਕਰਵਾਰ ਨੂੰ, ਦਿਲੀਪ ਪਡਗਾਓਂਕਰ – ਆਪਣੇ ਦੋਸਤਾਂ ਲਈ ‘ਪੈਡੀ’ ਸਦੀਵੀ ਵਿਛੋੜਾ ਦੇ ਗਏ। ਉਹ ‘ਦਿ ਟਾਈਮਜ਼ ਆੱਫ਼ ਇੰਡੀਆ’ ਵਿੱਚ ਕਈ ਸਾਲ ਮੇਰੇ ‘ਬੌਸ’ ਰਹੇ ਸਨ ਅਤੇ ਬਾਅਦ ’ਚ ਮੇਰੇ ਦੋਸਤ ਤੇ ਸ਼ੁਭ-ਚਿੰਤਕ ਵੀ ਬਣੇ ਰਹੇ।
ਦਿਲੀਪ ਨੇ ‘ਦਿ ਟਾਈਮਜ਼ ਆੱਫ਼ ਇੰਡੀਆ’ ਦੀ ਅਗਵਾਈ ਇੱਕ ਵੱਡੀ ਤਬਦੀਲੀ ਦੇ ਦੌਰ ਦੌਰਾਨ ਕੀਤੀ ਸੀ। ਉਨ੍ਹਾਂ ਇਹ ਜ਼ਿੰਮੇਵਾਰੀ ਉਸ ਮਹਾਨ ਹਸਤੀ ਗਿਰੀ ਲਾਲ ਜੈਨ ਤੋਂ ਸੰਭਾਲੀ ਸੀ, ਜੋ ਮਜ਼ਬੂਤ ਸੰਪਾਦਕੀ ਖ਼ੁਦਮੁਖ਼ਤਿਆਰੀ ਦੇ ਕੱਟੜ ਮੁੱਦਈ ਤੇ ਅਲੰਬਰਦਾਰ ਸਨ ਅਤੇ ਜਿਨ੍ਹਾਂ ਦੀ ਸ਼ਖ਼ਸੀਅਤ ਦੀ ਛਾਪ ਸਮੁੱਚੇ ਅਖ਼ਬਾਰ ’ਤੇ ਨਜ਼ਰ ਆਉਂਦੀ ਸੀ। ਦੂਜੇ ਪਾਸੇ, ਦਿਲੀਪ ਨੂੰ ਇਸ ਮਹਾਨ ਅਖ਼ਬਾਰ ਦਾ ਸੰਚਾਲਨ ਅਜਿਹੇ ਵੇਲੇ ਕਰਨਾ ਪਿਆ, ਜਦੋਂ ਇੱਕ ਬਹੁਤ ਵੱਡੀ ਤਬਦੀਲੀ ਦਾ ਦੌਰ ਸੀ। ਉਹ ਤਬਦੀਲੀ ਮੰਗ ਕਰਦੀ ਸੀ ਕਿ ਸੰਪਾਦਕ ਆਪਣੀ ‘ਬੇਰੋਕ-ਟੋਕ ਆਜ਼ਾਦੀ’ ਦਾ ਤਿਆਗ ਕਰ ਕੇ ‘ਮਾਰਕਿਟਿੰਗ’ ਅਧਿਕਾਰੀਆਂ ਦੀਆਂ ਮੰਗਾਂ ਵੱਲ ਵਧੇਰੇ ਧਿਆਨ ਦੇਵੇ। ਇਹ ਇੱਕ ਦੁੱਖਦਾਈ ਤਬਦੀਲੀ ਸੀ। ਪਰ ਨਾਲ ਹੀ ਭਵਿੱਖਮੁਖੀ ਤੇ ਸਿੱਟਾਮੁਖੀ ਤਬਦੀਲੀ ਸੀ। ਇਹ ਦਿਲੀਪ ਦੀ ਹੀ ਪ੍ਰਾਪਤੀ ਸੀ ਕਿ ਉਨ੍ਹਾਂ ਜ਼ਿਆਦਾਤਰ ਸਮਾਂ ਆਪਣੀ ਸੰਪਾਦਕੀ ਟੀਮ ਨੂੰ ਅਜਿਹੇ ਵਿਅਕਤੀਆਂ ਸਾਹਵੇਂ ਜਵਾਬਦੇਹ ਹੋਣ ਤੋਂ ਬਚਾਈ ਰੱਖਿਆ, ਜਿਹੜੇ ਇੱਕ ਸੱਚੇ ਪੱਤਰਕਾਰ ਦਾ ਨਿਰਾਦਰ ਕਰਨ ਵਿੱਚ ਕਦੇ ਕੋਈ ਢਿੱਲ-ਮੱਠ ਨਹੀਂ ਵਰਤਦੇ ਸਨ।
ਉਦਾਰਵਾਦੀ ਕਦਰਾਂ-ਕੀਮਤਾਂ, ਵਿਚਾਰਾਂ ਅਤੇ ਸੁਹਜ-ਸਆਦ ਦੇ ਉਸ ਆਲਮ ਦੀ ਪੈਦਾਵਾਰ ਸਨ ਦਿਲੀਪ ਜੋ ਹੁਣ ਲਗਭਗ ਖ਼ਤਮ ਹੋ ਚੁੱਕਾ ਹੈ। ਉਹ ਜਿੱਥੇ ਇੱਕ ਸੁਲ੍ਹਾਕੁਲ ਹਸਤੀ ਸਨ, ਉੱਥੇ ਉਹ ਓਨੇ ਹੀ ਸ਼ੁੱਧ ਭਾਰਤੀ ਵੀ ਸਨ – ਉਹ ਭਾਵੇਂ ਪੈਰਿਸ ’ਚ ਹੋਣ ਤੇ ਚਾਹੇ ਪੁਣੇ, ਉਹ ਹਰ ਪੱਖੋਂ ਸੰਪੂਰਨ ਹੀ ਰਹਿੰਦੇ ਸਨ। ਸ਼ਾਇਦ ਉਨ੍ਹਾਂ ਦੀ ਬਿਹਤਰੀਨ ਅਤੇ ਸਭ ਤੋਂ ਵੱਧ ਸਦੀਵੀ ਦੇਣ, ਕਿਤਾਬਾਂ ਅਤੇ ਵਿਚਾਰਾਂ ਨੂੰ ਪੂਰੀ ਤਰ੍ਹਾਂ ਸਮਰਪਿਤ ਪਰਚਾ ‘ਬਿਬਲੀਓ’ ਸੀ।
ਉਹ ਨਵੀਂ ਦਿੱਲੀ ਦੀ ਝੂਠੀ ਸ਼ਾਨੋ-ਸ਼ੌਕਤ ਵਾਲੀ ਖਿੱਚ ਦੇ ਸ਼ਿਕਾਰ ਬਣਨ ਨਾਲੋਂ ਪੁਣੇ ’ਚ ਨੀਮ-ਸੇਵਾ-ਮੁਕਤੀ ਵਾਲਾ ਜੀਵਨ ਜਿਉਂ ਕੇ ਵਧੇਰੇ ਖ਼ੁਸ਼ ਸਨ। ਉਨ੍ਹਾਂ ਰਾਸ਼ਟਰੀ ਰਾਜਧਾਨੀ ਵਿੱਚ ਇਸ ਵੇਲੇ ਹਾਵੀ ਉੱਜਡਪੁਣੇ ਵਾਲਾ ਰੌਂਅ ਅਤੇ ਕੁਹਜ ਉਨ੍ਹਾਂ ਦੇ ਸੁਭਾਅ ਤੇ ਸੁਹਜ ਦੇ ਰਤਾ ਵੀ ਅਨੁਕੂਲ ਨਹੀਂ ਸੀ।

ਸੰਚਾਰ ਦੇ ਨਵੇਂ ਸਾਧਨ, ਖ਼ਾਸ ਕਰ ਕੇ ਸੋਸ਼ਲ ਮੀਡੀਆ ਨੇ ਸਿਆਸੀ ਆਗੂਆਂ ਨੂੰ ਆਪਣੀਆਂ ਗਤੀਵਿਧੀਆਂ ਦਾ ਪ੍ਰਗਟਾਵਾ ਸਭ ਦੇ ਸਾਹਮਣੇ ਕਰਨ ਲਈ ਕੁਝ ਮੌਕੇ ਮੁਹੱਈਆ ਕਰਵਾਏ ਹਨ। ਹੁਣ ਸਭਨਾਂ ਥਾਵਾਂ ਦੇ ਸਿਆਸੀ ਆਗੂ ਟਵਿੱਟਰ ਅਤੇ ਫ਼ੇਸਬੁੱਕ ਦੀ ਵਰਤੋਂ ਕਰਦਿਆਂ ਆਪਣੇ ਪ੍ਰਸ਼ੰਸਕਾਂ, ਮੈਂਬਰਾਂ ਜਾਂ ਆਲੋਚਕਾਂ ਲਈ ਕੋਈ ਨਾ ਕੋਈ ਸੁਨੇਹਾ ਅਪਲੋਡ ਕਰਦੇ ਹੀ ਰਹਿੰਦੇ ਹਨ ਅਤੇ ਉਹ ਅਜਿਹੇ ਉਪਕਰਣਾਂ/ਯੰਤਰਾਂ ਨੂੰ ਚਲਾਉਣ ਵਾਲੇ ਪ੍ਰਤਿਭਾਸ਼ਾਲੀ ਪੇਸ਼ੇਵਰਾਨਾ ਮਾਹਿਰਾਂ ਦੀ ਮਦਦ ਲੈ ਸਕਦੇ ਹਨ।
ਕਈ ਵਾਰ ਇਸ ਰੁਝਾਨ ਦੇ ਦਿਲਚਸਪ ਨਤੀਜੇ ਵੀ ਸਾਹਮਣੇ ਆ ਸਕਦੇ ਹਨ। ਦਿਹਾਤੀ ਦਿੱਖ ਤੇ ਰੌਂਅ ਵਾਲੇ ਸਿਆਸੀ ਆਗੂ ਲਾਲੂ ਪ੍ਰਸਾਦ ਦਾ ਵੀ ਇੱਕ ਟਵਿਟਰ ਖਾਤਾ ਹੈ। ਉਨ੍ਹਾਂ ਨੇ ਆਪਣਾ ਇਹ ਖਾਤਾ ਚਲਾਉਣ ਲਈ ਲੋੜੋਂ ਵੱਧ ਚੁਸਤ ਬੰਦੇ ਰੱਖੇ ਹੋਏ ਹਨ। ਸ਼ੁੱਕਰਵਾਰ ਨੂੰ, ਲਾਲੂ ਦੇ ਅਕਾਊਂਟ ਰਾਹੀਂ ਇੱਕ ਕੁਢੱਬਾ ਟਵੀਟ ਕੀਤਾ ਗਿਆ, ਜਿਸ ਨੇ ਜੇਰੋਮ ਕੇ. ਜੇਰੋਮ ਦੇ ਬਹੁਤ ਹੀ ਹਸਾਉਣੇ ਤੇ ਹਰਮਨਪਿਆਰੇ ਪਾਤਰ ਅੰਕਲ ਪੌਜਰ ਦਾ ਹਵਾਲਾ ਦਿੱਤਾ ਗਿਆ ਸੀ। ਉਸ ਟਵੀਟ ’ਚ, ਪ੍ਰਧਾਨ ਮੰਤਰੀ ਮੋਦੀ ਦੀ ਤੁਲਨਾ ਅੰਕਲ ਪੌਜਰ ਨਾਲ ਕੀਤੀ ਗਈ ਹੈ। ਅੰਕਲ ਪੌਜਰ, ਦਰਅਸਲ ਇੱਕ ਅਜਿਹਾ ਕਿਰਦਾਰ ਹੈ ਜਿਹੜਾ ਲਗਭਗ ਹਰੇਕ ਸਥਿਤੀ ਵਿੱਚ ਬੇਥਵੇ ਢੰਗ ਨਾਲ ਕੰਮ ਕਰਦਾ ਹੈ ਤੇ ਹਰ ਥਾਂ ’ਤੇ ਕੋਈ ਨਾ ਕੋਈ ਰੋਲ-ਘਚੋਲਾ ਪਾ ਦਿੰਦਾ ਹੈ। ਮੈਨੂੰ ਨਹੀਂ ਯਕੀਨ ਕਿ ਲਾਲੂ ਨੂੰ ਇਸ ਕਿਰਦਾਰ ਬਾਰੇ ਕੋਈ ਸਾਹਿਤਕ ਗਿਆਨ ਹੋਵੇਗਾ।
ਫਿਰ ਵੀ, ਮੈਨੂੰ ਇਹ ਤੁਲਨਾ ਕੁਝ ਵਧੀਆ ਜਾਪੀ। ਸਾਡੇ ਪਰਿਵਾਰ ’ਚ, ਮੇਰੇ ਉੱਤੇ ਅਕਸਰ ‘ਅੰਕਲ ਪੌਜਰ ਵਾਂਗ ਕੰਮ ਕਰਨ’ ਦਾ ਦੋਸ਼ ਲੱਗਦਾ ਰਹਿੰਦਾ ਹੈ। ਸ਼ਾਇਦ ਮੇਰੀਆਂ ਆਦਤਾਂ ਦੇ ਪ੍ਰਸੰਗ ਵਿੱਚ ਇਹ ਬਹੁਤਾ ਗ਼ਲਤ ਵੀ ਨਹੀਂ ਕਿਉਂਕਿ ਮੈਂ ਜ਼ਰੂਰੀ ਕੰਮਾਂ ਦੀ ਇੱਕ ਲੰਮੀ ਸੂਚੀ ਤਿਆਰ ਕਰਦਾ ਹਾਂ, ਫਿਰ ਉਸ ਸੂਚੀ ਬਾਰੇ ਕਾਫ਼ੀ ਰੌਲ਼ਾ ਪਾਉਂਦਾ ਹਾਂ, ਪਰਿਵਾਰ ਦੇ ਹਰੇਕ ਮੈਂਬਰ ਨੂੰ ਉਸ ਇੱਕ ਕੰਮ ਵਿੱਚ ਸ਼ਾਮਲ ਕਰ ਲੈਂਦਾ ਹਾਂ, ਅਤੇ ਫਿਰ ਆਪ ਉਹ ਸੂਚੀ ਗੁਆ ਬੈਠਦਾ ਹਾਂ।

ਅੱਜ ਕੱਲ੍ਹ ਅਸੀਂ ਦੋ ਸ਼ਬਦਾਂ – ‘ਦੇਸ਼-ਭਗਤੀ’ ਅਤੇ ‘ਦੇਸ਼-ਧਰੋਹੀ’ ਵੱਲ ਕੁਝ ਵਧੇਰੇ ਹੀ ਖਿੱਚੇ ਜਾ ਰਹੇ ਹਾਂ। ਜਿਹੜੇ ਵੀ ਕਿਸੇ ਵਿਅਕਤੀ ਨੂੰ ਅਸੀਂ ਪਸੰਦ ਨਹੀਂ ਕਰਦੇ ਜਾਂ ਜੇ ਅਸੀਂ ਉਸ ਨਾਲ ਸਹਿਮਤ ਨਹੀਂ, ਤਾਂ ਅਸੀਂ ਉਸ ਨੂੰ ‘ਦੇਸ਼-ਧਰੋਹੀ’ ਅਤੇ ‘ਭਾਰਤ-ਵਿਰੋਧੀ’ ਐਲਾਨ ਦਿੰਦੇ ਹਾਂ।
ਸਭ ਤੋਂ ਪਹਿਲਾਂ ਬਾਬਾ ਰਾਮਦੇਵ ਨੇ ਇਹ ਸੂਤਰ ਘੜਿਆ ਸੀ ਕਿ ਜਿਹੜਾ ਵੀ ਵਿਅਕਤੀ ਨੋਟਬੰਦੀ ਦਾ ਵਿਰੋਧ ਕਰੇਗਾ, ਉਹ ਦੇਸ਼-ਧਰੋਹ ਦਾ ਦੋਸ਼ੀ ਹੋਵੇਗਾ। ਹੁਣ ਕਿਉਂਕਿ ਬਾਬਾ ਜੀ ਇੱਕ ਅਣਐਲਾਨੇ ਤੇ ਅਣਅਧਿਕਾਰਤ ‘ਰਾਜਗੁਰੂ’ ਹਨ, ਇਸੇ ਲਈ ਪ੍ਰਧਾਨ ਮੰਤਰੀ ਨੇ ਵੀ ਇਹੋ ਦਲੀਲ ਚੁੱਕਣ ਵਿੱਚ ਦੇਰ ਨਹੀਂ ਲਾਈ ਅਤੇ ਐਲਾਨ ਕਰ ਦਿੱਤਾ ਕਿ ਨੋਟਬੰਦੀ ਤੋਂ ਬਾਅਦ ਦੇ ਦਿਨ ‘ਦੇਸ਼-ਭਗਤੀ’ ਨੂੰ ਸਾਬਤ ਕਰਨ ਤੇ ਮੁੜ-ਪਰਿਭਾਸ਼ਤ ਕਰਨ ਦਾ ਬਿਹਤਰੀਨ ਸਮਾਂ ਹਨ।
ਬਾਬਾ ਰਾਮਦੇਵ ਅਤੇ ਨਰਿੰਦਰ ਮੋਦੀ ਸਿਆਸਤਦਾਨ ਹਨ। ਅਤੇ ਸਿਆਸੀ ਆਗੂ ਤਾਂ ਜੁੱਗਾਂ-ਜੁੱਗਾਂ ਤੋਂ ‘ਦੇਸ਼-ਭਗਤੀ’ ਵਿੱਚ ਆ ਕੇ ਪਨਾਹ ਲੈਂਦੇ ਰਹੇ ਹਨ। ਪਰ ਮਾਮਲਾ ਉਦੋਂ ਦਿਲਚਸਪ ਬਣ ਜਾਂਦਾ ਹੈ, ਜਦੋਂ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ.ਸੀ.ਸੀ.ਆਈ.) ਦੇ ਬੌਸ ਵੀ ਦੇਸ਼-ਭਗਤੀ ਦੀਆਂ ਭਾਵਨਾਵਾਂ ਜਗਾਉਣ ਲੱਗ ਪੈਣ। ਬੀ.ਸੀ.ਸੀ.ਆਈ. ਦੇ ਬੌਸ, ਜਿਹੜੇ ਉਂਜ ਤਾਂ ਇਸ ਵੇਲੇ ਸੁਪਰੀਮ ਕੋਰਟ ਦੇ ਜ਼ੇਰੇ-ਸੁਣਵਾਈ ਇੱਕ ਮਾਮਲੇ ਵਿੱਚ ਕਸੂਤੇ ਫਸੇ ਹੋਏ ਹਨ, ਨੇ ਹੁਣ ਦੋਸ਼ ਲਾਇਆ ਹੈ ਕਿ ਆਈ.ਸੀ.ਸੀ. (ਇੰਟਰਨੈਸ਼ਨਲ ਕ੍ਰਿਕਟ ਕੌਂਸਲ) ਦੇ ਮੁਖੀ ਸ਼ਸ਼ਾਂਕ ਮਨੋਹਰ ਨੇ ‘ਭਾਰਤ-ਵਿਰੋਧੀ ਸਟੈਂਡ’ ਲਿਆ ਹੈ ਕਿਉਂਕਿ ਕੌਮਾਂਤਰੀ ਕ੍ਰਿਕਟ ਦੀ ਇਸ ਸਰਬਉੱਚ ਸੰਸਥਾ ਨੇ ਭਾਰਤੀ ਮਹਿਲਾ ਕ੍ਰਿਕਟ ਟੀਮ ਦੇ ਛੇ ਅੰਕ ਇਸ ਕਰਕੇ ਕੱਟ ਲਏ ਸਨ ਕਿਉਂਕਿ ਉਸ ਨੇ ਪਾਕਿਸਤਾਨੀ ਟੀਮ ਨਾਲ ਖੇਡਣ ਤੋਂ ਇਨਕਾਰ ਕਰ ਦਿੱਤਾ ਸੀ। ਜੇ ਬੀਸੀਸੀਆਈ ਦੇ ਚੌਧਰੀਆਂ ਦੇ ਤਰਕ ਮੁਤਾਬਿਕ ਚੱਲੀਏ  ਤਾਂ ਸਮੁੱਚੇ ਵਿਸ਼ਵ ਅਤੇ ਉਸ ਦੀਆਂ ਸੰਸਥਾਵਾਂ ਨੂੰ ਪਾਕਿਸਤਾਨ ਪ੍ਰਤੀ ਸਾਡੀਆਂ ਦੇਸ਼-ਭਗਤੀ ਵਾਲੀਆਂ ਭਾਵਨਾਵਾਂ ਦਾ ਖ਼ਿਆਲ ਰੱਖਣਾ ਚਾਹੀਦਾ ਹੈ।
ਸਾਨੂੰ ਅੰਗਰੇਜ਼ੀ ਦੀ ਉਹ ਕਹਾਵਤ ਨਹੀਂ ਭੁੱਲਣੀ ਚਾਹੀਦੀ ਜਿਸ ਦਾ ਅਰਥ ਹੈ ਕਿ ‘‘ਬਦਮਾਸ਼ ਬੰਦਾ ਆਪਣੇ ਬਚਾਅ ਲਈ ਅੰਤ ’ਚ ਦੇਸ਼-ਭਗਤੀ ਦਾ ਹੀ ਸਹਾਰਾ ਲੈਂਦਾ ਹੈ।’’

ਮੈਂ ਇੱਥੇ ਭਾਰਤ ਦੇ ਉੱਘੇ ਲਲਿਤ-ਕਲਾ ਇਤਿਹਾਸਕਾਰ ਬੀ.ਐਨ. ਗੋਸਵਾਮੀ ਦੀ ਇੱਕ ਚਿੱਠੀ ਇੰਨ-ਬਿੰਨ ਪੇਸ਼ ਕਰ ਰਿਹਾ ਹਾਂ:
‘‘ਮੌਜੂਦਾ ਹਾਲਾਤ ’ਚ, ਅਹਿਮਦ ਨਦੀਮ ਕਾਸਿਮੀ ਦਾ ਇੱਕ ‘ਕਤਾਅ’ ਭਾਵ ਇੱਕ ਵਧੀਆ ਕਵਿਤਾ ਮੇਰੇ ਜ਼ਿਹਨ ’ਚ ਉੱਭਰ ਰਹੀ ਹੈ। ਇਹ ਕਵਿਤਾ ਉਨ੍ਹਾਂ ਨੇ ਸਾਡੇ ਬ੍ਰਿਟਿਸ਼ ਹਾਕਮਾਂ ਨੂੰ ਸੰਬੋਧਨ ਕਰਦਿਆਂ ਲਿਖੀ ਸੀ, ਪਰ ਇਹ ਅੱਜ ਵੀ ਵਾਜਬ ਹੈ ਤੇ ਇਹ ਹੁਣ ਅਜੋਕੀਆਂ ਸੱਤਾਧਾਰੀ ਤਾਕਤਾਂ ਨੂੰ ਵੀ ਸੁਣਾਈ ਜਾ ਸਕਦੀ ਹੈ। ਇਸ ਦਾ ਸਿਰਲੇਖ ਸੀ: ‘ਅੰਗਰੇਜ਼ ਸੇ ਖ਼ਿਤਾਬ’
ਕਿਤਨੇ ਸੁਲਝੇ ਹੂਏ ਸੱਯਾਦ ਹੋ,
ਸੁਭਾਨ-ਅੱਲ੍ਹਾ!
ਕਫ਼ਸ-ਏ-ਸੰਗ ਮੇਂ ਕੀਮਖ਼ਵਾਬ
11107CD _11 JULY Fਬਿਛਾ ਦੇਤੇ ਹੋ
ਜਬ ਮੁਝੇ ਭੂਖ ਸਤਾਤੀ ਹੈ ਤੋ
ਕਿਤਨੇ ਢਬ ਸੇ
ਥਪਕੀਆਂ ਦੇਤੇ ਹੋ, ਗਾਤੇ ਹੋ,
ਸੁਲਾ ਦੇਤੇ ਹੋ!
ਜੇਲ੍ਹੀਂ ਡੱਕਣ ਵਾਲਾ ‘ਸੱਯਾਦ’ (ਸ਼ਿਕਾਰੀ) ਉਦੋਂ ਬੇਸ਼ੱਕ ਅੰਗਰੇਜ਼ ਸੀ, ਕਫ਼ਸ-ਏ-ਸੰਗ ਭਾਵ ਪੱਥਰ ਦਾ ਬਣਿਆ ਪਿੰਜਰਾ – ਉਹ ਕਾਨੂੰਨ ਸਨ ਜੋ ਉਨ੍ਹਾਂ ਨੇ ‘ਆਮ ਜਨਤਾ ਦੇ ਹਿਤਾਂ’ ਲਈ ਬਣਾਏ ਸਨ ਅਤੇ ‘ਕੀਮਖ਼ਵਾਬ’ – ਹੇਠਾਂ ਫ਼ਰਸ਼ ’ਤੇ ਵਿਛਾਇਆ ਮਖ਼ਮਲ ਦਾ ਗਲੀਚਾ – ਉਹ ਵਾਅਦੇ ਸਨ ਜਿਹੜੇ ਉਹ ਅਕਸਰ ਕਰਿਆ ਕਰਦੇ ਸਨ।’’

ਮੈਨੂੰ ਜਾਪਦਾ ਹੈ ਕਿ ਗੱਲ ਬੜੇ ਵਧੀਆ ਢੰਗ ਨਾਲ ਆਖੀ ਗਈ ਹੈ। ਇਸੇ ਲਈ ਮੈਂ ਆਪਣਾ ਕੌਫ਼ੀ ਦਾ ਕੱਪ ਉਠਾ ਕੇ ਇਸ ਨੂੰ ਦਾਦ ਦਿੰਦਾ ਹਾਂ। ਕੋਈ ਹੋਰ ਮੇਰੇ ਨਾਲ ਪੀਣਾ ਚਾਹੇਗਾ?

ਈਮੇਲ: kaffeeklatsch@tribuneindia.com


Comments Off on ਮੁਨਸ਼ੀ ਪ੍ਰੇਮਚੰਦ ਨੂੰ ਮੁੜ ਪੜ੍ਹਨ ਦਾ ਵੇਲਾ…
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.