ਬਾਬਰੀ ਮਸਜਿਦ ਕੇਸ: ਚਸ਼ਮਦੀਦ ਗਵਾਹ ਦੀ ਮੌਤ !    ਅਮਰੀਕਾ: ਸਿੱਖ ਡਾਕਟਰ ਨੂੰ ਜਾਨੋਂ ਮਾਰਨ ਦੀ ਧਮਕੀ !    ਮੁਕਾਬਲੇ ਵਾਲੀਆਂ ਥਾਵਾਂ ’ਤੇ ਆ ਕੇ ‘ਖ਼ੁਦਕੁਸ਼ੀ’ ਨਾ ਕਰਨ ਨੌਜਵਾਨ: ਵੈਦ !    ਬੰਗਲਾਦੇਸ਼: ਖ਼ੁਦਕੁਸ਼ ਹਮਲੇ ’ਚ ਪਰਿਵਾਰ ਦੇ 8 ਜੀਅ ਮਰੇ !    ਭੇਤਭਰੀ ਹਾਲਤ ਵਿੱਚ ਚੱਲੀ ਗੋਲੀ; ਮੁਲਾਜ਼ਮ ਜ਼ਖਮੀ !    ਬਦਨੌਰ ਵੱਲੋਂ ਸੈਨਿਕ ਬੋਰਡ ਨਾਲ ਮੀਟਿੰਗ !    ਯੂਨੀਵਰਸਿਟੀਆਂ ਦੀ ਭੂਮਿਕਾ ਨੂੰ ਪੁਨਰ ਪ੍ਰਭਾਸ਼ਿਤ ਕਰਨ ਦੀ ਲੋੜ: ਅਪੂਰਵਾਨੰਦ !    ਧੋਖਾਧੜੀ ਕਰਨ ਵਾਲੇ ਬਿਲਡਰਾਂ ਦੀ ਗ੍ਰਿਫ਼ਤਾਰੀ ਲਈ ਲੋਕਾਂ ਤੋਂ ਮੰਗਿਆ ਸਹਿਯੋਗ !    ਨਾਜਾਇਜ਼ ਉਸਾਰੀਆਂ ਦੇ ਮਾਮਲੇ ਵਿੱਚ ਕਸੂਤੇ ਘਿਰੇ ਕੌਂਸਲ ਅਧਿਕਾਰੀ !    ਬੱਚਿਆਂ ਦੇ ਰਿਪੋਰਟ ਕਾਰਡ ਨਾ ਦੇਣ ਕਾਰਨ ਸਕੂਲ ਅੱਗੇ ਧਰਨਾ !    

ਅਨਮੋਲ ਰਿਸ਼ਤਾ: ਪੁਰਸ਼ ਤੇ ਇਸਤਰੀ

Posted On December - 31 - 2016

12012cd _husband wife funny love shayari in hindi _ maayke___ਅਜੀਤ ਸਿੰਘ ਚੰਦਨ

ਪੁਰਸ਼ ਤੇ ਇਸਤਰੀ ਇੱਕ ਦੂਜੇ ਦੇ ਪੂਰਕ ਹਨ; ਇਸੇ ਲਈ ਪੁਰਸ਼ ਇਸਤਰੀ ਬਿਨਾਂ ਅਧੂਰਾ ਹੈ। ਕਈ ਵਾਰ ਇਸਤਰੀ ਲਈ ਤਾਂਘਦਾ, ਤੜਫਦਾ ਹੈ, ਪਰ ਇਸਤਰੀ ਉਸ ਦੀ ਪਹੁੰਚ ਵਿੱਚ ਨਹੀਂ ਹੁੰਦੀ। ਹਰੇਕ ਪੁਰਸ਼ ਇਸਤਰੀ ਵੱਲ ਝਾਕ ਕੇ ਖ਼ੁਸ਼ ਹੁੰਦਾ ਹੈ ਤੇ ਇਸਤਰੀ ਦੀ ਸੁੰਦਰਤਾ ਦਾ ਆਨੰਦ ਮਾਣਦਾ ਹੈ। ਜੇਕਰ ਇਸਤਰੀ ਅਤਿ-ਸੁੰਦਰ ਹੋਵੇ ਤਾਂ ਉਸ ਨੂੰ ਪਰੀ ਕਹਿ ਕੇ, ਹੌਂਕੇ ਭਰਦਾ ਹੈ ਤੇ ਕਈ ਵਾਰ ਅਜਿਹੀ ਇਸਤਰੀ ਦੇ ਸੰਪਰਕ ਵਿੱਚ ਆ ਕੇ ਉਹ, ਉਸ ’ਤੇ ਆਪਣੀ ਜਾਨ ਕੁਰਬਾਨ ਕਰਨ ਦਾ ਵੀ ਐਲਾਨ ਕਰ ਦਿੰਦਾ ਹੈ। ਇਸਤਰੀ ਪੁਰਸ਼ ਦੀਆਂ ਸਭ ਹਰਕਤਾਂ ਨੂੰ ਇੱਕੋ ਹੀ ਨਜ਼ਰ ਨਾਲ ਤਾੜ ਜਾਂਦੀ ਹੈ। ਉਹ ਸਮਝਦੀ ਹੈ ਕਿ ਪੁਰਸ਼ ਵਿੱਚ ਹਵਸ ਦੀ ਤਾਂਘ ਤੇ ਤੜਪ ਹੈ। ਇਸੇ ਲਈ ਉਹ ਤਰਲੇ ਕਰਦਾ ਹੈ ਤੇ ਉਸ ਲਈ ਜਾਨ ਦੀ ਬਾਜ਼ੀ ਲਾਉਣ ਲਈ ਤਿਆਰ ਹੈ। ਜੰਗਲੀ, ਹਬਸ਼ੀ ਤੇ ਕਾਮ ਭੁੱਖ ਦੇ ਅੰਨ੍ਹੇ ਪੁਰਸ਼ ਇਸਤਰੀ ਨੂੰ ਇੱਕ ਭੋਗਣਯੋਗ ਵਸਤੂ ਸਮਝਣ ਲੱਗ ਪੈਂਦੇ ਹਨ। ਅਜਿਹੇ ਪੁਰਸ਼ ਵਿੱਚ ਪਸ਼ੂ ਬਿਰਤੀ ਹੁੰਦੀ ਹੈ ਤੇ ਉਹ ਸਾਰੀ ਜ਼ਿੰਦਗੀ ਪਸ਼ੂ ਬਣੇ ਰਹਿੰਦੇ ਹਨ। ਉਹ ਪਸ਼ੂ ਪੱਧਰ ਤੋਂ ਉੱਚੇ ਨਹੀਂ ਉੱਠਦੇ ਤੇ ਕਈ ਵਾਰ ਇਸਤਰੀ ਦਾ ਨਿਰਾਦਰ ਕਰਕੇ ਜੇਲ੍ਹਾਂ ਵਿੱਚ ਪਹੁੰਚ ਜਾਂਦੇ ਹਨ। ਆਪਣੀਆਂ ਵਧੀਕੀਆਂ ਦਾ ਪਤਾ ਵੀ ਉਨ੍ਹਾਂ ਨੂੰ ਜੇਲ੍ਹ ਵਿੱਚ ਪਹੁੰਚ ਕੇ ਹੀ ਲੱਗਦਾ ਹੈ।
ਕੋਮਲ ਬਿਰਤੀ ਵਾਲੇ ਪੁਰਸ਼ ਜਾਂ ਕਲਾ ਨਾਲ ਸਬੰਧ ਰੱਖਣ ਵਾਲੇ ਪੁਰਸ਼ ਸਿਰਫ਼ ਇਸਤਰੀ ਦੀ ਸੁੰਦਰਤਾ ਨੂੰ ਨਿਹਾਰ ਕੇ ਖ਼ੁਸ਼ ਹੁੰਦੇ ਹਨ। ਉਹ ਚਾਹੁੰਦੇ ਹਨ ਕਿ ਕੋਈ ਪਰੀਆਂ ਵਰਗੀ ਇਸਤਰੀ ਉਨ੍ਹਾਂ ਨੂੰ ਪਿਆਰ ਕਰਨ ਲੱਗ ਪਏ ਤੇ ਇਸ ਪਿਆਰ ਦੀ ਤੜਪ ਵਿੱਚ ਉਹ ਕੋਈ ਕਵਿਤਾ, ਕਹਾਣੀ ਜਾਂ ਨਾਵਲ ਲਿਖ ਦੇਣ। ਅਜਿਹੀ ਸੁੰਦਰ ਇਸਤਰੀ ਦੇ ਕਸੀਦੇ ਕੱਢਦੇ-ਕੱਢਦੇ ਉਹ ਮਹਾਨ ਕਵੀ ਬਣ ਜਾਣ। ਉਹ, ਉਨ੍ਹਾਂ ਲਈ ਰਾਤਾਂ ਜਾਗਦੇ ਹਨ ਤੇ ਉਨ੍ਹਾਂ ਨੂੰ ਸੁਪਨਿਆਂ ਵਿੱਚ ਮਿਲਦੇ ਹਨ ਤੇ ਅੱਠੇ ਪਹਿਰ ਉਨ੍ਹਾਂ ਦਾ ਗੁਣਗਾਨ ਕਰਦੇ ਹਨ। ਆਪਣੀ  ਪ੍ਰੇਮਿਕਾ ਦੀ ਆਰਤੀ ਉਤਾਰਦੇ ਹਨ। ਇਸੇ ਪਿਆਰ-ਭਾਵਨਾ ਵਿੱਚ ਸਰਕ ਹੋ ਕੇ ਉਹ ਕਈ ਵਾਰ ਕੋਈ ਸ਼ਾਹਕਾਰ ਰਚਨਾ ਵੀ ਲਿਖ ਦਿੰਦੇ ਹਨ। ਵਾਰਿਸ ਸ਼ਾਹ ਨੇ ਆਪਣੀ ਪ੍ਰੇਮਿਕਾ ਭਾਗਭਰੀ ਦੇ ਇਸ਼ਕ ਵਿੱਚ ਡੁੱਬ ਕੇ, ਹੀਰ ਦੇ ਕਿੱਸੇ ਦੀ ਰਚਨਾ ਕੀਤੀ ਜੋ ਬੜਾ ਮਕਬੂਲ ਹੋਇਆ। ਉਹ ਇੱਕ ਥਾਂ ਲਿਖਦੇ ਹਨ:-
ਵਾਰਿਸ ਸ਼ਾਹ ਨੂੰ ਮਾਰ ਨਾ ਭਾਗ-ਭਰੀਏ,
ਸੋਟਾ ਪਕੜ ਯਤੀਮ ਨੂੰ ਮਾਰੀਏ ਨਾ।
ਲੋਕ ਹੀਰ ਦੇ ਕਿੱਸੇ ਨੂੰ ਬੜੇ ਚਾਅ ਨਾਲ ਗਾ ਕੇ ਪੜ੍ਹਦੇ ਹਨ ਤੇ ਅੱਖਾਂ ਵਿੱਚੋਂ, ਸੁਣਨ ਵਾਲੇ ਦੇ ਹੰਝੂ ਕਿਰਨ ਲੱਗ ਪੈਂਦੇ ਹਨ। ਹੀਰ ਦੀ ਹੇਕ ਸੁਣ ਕੇ, ਹਾਲੀ ਹੱਲ ਡੱਕ ਲੈਂਦੇ ਸਨ ਤੇ ਰਾਹੀ ਰਾਹ ਭੁੱਲ ਜਾਂਦੇ ਹਨ। ਸੋਹਣੀ ਮਹੀਵਾਲ, ਸੱਸੀ ਪੁੰਨੂ ਤੇ ਮਿਰਜ਼ਾ ਸਾਹਿਬਾ ਅਜਿਹੇ ਹੀ ਪੁਰਸ਼ ਇਸਤਰੀ ਹੋਏ ਹਨ, ਜਿਨ੍ਹਾਂ ਨੇ ਆਪਣੇ ਪਿਆਰਿਆਂ ਲਈ, ਪਿਆਰ ਵਿੱਚ ਡੁੱਬ ਕੇ ਜਾਨਾਂ ਕੁਰਬਾਨ ਕਰ ਦਿੱਤੀਆਂ। ਇਸੇ ਲਈ ਉਨ੍ਹਾਂ ਦੇ ਨਾਂ ਇਸ ਜੱਗ ’ਤੇ ਸਦਾ ਲਈ ਜ਼ਿੰਦਾ ਹਨ। ਕਈ ਵਾਰ ਪੁਰਸ਼ ਤੇ ਇਸਤਰੀ ਜਦੋਂ ਇੱਕ ਦੂਜੇ ਨੂੰ ਪ੍ਰਵਾਨ ਕਰ ਲੈਣ ਤਾਂ ਉਹ ਵਿਆਹ ਕਰਵਾ ਲੈਂਦੇ ਹਨ, ਪਰ ਵਿਆਹ ਕਰਵਾਉਣ ਉਪਰੰਤ, ਪਹਿਲੇ ਪਿਆਰ ਵਾਲਾ ਨਿੱਘ ਤੇ ਖਿੱਚ ਕਿਧਰੇ ਅਲੋਪ ਹੋ ਜਾਂਦੀ ਹੈ। ਉਹ ਇੱਕ ਦੂਜੇ ਲਈ, ਸਾਧਾਰਨ ਪੁਰਸ਼ ਤੇ ਸਾਧਾਰਨ ਇਸਤਰੀ ਹੋ ਨਿਬੜਦੇ ਹਨ। ਪਿਆਰ ਇੱਕ ਅਜਿਹੀ ਸ਼ਕਤੀ ਹੈ, ਜਿਸ ਦੀ ਖਿੱਚ ਤਾਂ ਹੁੰਦੀ ਹੈ, ਪਰ ਪ੍ਰਾਪਤ ਹੋਣ ਨਾਲ ਬਾਅਦ ਇਹ ਖਿੱਚ ਹਮੇਸ਼ਾਂ ਬਣੀ ਨਹੀਂ ਰਹਿ ਸਕਦੀ। ਇਸ ਖਿੱਚ ਦੇ ਘਟਣ ਨਾਲ, ਉਹ ਇੱਕ ਦੂਜੇ ਲਈ ਸਾਧਾਰਨ ਪੁਰਸ਼ ਤੇ ਇਸਤਰੀ ਬਣ ਜਾਂਦੇ ਹਨ। ਜਿਹੜਾ ਪੁਰਸ਼ ਤੇ ਇਸਤਰੀ ਇਸ  ਸਚਾਈ ਤੋਂ ਵਾਕਫ਼ ਹੈ, ਉਹ ਫਿਰ ਵੀ ਪਿਆਰ-ਭਾਵਨਾ ਕਾਇਮ ਰੱਖ ਕੇ ਸਦਾ ਲਈ ਪਿਆਰ ਬਣਾਈ ਰੱਖਦੇ ਹਨ। ਉਨ੍ਹਾਂ ਦਾ ਜੀਵਨ ਸਵਰਗ ਬਣਿਆ ਰਹਿੰਦਾ ਹੈ। ਉਹ ਇੱਕ ਦੂਜੇ ਦਾ ਆਦਰ ਕਰਦੇ ਹਨ ਤੇ ਪਿਆਰ ਡੋਰ ਨੂੰ ਕਦੇ ਢਿੱਲੀ ਨਹੀਂ ਪੈਣ ਦਿੰਦੇ। ਉਹ ਆਪਣਾ ਜੀਵਨ ਸਫ਼ਲ ਬਣਾ ਲੈਂਦੇ ਹਨ। ਫਿਰ ਬੱਚੇ ਪੈਦਾ ਹੋਣ ਨਾਲ, ਉਨ੍ਹਾਂ ਦੇ ਜੀਵਨ ਵਿੱਚ ਬੱਚਿਆਂ ਕਾਰਨ ਹੋਰ ਵੀ ਮਿਠਾਸ ਤੇ ਪ੍ਰੇਮ-ਰਸ ਭਰਿਆ ਰਹਿੰਦਾ ਹੈ। ਬੱਚੇ ਘਰ ਨੂੰ ਸਵਰਗ ਬਣਾਈ ਰੱਖਦੇ ਹਨ। ਸਿਆਣੇ ਕਹਿੰਦੇ ਹਨ ਕਿ ਜਿਸ ਘਰ ਵਿੱਚ ਬੱਚੇ ਦੀ ਕਿਲਕਾਰੀ ਨਹੀਂ ਵੱਜੀ, ਉਹ ਘਰ, ਘਰ ਨਹੀਂ  ਹੈ। ਪੁਰਸ਼ ਤੇ ਇਸਤਰੀ ਨੂੰ ਚਾਹੀਦਾ ਹੈ ਕਿ ਵਿਆਹ ਉਪਰੰਤ ਉਹ ਇੱਕ-ਦੂਜੇ ਦੀ ਕਦਰ ਕਰਨ। ਇੱਕ-ਦੂਜੇ ਨਾਲ ਪਿਆਰ ਬਣਾਈ ਰੱਖਣ ਤਾਂ ਹੀ ਵਿਆਹ ਨੂੰ ਸਫਲ ਵਿਆਹ ਮੰਨਿਆ ਜਾ ਸਕਦਾ ਹੈ।
ਇਸਤਰੀ ਚਾਹੁੰਦੀ ਹੈ ਕਿ ਪੁਰਸ਼ ਉਸ ਦੀ ਆਗਿਆ ਵਿੱਚ ਰਹਿ ਕੇ ਉਸ ਨਾਲ ਜੀਵਨ ਬਤੀਤ ਕਰੇ ਤੇ ਉਸ ਦੇ ਪਿੱਛੇ ਲੱਗਿਆ ਰਹੇ, ਪਰ ਪੁਰਸ਼ ਤੇ ਇਸਤਰੀ, ਪਤੀ ਤੇ ਪਤਨੀ ਬਣ ਕੇ, ਇੱਕ-ਦੂਜੇ ਦਾ ਦੁੱਖ-ਦਰਦ ਸਮਝਣ ਲੱਗ ਪੈਂਦੇ ਹਨ। ਉਹ ਚੰਗੇ ਪਤੀ-ਪਤਨੀ ਬਣ ਜਾਂਦੇ ਹਨ। ਕਈ ਪੁਰਸ਼ ਤੇ ਇਸਤਰੀ ਅਜਿਹੇ ਵੀ ਹੁੰਦੇ ਹਨ ਜੋ ਵਿਆਹ ਕਰਵਾ ਕੇ ਤੇ ਬੱਚੇ ਪੈਦਾ ਕਰਕੇ ਇੱਕ ਸੁੰਦਰ ਇਸਤਰੀ ਤੇ ਇੱਕ ਸੁੰਦਰ ਪੁਰਸ਼ ਦੇ ਸੁਪਨੇ ਵੇਖਣ ਦੇ ਆਦੀ ਹੁੰਦੇ ਹਨ। ਉਹ ਚਾਹੁੰਦੇ ਹਨ ਕਿ ਵਿਆਹ ਦੇ ਨਾਲ-ਨਾਲ ਬਾਹਰ ਕਿਧਰੇ ਪਿਆਰ ਦੀ ਡੋਰ ਨਾਲ ਵੀ ਬੱਝੇ ਰਹਿਣ। ਇਹ ਆਦਤ ਚੰਗੀ ਨਹੀਂ ਕਿਉਂਕਿ ਇਸ ਨਾਲ ਪਤਾ ਲੱਗਣ ’ਤੇ ਘਰ ਟੁੱਟਣ ਦਾ ਖਤਰਾ ਬਣਿਆ ਰਹਿੰਦਾ ਹੈ ਤੇ ਚੋਰੀ ਕਰਕੇ ਜੋ ਆਨੰਦ ਉਹ ਭਾਲਦੇ ਹਨ, ਉਹ ਆਨੰਦ, ਝੂਠ ਤੇ ਫਰੇਬ ’ਤੇ ਆਧਾਰਤ ਹੋਣ ਕਾਰਨ ਇੱਕ ਘਰ ਲਈ ਹਾਨੀਕਾਰਕ ਹੈ। ਸੁੰਦਰ ਪੁਰਸ਼ ਤੇ ਇਸਤਰੀ ਤਾਂ ਉਹ ਹਨ ਜੋ ਇੱਕ-ਦੂਜੇ ਨੂੰ ਪਿਆਰ ਕਰਕੇ, ਖੁਸ਼ ਹੁੰਦੇ ਹਨ। ਇੱਕ ਦੂਜੇ ਦਾ ਭਲਾ ਚਾਹੁੰਦੇ ਹਨ ਤੇ ਸਦਾ ਲਈ ਇੱਕ-ਦੂਜੇ ਦੇ ਬਣ ਕੇ ਜ਼ਿੰਦਗੀ ਗੁਜ਼ਾਰਦੇ ਹਨ।

ਸੰਪਰਕ: 95696-56510


Comments Off on ਅਨਮੋਲ ਰਿਸ਼ਤਾ: ਪੁਰਸ਼ ਤੇ ਇਸਤਰੀ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.