ਹੜਤਾਲ ਜਾਰੀ ਰੱਖਣਗੇ ਮੀਟ ਵਿਕਰੇਤਾ !    ਕਿੰਨੇ ਕੁ ਸਾਰਥਕ ਹਨ ਮਹਿਲਾ ਵਿਕਾਸ ਵਿਭਾਗ ਤੇ ਕਮਿਸ਼ਨ ? !    ‘ਬਲੱਡ ਮਨੀ’ ਦਾ ਸੰਕਲਪ ਤੇ ਮਹੱਤਵ !    ਜਾਂਚ-ਪੜਤਾਲ ’ਚ ਘਚੋਲਾ ਪਾਉਣਾ ਕੋਈ ਸਾਥੋਂ ਸਿੱਖੇ... !    ਮੇਅਰ ਦੇ ਜਾਤੀ ਪ੍ਰਮਾਣ ਪੱਤਰ ਦੀ ਹੋਵੇਗੀ ਜਾਂਚ !    ਐਸਵਾਈਐਲ ਮੁੱਦੇ ’ਤੇ ਸਾਥ ਦਿਆਂਗੇ: ਤੰਵਰ !    ਲੰਬੀ ਤੇ ਕਬਰਵਾਲਾ ਸਣੇ ਗਿਆਰਾਂ ਥਾਣਿਆਂ ਦੇ ਮੁਖੀ ਬਦਲੇ !    ਟਰੱਕ ਯੂਨੀਅਨ ਦੀ ਪ੍ਰਧਾਨਗੀ ਵਿਵਾਦ ’ਚ ਘਿਰੀ !    ਕਾਵਿ ਕਿਆਰੀ !    ਕਿਉਂ ਵਿਸਰ ਗਏ ਨੇ ਭਵਿੱਖ ਦੇ ਖ਼ਤਰੇ !    

ਅਮਰੀਕਾ ਵਾਲੇ ਗ਼ਦਰੀ ਬਾਵਾ ਨਨਕਾਣਾ ਬਿਸ਼ਨ

Posted On December - 13 - 2016

ਜਸਦੇਵ ਸਿੰਘ ਲਲਤੋਂ

10612cd _bawa bishanਅਮਰੀਕਾ ਵਿੱਚ ਰਹਿ ਕੇ ਦਹਾਕਿਆਂ ਬੱਧੀਂ ਗ਼ਦਰ ਪਾਰਟੀ ਦੇ ਕਾਰਜਾਂ ਨੂੰ ਗੁਮਨਾਮ ਰੂਪ ਵਿੱਚ ਜਾਰੀ ਰੱਖਣ ਤੇ ਸ਼ਹੀਦ ਊਧਮ ਸਿੰਘ ਨਾਲ ਕਰੀਬੀ ਦੋਸਤੀ ਨਿਭਾਉਣ ਵਾਲੇ ਬਾਵਾ ਨਨਕਾਣਾ ਬਿਸ਼ਨ ਦਾ ਜਨਮ ਦਸੰਬਰ 1877 ਵਿੱਚ ਮਾਤਾ ਬਸੰਤ ਕੌਰ ਤੇ ਪਿਤਾ ਸੰਤਰਾਮ ਦੇ ਘਰ ਹੋਇਆ। ਉਨ੍ਹਾਂ ਦੇ ਪਿਤਾ ਢੁੱਡੀਕੇ ਪਿੰਡ ਤੋਂ ਚੱਲ ਕੇ ਨਨਕਾਣਾ ਸਾਹਿਬ (ਹੁਣ ਪਾਕਿਸਤਾਨ) ਵਿੱਚ ਜਾ ਵਸੇ, ਜਿੱਥੇ ਉਨ੍ਹਾਂ ਨੇ ਪਿੰਡ ਕੋਟ ਸੰਤਰਾਮ ਵਸਾਇਆ। ਇਹ ਹੁਣ ਨਨਕਾਣਾ ਸਾਹਿਬ ਦੀ ਸੰਤਰਾਮ ਕਲੋਨੀ ਹੈ। ਮੁਢਲੀ ਸਿੱਖਿਆ ਦੌਰਾਨ ਉਨ੍ਹਾਂ ਨੇ ਗੁਰਮੁਖੀ ਤੇ ਉਰਦੂ ਭਾਸ਼ਾ ਦਾ ਗਿਆਨ ਹਾਸਲ ਕੀਤਾ।
ਰੁਜ਼ਗਾਰ ਤੇ ਚੰਗੀ ਜ਼ਿੰਦਗੀ ਦੀ ਭਾਲ ਲਈ ਉਹ 1895 ਵਿੱਚ ਰੇਲਗੱਡੀ ਰਾਹੀਂ ਬਰਮਾ ਪੁੱਜੇ। ਮਿਹਨਤ ਮਜ਼ਦੂਰੀ ਕਰਦਿਆਂ ਉਨ੍ਹਾਂ ਨੇ ਕਰੀਬ ਤਿੰਨ ਸਾਲ ਬਰਮਾ ਵਿੱਚ ਬਿਤਾਏ। ਇਸ ਪਿੱਛੋਂ ਚੀਨ ਜਾ ਕੇ ਚੀਨੀ ਭਾਸ਼ਾ ਦਾ ਸਰਟੀਫਿਕੇਟ ਪਾਸ ਕੀਤਾ ਤੇ ਚੀਨੀ ਪੁਲੀਸ ਵਿੱਚ ਦੋ ਸਾਲ ਨੌਕਰੀ ਕੀਤੀ। ਇਸ ਤੋਂ ਬਾਅਦ ਸਿੰਗਾਪੁਰ ਪੁੱਜ ਕੇ ਚਾਰ ਸਾਲ ਫ਼ੌਜ ਵਿੱਚ ਨੌਕਰੀ ਕੀਤੀ ਤੇ ਪਿੰਡੋਂ ਮੰਗਵਾਈ ਜ਼ਰੂਰੀ ਚਿੱਠੀ ਰਾਹੀਂ ਡਿਸਚਾਰਜ ਹੋ ਕੇ 1904 ਵਿੱਚ ਸਾਂ-ਫਰਾਂਸਿਸਕੋ (ਅਮਰੀਕਾ) ਪਹੁੰਚੇ। ਮਜ਼ਦੂਰੀ ਕਰਦਿਆਂ ਉਨ੍ਹਾਂ ਨੇ ਕਾਫ਼ੀ ਡਾਲਰ ਜੋੜੇ ਤੇ ਕੁਝ ਹੋਰ ਸੱਜਣਾਂ ਨਾਲ ਮਿਲ ਕੇ ਹਜ਼ਾਰ ਏਕੜ ਦਾ ਫਾਰਮ ਠੇਕੇ ਉੱਤੇ ਲੈ ਕੇ ਸਬਜ਼ੀਆਂ ਦੀ ਕਾਸ਼ਤ ਕਰਨ ਤੇ ਘਰ-ਘਰ ਵੇਚਣ ਦਾ ਕਾਰੋਬਾਰ ਸ਼ੁਰੂ ਕਰ ਦਿੱਤਾ। ਸ੍ਰੀ ਬਿਸ਼ਨ ਗੁਰਦੁਆਰਿਆਂ ਵਿੱਚ ਹੋਣ ਵਾਲੇ ਭਾਰਤੀਆਂ ਦੇ ਹਫ਼ਤਾਵਾਰੀ ਇਕੱਠਾਂ ਵਿੱਚ ਜਾਂਦੇ, ਜਿੱਥੇ ਪਰਵਾਸੀਆਂ ਦੀਆਂ ਸਮੱਸਿਆਵਾਂ, ਦੁੱਖਾਂ ਅਤੇ ਹੱਲ ਬਾਰੇ ਵਿਚਾਰਾਂ ਹੁੰਦੀਆਂ। 1911-12 ਦੌਰਾਨ ਉਨ੍ਹਾਂ ਦਾ ਮੇਲ ਭਾਰਤੀ ਕ੍ਰਾਂਤੀਕਾਰੀ ਆਗੂਆਂ, ਲਾਲਾ ਹਰਦਿਆਲ ਤੇ ਸਾਥੀਆਂ ਨਾਲ ਹੋਇਆ। 1913 ਵਿੱਚ ਗ਼ਦਰ ਪਾਰਟੀ (ਹਿੰਦੀ ਪੈਸੀਫਿਕ ਕੋਸਟ ਐਸੋਸੀਏਸ਼ਨ) ਬਣਨ ਪਿੱਛੋਂ ਉਹ ਗ਼ਦਰ ਪਾਰਟੀ ਦੇ ਮੈਂਬਰ ਬਣ ਗਏ। ਉਹ ਗ਼ਦਰ ਲਹਿਰ ਤੇ ਗ਼ਦਰ ਅਖ਼ਬਾਰ ਦੀਆਂ ਸਾਰੀਆ ਸਰਗਰਮੀਆਂ ਵਿੱਚ ਹਿੱਸਾ ਲੈਣ ਲੱਗੇ। ਉਨ੍ਹਾਂ ਨੇ ਤਨ, ਮਨ ਤੇ ਧਨ ਨਾਲ ਗ਼ਦਰ ਪਾਰਟੀ ਦੀ ਸਹਾਇਤਾ ਲਗਾਤਾਰ ਜਾਰੀ ਰੱਖੀ।
1922-23 ਵਿੱਚ ਜਦੋਂ ਊਧਮ ਸਿੰਘ ਅਮਰੀਕਾ ਪੁੱਜਾ ਤਾਂ ਗ਼ਦਰ ਪਾਰਟੀ ਰਾਹੀਂ ਸ੍ਰੀ ਬਿਸ਼ਨ ਦਾ ਉਨ੍ਹਾਂ ਨਾਲ ਮੇਲਜੋਲ ਬਣਿਆ। ਦੋਵੇਂ ਪੱਕੇ ਮਿੱਤਰ ਬਣ ਗਏ ਤੇ ਮੈਰੀਲੈਂਡ ਵਿੱਚ ਦੋ ਸਾਲ ਇਕੱਠੇ ਰਹੇ। ਮਕਾਨ ’ਤੇ ਅਮਰੀਕੀ ਪੁਲੀਸ ਦਾ ਛਾਪਾ ਪੈਣ ਪਿੱਛੋਂ ਊਧਮ ਸਿੰਘ ਸਫ਼ਲਤਾ ਨਾਲ ਬਚ ਨਿਕਲਿਆ। ਬਿਸ਼ਨ  ਨੇ ਊਧਮ ਸਿੰਘ ਦੀ ਪੈਸੇ ਨਾਲ ਮਦਦ ਕੀਤੀ ਤੇ ਹੋਰ ਸਾਥੀਆਂ ਤੋਂ ਵੀ ਕਰਵਾਈ। ਉਸ ਨੇ ਕੀਮਤੀ ਅਸਲਾ ਖ਼ਰੀਦਿਆ, ਗ਼ਦਰ ਸਾਹਿਤ ਲਿਆ ਤੇ ਭਾਰਤ ਨੂੰ ਚਾਲੇ ਪਾ ਦਿੱਤੇ। 1927 ਵਿੱਚ ਊਧਮ ਸਿੰਘ ਅੰਮ੍ਰਿਤਸਰ ਤੋਂ ਫੜੇ ਗਏ ਤੇ 1928 ਵਿੱਚ ਪੰਜ ਸਾਲ ਦੀ ਕੈਦ ਹੋ ਗਈ। ਸ੍ਰੀ ਬਿਸ਼ਨ  32 ਸਾਲ ਬਾਅਦ ਘਰ ਨਨਕਾਣਾ ਸਾਹਿਬ ਪਰਤੇ ਅਤੇ ਅੰਮ੍ਰਿਤਸਰ ਜਾ ਕੇ ਊਧਮ ਸਿੰਘ ਨਾਲ ਮੁਲਾਕਾਤ ਕੀਤੀ। ਸ੍ਰੀ ਬਿਸ਼ਨ ਨੇ ਦੱਸਿਆ ਸੀ ਕਿ 1932 ਵਿੱਚ ਊਧਮ ਸਿੰਘ ਰਿਹਾਅ ਹੋ ਕੇ ਸਾਧੂ ਦਾ ਭੇਸ ਧਾਰ ਕੇ ਜੰਮੂ-ਕਸ਼ਮੀਰ ਦੇ ਪਹਾੜਾਂ ਵੱਲ ਨੂੰ ਚਲਾ ਗਿਆ। ਇੱਥੇ ਉਸ ਦਾ ਮੇਲ ਇੱਕ ਅਮੀਰ ਆਦਮੀ ਨਾਲ ਹੋਇਆ, ਜਿਸ ਨੇ ਉਸ ਤੋਂ ਪ੍ਰਭਾਵਿਤ ਹੋ ਕੇ ਊਧਮ ਸਿੰਘ ਨੂੰ ‘ਬਾਵਾ’ ਦੇ ਨਾਂ ਹੇਠ ਲਾਹੌਰ ਤੋਂ ਨਵਾਂ ਪਾਸਪੋਰਟ ਜਾਰੀ ਕਰਵਾਇਆ ਤੇ ਇੰਗਲੈਂਡ ਭਿਜਵਾਇਆ। ਬਿਸ਼ਨ ਤੇ ਊਧਮ ਸਿੰਘ ਦਾ ਮੇਲ ਜੋਲ ਚਿੱਠੀ ਪੱਤਰ ਰਾਹੀਂ ਲਗਾਤਾਰ ਬਣਿਆ ਰਿਹਾ।
1936 ਵਿੱਚ ਉਨ੍ਹਾਂ ਦੇ ਫ਼ੌਜੀ ਭਰਾ ਕਿਸ਼ਨ ਦਾਸ ਦੀ ਪਲੇਗ ਕਾਰਨ ਮੌਤ ਹੋ ਗਈ। ਉਹ ਨਨਕਾਣਾ ਸਾਹਿਬ ਆਏ ਤੇ ਪਲੇਗ ਦਾ ਇਲਾਜ ਕਰ ਰਹੇ ਅੰਗਰੇਜ਼ ਡਾਕਟਰਾਂ ਦੀ ਟੀਮ (ਜਿਨ੍ਹਾਂ ਨੂੰ ਭਾਸ਼ਾ ਦੀ ਸਮੱਸਿਆ ਸੀ) ਨਾਲ ਰਹਿ ਕੇ ਛੇ ਮਹੀਨੇ ਇਲਾਕੇ ਦੇ ਲੋਕਾਂ ਦੀ ਸੇਵਾ ਕੀਤੀ। ਇਸੇ ਸਮੇਂ ਉਨ੍ਹਾਂ ਦਾ ਵਿਆਹ ਬੀਬੀ ਹਰਬੰਸ ਕੌਰ ਨਾਲ ਹੋਇਆ। ਮਗਰੋਂ ਉਹ ਮੁੜ ਅਮਰੀਕਾ ਚਲੇ ਗਏ। ਹਰਬੰਸ ਕੌਰ ਸਮੇਤ ਸਾਰਾ ਪਰਿਵਾਰ ਨਨਕਾਣਾ ਸਾਹਿਬ ਹੀ ਰਿਹਾ।
1940 ਵਿੱਚ ਲੰਡਨ ਵਿੱਚ ਸਰ ਮਾਈਕਲ ਓ’ਡਵਾਇਰ ਦੀ ਹੱਤਿਆ ਵਾਲੇ ਕਾਰੇ ਤੋਂ ਕੁਝ ਅਰਸਾ ਪਹਿਲਾਂ ਊਧਮ ਸਿੰਘ ਨੇ ਪਰਮ ਮਿੱਤਰ ਹੋਣ ਕਰਕੇ ਸ੍ਰੀ ਬਿਸ਼ਨ ਜੀ ਨੂੰ ਇਗਲੈਂਡ ਸੱਦਿਆ ਤੇ 20 ਦਿਨ ਦੋਵਾਂ ਨੇ ਇਕੱਠਿਆਂ ਗੁਜ਼ਾਰੇ।
ਊਧਮ ਸਿੰਘ ਦੇ ਫੜੇ ਜਾਣ ਉੱਤੇ ਬਿਸ਼ਨ  ਦੀ ਪਹਿਲਕਦਮੀ ਨਾਲ ਅਮਰੀਕਾ ਦੀ ਗ਼ਦਰ ਪਾਰਟੀ ਨੇ ਮੁਕੱਦਮਾ ਲੜਨ ਲਈ ਦੋ ਵੱਡੇ ਵਕੀਲ ਖੜ੍ਹੇ ਕੀਤੇ। ਊਧਮ ਸਿੰਘ ਨੇ ਬਿਸ਼ਨ ਨੂੰ ਆਪਣੇ ਅਸਲੀ ਦਸਤਖ਼ਤਾਂ ਵਾਲੀ ਆਖ਼ਰੀ ਫੋਟੋ ਲੰਡਨ ਜੇਲ੍ਹ ਵਿੱਚੋਂ ਡਾਕ ਰਾਹੀਂ ਅਮਰੀਕਾ ਭੇਜੀ, ਜਿਸ ਦੇ ਪਿਛਲੇ ਪਾਸੇ ਲਿਖਿਆ ਹੋਇਆ ਸੀ, “ਮੁਹੰਮਦ ਸਿੰਘ ਆਜ਼ਾਦ। ਆਪ ਨੂੰ ਯਾਦਗਾਰ ਭੇਜਦਾ ਹਾਂ ਕਦੀ ਇਸ ਨੂੰ ਦੇਖ ਲਿਆ ਕਰਨਾ। ਐਮ.ਐਸ.ਆਜ਼ਾਦ।” ਜੋ ਕਿ ਪ੍ਰੋ. ਮਲਵਿੰਦਰਜੀਤ ਸਿੰਘ ਵੜੈਚ ਨੇ ਲੰਮੀ ਖੋਜ ਪਿੱਛੋਂ ਉਨ੍ਹਾਂ ਪਾਸੋਂ 1969 ਵਿੱਚ ਪ੍ਰਾਪਤ ਕੀਤੀ ਸੀ।
ਸ੍ਰੀ ਬਿਸ਼ਨ  1952 ਵਿੱਚ ਅਮਰੀਕਾ ਤੋਂ ਪਰਿਵਾਰ ਪਾਸ ਡਡਹੇੜੀ ਪਿੰਡ ਪੁੱਜੇ ਤੇ ਮਗਰੋਂ ਪਰਿਵਾਰ ਸਮੇਤ ਮੰਡੀ ਗੋਬਿੰਦਗੜ੍ਹ (ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ) ਰਹਿਣ ਲੱਗੇ। ਉਹ ਦੇਸ਼ਭਗਤੀ ਤੇ ਲੋਕ ਸੇਵਾ ਨੂੰ ਸਮਰਪਿਤ ਰਹੇ। 16 ਜੂਨ 1975 ਨੂੰ       ਉਹ ਦੇਸ਼ ਵਾਸੀਆਂ ਨੂੰ ਸਦੀਵੀ ਵਿਛੋੜਾ ਦੇ ਗਏ।

ਸੰਪਰਕ: 0161-2805677


Comments Off on ਅਮਰੀਕਾ ਵਾਲੇ ਗ਼ਦਰੀ ਬਾਵਾ ਨਨਕਾਣਾ ਬਿਸ਼ਨ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.