ਕਾਵਿ ਕਿਆਰੀ !    ਕਿਉਂ ਵਿਸਰ ਗਏ ਨੇ ਭਵਿੱਖ ਦੇ ਖ਼ਤਰੇ !    ਨਰਕਵਾਸੀ ਮੇਰਾ ਬਾਪ !    ਹੋ ਹੀ ਜਾਂਦਾ ਹੈ ਮੁਹੱਬਤ ਦੇ ਵਿੱਚ ਇਸ ਤਰ੍ਹਾਂ... !    ਸੱਭਿਆਚਾਰਕ ਸ਼ਬਦਾਵਲੀ ਵਾਲੀਆਂ ਖੋਜ ਭਰਪੂਰ ਪੁਸਤਕਾਂ !    ਯਾਦਾਂ ਦੀ ਪਟਾਰੀ ਦੀਆਂ ਕੁਝ ਕਤਰਨਾਂ !    ਪੰਜਾਬ ਯੂਨੀਵਰਸਿਟੀ - ਲਾਹੌਰ ਤੋਂ ਚੰਡੀਗੜ੍ਹ ਤਕ !    ਸੰਜੀਦਾ ਹਾਲਾਤ ਦਾ ਬਿਆਨ !    ਉੱਘੇ ਸਾਹਿਤਕਾਰ ਦਾ ਜੀਵਨ ਤੇ ਰਚਨਾ !    ਪ੍ਰਸਿੱਧ ਅਰਥ ਸ਼ਾਸਤਰੀ ਦੀਆਂ ਜੀਵਨ ਝਲਕਾਂ !    

ਅਲੋਪ ਹੋ ਚੁੱਕੀਆਂ ਵਿਆਹ ਦੀਆਂ ਰਸਮਾਂ

Posted On December - 24 - 2016

ਵਿਸਰਿਆ ਵਿਰਸਾ
ਸ਼ਮਿੰਦਰ ਕੌਰ

11512cd _maiyan_ceremony_sikh_weddingਪੁਰਾਣੇ ਸਮੇਂ ਵਿੱਚ ਵਿਆਹ ਅਨੇਕ ਰਸਮਾਂ ਨਾਲ ਕਈ ਦਿਨਾਂ ਵਿੱਚ ਸੰਪੂਰਨ ਹੁੰਦਾ ਸੀ। ਵਿਆਹ ਧਾਰਮਿਕ ਤੇ ਸਮਾਜਿਕ ਰਸਮਾਂ ਦਾ ਸੰਗ੍ਰਹਿ ਹੀ ਹੁੰਦਾ ਹੈ। ਸਮੇਂ ਨਾਲ ਇਹ ਰਸਮਾਂ ਘਟ ਰਹੀਆਂ ਹਨ, ਕੁਝ ਖ਼ਤਮ ਹੋ ਗਈਆਂ ਹਨ ਤੇ ਕੁਝ ਅੱਧ ਅਧੂਰੀਆਂ ਰਹਿ ਗਈਆਂ ਹਨ। ਸਾਲੀਆਂ ਵੱਲੋਂ ਬਾਰ ਰੋਕਣ ਦੀ ਨਵੀਂ ਰਸਮ ਸ਼ੁਰੂ ਹੋ ਗਈ ਹੈ। ਅੱਜ ਇੱਥੇ ਉਨ੍ਹਾਂ ਰਸਮਾਂ ਦਾ ਜ਼ਿਕਰ ਕਰਦੇ ਹਾਂ ਜਿਹੜੀਆਂ ਅਲੋਪ ਹੋ ਚੁੱਕੀਆਂ ਹਨ।

ਰੋਪਣਾ ਪੈਣੀ:

ਰਿਸ਼ਤਾ ਪੱਕਾ ਕਰਨ ਸਮੇਂ ਰੋਪਣਾ ਦੀ ਰਸਮ ਕੀਤੀ ਜਾਂਦੀ ਸੀ। ਮੁੰਡੇ ਨੂੰ ਚੌਂਕੀ ਉੱਤੇ ਬਿਠਾ ਕੇ ਵਿਚੋਲਾ ਜਾਂ ਨਾਈ ਉਸ ਦੀ ਝੋਲੀ ਵਿੱਚ ਇੱਕ ਚਾਂਦੀ ਦਾ ਰੁਪਈਆ ਅਤੇ ਸ਼ੱਕਰ ਪਾ ਕੇ ਮੂੰਹ ਮਿੱਠਾ ਕਰਾ ਦਿੰਦਾ ਸੀ। ਘਰਾਂ ਦੀਆਂ ਔਰਤਾਂ ਸ਼ਗਨ ਵਾਲੇ ਘਰ ਆਉਣ ਵੇਲੇ ਛੰਨੇ ਵਿੱਚ ਦਾਣੇ ਲੈ ਕੇ ਆਉਂਦੀਆਂ ਸਨ। ਵਾਪਸੀ ਸਮੇਂ ਔਰਤਾਂ ਦੇ ਛੰਨੇ ਵਿੱਚ ਸ਼ੱਕਰ ਪਾ ਦਿੱਤੀ ਜਾਂਦੀ ਸੀ। ਰਿਸ਼ਤਾ ਪੱਕਾ ਹੋਣ ਦੀ ਖੁਸ਼ੀ ਵਿੱਚ ਚੌਲ ਉਬਾਲ ਕੇ ਪੁਣ ਕੇ ਉੱਤੇ ਸ਼ੱਕਰ ਪਾ ਕੇ ਸ਼ਰੀਕੇ ਵਿੱਚ ਵੰਡੇ ਜਾਂਦੇ ਸਨ। ਇਹ ਰਸਮ ਅਕਸਰ ਵਿਆਹ ਤੋਂ ਕਈ ਸਾਲ ਪਹਿਲਾਂ ਹੀ ਕੀਤੀ ਜਾਂਦੀ ਸੀ।
ਸੱਦਾ ਪੱਤਰ:ਵਿਆਹ ਦਾ ਸੱਦਾ ਪੱਤਰ ਦੇਣ ਲਈ ਨਾਈ ਰਿਸ਼ਤੇਦਾਰੀਆਂ ਵਿੱਚ ਜਾਂਦਾ ਸੀ। ਸੱਦੇ ਪੱਤਰ ਵਜੋਂ ਇੱਕ ਚਿੱਠੀ ਲਿਖ ਕੇ ਉੱਤੇ ਹਲਦੀ ਧੂੜ ਕੇ ਖੱਮਣੀ ਬੰਨ੍ਹੀ ਜਾਂਦੀ ਸੀ। ਜਿਹੜੀ ਵੀ ਰਿਸ਼ਤੇਦਾਰੀ ਵਿੱਚ ਲਾਗੀ ਜਾਂਦਾ ਸੀ, ਉਥੋਂ ਉਸ ਨੂੰ ਖੇਸ ਜਾਂ ਪੈਸੇ ਜਾਂ ਦੋਵੇ ਦਿੱਤੇ ਜਾਂਦੇ ਸਨ।
ਗੰਢ ਤਿਓਰ – ਵਿਆਹ ਤੋਂ ਪਹਿਲਾਂ ਕੁੜੀ ਵਾਲੇ ਮੁੰਡੇ ਦੀ ਮਾਂ ਲਈ ਕੱਪੜੇ ਤੇ ਕੋਈ ਗਹਿਣਾ ਭੇਜਦੇ ਸਨ। ਆਮ ਕਰਕੇ ਇਸ ਵਿੱਚ ਸਾਟਿਨ ਦਾ ਘੱਗਰਾ, ਕੁੜਤੀ, ਦੁਪੱਟਾ, ਪੰਜ ਮੋਹਰਾਂ ਨਾਲਾ ਪਾਉਣੀ ਤੇ ਸ਼ਿੰਗਾਰ ਦਾ ਸਾਮਾਨ ਸ਼ਾਮਲ ਹੁੰਦਾ ਸੀ।

ਵੜੀਆਂ ਟੁੱਕਣਾ:

ਵਿਆਹ ਵਾਲੇ ਘਰ ਕਾਫ਼ੀ ਕੰਮ ਹੁੰਦਾ ਹੈ, ਇਸ ਲਈ ਵੜੀਆਂ ਟੁੱਕਣ ਦੀ ਰਸਮ ਕੀਤੀ ਜਾਂਦੀ ਸੀ ਤਾਂ ਜੋ ਸਬਜ਼ੀ ਕੱਟਣ ਦਾ ਸਮਾਂ ਬਚ ਜਾਵੇ ਅਤੇ ਵਿਆਹ ਦੇ ਕੰਮਕਾਰ ਦੌਰਾਨ ਵੜੀਆਂ ਦੀ ਸਬਜ਼ੀ ਧਰ ਲਈ ਜਾਵੇ। ਵਿਆਹ ਤੋਂ 9 ਜਾਂ 11 ਦਿਨ ਪਹਿਲਾਂ ਰਾਤ ਨੂੰ ਦਾਲਾਂ ਦਾ ਆਟਾ ਗੁੰਨ੍ਹ ਕੇ ਰੱਖਿਆ ਜਾਂਦਾ ਸੀ ,ਅਗਲੇ ਦਿਨ ਪਿੰਡ ਦੀਆਂ ਔਰਤਾਂ ਕਣਕ ਲੈ ਕੇ ਵਿਆਹ ਵਾਲੇ ਘਰ ਜਾਂਦੀਆਂ ਅਤੇ ਵੜੀਆਂ ਟੁੱਕਣ ਵਿੱਚ ਮਦਦ ਕਰਦੀਆਂ। ਕਈ ਮੰਜੇ ਵੜੀਆਂ ਟੁੱਕ ਕੇ ਭਰ ਦਿੱਤੇ ਜਾਂਦੇ ਸਨ। ਵਾਪਸੀ ਸਮੇਂ ਸਭ ਦੇ ਕਣਕ ਵਾਲੇ ਭਾਂਡੇ ਵਿੱਚ ਥੋੜ੍ਹਾ-ਥੋੜ੍ਹਾ ਵੜੀਆਂ ਵਾਲਾ ਆਟਾ ਪਾ ਕੇ ਦਿੱਤਾ ਜਾਂਦਾ ਸੀ। ਇਹ ਰਸਮ ਸਿਰਫ਼ ਪਹਿਲੇ ਵਿਆਹ ਨੂੰ ਕੀਤੀ ਜਾਂਦੀ ਸੀ।

ਤੌਲੀ ਪੀਠਣੀ:

ਇੱਕ ਮੱਘੀ (ਛੋਟਾ ਘੜਾ) ਵਿੱਚ ਸਵਾ ਕਿੱਲੋ ਕਣਕ ਪਾ ਲਈ ਜਾਂਦੀ ਸੀ , ਫਿਰ ਮੁੰਡੇ ਦੀ ਮਾਂ ਤੇ ਉਸ ਦੀ ਦਰਾਣੀ ਜਾਂ ਜੇਠਾਣੀ ਦੋਵੇਂ ਚੱਕੀ ਉੱਤੇ ਇਹ ਕਣਕ ਪੀਂਹਦੀਆਂ ਸਨ। ਜਦ ਤੱਕ ਪੂਰੀ ਕਣਕ ਪੀਠੀ ਨਹੀਂ ਜਾਂਦੀ ਸੀ, ਉਦੋਂ ਤਕ ਦੋਵਾਂ ਨੇ ਬਿਲਕੁਲ ਚੁੱਪ ਰਹਿਣਾ ਹੁੰਦਾ ਸੀ। ਕਣਕ ਪੀਹ ਕੇ ਛਾਣ ਕੇ ਉਸੇ ਮੱਘੀ ਵਿੱਚ ਪਾ ਕੇ ਕੱਪੜੇ ਨਾਲ ਢੱਕ ਕੇ ਰੱਖ ਦਿੱਤੀ ਜਾਂਦਾ ਸੀ। ਇਹ ਆਟਾ ਘਰਾਂ ਨੂੰ ਰੋਟੀ ਦੀ ਰਸਮ ਕਰਨ ਵੇਲੇ ਕੜ੍ਹਾਹ ਵਿੱਚ ਪਾ ਲਿਆ ਜਾਂਦਾ ਸੀ।

ਬਾਜਰਾ ਭਿਓਣਾ:

ਵਿਆਹ ਤੋਂ 6 ਦਿਨ ਪਹਿਲਾਂ ਰਾਤ ਨੂੰ ਸਭ ਤੋਂ ਪਹਿਲਾਂ ਵਿਹਾਂਦੜ ਦੀ ਮਾਂ ਕੁੱਜੇ ਵਿੱਚ ਪੈਸੇ ਪਾ ਕੇ ਵਿੱਚ ਸੱਤ ਮੁੱਠੀਆਂ ਬਾਜਰੇ ਦੀਆਂ ਪਾ ਕੇ ਗੜਵੀ ਨਾਲ ਸੱਤ ਵਾਰੀ ਪਾਣੀ ਪਾ ਦਿੰਦੀ ਸੀ , ਉਸ ਤੋਂ ਪਿੱਛੋਂ ਬਾਕੀ ਔਰਤਾਂ ਵੀ ਇਸ ਤਰ੍ਹਾਂ ਹੀ ਕਰਦੀਆਂ ਸਨ।
‘ਮੇਰਾ ਬਾਜਰਾ ਭੈਣੇ ਨੀ ਰਾਤੀਂ ਰੰਗ ਮਹੱਲੇ ਚੜ੍ਹਿਆ,
ਦੀਪੋ ਚੱਬਣ ਲੱਗੀ ਸੰਘ ’ਚ ਦਾਣਾ ਅੜਿਆ।

ਗਲਾ ਪਾਉਣਾ:

ਅਗਲੇ ਦਿਨ ਉਹ ਭਿਓਂਤਾ ਬਾਜਰਾ ਪੁਣ ਕੇ ਵਿਆਹ ਵਾਲੇ ਮੁੰਡੇ ਜਾਂ ਕੁੜੀ ਦੀ ਝੋਲੀ ਵਿੱਚ ਪਾਇਆ ਜਾਂਦਾ ਸੀ। ਤਰਖਾਣੀ ਵਿਹਾਂਦੜ ਦੇ ਗਿੱਟੇ ਉੱਤੇ ਗਾਨਾ ਬੰਨ੍ਹ ਕੇ ਜਾਂਦੀ ਸੀ। ਇਹ ਗਾਨਾ ਬੰਨ੍ਹਣ ਤੋਂ ਬਾਅਦ ਵਿਆਹ ਤਕ ਵਿਹਾਂਦੜ ਨੇ ਘਰੋਂ ਬਾਹਰ ਨਹੀਂ ਨਿਕਲਣਾ ਹੁੰਦਾ ਸੀ। ਇਹ ਗਾਨਾ ਵਿਆਹ ਤੋਂ ਪਿੱਛੋਂ ਮੁੰਡਾ ਆਪਣੇ ਸਹੁਰੇ ਪਿੰਡ ਤੇ ਕੁੜੀ ਆਪਣੇ ਸਹੁਰੇ ਪਿੰਡ ਖੋਲ੍ਹ ਕੇ ਸੁੱਟ ਦਿੰਦੇ ਸਨ। ਗਾਨਾ ਬੰਨਣ ਤੋਂ ਬਾਅਦ ਚੱਕੀ ਗਲਾ ਪਾਇਆ ਜਾਂਦਾ ਸੀ। ਸਭ ਤੋਂ ਪਹਿਲਾਂ ਮਾਂ ਵੱਟੇ ਉੱਤੇ ਹਲਦੀ ਦੀ ਗੰਢੀ ਰੱਖ ਕੇ ਉੱਤੇ ਵੱਟਾ ਮਾਰ ਕੇ ਭੰਨਦੀ ਸੀ, ਫਿਰ ਬਾਕੀ ਔਰਤਾਂ ਗੰਢੀ ਭੰਨਦੀਆਂ ਸਨ। ਫਿਰ ਮਾਂ ਚੱਕੀ ਵਿੱਚ ਸੱਤ ਵਾਰੀ ਕਣਕ ਪਾਉਂਦੀ ਅਤੇ ਬਾਅਦ ਵਿੱਚ ਚਾਚੀਆਂ ਤਾਈਆਂ ਇਕੱਠੀਆਂ ਚੱਕੀ ਦਾ ਹੱਥਾ ਗੇੜਦੀਆਂ ਸਨ ਅਤੇ ਗਾਉਂਦੀਆਂ ਸਨ:
ਕਿਹੜੇ ਰਾਜੇ ਚੱਕੀ ਲਿਆਂਦੀ ਕਿਹੜੀ ਰਾਣੀ ਪੀਠਿਆ
ਕਿਥੋਂ ਲਿਆਂਦੀ ਚੱਕੀ ਤੇ ਕਿਥੋਂ ਲਿਆਂਦਾ ਹੱਥਾ
ਧੁਰੋਂ ਲਹੌਰੋਂ ਚੱਕੀ ਲਿਆਂਦੀ ਵਣੋਂ ਕਰੀਰੋਂ ਹੱਥਾ
ਰਾਜੇ ਚੱਕੀ ਲਿਆਂਦੀ ਰਾਣੀ ਪੀਠਿਆ।
ਵਾਪਸੀ ਸਮੇਂ ਸਭ ਔਰਤਾਂ ਨੂੰ ਸ਼ੱਕਰ ਪਾ ਕੇ ਬੱਕਲੀਆਂ (ਘੁੰਗਣੀਆਂ) ਵੰਡੀਆਂ ਜਾਂਦੀਆਂ ਸਨ।

ਮਾਈਆਂ:

ਸਵੇਰੇ ਗਲਾ ਪਾਉਣ ਤੋਂ ਬਾਅਦ ਉਸੇ ਰਾਤ ਮਾਈਆਂ ਦੀ ਰਸਮ ਹੁੰਦੀ ਸੀ। ਮੁੰਡੇ ਨੂੰ 5-7 ਮੁੰਡੇ ਤੇ ਕੁੜੀ ਨੂੰ ਕੁੜੀਆਂ ਮਿੱਠੇ ਚੌਲ ਖ਼ਵਾਉਂਦੀਆਂ ਸਨ।

ਰੋਟੀ:

ਵਿਆਹ ਤੋਂ 4-5 ਦਿਨ ਪਹਿਲਾਂ ਸ਼ਰੀਕੇ ਨੂੰ ਰੋਟੀ ਕੀਤੀ ਜਾਂਦੀ ਸੀ। ਇਸ ਲਈ ਵਿਆਹ ਵਾਲੇ ਘਰ ਵੱਡੀਆਂ ਤਵੀਆਂ ’ਤੇ ਮੰਡੇ ਪਕਾਏ ਜਾਂਦੇ ਸਨ ਅਤੇ ਕੜਾਹ ਬਣਾਇਆ ਜਾਂਦਾ ਸੀ। ਨਾਈ ਸਭ ਸ਼ਰੀਕੇ ਨੂੰ ਵਿਆਹ ਵਾਲੇ ਘਰ ਰੋਟੀ ਲਈ ਸੱਦਾ ਦਿੰਦਾ ਸੀ। ਸਾਰਾ ਸ਼ਰੀਕਾ ਰੋਟੀ ਵਿਆਹ ਵਾਲੇ ਘਰੋਂ ਪਰਾਤ ਵਿੱਚ ਪਵਾ ਕੇ ਲੈ ਜਾਂਦਾ ਸੀ। ਖਾਣਾ ਤੋਲ ਕੇ ਦਿੱਤਾ ਜਾਂਦਾ ਸੀ। ਭਾਵ ਜਿੰਨਾ ਖਾਣਾ ਕਿਸੇ ਘਰੋਂ ਉਨ੍ਹਾਂ ਦੇ ਵਿਆਹ ਸਮੇਂ ਆਇਆ ਹੁੰਦਾ ਸੀ, ਓਨਾ ਜ਼ਰੂਰ ਮੋੜਿਆ ਜਾਂਦਾ ਸੀ। ਇਸ ਦਿਨ ਤੋਂ ਬਾਅਦ ਸ਼ਰੀਕੇ ਦੀ ਰੋਟੀ ਵਿਆਹ ਵਾਲੇ ਘਰ ਹੁੰਦੀ ਸੀ।

ਜੰਡੀ ਵੱਢਣੀ:

ਬਰਾਤ ਘਰੋਂ ਤੁਰ ਕੇ ਪਿੰਡੋਂ ਬਾਹਰ ਵਾਰ ਕਿਸੇ ਜੰਡੀ ’ਤੇ ਜਾਂਦੀ। ਲਾੜਾ ਜੰਡੀ ਦੁਆਲੇ ਪੰਜ ਗੇੜੇ ਕੱਢਦਾ ਤੇ ਛੇਵੇਂ ਗੇੜੇ ਜੰਡੀ ਉੱਤੇ ਆਪਣੀ ਕਿਰਪਾਨ ਨਾਲ ਪੰਜ ਟੱਕ ਮਾਰਦਾ ਸੀ। ਇਸ ਸਮੇਂ ਲਾੜੇ ਉੱਤੋਂ ਪੈਸੇ ਵਾਰੇ ਜਾਂਦੇ ਸਨ। ਜੰਡੀ ਵੱਢਣ ਦਾ ਅਰਥ ਹੁੰਦਾ ਸੀ ਕਿ ਜੇਕਰ ਰਸਤੇ ਵਿੱਚ ਕੋਈ ਮੁਸੀਬਤ ਆਈ ਤਾਂ ਲਾੜਾ ਉਸ ਦਾ ਮੁਕਾਬਲਾ ਕਰਨ ਦੇ ਸਮਰੱਥ ਹੈ। ਜੰਨ ਉੱਥੋਂ ਹੀ ਵਿਦਾ ਹੋ ਜਾਂਦੀ ਸੀ ਤੇ ਔਰਤਾਂ ਗੀਤ ਗਾਉਂਦੀਆਂ ਘਰ ਨੂੰ ਆ ਜਾਂਦੀਆਂ।

ਪਰੋਸਾ:

ਜਦ ਕੋਈ ਕਿਸੇ ਪਿੰਡ ਵਿਆਹ ਜਾਂਦਾ ਅਤੇ ਉਸ ਪਿੰਡ ਵਿੱਚ ਕਿਸੇ ਘਰ ਕੋਈ ਹੋਰ ਰਿਸ਼ਤੇਦਾਰੀ ਵੀ ਹੁੰਦੀ, ਖ਼ਾਸ ਕਰਕੇ ਜੇ ਕੋਈ ਕੁੜੀ ਉੱਥੇ ਵਿਆਹੀ ਹੁੰਦੀ ਤਾਂ ਉਸ ਦੇ ਘਰ ਮਠਿਆਈ ਲੈ ਕੇ ਜਾਂਦੇ ਸਨ। ਇਸ ਰਸਮ ਨੂੰ ਪਰੋਸਾ ਦੇਣਾ ਕਹਿੰਦੇ ਸਨ।

ਜੰਨ ਬੰਨ੍ਹਣੀ:

ਪੁਰਾਣੇ ਸਮੇਂ ਵਿੱਚ ਜਦੋਂ ਬਰਾਤ ਅੱਗੇ ਖਾਣਾ ਪਰੋਸਿਆ ਜਾਂਦਾ ਸੀ ਤਾਂ ਮੇਲਣਾਂ ਗੀਤ ਗਾ ਕੇ ਜੰਨ ਨੂੰ ਖਾਣਾ ਖਾਣ ਤੋਂ ਰੋਕ ਦਿੰਦੀਆਂ ਸਨ।

ਬਰਾਤ ਦੀ ਸੇਵਾ:

ਪਹਿਲੇ ਸਮੇਂ ਬਰਾਤ 2-3 ਰਾਤਾਂ ਰਹਿ ਕੇ ਮੁੜਦੀ ਸੀ। ਆਨੰਦ ਕਾਰਜ ਸਵੇਰੇ 4 ਵਜੇ ਦੇ ਕਰੀਬ ਤਾਰਿਆਂ ਦੀ ਛਾਵੇਂ ਕੀਤਾ ਜਾਂਦਾ ਸੀ। ਬਰਾਤ ਦੀ ਸੇਵਾ ਲੱਡੂ ਜਲੇਬੀਆਂ ਨਾਲ ਹੀ ਕੀਤੀ ਜਾਂਦੀ ਸੀ ਅਤੇ ਰੋਟੀ ਨਾਲ ਸਿਰਫ਼ ਆਲੂ ਪਕੌੜਿਆ ਦੀ ਸਬਜ਼ੀ ਹੀ ਮੁੱਖ ਹੁੰਦੀ ਸੀ। ਕੋਈ ਸਰਦਾ ਘਰ ਹੀ ਚੌਲ ਪੀਹ ਕੇ ਫਿਰਨੀ ਬਣਾਉਂਦਾ ਸੀ। ਬਰਾਤ ਹੇਠਾਂ ਸਣ ਦੀਆਂ ਪੱਟੀਆਂ ਉੱਤੇ ਬੈਠ ਕੇ    ਰੋਟੀ ਖਾਂਦੀ ਸੀ, ਸਰਦੇ ਲੋਕ ਖੱਦਰ ਦੀਆਂ ਕੋਰਾਂ ਵਿਛਾਉਂਦੇ ਸਨ।

ਸੱਸ ਦਾ ਜਲੇਬ:

ਕੁੜੀ ਦੀ ਡੋਲੀ ਦੇ ਨਾਲ ਹੀ ਇੱਕ ਟੋਕਰੀ ਵਿੱਚ 5 ਜਲੇਬ ਅਤੇ 5 ਗ਼ਜ਼ ਖੱਦਰ ਦਾ ਕੱਪੜਾ ਸੱਸ ਲਈ ਭੇਜਿਆ ਜਾਂਦਾ ਸੀ।

ਤਾਰਾ ਮੀਰਾ ਗਹੁਣਾ:

ਨਾਨਕਾ ਮੇਲ ਨੂੰ ਸਵਾ ਮਣ ਮਠਿਆਈ ਦੇ ਕੇ ਵਿਦਾ ਕੀਤਾ ਜਾਂਦਾ ਸੀ। ਇੰਨੀ ਮਠਿਆਈ ਇਸ ਲਈ ਦਿੱਤੀ ਜਾਂਦੀ ਸੀ ਕਿਉਂਕਿ ਨਾਨਕੇ ਆਪਣੇ ਪਿੰਡ ਜਾ ਕੇ ਆਪਣੇ ਸ਼ਰੀਕੇ ਵਿੱਚ ਦੋਹਤੇ ਦੇ ਵਿਆਹ ਦੀ ਭਾਜੀ ਵੰਡਦੇ ਸਨ। ਜਾਣ ਵੇਲੇ ਮਾਮੀਆਂ ਇਹ ਖ਼ਾਸ ਤੌਰ ’ਤੇ ਗੀਤ ਗਾਉਂਦੀਆਂ ਸਨ:
ਗੰਢਾਂ ਦੇ ਦੇ ਮੇਲ ਸਦਾਇਆ
ਹੁਣ ਕਿਉਂ ਮੇਲ ਤਾਹੀਦਾ ਭੈਣੋਂ
ਸਾਡਾ ਤਾਰਾ ਮੀਰਾ, ਸਾਡਾ ਤਾਰਾ ਮੀਰਾ ਗਾਹੀਦਾ ਭੈਣੋਂ
ਇਸ ਤਰ੍ਹਾਂ ਜਿਹੜਾ ਨਾਨਕਾ ਮੇਲ ਬੰਬੀਹਾ ਬਲਾਉਂਦਾ ਹੋਇਆ ਆਇਆ ਹੁੰਦਾ ਸੀ, ਗੀਤ ਗਾਉਂਦਾ-ਗਾਉਂਦਾ ਹੀ ਵਿਦਾ ਹੋ ਜਾਂਦਾ ਸੀ।

ਸੰਪਰਕ : shaminderbrar83@gmail.com


Comments Off on ਅਲੋਪ ਹੋ ਚੁੱਕੀਆਂ ਵਿਆਹ ਦੀਆਂ ਰਸਮਾਂ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.