ਸ਼ਹੀਦਾਂ ਦੇ ਜੀਵਨ ਅਤੇ ਸਿੱਖਿਆਵਾਂ ਤੋਂ ਪ੍ਰੇਰਣਾ ਲੈਣ ਦੀ ਲੋੜ: ਅਭੈ ਸੰਧੂ !    ਮਨਸਾ ਦੇਵੀ ਨਵਰਾਤਰ ਮੇਲੇ ਲਈ ਹਰਿਆਣਾ ਰੋਡਵੇਜ਼ ਚਲਾਏਗਾ 40 ਬੱਸਾਂ !    ਦਸਵੀਂ ਦਾ ਹਿੰਦੀ ਦਾ ਪੇਪਰ ਲੀਕ !    25 ਆਈਏਐਸ ਤੇ ਇਕ ਪੀਸੀਐਸ ਅਧਿਕਾਰੀਆਂ ਦੇ ਤਬਾਦਲੇ !    ਸ਼ਹੀਦ ਭਗਤ ਸਿੰਘ ਦੀਆਂ ਲਿਖਤਾਂ ਵਿੱਚ ਇਤਿਹਾਸਕ ਹਵਾਲੇ !    ਆਜ਼ਾਦੀ ਦੇ ਪਰਵਾਨੇ ਦੀ ਗੌਰਵ ਗਾਥਾ !    ਬਿਖੜੇ ਪੈਂਡੇ ਦੇ ਹਮਸਫ਼ਰ !    ਫੁਟਬਾਲ: ਦੋਸਤਾਨਾ ਮੈਚ ਵਿੱਚ ਭਾਰਤ ਨੇ ਕੰਬੋਡੀਆ ਨੂੰ ਹਰਾਇਆ !    ਗੁਰੂ ਹਰਿ ਰਾਏ ਜੀ !    ਲਾਹੌਰ ਹਵਾਈ ਅੱਡੇ ਤੋਂ ਰਾਈਫਲ ਤੇ ਗੋਲੀ ਸਿੱਕੇ ਸਮੇਤ ਇਕ ਕਾਬੂ !    

ਅਫ਼ਗਾਨਾਂ ਉੱਤੇ ਸਿੱਖ ਫ਼ੌਜ ਦੀ ਫ਼ਤਹਿ ਦਾ ਪ੍ਰਤੀਕ

Posted On December - 27 - 2016

ਸੁਰਿੰਦਰ ਕੋਛੜ

12712cd _Attock Fort 2ਪਾਕਿਸਤਾਨ ਦੀ ਰਾਜਧਾਨੀ ਇਸਲਾਮਾਬਾਦ ਤੋਂ 80 ਕਿਲੋਮੀਟਰ ਅਤੇ ਪਿਸ਼ਾਵਰ ਤੋਂ 100 ਕਿਲੋਮੀਟਰ ਦੀ ਦੂਰੀ ’ਤੇ ਅਟਕ ਸ਼ਹਿਰ ਵਿੱਚ ਕਿਲ੍ਹਾ ਅਟਕ ਨੇ ਅੱਜ ਵੀ ਦਰਿਆ ਸਿੰਧ ਦੇ ਪੱਤਣ ’ਤੇ ਮੌਜੂਦ ਆਪਣੀ ਸ਼ਾਨ ਨੂੰ ਕਾਇਮ ਰੱਖਿਆ ਹੋਇਆ ਹੈ। ਦੇਸ਼ ਦੀ ਵੰਡ ਤੋਂ ਬਾਅਦ ਤੋਂ ਇਸ ਵਿੱਚ ਪਾਕਿਸਤਾਨੀ ਸੈਨਾ ਦੀ ਛਾਉਣੀ ਕਾਇਮ ਹੈ, ਜਿਸ ਕਾਰਨ ਕਿਲ੍ਹਾ ਯਾਤਰੀਆਂ ਨੂੰ ਅੰਦਰੋਂ ਵੇਖਣ ਦੀ ਮਨਜ਼ੂਰੀ ਨਹੀਂ ਹੈ। ਰਾਵਲਪਿੰਡੀ ਤੋਂ ਪਿਸ਼ਾਵਰ ਜਾਂਦਿਆਂ ਦਰਿਆ-ਏ-ਸਿੰਧ ਦੇ ਪੁਲ ਤੋਂ ਪੁਰਾਣੀ ਜੀ.ਟੀ. ਰੋਡ ਵਾਲੇ ਪਾਸੇ ਸਥਾਪਿਤ ਇਹ ਕਿਲ੍ਹਾ ਦੂਰੋਂ ਵਿਖਾਈ ਦੇ ਜਾਂਦਾ ਹੈ।
ਅਟਕ ਕਿਲ੍ਹਾ ਮੌਜੂਦਾ ਸਮੇਂ ਅਟਕ ਸ਼ਹਿਰ ਤੋਂ ਕਰੀਬ 34 ਕਿਲੋਮੀਟਰ ਦੀ ਦੂਰੀ ’ਤੇ ਪਿੰਡ ਅਟਕ ਖੁਰਦ ਵਿੱਚ ਮੌਜੂਦ ਹੈ। ਕਿਲ੍ਹੇ ਦੀਆਂ ਲੋਹੇ ਵਰਗੀਆਂ ਮਜ਼ਬੂਤ ਅਤੇ ਵਿਸ਼ਾਲ ਦੀਵਾਰਾਂ ਇਸ ਦੀ ਮਹੱਤਤਾ ਦਾ ਅਹਿਸਾਸ ਕਰਵਾਉਂਦੀਆਂ ਹਨ। ਅਫ਼ਗਾਨੀ ਹਮਲਾਵਰਾਂ ਅਤੇ ਧਾੜਵੀਆਂ ਵੱਲੋਂ ਪੰਜਾਬ ’ਤੇ ਹਮਲਿਆਂ ਲਈ ਸਵਾਗਤੀ ਪ੍ਰਵੇਸ਼ ਦੁਆਰ ਵਜੋਂ ਇਹ ਕਿਲ੍ਹਾ ਇਸਤੇਮਾਲ ਕੀਤਾ ਜਾਂਦਾ ਸੀ ਅਤੇ ਸਿੱਖ ਰਾਜ ਸਮੇਂ ਇਸ ਦੇ ਪ੍ਰਬੰਧ ਅਫ਼ਗਾਨੀ ਹਕੂਮਤ ਦੇ ਸਰਦਾਰ ਜਹਾਨ ਦਾਦ ਖ਼ਾਂ ਦੇ ਅਧੀਨ ਸਨ। ਮਹਾਰਾਜਾ ਰਣਜੀਤ ਸਿੰਘ ਇਹ ਸਮਝ ਚੁੱਕੇ ਸਨ ਕਿ ਜਦੋਂ ਤਕ ਕਿਲ੍ਹਾ ਅਟਕ ’ਤੇ ਅਫ਼ਗਾਨੀ ਹਕੂਮਤ ਦਾ ਕਬਜ਼ਾ ਰਹੇਗਾ, ਉਦੋਂ ਤਕ ਪੰਜਾਬ ਵਿੱਚ ਅਮਨ ਬਹਾਲ ਨਹੀਂ ਕੀਤਾ ਜਾ ਸਕਦਾ। ਅਫ਼ਗਾਨੀਆਂ ਦੇ ਨਿੱਤ ਦੇ ਹਮਲਿਆਂ ਨੂੰ ਰੋਕਣ ਲਈ ਇਸ ਕਿਲ੍ਹੇ ’ਤੇ ਖ਼ਾਲਸਾ ਦਰਬਾਰ ਦਾ ਕਬਜ਼ਾ ਹੋਣਾ ਜ਼ਰੂਰੀ ਸੀ। ਇਸ ਉਦੇਸ਼ ਦੀ ਪੂਰਤੀ ਲਈ ਜੁਲਾਈ 1813 ਵਿੱਚ ਦੀਵਾਨ ਮੋਹਕਮ ਚੰਦ, ਹਰੀ ਸਿੰਘ ਨਲਵਾ, ਜੀਵੰਤ ਸਿੰਘ ਮੋਕਲ ਤੇ ਕੁਝ ਹੋਰਨਾਂ ਸਰਦਾਰਾਂ ਨੂੰ ਫ਼ੌਜ ਸਹਿਤ ਇਸ ਮੁਹਿੰਮ ਲਈ ਰਵਾਨਾ ਕੀਤਾ ਗਿਆ। ਜਹਾਨ ਦਾਦ ਖ਼ਾਂ ਨੂੰ ਇਹ ਖ਼ਬਰ ਮਿਲਣ ’ਤੇ ਉਸ ਨੇ 15000 ਦੇ ਕਰੀਬ ਅਫ਼ਗਾਨੀ ਫ਼ੌਜ ਅਤੇ ਮੁਲਕੀਆ ਲਸ਼ਕਰ ਨਾਲ ਹਜ਼ਰੋ ਨੇੜੇ ਸ਼ਮਸ਼ਾਬਾਦ ਦੇ ਮੈਦਾਨ ਵਿੱਚ ਸਿੱਖ ਫ਼ੌਜ ਦਾ ਰਸਤਾ ਰੋਕਣ ਲਈ ਡੇਰਾ ਲਾ ਲਿਆ। 12 ਜੁਲਾਈ ਦੀ ਸਵੇਰ ਨੂੰ ਸਿੱਖ ਫ਼ੌਜ ਨੇ ਅਫ਼ਗਾਨੀ ਲਸ਼ਕਰ ’ਤੇ ਹਮਲਾ ਬੋਲ ਦਿੱਤਾ। ਰਾਤ ਹੋਣ ਤਕ ਦੋਵਾਂ ਪਾਸਿਆਂ ਦੀਆਂ ਫ਼ੌਜਾਂ ਵਿੱਚ ਘਮਸਾਣ ਯੁੱਧ ਹੋਇਆ ਤੇ ਕਈ ਸੂਰਮਿਆਂ ਨੇ ਆਪਣੇ ਪ੍ਰਾਣ ਗਵਾਏ। ਅਗਲੀ ਸਵੇਰ ਸੂਰਜ ਚੜ੍ਹਦਿਆਂ ਹੀ ਫਿਰ ਗੋਲੀਬਾਰੀ ਸ਼ੁਰੂ ਹੋ ਗਈ। ਦੁਪਹਿਰ ਨੂੰ ਜੀਵੰਤ ਸਿੰਘ ਮੋਕਲ ਦਾ ਟਾਕਰਾ ਦੋਸਤ ਮੁਹੰਮਦ ਖ਼ਾਂ ਨਾਲ ਹੋ ਗਿਆ। ਜੀਵੰਤ ਸਿੰਘ ਨੇ ਤਲਵਾਰ ਨਾਲ ਵਾਰ ਕਰ ਕੇ ਦੋਸਤ ਮੁਹੰਮਦ ਖ਼ਾਂ ਨੂੰ ਧਰਤੀ ’ਤੇ ਸੁੱਟ ਲਿਆ ਅਤੇ ਮਾਰ ਮੁਕਾਇਆ। ਇਹ ਖ਼ਬਰ ਸੁਣ ਕੇ ਅਫ਼ਗਾਨੀ ਫ਼ੌਜ ਵਿੱਚ ਹਲਚਲ  ਮਚ ਗਈ ਅਤੇ ਫ਼ੌਜ ਰਣ ਖੇਤਰ ਤੋਂ ਲੋਪ ਹੋਣੀ ਸ਼ੁਰੂ ਹੋ ਗਈ। ਦੀਵਾਨ ਅਮਰ ਨਾਥ ‘ਜ਼ਫ਼ਰਨਾਮਾ ਮਹਾਰਾਜਾ ਰਣਜੀਤ ਸਿੰਘ’ ਦੇ ਸਫ਼ਾ 74 ’ਤੇ ਲਿਖਦਾ ਹੈ ਕਿ ਇਸ ਯੁੱਧ ਵਿੱਚ ਦੋ ਹਜ਼ਾਰ ਦੇ ਕਰੀਬ ਅਫ਼ਗਾਨੀ ਮਾਰੇ ਗਏ।
ਸਿੱਖ ਫ਼ੌਜ ਤੋਂ ਵੱਡੀ ਹਾਰ ਖਾਣ ਮਗਰੋਂ ਅਫ਼ਗਾਨੀਆਂ ਵਿੱਚ ਕਿਲ੍ਹਾ ਅਟਕ ਨੂੰ ਬਚਾਉਣ ਦੀ ਹਿੰਮਤ ਨਹੀਂ ਸੀ, ਜਿਸ ’ਤੇ ਸਿੱਖ ਫ਼ੌਜ ਨੇ ਸਹਿਜ ਹੀ ਕਿਲ੍ਹੇ ’ਤੇ ਖ਼ਾਲਸਾਈ ਨਿਸ਼ਾਨ ਚੜ੍ਹਾ ਕੇ ਆਪਣੀ ਫ਼ਤਹਿ ਦਾ ਪ੍ਰਮਾਣ ਦੇ ਦਿੱਤਾ। ਇਸ ਪਿੱਛੋਂ 13 ਜੁਲਾਈ 1813 ਤੋਂ 20 ਮਾਰਚ 1849 ਤਕ ਇਹ ਕਿਲ੍ਹਾ ਸਿੱਖ ਫ਼ੌਜ ਦੇ ਅਧਿਕਾਰ ਅਧੀਨ ਰਿਹਾ।
‘ਅਟਕ’ ਹਿੰਦੀ ਸ਼ਬਦ ਹੈ, ਜਿਸ ਦਾ ਅਰਥ ‘ਰੋਕ’ ਹੁੰਦਾ ਹੈ। ਇਹ ਸ਼ਬਦ ਪਹਿਲੀ ਵਾਰ ਆਈਨ-ਏ-ਅਕਬਰੀ ਵਿੱਚ ਵਰਤਿਆ ਗਿਆ। ਇਸ ਦਰਿਆ ਦਾ ਪੁਰਾਣਾ ਤੇ ਸੰਸਕ੍ਰਿਤ ਨਾਂ ‘ਸਿੰਧੂ’ ਹੈ, ਜਦੋਂਕਿ ਗ੍ਰੀਕ ਹਿਸਟੋਰੀਅਨ ਇਸ ਨੂੰ ‘ਸਿਨਥੂ’ ਨਾਂ ਨਾਲ, ਰੋਮਨ ‘‘ਸਿੰਧੋਜ਼’ ਨਾਲ, ਚੀਨੀ ‘ਸਿਨਤੂ’, ਇਰਾਨੀ ‘ਆਬ-ਏ-ਸਿੰਧ’ ਅਤੇ ਪਲੀਨੀ ‘ਇੰਡਸ’ ਦੇ ਨਾਂ ਨਾਲ ਸੰਬੋਧਿਤ ਕਰਦੇ ਹਨ। ਮੁਗ਼ਲ ਬਾਦਸ਼ਾਹ ਅਕਬਰ ਨੇ 1581-1583 ਵਿੱਚ ਇਸ ਦਰਿਆ ਦੇ ਖੱਬੇ ਬੰਨ੍ਹੇ ਪੱਤਣ ’ਤੇ ਇੱਕ ਮਜ਼ਬੂਤ ਕਿਲ੍ਹੇ ਦਾ ਨਿਰਮਾਣ ਖ਼ਵਾਜਾ ਸ਼ਮਜੂਦੀਨ ਖ਼ੁਫ਼ੀ ਦੀ ਨਿਗਰਾਨੀ ਵਿੱਚ ਕਰਵਾਇਆ ਅਤੇ ਇਸ ਦਾ ਨਾਂ ‘ਕਿਲ੍ਹਾ ਅਟਕ’ ਰੱਖਿਆ। ਇਹ ਉੱਚੀ ਜਗ੍ਹਾ ’ਤੇ ਬਣਾਇਆ ਗਿਆ, ਜਿਸ ਨਾਲ ਇਸ ਦਾ ਦਰਿਆ ਦੇ ਪੱਤਣ ’ਤੇ ਪੂਰੀ ਤਰ੍ਹਾਂ ਕਬਜ਼ਾ ਹੋ ਗਿਆ। ਕਿਲ੍ਹਾ ਅਟਕ ਦੀ ਸਫ਼ੈਦ ਪੱਥਰ ਨਾਲ ਬਣੀ ਪੂਰਬ ਵੱਲ ਦੀ ਦੀਵਾਰ ’ਤੇ ਇਸ ਦੇ ਨਿਰਮਾਣ ਦੀ ਤਾਰੀਖ਼ 991 ਹਿਜਰੀ ਫ਼ਾਰਸੀ ਵਿੱਚ ਉੱਕਰੀ ਹੋਈ ਹੈ।
ਸਰ ਅਲੈਗਜ਼ੈਂਡਰ ਬਾਰਨਸ ‘ਕਾਬਲ ਬਾਈ ਬਾਰਨਸ’ ਵਿੱਚ ਲਿਖਦਾ ਹੈ ਕਿ ਉਸ ਨੇ ਪਹਿਲੀ ਵਾਰ ਮਾਰਚ 1832 ਵਿੱਚ ਕਿਲ੍ਹਾ ਅਟਕ ਵੇਖਿਆ। ਉਹ ਲਿਖਦਾ ਹੈ, ‘‘14 ਮਾਰਚ 1832 ਨੂੰ ਜਦੋਂ ਮੈਂ ਹਰੀ ਸਿੰਘ ਨਲਵਾ ਪਾਸ ਅਟਕ ਪਹੁੰਚਿਆ ਤਾਂ ਉਹ ਮੈਨੂੰ ਬੜੇ ਪਿਆਰ ਨਾਲ ਮਿਲਿਆ। ਜਦੋਂ ਅਸੀਂ ਘੋੜਿਆਂ ’ਤੇ ਦਰਿਆ ਪਾਰ ਕਰਨ ਲੱਗੇ ਤਾਂ ਦਰਿਆ ਦੀਆਂ ਉੱਚੀਆਂ ਉੱਠ ਰਹੀਆਂ ਲਹਿਰਾਂ ਨੂੰ ਵੇਖ ਕੇ ਮੈਂ ਡਰ ਗਿਆ, ਪਰ ਨਲਵਾ ਨੇ ਘੋੜੇ ਨੂੰ ਅੱਡੀ ਲਾ ਕੇ ਠਾਠਾਂ ਮਾਰਦੇ ਦਰਿਆ ਵਿੱਚ ਠੇਲ੍ਹ ਦਿੱਤਾ ਅਤੇ ਸਾਨੂੰ ਵੀ ਉਸ ਦੇ ਪਿੱਛੇ ਜਾਣਾ ਪਿਆ। ਇਸ ਤਰ੍ਹਾਂ ਅਸੀਂ ਦਰਿਆ ਦੀ ਪਹਿਲੀ ਧਾਰ ਸਹੀ-ਸਲਾਮਤ ਪਾਰ ਕਰ ਲਈ। ਜਦੋਂ ਅਸੀਂ ਅਗਲੀ ਧਾਰ ਪਾਰ ਕਰਨ ਲੱਗੇ ਤਾਂ ਕੁਝ ਹੋਰ ਘੋੜਸਵਾਰ ਮੁਸਾਫ਼ਰ ਸਾਨੂੰ ਘੋੜਿਆਂ ’ਤੇ ਪਾਰ ਹੁੰਦਾ ਵੇਖ ਸਾਡੇ ਪਿੱਛੇ-ਪਿੱਛੇ ਦਰਿਆ ਵਿੱਚ ਆ ਵੜੇ। ਉਹ ਅਜੇ ਥੋੜ੍ਹੀ ਅੱਗੇ ਗਏ ਸਨ ਕਿ ਦਰਿਆ ਦੀਆਂ ਉੱਚੀਆਂ ਲਹਿਰਾਂ ਉੱਠੀਆਂ ਅਤੇ ਉਨ੍ਹਾਂ ਨੂੰ ਰੋੜ ਕੇ ਲੈ ਗਈਆਂ। ਇਸ ’ਤੇ ਮੈਂ ਭੈਭੀਤ ਹੋ ਕੇ ਨਲਵਾ ਸਰਦਾਰ ਨੂੰ ਕਿਹਾ ਕਿ ਸਾਨੂੰ ਹੋਰ ਅੱਗੇ ਨਹੀਂ ਜਾਣਾ ਚਾਹੀਦਾ ਅਤੇ ਸਾਡਾ ਪਿੱਛੇ ਪਰਤਣਾ ਹੀ ਚੰਗਾ ਹੈ। ਮੇਰੀ ਇਸ ਗੱਲ ਨੂੰ ਸੁਣ ਕੇ ਉਹ ਹੱਸਦਾ ਹੋਇਆ ਕਹਿਣ ਲੱਗਾ ਕਿ ‘ਸਿੱਖ’ ਬਣਨ ਦਾ ਕੀ ਫਾਇਦਾ, ਜੇ ਸਿੱਖ ਦਰਿਆ ਅਟਕ (ਸਿੰਧ) ਇਸ ਤਰ੍ਹਾਂ ਨਾਲ ਘੋੜੇ ’ਤੇ ਪਾਰ ਹੀ ਨਾ ਕਰ ਸਕੇ? ਉਸ ਦਾ ਭਾਵ ਸੀ ਕਿ ਦਰਿਆ ਅਟਕ ਕਿਸੇ ਸਿੱਖ ਨੂੰ ਨਹੀਂ ਰੋੜ ਸਕਦਾ।’’
ਸਰ ਬਾਰਨਸ ਅਨੁਸਾਰ ਜਦੋਂ ਉਹ ਦੂਜੀ ਵਾਰ ਕਾਬਲ ਜਾਂਦਾ ਹੋਇਆ 1837 ਵਿੱਚ ਅਟਕ ਤੋਂ ਗੁਜ਼ਰਿਆ ਤਾਂ ਦਰਿਆ ਅਟਕ ’ਤੇ ਮਹਾਰਾਜਾ ਰਣਜੀਤ ਸਿੰਘ ਦੁਆਰਾ ਬਣਵਾਇਆ ਪੁਲ ਬਣਿਆ ਹੋਇਆ ਸੀ, ਜਿਸ ਵਿੱਚ 30 ਬੇੜੀਆਂ ਜੋੜੀਆਂ ਗਈਆਂ ਸਨ। ਇੱਥੇ ਦਰਿਆ ਅਟਕ ਦੀ ਚੌੜਾਈ 507 ਫੁੱਟ ਅਤੇ ਡੂੰਘਾਈ 72 ਫੁੱਟ ਸੀ। ਉਸ ਸਮੇਂ ਹਰੀ ਸਿੰਘ ਨਲਵਾ ਦੁਆਰਾ ਬਣਾਏ ਅਟਕ ਦੇ ਪੁਲ ਦੇ ਤਿੰਨ ਪਾਏ (ਪਿੱਲਰ) ਦਰਿਆ ਵਿੱਚ ਕਿਲ੍ਹੇ ਦੇ ਨੇੜੇ ਮੌਜੂਦ ਸਨ। ਇਨ੍ਹਾਂ ਵਿੱਚ ਪੁਲ ਦੇ ਰੱਸੇ ਬੰਨ੍ਹਣ ਲਈ ਲੋਹੇ ਦੇ ਭਾਰੀ ਕੜੇ ਤੇ ਹੁੱਕ ਲੱਗੇ ਹੋਏ ਸਨ।

ਸੰਪਰਕ: 9356127771


Comments Off on ਅਫ਼ਗਾਨਾਂ ਉੱਤੇ ਸਿੱਖ ਫ਼ੌਜ ਦੀ ਫ਼ਤਹਿ ਦਾ ਪ੍ਰਤੀਕ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.