ਅਟਾਰੀ ਸਰਹੱਦ ’ਤੇ ਲਹਿਰਾਏ ਕੌਮੀ ਝੰਡੇ ਸਬੰਧੀ ਸੀਬੀਆਈ ਜਾਂਚ ਮੰਗੀ !    ਸਾਬਕਾ ਚੇਅਰਮੈਨ ਰੌਕੀ ਕਾਂਸਲ ਨੂੰ ਨਿਆਂਇਕ ਹਿਰਾਸਤ ’ਚ ਭੇਜਿਆ !    ਮੈਚ ਫ਼ਿਕਸਿੰਗ: ਮੁਹੰਮਦ ਇਰਫ਼ਾਨ ਉੱਪਰ ਪਾਬੰਦੀ !    ਨਵਜੋਤ ਸਿੱਧੂ ਵੱਲੋਂ ਨਗਰ ਸੁਧਾਰ ਟਰੱਸਟਾਂ ਦੇ ਅਹੁਦੇਦਾਰ ਫ਼ਾਰਗ !    ਆਨਲਾਈਨ ਸ਼ਾਪਿੰਗ ਦੀ ਦੁਨੀਆਂ ਵਿੱਚ ਕਰੀਅਰ ਬਣਾਉਣ ਦੇ ਵਸੀਲੇ !    ਖ਼ਤਰਨਾਕ ਹੋ ਸਕਦਾ ਹੈ ਉੱਚੀ ਅੱਡੀ ਦਾ ਸ਼ੌਕ !    ਭੀਮ ਐਪ: ਨਗ਼ਦੀ ਰਹਿਤ ਲੈਣ-ਦੇਣ ਦੀ ਸਰਲ ਪ੍ਰਕਿਰਿਆ !    ਨੌਜਵਾਨ ਸੋਚ : ਕੀ ਹੋਵੇ ਪੰਜਾਬ ਦੀ ਨਵੀਂ ਸਿੱਖਿਆ ਨੀਤੀ ? !    ਮਲੇਸ਼ਿਆਈ ਪ੍ਰਧਾਨ ਮੰਤਰੀ ਦਾ ਦੌਰਾ ਅੱਜ ਤੋਂ !    ਪਹਿਲੀ ਨੂੰ ਬ੍ਰਾਂਚਾਂ ਖੋਲ੍ਹਣ ਦਾ ਫ਼ੈਸਲਾ ਆਰਬੀਆਈ ਨੇ ਬੈਂਕਾਂ ’ਤੇ ਛੱਡਿਆ !    

ਅੰਗਰੇਜ਼ੀ-ਪੰਜਾਬੀ ਸ਼ਬਦਾਂ ਦੀ ਸੰਬਾਦਿਕਤਾ

Posted On December - 24 - 2016

ਜਲੌਰ ਸਿੰਘ ਖੀਵਾ

ਜਲੌਰ ਸਿੰਘ ਖੀਵਾ

ਜਲੌਰ ਸਿੰਘ ਖੀਵਾ

‘ਸੰਬਾਦਿਕਤਾ’ ਸ਼ਬਦ ‘ਸੰਬਾਦ’ (ਨਾਂਵ) ਤੋਂ ਬਣੇ ਵਿਸ਼ੇਸ਼ਣ ਸੰਬਾਦਕ ਤੋਂ ਵਿਕਸਿਤ ਹੋਇਆ ਭਾਵ-ਵਾਚਕ ਨਾਂਵ ਹੈ, ਜਿਸ ਦਾ ਅਰਥ ਹੈ ਦੁਵੱਲਾ ਸਬੰਧ, ਜਿਸ ਕਰਕੇ ਇਸ ਨੂੰ ਦਵੰਦਵਾਦੀ ਸਬੰਧ ਵੀ ਕਿਹਾ ਜਾਂਦਾ ਹੈ। ਮਾਰਕਸਵਾਦੀ ਨਜ਼ਰੀਏ ਤੋਂ ਵਿਸ਼ਵ ਦਾ ਹਰ ਵਰਤਾਰਾ ਜਾਂ ਵਸਤ ਆਪਣੇ ਜਿਹੇ ਕਿਸੇ ਹੋਰ ਵਰਤਾਰੇ ਜਾਂ ਵਸਤ ਨਾਲ ਦਵੰਦਵਾਦੀ ਸਬੰਧ ਵਿੱਚ ਜੁੜੀ ਹੁੰਦੀ ਹੈ ਅਤੇ ਇਸ ਸਬੰਧ ਤਹਿਤ ਹੀ ਉਨ੍ਹਾਂ ਦਾ ਆਪਸੀ ਆਦਾਨ-ਪ੍ਰਦਾਨ ਹੁੰਦਾ ਹੈ। ਇਹ ਆਦਾਨ-ਪ੍ਰਦਾਨ ਆਪਸੀ ਸਹਿਮਤੀ ਨਾਲ ਵੀ ਹੁੰਦਾ ਹੈ ਅਤੇ ਧੱਕੇ ਨਾਲ ਵੀ। ਇਹ ਸਪੱਸ਼ਟ ਹੈ ਕਿ ਧੱਕੜ ਧਿਰ ਅਕਸਰ ਹੀ ਧੱਕੇਸ਼ਾਹੀ ਕਰਦੀ ਹੈ ਅਤੇ ਆਪਣੇ ਵਰਤਾਰੇ ਨੂੰ ਦੂਸਰੇ ਵਰਤਾਰੇ ਉੱਤੇ ਠੋਸਦੀ ਹੀ ਨਹੀਂ ਉਸ ਨੂੰ ਸਵੀਕਾਰ ਕਰਨ ਲਈ ਵੀ ਮਜਬੂਰ ਕਰਦੀ ਹੈ। ਭਾਸ਼ਾਵਾਂ ਦੇ ਸਬੰਧ ਵਿੱਚ ਵੀ ਇਹੋ ਕੁਝ ਵਾਪਰਦਾ ਹੈ। ਜਦੋਂ ਦੋ ਜਾਂ ਦੋ ਵੱਧ ਕੌਮਾਂ (ਸਮੂਹਾਂ) ਦਾ ਇੱਕ-ਦੂਜੇ ਨਾਲ ਵਾਹ ਪੈਂਦਾ ਹੈ ਤਾਂ ਨਿਸ਼ਚੇ ਹੀ ਤਕੜੀ ਕੌਮ ਦੀ ਭਾਸ਼ਾ ਦੂਸਰੀਆਂ ਕੌਮਾਂ ਦੀਆਂ ਭਾਸ਼ਾਵਾਂ ਨੂੰ ਪ੍ਰਭਾਵਤ ਕਰਦੀ ਹੈ। ਇਸ ਪ੍ਰਭਾਵ ਅਧੀਨ ਉਹ ਦੂਸਰੀਆਂ ਭਾਸ਼ਾਵਾਂ ਦੇ ਲੋੜੀਂਦੇ ਸ਼ਬਦਾਂ ਉੱਤੇ ਆਪਣਾ ਅਧਿਕਾਰ ਵੀ ਜਮਾਉਂਦੀ ਹੈ ਅਤੇ ਆਪਣੀ ਭਾਸ਼ਾ ਦੇ ‘ਮਨ-ਪਸੰਦ’ ਸ਼ਬਦਾਂ ਨੂੰ ਦੂਸਰੀਆਂ ਭਾਸ਼ਾਵਾਂ ਵਿੱਚ ਘੁਸੇੜਦੀ ਵੀ ਹੈ। ਇਹ ਦੂਸਰੀ ਭਾਸ਼ਾ ਦੀ ਸਮਰੱਥਾ ਤੇ ਚਰਿੱਤਰ ’ਤੇ ਨਿਰਭਰ ਕਰਦਾ ਹੈ ਕਿ ਉਹ ‘ਓਪਰੇ’ ਸ਼ਬਦਾਂ ਨੂੰ ਕਿਸ ਰੂਪ ਵਿੱਚ ਅਪਣਾਉਂਦੀ ਜਾਂ ਗ੍ਰਹਿਣ ਕਰਦੀ ਹੈ। ਪਰ ਸਮਾਂ ਪਾ ਕੇ ਗ੍ਰਹਿਣ ਕੀਤੇ ਗਏ ਓਪਰੇ ਸ਼ਬਦ ਉਸ ਭਾਸ਼ਾ ਵਿੱਚ ਇਸ ਤਰ੍ਹਾਂ ਰਚਮਿਚ ਜਾਂਦੇ ਹਨ ਕਿ ਉਨ੍ਹਾਂ ਬਾਰੇ ਨਿਰਣਾ ਕਰਨਾ ਔਖਾ ਹੋ ਜਾਂਦਾ ਹੈ ਕਿ ਉਹ ਸ਼ਬਦ ਮੌਲਿਕ ਹਨ ਜਾਂ ਉਧਾਰੇ ਲਏ ਗਏ ਹਨ। ਪਰ ਇੱਕ ਗੱਲ ਸਪੱਸ਼ਟ ਹੈ ਕਿ ਹਰ ਭਾਸ਼ਾ ਦੂਸਰੀ ਭਾਸ਼ਾ ਦੇ ਸ਼ਬਦਾਂ ਨੂੰ ਭਾਵੇਂ ਆਪਣੀ ਲੋੜ (ਮਰਜ਼ੀ) ਅਨੁਸਾਰ ਗ੍ਰਹਿਣ ਕਰੇ ਜਾਂ ਕਿਸੇ ਮਜਬੂਰੀਵੱਸ, ਉਹ ਉਨ੍ਹਾਂ ਨੂੰ ਆਪਣੇ ਚਰਿੱਤਰ ਅਨੁਸਾਰ ‘ਤਦਭਵ’ ਰੂਪ ਵਿੱਚ ਹੀ ਅਪਣਾਉਂਦੀ ਹੈ। ਜੇ ਓਪਰੇ ਸ਼ਬਦ ਰੂਪਕ ਪੱਖੋਂ ਹੂ-ਬ-ਹੂ ਅਪਣਾ ਵੀ ਲਏ ਜਾਣ ਤਾਂ ਉਨ੍ਹਾਂ ਦੇ ਉਚਾਰਨ ਵਿੱਚ ਜ਼ਰੂਰ ਤਬਦੀਲੀ (ਤਦਭਵ ਰੂਪ) ਆ ਜਾਂਦੀ ਹੈ, ਕਿਉਂਕਿ ਹਰ ਭਾਸ਼ਾ ਦੇ ਬੁਲਾਰੇ ਦਾ ਉਚਾਰਨ ਲਹਿਜ਼ਾ ਆਪਣਾ ਹੁੰਦਾ ਹੈ ਜੋ ਅਕਸਰ ਹੀ ਦੂਸਰੀ ਭਾਸ਼ਾ ਦੇ ਬੁਲਾਰਿਆਂ ਨਾਲੋਂ ਵੱਖਰਾ ਤੇ ਮੌਲਿਕ ਹੁੰਦਾ ਹੈ। ਅੰਗਰੇਜ਼ੀ-ਪੰਜਾਬੀ ਭਾਸ਼ਾਵਾਂ ਉੱਤੇ ਵੀ ਉਪਰੋਕਤ ਧਾਰਨਾ ਲਾਗੂ ਹੁੰਦੀ ਹੈ।
ਭਾਸ਼ਾਈ ਦ੍ਰਿਸ਼ਟੀ ਤੋਂ ਤੁਲਨਾ ਕੀਤਿਆਂ ਪੰਜਾਬੀ, ਅੰਗਰੇਜ਼ੀ ਤੇ ਫਾਰਸੀ ਤਿੰਨੇ ਭਾਸ਼ਾਵਾਂ ਦੀ ਸ਼ਬਦਾਵਲੀ ਵਿੱਚ ਕਾਫੀ ਸਮਰੂਪਤਾ ਤੇ ਸਾਂਝ ਪ੍ਰਤੱਖ ਹੋ ਜਾਂਦੀ ਹੈ। ਸਾਡਾ ਸਰੋਕਾਰ ਸਿਰਫ ਅੰਗਰੇਜ਼ੀ-ਪੰਜਾਬੀ ਸ਼ਬਦਵਲੀ ਨੂੰ ਹੀ ਨਿਹਾਰਦਾ ਤੇ ਵਿਚਾਰਨਾ ਹੈ ਕਿਉਂਕਿ ਫਾਰਸੀ ਭਾਸ਼ਾ ਰਾਜਨੀਤਕ ਤੇ ਸੱਭਿਆਚਾਰਕ ਪ੍ਰਸਥਿਤੀਆਂ ਕਰਕੇ ਪੰਜਾਬੀ ਭਾਸ਼ਾ ਨਾਲ ਕਾਫੀ ਰਚਮਿਚ ਗਈ ਹੈ ਅਤੇ ਇਨ੍ਹਾਂ ਦੇ ਅਣਗਿਣਤ ਸਾਂਝੇ ਸ਼ਬਦਾਂ ਨੂੰ ਕਿਸੇ ਇੱਕ ਭਾਸ਼ਾ ਨਾਲ ਸਬੰਧਤ ਕਰਨਾ ਨਾਮੁਮਕਿਨ ਹੈ। ਇਤਿਹਾਸਕ ਦ੍ਰਿਸ਼ਟੀ ਤੋਂ ਵਾਚਿਆਂ ਇਹ ਗੱਲ ਲੜੀ ਚੁੱਭਵੀਂ ਪਰ ਢੁੱਕਵੀਂ ਪ੍ਰਤੀਤ ਹੁੰਦੀ ਹੈ ਕਿ ਅੰਗਰੇਜ਼ੀ ਭਾਸ਼ਾ ਨੇ ਪੰਜਾਬੀ ਤੋਂ ਬਹੁਤ ਦੇਰ ਬਾਅਦ ਜਨਮ ਲੈ ਕੇ ਵੀ ਇਸ ਨੂੰ ਬੇ-ਹੱਦ ਪ੍ਰਭਾਵਤ ਕੀਤਾ ਹੈ। ਇਸ ਦਾ ਕਾਰਨ ਰਾਜਨੀਤਕ ਹੈ। ਅੰਗਰੇਜ਼ ਇੱਕ ਤਾਕਤਵਰ ਤੇ ਸਿਆਣੇ ਜੇਤੂ ਦੇ ਰੂਪ ਵਿੱਚ ਪੰਜਾਬ ਉੱਤੇ ਕਾਬਜ਼ ਹੁੰਦੇ ਹਨ ਅਤੇ ਆਪਣੀ ਤਾਕਤ ਤੇ ਸਿਆਣਪ ਦੇ ਸੁਮੇਲ ਨਾਲ ਪੰਜਾਬੀ ਭਾਸ਼ਾ ਨੂੰ ਪ੍ਰਭਾਵਤ ਕਰਦੇ ਹਨ। ਮੁੱਢ ਵਿੱਚ ਪੇਸ਼ ਕੀਤੀ ਗਈ ਧਾਰਨਾ ਅਨੁਸਾਰ ਉਹ ਤਕੜੀ ਧਿਰ ਹੋਣ ਦੇ ਨਾਤੇ ਪੰਜਾਬੀ ਦੇ ਬਹੁਤ ਸਾਰੇ ਸ਼ਬਦਾਂ ਨੂੰ ਆਪਣੀ ਲੋੜ ਤੇ ਸਹੂਲਤ ਲਈ ਬੇਝਿਜਕ ਹੋ ਕੇ ਅਪਣਾ ਲੈਂਦੇ ਹਨ ਅਤੇ ਬੜੀ ਸਿਆਣਪ (ਚਾਲਾਕੀ) ਨਾਲ ਆਪਣੀ ਭਾਸ਼ਾ ਨੂੰ ਪੰਜਾਬੀ ਭਾਸ਼ਾ ਉੱਤੇ ਠੋਸ ਦਿੰਦੇ ਹਨ। ਸਿੱਟਾ ਇਹ ਨਿਕਲਦਾ ਹੈ ਕਿ ਪੰਜਾਬੀ ਵਿੱਚ ਵਿਗਿਆਨ ਤੇ ਤਕਨਾਲੋਜੀ ਨਾਲ ਸਬੰਧਤ ਸ਼ਬਦਾਵਲੀ ਨਾ ਹੋਣ ਕਰਕੇ, ਉਸ  ਘਾਟ  ਦੀ ਪੂਰਤੀ ਲਈ ਅੰਗਰੇਜ਼ੀ ਸ਼ਬਦਾਂ ਨੂੰ ਅਪਣਾਉਣਾ ਮਜਬੂਰੀ ਤੇ ਲੋੜ ਬਣ ਗਈ। ਇਹੀ ਕਾਰਨ ਹੈ ਕਿ ਨਵੇਂ ਅੰਗਰੇਜ਼ੀ ਸ਼ਬਦਾਂ ਜਿਵੇਂ ਕਾਰ, ਟਰੈਕਟਰ, ਮੋਟਰ, ਮਸ਼ੀਨ, ਮਸ਼ੀਨਰੀ ਆਦਿ ਆਪਣਾਉਂਦਿਆਂ ਕਿਸੇ ਤਰ੍ਹਾਂ ਦੀ ਸੰਬਾਦਿਕਤਾ ਨਾਲ ਉਲਝਣਾ ਨਹੀਂ ਪਿਆ। ਲਾਰਡ ਮੈਕਾਲੇ ਤੇ ਲਾਰਡ ਵਿਲੀਅਮ ਬੈਟਿੰਕ ਦੀ  ਵਿਦਿਆ ਨੀਤੀ ਨੇ ਸੰਬਾਦਿਕਤਾ ਪੈਦਾ ਹੀ ਨਹੀਂ ਹੋਣ ਦਿੱਤੀ। ਇਹ ਪ੍ਰਭਾਵ ਅੱਜ ਵੀ ਬਾ-ਦਸਤੂਰ ਜਾਰੀ ਹੈ ਅਤੇ ਪੰਜਾਬੀ ਲੋਕ ਚਾਈਂ-ਚਾਈਂ ਇਸ ਵੱਲ ਅਕਰਸ਼ਿਤ ਹੁੰਦੇ ਵੇਖੇ ਜਾ ਸਕਦੇ ਹਨ।
ਸਾਡੇ ਨਿਬੰਧ ਦਾ ਸਰੋਕਾਰ ਭਾਸ਼ਾਈ ਸਬੰਧਾਂ ਦੀ ਸੰਬਾਦਿਕਤਾ ਨਾਲ ਹੈ। ਇੱਥੇ ਅਸੀਂ ਇਸ ਚਰਚਾ ਤੋਂ ਗੁਰੇਜ਼ ਕਰਾਂਗੇ ਕਿ ਕਿਹੜਾ ਅੰਗਰੇਜ਼ੀ ਸ਼ਬਦ ਪੰਜਾਬੀ ਨੇ ਗ੍ਰਹਿਣ ਕੀਤਾ ਤੇ ਕਿਹੜਾ ਪੰਜਾਬੀ ਸ਼ਬਦ ਅੰਗਰੇਜ਼ੀ ਨੇ ਅਪਣਾਇਆ ਪਰ ਲੋੜ ਅਨੁਸਾਰ ਇਸ ਵੱਲ ਸੰਕੇਤ ਜ਼ਰੂਰ ਕਰਾਂਗੇ। ਕੁਝ ਸ਼ਬਦ ਸੰਕਲਪ ਪੱਖੋਂ ਇੱਕ ਰੂਪ ਹਨ, ਸਿਰਫ ਉਨ੍ਹਾਂ ਦੇ ਉਚਾਰਨ ਵਿੱਚ ਫਰਕ ਆਇਆ ਹੈ। ਮਿਸਾਲ ਵਜੋਂ ਸੇਂਟ (Saint) ਸ਼ਬਦ ਪੰਜਾਬੀ ਸ਼ਬਦ ‘ਸੰਤ’ ਨਾਲ ਮਿਲਦਾ ਹੈ। ਅਪ੍ਰੋਚ (approach) ਨੂੰ ਪੰਜਾਬੀ ਵਿੱਚ ਪਹੁੰਚ, ਹੈਵੀ (heavy) ਹਾਵੀ, ਅਪਰ (upper) ਨੂੰ ਉਪਰ, ਅੰਡਰ (under) ਨੂੰ ਅੰਦਰ ਉਚਾਰਦੇ ਹਾਂ। ਉਪਰੋਕਤ ਮਾਮੂਲੀ ਉਚਾਰਨ ਫਰਕ ਵਾਲੇ ਸ਼ਬਦਾਂ ਤੋਂ ਇਲਾਵਾ ਕੁਝ ਸ਼ਬਦ ਉਚਾਰਨ ਪੱਖੋਂ ਇੱਕੋ ਜਿਹੇ ਹਨ ਪਰ ਉਨ੍ਹਾਂ ਦੇ ਸੰਕਲਪਾਂ ਵਿੱਚ ਮਾਮੂਲੀ ਜਿਹਾ ਫਰਕ ਹੈ। ਜਿਵੇਂ ਅੰਗਰੇਜ਼ੀ ਸ਼ਬਦ ਕੋਰ (core) ਦਿਲ ਦੇ ਧੁਰ ਅੰਦਰ ਜਾਂ ਗਿਰੀ ਵਿਚਲੇ ਮਗਜ਼ ਲਈ ਵਰਤਿਆ ਜਾਂਦਾ ਹੈ, ਜਿਸ ਨੂੰ ਇਸੇ ਉਚਾਰਨ ਨਾਲ ਪੰਜਾਬੀ ਵਿੱਚ ਮਿੱਟੀ ਦੀ (ਧਰਤੀ ਦੀ) ਹੇਠਲੀ ਤਹਿ ਵਿੱਚੋਂ ਨਿਕਲੀ ਚੀਕਣੀ ਮਿੱਟੀ ਨੂੰ ਕੋਰ ਆਖਦੇ ਹਨ। ਇਸੇ ਤਰ੍ਹਾਂ ਅੰਗਰੇਜ਼ੀ ਸ਼ਬਦ ਪੋਰ (Pour) ਦੇ ਅਰਥ ਕਿਸੇ ਵਸਤੂ ਨੂੰ ਕਿਸੇ ਭਾਂਡੇ ਵਿੱਚ ਉੱਲਦਣਾ ਜਾਂ ਪਾਉਣਾ ਹੈ ਜਦੋਂਕਿ ਪੰਜਾਬੀ ਵਿੱਚ ਬਿਜਾਈ ਵਾਲੇ ਹਲ ਦੀ ਜੰਘੀ ਨਾਲ ਬੰਨ੍ਹੀਂ ਹੋਈ ਨਾਲੀ, ਜਿਸ ਰਾਹੀਂ ਸਿਆੜ ਵਿੱਚ ਦਾਣੇ ਕੇਰੇ ਜਾਂਦੇ ਹਨ, ਨੂੰ ਪੋਰ ਆਖਦੇ ਹਨ। ਕਈ ਸ਼ਬਦਾਂ ਦਾ ਸੰਕਲਪ ਤੇ ਉਚਾਰਨ ਮਿਲਦਾ -ਜੁਲਦਾ ਹੈ ਜਿਵੇਂ ਅੰਗਰੇਜ਼ੀ ਵਿੱਚ ਡਾਂਟ (daunt) ਸ਼ਬਦ ਨੂੰ ਪੰਜਾਬੀ ਵਿੱਚ ਵੀ ਅੰਗਰੇਜ਼ੀ ਵਾਂਗ ਵਰਤਿਆ ਜਾਂਦਾ ਹੈ। ਸੰਭਵ ਹੈ ਇਹ ਸ਼ਬਦ ਅੰਗਰੇਜ਼ੀ ਵਿੱਚੋਂ ਪੰਜਾਬੀ ਵਿੱਚ ਆਇਆ ਹੋਵੇ ਕਿਉਂਕਿ ਅੰਗਰੇਜ਼ੀ ਸਾਸ਼ਕ ਪੰਜਾਬੀਆਂ ਨੂੰ ਅਕਸਰ ਹੀ ਡਾਂਟਦੇ ਰਹਿੰਦੇ ਸਨ। ਇਸ ਦੇ ਵਿਪਰੀਤ, ਸੰਭਵ ਹੈ, ਕੁਝ ਪੰਜਾਬੀ ਸ਼ਬਦ ਅੰਗਰੇਜ਼ੀ ਵਿੱਚ ਗਏ ਹੋਣ। ਜਿਵੇਂ ਕਲੈਸ਼ (clash) ਸ਼ਬਦ ਪੰਜਾਬੀ ਸ਼ਬਦ ਕਲੇਸ਼ ਦਾ ਹੀ ਲਿਪੀ ਅੰਤਰ ਹੈ। ਇਸ ਤਰ੍ਹਾਂ ਦਾ ਪੰਜਾਬੀ ਸ਼ਬਦ ਸ਼ਸ਼ੋਪੰਜ ਅੰਗਰੇਜ਼ੀ ਸ਼ਬਦ ਸਸਪੈਂਸ (Suspense) ਵਿੱਚ ਤਬਦੀਲ ਹੋ ਗਿਆ ਹੈ।
ਪੰਜਾਬੀ ਦੇ ਬਹੁਤ ਸਾਰੇ ਫਾਰਸੀਨੁਮਾ ਸ਼ਬਦ ਅੰਗਰੇਜ਼ੀ ਸ਼ਬਦਾਂ ਨਾਲ ਸੰਬਾਦ ਕਰਦੇ ਪ੍ਰਤੀਤ ਹੁੰਦੇ ਹਨ। ਮਿਸਾਲ ਵਜੋਂ ਪੰਜਾਬੀ (ਫਾਰਸੀਨੁਮਾ) ਸ਼ਬਦ ਬਿਰਾਦਰੀ ਅੰਗਰੇਜ਼ੀ ਸ਼ਬਦ ਬ੍ਰਦਰਲੀ  (brotherly) ਦਾ  ਸਮਭਾਵੀ ਹੈ। ਇਸੇ ਤਰ੍ਹਾਂ ਮਦਰ  ਸ਼ਬਦ ਫਾਰਸੀ ਵਿੱਚ ਮਾਦਰ ਬਣ ਕੇ ਪੰਜਾਬੀ ਵਿੱਚ ਮਾਤਰ, ਮਾਤਾ ਰੂਪ ਧਾਰਨ ਕਰ ਗਿਆ ਹੈ। ਫਾਰਸੀ ਸ਼ਬਦ ਬਖਸ਼ੀ ਜਾਂ ਬਖ਼ਸ਼ੀਸ਼ ਦੇ ਰੂਪ ਵਿੱਚ ਪੰਜਾਬੀ ਵਿਚ ਆਇਆ, ਜਿਸ ਦਾ ਸਬੰਧ ਅੰਗਰੇਜ਼ੀ ਸ਼ਬਦ ਬਖਸ਼ੀ ਨਾਲ ਹੈ। ਇਸੇ ਤਰ੍ਹਾਂ ਬਰਾਨੀ (ਬੰਜਰ ਧਰਤੀ) ਸ਼ਬਦ ਅੰਗਰੇਜ਼ੀ ਸ਼ਬਦ ਬੈਰਨ (barren) ਦਾ ਹੀ ਵਿਕਸਿਤ ਰੂਪ ਹੈ।
ਬਹੁਤ ਸਾਰੇ ਅੰਗਰੇਜ਼ੀ ਸ਼ਬਦਾਂ ਦੇ ਸੰਕਲਪਾਂ ਨੂੰ ਪੰਜਾਬੀ ਮੁਹਾਵਰਿਆਂ ਵਿੱਚ ਵਰਤਿਆ ਜਾਣ ਲੱਗਾ। ਮਿਸਾਲ ਵਜੋਂ ਅੰਗਰੇਜ਼ੀ ਸ਼ਬਦ ਹਰਲ (hurl) ਦਾ ਅਰਥ ਉੱਛਲਣਾ ਜਾਂ ਕਿਸੇ ਵਸਤੂ ਨੂੰ ਧੱਕੇ ਜਾਂ ਜ਼ੋਰ ਨਾਲ ਉਛਾਲਣਾ ਹੈ। ਜਦੋਂ ਕੋਈ ਮੁੰਡਾ ਜਾਂ ਕੁੜੀ ਇਸ ਤਰ੍ਹਾਂ ਦੀ ਹਰਕਤ (ਕਿਰਿਆ) ਕਰੇ ਤਾਂ ਉਸ ਨੂੰ ਟੋਕਿਆ ਜਾਂਦਾ ਹੈ, ‘‘ਕਿਵੇਂ ਹਰਲ, ਹਰਲ ਕਰਦਾ ਫਿਰਦੈ।’’ ਅੰਗਰੇਜ਼ੀ ਵਿੱਚ ਕਿਸੇ ਗੁਪਤ ਗੱਲ ਨੂੰ ਇੱਕ ਦੂਜੀ ਦੇ ਕੰਨ ਵਿੱਚ (ਕਾਨਾਫੂਸੀ) ਕਰਨਾ ਜਾਂ ਧੀਮੀ-ਧੀਮੀ ਆਵਾਜ਼ ਵਿੱਚ ਬੋਲਣ ਨੂੰ ਅੰਗਰੇਜ਼ੀ ਵਿੱਚ ਹਗਰ-ਮਗਰ (hugger-Mugger) ਆਖਦੇ ਹਨ, ਜਿਸ ਨੂੰ ਪੰਜਾਬੀ ਮੁਹਾਵਰੇ ‘ਅਗਰ-ਮਗਰ ਕਰਨਾ’ ਦਾ ਰੂਪ ਦਿੱਤਾ ਗਿਆ ਹੈ ਜਿਸ ਦਾ ਠੇਠ ਅਰਥ ਹੈ ਘੁਸਰ-ਮੁਸਰ ਕਰਨਾ। ਇਸੇ ਤਰ੍ਹਾਂ ਹੰਗਾਮਾ ਕਰਨ ਜਾਂ ਉਧਮੂਲ ਮਚਾਉਣ ਨੂੰ ਅੰਗਰੇਜ਼ੀ ਵਿੱਚ ਹਰਲੀ- ਬਰਲੀ (hurly-burly) ਕਿਹਾ ਜਾਂਦਾ ਹੈ, ਜਿਸ  ਦਾ ਪੰਜਾਬੀ ਰੂਪ ‘ਹੁ?ਲੜਬਾਜ਼ੀ’ ਹੋ ਗਿਆ।
ਅੰਗਰੇਜ਼ੀ-ਪੰਜਾਬੀ ਦੇ ਬਹੁਤ ਸਾਰੇ ਸ਼ਬਦ ਗਹਿਰਾ ਸੰਬਾਦ ਰਚਾਉਂਦੇ ਪ੍ਰਤੀਤ ਹੁੰਦੇ ਹਨ, ਜਿਨ੍ਹਾਂ ਬਾਰੇ ਨਿਰਣਾ ਕਰਨਾ ਔਖਾ ਹੈ ਕਿ ਇਹ ਮੂਲ ਰੂਪ ਵਿੱਚ ਕਿਸ ਭਾਸ਼ਾ ਦੇ ਸ਼ਬਦ ਹਨ। ਮਿਸਾਲ ਵਜੋਂ ਜੋ ਵਿਅਕਤੀ ਕਿਸੇ ਦਾ ਖਹਿੜਾ ਨਾ ਛੱਡੇ ਜਾਂ ਉਸ ਨਾਲ ਚਿਪਕਿਆ ਰਹੇ ਤਾਂ ਉਸ ਨੂੰ ਆਖਦੇ ਹਨ ‘ਬੜਾ ਲੀਚੜ’ ਹੈ। ਇਹ ਲੀਚੜ ਸ਼ਬਦ ਡਿਜ਼ਰਡ (Lizard)  ਅਥਵਾ ਕਿਰਲੀ ਦੇ ਸੁਭਾਅ ਤੋੋਂ ਬਣਿਆ ਹੈ ਜੋ ਹਮੇਸ਼ਾ ਚਿਪਕੀ ਰਹਿੰਦੀ ਹੈ। ਅੰਗਰੇਜ਼ੀ ਵਿੱਚ ਛੱਲੇਦਾਰ (ਕੁੰਡਲਦਾਰ ਮੁੱਛਾਂ ਤੇ ਵਾਲ) ਦਾੜ੍ਹੀ ਨੂੰ ਕਰਲਡ ਬਰਡ (curled beard) ਕਿਹਾ ਜਾਂਦਾ  ਹੈ, ਜਿਸ ਦਾ ਪੰਜਾਬੀ ਉਚਾਰਨ ਹੀ ਕਰੜ-ਬਰੜ ਹੋ ਗਿਆ ਹੈ ਪਰ ਦਾੜ੍ਹੀ ਦਾ ਰੂਪ ਬਦਲ ਗਿਆ ਹੈ। ਅਰਥਾਤ ਇਸ ਨੂੰ ਕਰੜ-ਬਰੜ ਦਾੜ੍ਹੀ  ਦਾ ਰੂਪ ਦਿੱਤਾ ਗਿਆ ਹੈ। ਇਸੇ ਤਰ੍ਹਾਂ ਹੰਝੂਆਂ ਨੂੰ ਮੋਤੀਆਂ ਨਾਲ ਤੁਲਨਾ ਦਿੰਦਿਆਂ ਇਨ੍ਹਾਂ ਨੂੰ ਪਰਲ (Pearl) ਕਿਹਾ ਗਿਆ ਹੈ, ਪਰ ਪੰਜਾਬੀ ਵਿੱਚ ਇਸੇ ਸ਼ਬਦ ਨੂੰ ਵਧਾ ਕੇ ‘ਪਰਲ-ਪਰਲ ਹੰਝੂ’ ਬਣਾ ਦਿੱਤਾ ਗਿਆ ਹੈ। ਪੰਜਾਬੀ ਵਿੱਚ, ਸੇਕ ਉੱਤੇ ਪੱਕੀ ਹੋਈ ਚਪਾਤੀ ਨੂੰ ਰੋਟੀ ਕਿਹਾ ਜਾਂਦਾ ਹੈ, ਜਿਸ ਨੂੰ ਅੰਗਰੇਜ਼ੀ ਵਿੱਚ ਰੋਸਟੀ – (Roastry) ਅਥਵਾ ਰੜ੍ਹੀ ਹੋਈ  ਦੇ ਅਰਥਾਂ ਵਿੱਚ ਰੂਪਾਂਤਰਣ ਕਰ ਦਿੱਤਾ ਗਿਆ ਹੈ। ਪੰਜਾਬੀ-ਅੰਗਰੇਜ਼ੀ ਸ਼ਬਦਾਂ ਪਰਦੂਸ਼ਣ -ਪੋਲਿਊਸ਼ਣ (Pollution) ਗੈਬ-ਗੈਪ (gap) ਆਦਿ ਨੂੰ ਵੀ ਉਪਰੋਕਤ ਪ੍ਰਸੰਗ ਵਿੱਚ ਵਿਚਾਰਿਆ ਜਾ ਸਕਦਾ ਹੈ।
ਅੰਗਰੇਜ਼ੀ -ਪੰਜਾਬੀ ਸ਼ਬਦਾਂ ਦੀ ਸੰਬਾਦਿਕਤਾ ਦੀ ਉਪਰੋਕਤ ਚਰਚਾ ਸਿਰਫ ਸੰਕੇਤ ਮਾਤਰ ਹੈ ਜੋ ਵਿਸਥਾਰ-ਪੂਰਵਕ ਖੋਜ ਤੇ ਵਿਸ਼ਲੇਸ਼ਣ ਦੀ ਮੰਗ ਕਰਦੀ ਹੈ।

ਸੰਪਰਕ: 98723-83236


Comments Off on ਅੰਗਰੇਜ਼ੀ-ਪੰਜਾਬੀ ਸ਼ਬਦਾਂ ਦੀ ਸੰਬਾਦਿਕਤਾ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.