ਮੋਦੀ ਅਮਰੀਕਾ ਦੌਰੇ ’ਤੇ ਜਾਣਗੇ !    ਗੁਹਾ ਨੂੰ ਮੋਦੀ ਦੀ ਆਲੋਚਨਾ ਲਈ ਮਿਲੀਆਂ ਧਮਕੀਆਂ !    ਸ਼੍ਰੋਮਣੀ ਕਮੇਟੀ ਦੀਆਂ ਆਮ ਚੋਣਾਂ ਛੇਤੀ ਕਰਵਾਈਆਂ ਜਾਣ: ਮਾਨ !    ਅਮਰੀਕਾ ਵਿੱਚ ਖਾਲਸਾ ਸਾਜਨਾ ਦਿਵਸ ਨੂੰ ‘ਸਿੱਖ ਦਿਵਸ’ ਸਥਾਪਤ ਕਰਾਉਣ ਲਈ ਸਿੱਖ ਜਥੇਬੰਦੀਆਂ ਸਰਗਰਮ !    ਵਿਸ਼ੇਸ਼ ਸਰਦ-ਰੁੱਤ ਓਲੰਪਿਕ ਜੇਤੂ ਖਿਡਾਰੀਆਂ ਦਾ ਸਵਾਗਤ !    ਪੈਸੇ ਦੁੱਗਣੇ ਕਰਨ ਦੇ ਨਾਂ ’ਤੇ ਮਹਿਲਾ ਤੋਂ 25 ਹਜ਼ਾਰ ਲੁੱਟੇ !    ਬੈਂਸ ਨੇ ਪਟਿਆਲਾ ਡਵੀਜ਼ਨਲ ਕਮਿਸ਼ਨਰ ਵਜੋਂ ਅਹੁਦਾ ਸੰਭਾਲਿਆ !    ਬੰਗਲਾਦੇਸ਼ ਦੇ ਪਾਕਿ ਜਾਣ ਦੀ ਸੰਭਾਵਨਾ ਮੱਧਮ !    ਚੇਤਰ ਮੇਲੇ ਵਿੱਚ ਲੱਖਾਂ ਸ਼ਰਧਾਲੂਆਂ ਵੱਲੋਂ ਪਿੰਡਦਾਨ !    ਪ੍ਰਵੇਸ਼ ਪ੍ਰਾਜੈਕਟ ਦੇ 1200 ਅਧਿਆਪਕਾਂ ਨੂੰ ਪਿਤਰੀ ਸਕੂਲਾਂ ’ਚ ਵਾਪਸ ਭੇਜਿਆ !    

ਅੰਨ ਸਬੰਧੀ ਲੋੜਾਂ ਦੀ ਪੂਰਤੀ ਲਈ ਸੰਯੁਕਤ ਖੇਤੀ ਹੀ ਢੁੱਕਵੀਂ

Posted On December - 2 - 2016
ਬਲਦੇਵ ਸਿੰਘ ਢਿੱਲੋਂ*, ਚਰਨਜੀਤ ਸਿੰਘ ਔਲਖ*

ਬਲਦੇਵ ਸਿੰਘ ਢਿੱਲੋਂ*, ਚਰਨਜੀਤ ਸਿੰਘ ਔਲਖ*

(ਦੂਜੀ ਕਿਸ਼ਤ)

ਜੇ ਮੌਜੂਦਾ ਖੇਤੀ ਦੀਆਂ ਮੁਸ਼ਕਲਾਂ ਵੱਲ ਧਿਆਨ ਮਾਰੀਏ ਤਾਂ ਹਰੀ ਕ੍ਰਾਂਤੀ ਦੌਰਾਨ ਫ਼ਸਲਾਂ ਦੇ ਝਾੜ ਵਿੱਚ ਹੋਏ ਅਥਾਹ ਵਾਧੇ ਨੇ ਇਹ ਪ੍ਰਭਾਵ ਦਿੱਤਾ ਜਿਵੇਂ ਰਸਾਇਣਿਕ ਖਾਦਾਂ, ਖ਼ਾਸ ਕਰਕੇ ਨਾਈਟ੍ਰੋਜਨ ਖਾਦ, ਫ਼ਸਲਾਂ ਲਈ ਰਾਮਬਾਣ ਹੋਵੇ। ਇਸ ਗ਼ਲਤ ਧਾਰਨਾ ਅਤੇ ਰਸਾਇਣਿਕ ਖਾਦਾਂ ਦੀ ਸੌਖੀ ਢੋਆ-ਢੁਆਈ ਅਤੇ ਵਰਤੋਂ ਨੇ ਰੂੜੀ ਖਾਦ, ਫ਼ਸਲੀ ਵਿਭਿੰਨਤਾ ਅਤੇ ਖੇਤੀ ਦੇ ਰਵਾਇਤੀ ਢੰਗ-ਤਰੀਕਿਆਂ ਨੂੰ ਅਣਗੌਲਿਆਂ ਕਰ ਦਿੱਤਾ। ਖੇਤੀ ਦੇ ਟਿਕਾਊ ਮਾਡਲ ਤੋਂ ਆਧੁਨਿਕ ਖੇਤੀ ਮਾਡਲ ਵੱਲ ਝੁਕਾਅ ਨੇ ਨਵੀਆਂ ਸਮੱਸਿਆਵਾਂ ਨੂੰ ਜਨਮ ਦਿੱਤਾ। ਬਿਨਾਂ ਸਿਫ਼ਾਰਸ਼ ਖੇਤੀ ਰਸਾਇਣਾਂ ਦੀ ਵਰਤੋਂ ਅਤੇ ਸਿਫ਼ਾਰਸ਼ ਖੇਤੀ ਰਸਾਇਣਾਂ ਦੀ ਮਿਕਦਾਰ ਤੋਂ ਵਧੇਰੇ ਵਰਤੋਂ ਨੇ ਖੇਤੀ ਖਾਧ-ਪਦਾਰਥਾਂ ਵਿੱਚ ਖੇਤੀ ਰਸਾਇਣਾਂ ਦੀ ਰਹਿੰਦ-ਖੂੰਹਦ ਨੂੰ ਜਨਮ ਦਿੱਤਾ। ਨਤੀਜੇ ਵਜੋਂ ਖ਼ਪਤਕਾਰਾਂ ਦਾ ਖੇਤੀ ਖਾਧ-ਪਦਾਰਥਾਂ ਦੀ ਗੁਣਵੱਤਾ ਵਿੱਚ ਵਿਸ਼ਵਾਸ ਘੱਟ ਹੋਇਆ ਅਤੇ ਇਸ ਨਾਲ ਜੈਵਿਕ ਖਾਧ-ਪਦਾਰਥਾਂ ਦੀ ਮੰਗ ਉੱਠੀ। ਅਕਸਰ ਖੇਤੀ ਖਾਧ-ਪਦਾਰਥਾਂ ਵਿੱਚ ਖੇਤੀ ਰਸਾਇਣਾਂ ਦੀ ਰਹਿੰਦ-ਖੂੰਹਦ ਦਾ ਸਾਰਾ ਦੋਸ਼ ਕਿਸਾਨਾਂ ਸਿਰ ਮੜਿਆ ਜਾਂਦਾ ਹੈ ਪਰ ਫ਼ਸਲ ਦੇ ਵੇਚਣ ਤੋਂ ਲੈ ਕੇ ਖ਼ਪਤਕਾਰਾਂ ਤਕ ਪਹੁੰਚਣ ਦੇ ਪੜਾਅ ਵਿੱਚ ਆਉਂਦੇ ਹੋਰ ਲੋਕਾਂ ਦੁਆਰਾ ਖੇਤੀ ਰਸਾਇਣਾਂ ਦੀ ਦੁਰਵਰਤੋਂ ਕਿਸੇ ਤੋਂ ਲੁਕੀ-ਛਿਪੀ ਨਹੀਂ। ਆਧੁਨਿਕ ਖੇਤੀ ਸਿਰ ਮੜ੍ਹੇ ਜਾਂਦੇ ਬੁਰੇ ਪ੍ਰਭਾਵ ਮੁੱਖ ਤੌਰ ’ਤੇ ਖੇਤੀ ਰਸਾਇਣਾਂ ਅਤੇ ਸਿੰਜਾਈ ਵਾਲੇ ਪਾਣੀ ਦੀ ਦੁਰਵਰਤੋਂ ਜਾਂ ਲੋੜੋਂ ਵੱਧ ਵਰਤੋਂ ਕਰਕੇ ਹੀ ਹਨ। ਆਧੁਨਿਕ ਖੇਤੀ ਦੀਆਂ ਇਹ ਚੁਣੌਤੀਆਂ ਵੀ ਕੋਈ ਬਿਨਾਂ ਕਿਆਸੇ ਇਕਦਮ ਹੀ ਨਹੀਂ ਆ ਗਈਆਂ ਬਲਕਿ ਇਨ੍ਹਾਂ ਦੀ ਭਵਿੱਖਬਾਣੀ ਤਾਂ ਐਮ.ਐਸ. ਸਵਾਮੀਨਾਥਨ ਨੇ 1968 ਵਿੱਚ ਵਾਰਾਨਸੀ ਵਿਖੇ ਹੋਈ ‘ਇੰਡੀਅਨ ਸਾਇੰਸ ਕਾਂਗਰਸ’ ਵਿੱਚ ਹੀ ਕਰ ਦਿੱਤੀ ਸੀ। ਉਨ੍ਹਾਂ ਨੇ ਕਿਹਾ ਸੀ ਕਿ ਜੇ ਆਧੁਨਿਕ ਖੇਤੀ ਤਕਨੀਕਾਂ ਨੂੰ ਸੰਜਮ ਅਤੇ ਸਾਵਧਾਨੀ ਨਾਲ ਨਾ ਵਰਤਿਆ ਤਾਂ ਇਹ ਭਵਿੱਖ ਵਿੱਚ ਨੁਕਸਾਨਦਾਇਕ ਸਾਬਤ ਹੋਣਗੀਆਂ।
ਮੌਜੂਦਾ ਖੇਤੀ ਸਮੱਸਿਆਵਾਂ ਅਤੇ ਕੁਦਰਤੀ ਸੋਮਿਆਂ ਦੀ ਸੁਚੱਜੀ ਵਰਤੋਂ ਦੇ ਮੱਦੇਨਜ਼ਰ ਖੇਤੀ ਨੂੰ ਫ਼ਸਲਾਂ ਦੇ ਵਧੇਰੇ ਝਾੜ ਦੇਣ ਵਾਲੇ ਮਾਡਲ ਤੋਂ ਇੱਕ ਟਿਕਾਊ ਖੇਤੀ ਮਾਡਲ ਵੱਲ ਮੋੜਿਆ ਜਾ ਰਿਹਾ ਹੈ। ਕੁਦਰਤੀ ਸਰੋਤਾਂ ਦੀ ਹੰਡਣਸਾਰ ਵਰਤੋਂ ਕੌਮੀ ਅੰਨ ਸੁਰੱਖਿਆ ਨੂੰ ਬਰਕਰਾਰ ਰੱਖਣ ਲਈ ਸਮੇਂ ਦੀ ਮੁੱਖ ਲੋੜ ਹੈ। ਇਸ ਲਈ ਸੰਯੁਕਤ ਖੇਤੀ ਪ੍ਰਣਾਲੀ ਇੱਕ ਢੁਕਵਾਂ ਹੱਲ ਹੈ ਜਿਸ ਵਿੱਚ ਫ਼ਸਲ ਉਤਪਾਦਨ, ਪਸ਼ੂ ਪਾਲਣ, ਮੁਰਗੀ ਪਾਲਣ, ਸ਼ਹਿਦ ਦੀਆਂ ਮੱਖੀਆਂ, ਸੂਰ ਪਾਲਣ, ਖੁੰਬਾ ਉਗਾਉਣ ਅਤੇ ਮੱਛੀ ਪਾਲਣ ਆਦਿ ਧੰਦਿਆ ਨੂੰ ਇਸ ਤਰ੍ਹਾਂ ਅਪਣਾਇਆ ਜਾਂਦਾ ਹੈ ਕਿ ਇਹ ਧੰਦੇ ਇੱਕ-ਦੂਜੇ ਦੇ ਪੂਰਕ ਬਣ ਜਾਂਦੇ ਹਨ। ਖੇਤੀ ਰਸਾਇਣਾਂ, ਰਸਾਇਣਿਕ ਖਾਦਾਂ, ਜੈਵਿਕ ਖਾਦਾਂ ਅਤੇ ਕੀਟ ਅਤੇ ਬਿਮਾਰੀ ਪ੍ਰਬੰਧ ਦੇ ਦੇਸੀ ਤਰੀਕਿਆਂ ਦੀ ਰਲਵੀਂ ਵਰਤੋਂ ਕੀਤੀ ਜਾਣੀ ਚਾਹੀਦੀ ਹੈ। ਰਸਾਇਣਕ ਅਤੇ ਜੈਵਿਕ ਖਾਦਾਂ ਦੀ ਰਲਵੀਂ ਵਰਤੋਂ ਦੀ ਜ਼ਰੂਰਤ ਇਸ ਲਈ ਵੀ ਹੈ ਕਿਉਂਕਿ ਪੰਜਾਬ ਵਿੱਚ ਸਿਰਫ਼ ਜੈਵਿਕ ਖਾਦਾਂ ਨਾਲ 15 ਫ਼ੀਸਦੀ ਕਣਕ ਅਤੇ 20 ਫ਼ੀਸਦੀ ਝੋਨੇ ਦਾ ਰਕਬਾ ਹੀ ਪਾਲਿਆ ਜਾ ਸਕਦਾ ਹੈ। ਸੰਸਾਰ ਪੱਧਰ ’ਤੇ ਵੀ ਅੱਜਕੱਲ੍ਹ ਚੰਗੀਆਂ ਖੇਤੀ ਤਕਨੀਕਾਂ ’ਤੇ ਹੀ ਜ਼ੋਰ ਦਿੱਤਾ ਜਾ ਰਿਹਾ ਹੈ ਜਿਸ ਵਿੱਚ ਖੇਤੀ ਰਸਾਇਣਾਂ, ਰਸਾਇਣਕ ਖਾਦਾਂ, ਜੈਵਿਕ ਖਾਦਾਂ ਅਤੇ ਜੈਵਿਕ ਕੀਟ ਅਤੇ ਬਿਮਾਰੀ ਪ੍ਰਬੰਧ ਦੇ ਤਰੀਕਿਆਂ ਦੀ ਰਲਵੀਂ ਵਰਤੋਂ ਨੂੰ ਉਤਸ਼ਾਹਿਤ ਕੀਤਾ ਜਾ ਰਿਹਾ ਹੈ। ਪਰ ਇਨ੍ਹਾਂ ਜੈਵਿਕ ਢੰਗ-ਤਰੀਕਿਆਂ ਅਤੇ ਸਰੋਤ ਸੰਭਾਲ ਤਕਨੀਕਾਂ ਨੂੰ ਪ੍ਰਫੁੱਲਤ ਕਰਨ ਲਈ ਸਬਸਿਡੀਆਂ ਦੀ ਪ੍ਰਣਾਲੀ ਨੂੰ ਵੀ ਘੋਖਣ ਦੀ ਲੋੜ ਹੈ ਕਿਉਂਕਿ ਮੌਜੂਦਾ ਪ੍ਰਣਾਲੀ ਵਿੱਚ ਇਹ ਸਬਸਿਡੀ ਮੁੱਖ ਤੌਰ ’ਤੇ ਖੇਤੀ ਰਸਾਇਣਾਂ ਉੱਤੇ ਹੀ ਦਿੱਤੀ ਜਾ ਰਹੀ ਹੈ। ਜੈਵਿਕ ਕੀਟਨਾਸ਼ਕਾਂ ਅਤੇ ਉਲੀਨਾਸ਼ਕਾਂ ਦੀ ਗੁਣਵੱਤਾ ਅਤੇ ਉਪਲੱਭਤਾ ਯਕੀਨੀ ਬਣਾਉਣ ਦੀ ਲੋੜ ਹੈ ਤਾਂ ਕਿ ਲੋੜ ਅਨੁਸਾਰ ਖੇਤੀ ਰਸਾਇਣਾਂ ਨਾਲ ਉਨ੍ਹਾਂ ਦੀ ਵਰਤੋਂ ਕੀਤੀ ਜਾ ਸਕੇ। ਇਹ ਸੰਯੁਕਤ ਪਹੁੰਚ ਸਾਡੀ ਖੇਤੀ ਉਤਪਾਦਕਤਾ ਨੂੰ ਗੁਣਵੱਤਾ ਸਮੇਤ ਟਿਕਾਊ ਬਣਾਉਣ, ਕੁਦਰਤੀ ਸੋਮਿਆਂ ਨੂੰ ਸੰਭਾਲਣ ਅਤੇ ਕੌਮੀ ਅੰਨ ਸੁਰੱਖਿਆ ਨੂੰ ਸੁਰੱਖਿਅਤ ਰੱਖਣ ਵਿੱਚ ਅਹਿਮ ਭੂਮਿਕਾ ਨਿਭਾ ਸਕਦੀ ਹੈ। ਪਰ ਇਸ ਲਈ ਫਿਰ ਨੀਤੀ-ਘਾੜਿਆਂ, ਖੇਤੀ ਵਿਗਿਆਨੀਆਂ, ਪਸਾਰ ਮਾਹਿਰਾਂ, ਬੈਂਕਾਂ ਅਤੇ ਕਿਸਾਨਾਂ ਦੇ ਸਾਂਝੇ ਉੱਦਮ ਦੀ ਲੋੜ ਹੈ।
ਇਸ ਤੋਂ ਇਲਾਵਾ ਕੁਦਰਤੀ ਸਰੋਤ ਸੰਭਾਲ ਤਕਨੀਕਾਂ ਵਿਕਸਿਤ ਕਰਨਾ ਅਤੇ ਅਪਣਾਉਣਾ ਵੀ ਸਮੇਂ ਦੀ ਮੰਗ ਹੈ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਇਨ੍ਹਾਂ ਸਾਰੀਆਂ ਤਕਨੀਕਾਂ ਨੂੰ ਵਿਕਸਿਤ ਕਰਨ ਅਤੇ ਕਿਸਾਨਾਂ ਤਕ ਪਹੁੰਚਾਉਣ ਲਈ ਹਮੇਸ਼ਾਂ ਤੱਤਪਰ ਰਹਿੰਦੀ ਹੈ ਅਤੇ ਇਸ ਦੁਆਰਾ ਖੇਤੀ ਉਤਪਾਦਨ ਨੂੰ ਬਰਕਰਾਰ ਰੱਖਣ ਲਈ ਬਹੁਤ ਸਾਰੀਆਂ ਤਕਨੀਕਾਂ ਦਿੱਤੀਆਂ ਗਈਆਂ ਹਨ ਜਿਵੇਂ ਕਿ ਪਾਣੀ ਅਤੇ ਖਾਦਾਂ ਦੀ ਸੁਚੱਜੀ ਵਰਤੋਂ ਲਈ ਲੇਜਰ ਕਰਾਹੇ ਨਾਲ ਖੇਤ ਨੂੰ ਪੱਧਰਾ ਕਰਨਾ, ਪੱਤਾ ਰੰਗ ਚਾਰਟ ਦੁਆਰਾ ਖਾਦਾਂ ਦੀ ਸੁਚੱਜੀ ਵਰਤੋਂ, ਝੋਨੇ ਨੂੰ ਟੈਂਸ਼ੀਉਮੀਟਰ ਅਨੁਸਾਰ ਪਾਣੀ ਲਾਉਣਾ ਜਾਂ ਸਿਰਫ਼ ਪਹਿਲੇ 15 ਦਿਨ ਲਈ ਖੇਤ ਵਿੱਚ ਪਾਣੀ ਖੜ੍ਹਾ ਰੱਖਣਾ, ਫ਼ਸਲਾਂ ਦੀ ਘੱਟ ਜਾਂ ਬਿਨਾਂ ਵਾਹੇ ਬਿਜਾਈ, ਪਾਣੀ ਦੀ ਬਚਤ ਲਈ ਫ਼ਸਲਾਂ ਦੀ ਬੈੱਡਾਂ ’ਤੇ ਬਿਜਾਈ ਅਤੇ ਤੁਪਕਾ ਸਿੰਜਾਈ ਵਿਧੀ, ਝੋਨੇ ਦੇ ਨਾੜ ਵਿੱਚ ਹੈਪੀ ਸੀਡਰ ਨਾਲ ਕਣਕ ਦੀ ਬਿਜਾਈ, ਫਾਸਫੋਰਸ ਖਾਦ ਸਿਰਫ਼ ਹਾੜ੍ਹੀ ਦੀ ਫ਼ਸਲ ਨੂੰ ਪਾਉਣਾ, ਫ਼ਸਲੀ ਚੱਕਰ ਆਧਾਰਿਤ ਖਾਦਾਂ ਦੀ ਵਰਤੋਂ, ਜ਼ਮੀਨ ਦੀ ਸਿਹਤ ਸੁਧਾਰ ਲਈ ਹਰੀ ਖਾਦ ਅਤੇ ਜੀਵਾਣੂ ਖਾਦਾਂ ਦੀ ਵਰਤੋਂ, ਗੰਨੇ ਅਤੇ ਮੱਕੀ ਦੇ ਜੈਵਿਕ ਕੀਟ ਪ੍ਰਬੰਧ ਲਈ ਟ੍ਰਾਈਕੋ-ਕਾਰਡ ਅਤੇ ਬਾਸਮਤੀ ਵਿੱਚ ਜੈਵਿਕ ਬਿਮਾਰੀ ਪ੍ਰਬੰਧ ਲਈ ਟ੍ਰਾਈਕੋਡਰਮਾ ਦੀ ਵਰਤੋਂ ਆਦਿ। ਧਰਤੀ ਹੇਠਲੇ ਪਾਣੀ ਦੇ ਨਿਘਾਰ ਨੂੰ ਠੱਲ੍ਹ ਪਾਉਣ ਲਈ ਝੋਨੇ ਨੂੰ ਅੱਧ ਜੂਨ ਵਿੱਚ ਲਾਉਣ ਸਬੰਧੀ ਕਾਨੂੰਨ ਬਣਾਉਣ ਵਿੱਚ ਵੀ ਇਸ ਨੇ ਅਹਿਮ ਭੂਮਿਕਾ ਨਿਭਾਈ ਹੈ।
ਕਿਸਾਨਾਂ ਦੁਆਰਾ ਸੰਯੁਕਤ ਕੀਟ ਪ੍ਰਬੰਧ ਤਕਨੀਕਾਂ ਅਤੇ ਖੇਤੀ ਰਸਾਇਣਾਂ ਨੂੰ ਕੀਟਾਂ ਦੇ ਇੱਕ ਖ਼ਾਸ ਕਗਾਰ ’ਤੇ ਵਰਤਣ ਸਬੰਧੀ ਸਿਫ਼ਾਰਸ਼ਾਂ ਨੂੰ ਅਪਣਾਏ ਜਾਣ ਕਰਕੇ ਖੇਤੀ ਖਾਧ-ਪਦਾਰਥਾਂ ਵਿੱਚ ਖੇਤੀ ਰਸਾਇਣਾਂ ਦੇ ਰਹਿੰਦ-ਖੂੰਹਦ ਅੰਸ਼ ਪਹਿਲਾਂ ਨਾਲੋਂ ਕਾਫ਼ੀ ਘਟੇ ਹਨ। 1976 ਤੋਂ 1996 ਦੇ ਸਮੇਂ ਦੌਰਾਨ ਨਿਰੀਖਣ ਕੀਤੇ ਨਮੂਨਿਆਂ ਵਿੱਚ ਸਿਰਫ਼ ਨੌਂ ਫ਼ੀਸਦੀ ਨਮੂਨੇ ਹੀ ਅਜਿਹੇ ਸਨ ਜਿਨ੍ਹਾਂ ਵਿੱਚ ਕਿਸੇ ਖੇਤੀ ਰਸਾਇਣ ਦੀ ਰਹਿੰਦ-ਖੂੰਹਦ ਦੇ ਅੰਸ਼ ਨਹੀਂ ਮਿਲੇ ਸਨ ਅਤੇ 29 ਫ਼ੀਸਦੀ ਨਮੂਨਿਆਂ ਵਿੱਚ ਇਹ ਅੰਸ਼ ਨਿਰਧਾਰਿਤ ਮਾਤਰਾ ਤੋਂ ਜ਼ਿਆਦਾ ਸਨ। ਪਰ 1997 ਤੋਂ 2016 ਦੌਰਾਨ ਇਹ ਗਿਣਤੀ ਕ੍ਰਮਵਾਰ 86 ਫ਼ੀਸਦੀ ਅਤੇ 2 ਫ਼ੀਸਦੀ ਹੀ ਪਾਈ ਗਈ। ਇਸ ਤੋਂ ਇਲਾਵਾ ਖੇਤੀ ਜ਼ਹਿਰਾਂ ਦੀ ਵਰਤੋਂ ਵੀ 2001-02 ਵਿੱਚ 7200 ਟਨ ਤੋਂ ਘਟ ਕੇ 2014-15 ਵਿੱਚ 5699 ਟਨ ਰਹਿ ਗਈ ਹੈ।
ਨਿਰੰਤਰ ਖੇਤੀ ਉਤਪਾਦਨ, ਕੌਮੀ ਅੰਨ ਸੁਰੱਖਿਆ ਅਤੇ ਕੁਦਰਤੀ ਸਰੋਤਾਂ ਦੀ ਗੁਣਵੱਤਾ ਕਾਇਮ ਰੱਖਣ ਲਈ ਟਿਕਾਊ ਖੇਤੀ ਹੀ ਇੱਕੋ-ਇੱਕ ਹੱਲ ਹੈ। ਅੰਨ ਸੁਰੱਖਿਆ ਵੀ ਸਿਰਫ਼ ਮੌਜੂਦਾ ਵੱਸੋਂ ਦੀਆਂ ਲੋੜਾਂ ਪੂਰੀਆਂ ਕਰਨ ਤਕ ਹੀ ਸੀਮਤ ਨਹੀਂ ਹੁੰਦੀ ਸਗੋਂ ਇਸ ਦਾ ਮਤਲਬ ਆਉਣ ਵਾਲੀਆਂ ਪੀੜ੍ਹੀਆਂ ਨੂੰ ਵੀ ਗੁਣਵੱਤਾ ਭਰਪੂਰ ਅਨਾਜ ਮੁਹੱਈਆ ਕਰਵਾਉਣਾ ਹੁੰਦਾ ਹੈ। ਕਿਹਾ ਜਾਂਦਾ ਹੈ ਕਿ ਕਿਸੇ ਕੌਮ ਨੂੰ ਇਸ ਕਰਕੇ ਨਹੀਂ ਯਾਦ ਕੀਤਾ ਜਾਂਦਾ ਕਿ ਉਸ ਨੇ ਕਿੰਨੀ ਤਰੱਕੀ ਕੀਤੀ ਸੀ ਸਗੋਂ ਇਸ ਕਰਕੇ ਯਾਦ ਕੀਤਾ ਜਾਂਦਾ ਹੈ ਕਿ ਉਸ ਨੇ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਲਈ ਕੀ ਛੱਡਿਆ ਹੈ। ਇਸ ਕਰਕੇ ਚੰਗੀਆਂ ਅਤੇ ਸੁਧਰੀਆਂ ਖੇਤੀ ਤਕਨੀਕਾਂ ਰਾਹੀਂ ਕੁਦਰਤੀ ਸੋਮਿਆਂ ਦੀ ਸੰਭਾਲ ’ਤੇ ਜ਼ੋਰ ਦੇਣ ਵਿੱਚ ਹੀ ਦੇਸ਼, ਕਿਸਾਨਾਂ ਅਤੇ ਆਮ ਲੋਕਾਂ ਦੀ ਭਲਾਈ ਹੈ।
(ਸਮਾਪਤ)
*ਉੱਪ ਕੁਲਪਤੀ, ਪੀਏਯੂ, ਲੁਧਿਆਣਾ ,
*ਸੀਨੀਅਰ ਫ਼ਸਲ ਵਿਗਿਆਨੀ


Comments Off on ਅੰਨ ਸਬੰਧੀ ਲੋੜਾਂ ਦੀ ਪੂਰਤੀ ਲਈ ਸੰਯੁਕਤ ਖੇਤੀ ਹੀ ਢੁੱਕਵੀਂ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.