ਅਟਾਰੀ ਸਰਹੱਦ ’ਤੇ ਲਹਿਰਾਏ ਕੌਮੀ ਝੰਡੇ ਸਬੰਧੀ ਸੀਬੀਆਈ ਜਾਂਚ ਮੰਗੀ !    ਸਾਬਕਾ ਚੇਅਰਮੈਨ ਰੌਕੀ ਕਾਂਸਲ ਨੂੰ ਨਿਆਂਇਕ ਹਿਰਾਸਤ ’ਚ ਭੇਜਿਆ !    ਮੈਚ ਫ਼ਿਕਸਿੰਗ: ਮੁਹੰਮਦ ਇਰਫ਼ਾਨ ਉੱਪਰ ਪਾਬੰਦੀ !    ਨਵਜੋਤ ਸਿੱਧੂ ਵੱਲੋਂ ਨਗਰ ਸੁਧਾਰ ਟਰੱਸਟਾਂ ਦੇ ਅਹੁਦੇਦਾਰ ਫ਼ਾਰਗ !    ਆਨਲਾਈਨ ਸ਼ਾਪਿੰਗ ਦੀ ਦੁਨੀਆਂ ਵਿੱਚ ਕਰੀਅਰ ਬਣਾਉਣ ਦੇ ਵਸੀਲੇ !    ਖ਼ਤਰਨਾਕ ਹੋ ਸਕਦਾ ਹੈ ਉੱਚੀ ਅੱਡੀ ਦਾ ਸ਼ੌਕ !    ਭੀਮ ਐਪ: ਨਗ਼ਦੀ ਰਹਿਤ ਲੈਣ-ਦੇਣ ਦੀ ਸਰਲ ਪ੍ਰਕਿਰਿਆ !    ਨੌਜਵਾਨ ਸੋਚ : ਕੀ ਹੋਵੇ ਪੰਜਾਬ ਦੀ ਨਵੀਂ ਸਿੱਖਿਆ ਨੀਤੀ ? !    ਮਲੇਸ਼ਿਆਈ ਪ੍ਰਧਾਨ ਮੰਤਰੀ ਦਾ ਦੌਰਾ ਅੱਜ ਤੋਂ !    ਪਹਿਲੀ ਨੂੰ ਬ੍ਰਾਂਚਾਂ ਖੋਲ੍ਹਣ ਦਾ ਫ਼ੈਸਲਾ ਆਰਬੀਆਈ ਨੇ ਬੈਂਕਾਂ ’ਤੇ ਛੱਡਿਆ !    

ਅੰਬਾਂ ਦੀ ਛਾਵੇਂ ਧੁੱਪ ਸੇਕਦਾ ਦਰਵੇਸ਼ – ਮੋਹਨ ਭੰਡਾਰੀ

Posted On December - 17 - 2016

ਡਾ. ਸਾਹਿਬ ਸਿੰਘ

ਫੋਟੋ: ਐਸ. ਚੰਦਨ

ਫੋਟੋ: ਐਸ. ਚੰਦਨ

ਚੰਡੀਗੜ੍ਹ ਅਨੁਸ਼ਾਸਿਤ ਜਿਹਾ ਸ਼ਹਿਰ ਹੈ। ਸੈਕਟਰਾਂ ਦੀ ਵੰਡ ਵੀ ਤਰਤੀਬ ਸਹਿਤ, ਰਾਹ ਵੀ ਨਾਪ-ਤੋਲ ਕੇ ਬਣਾਏ ਹੋਏ। ਪਰ ਜੇ ਕੋਈ ਪੱਥਰਾਂ ਵਿੱਚ ਜਾਨ ਪਾਉਣ ਦੀ ਜ਼ਿੱਦ ਪਾਲੀ ਬੈਠਾ ਹੋਵੇ ਤਾਂ ਉਹ ਤਰਤੀਬ ਭੰਨ ਦਏਗਾ ਰਾਹ ਬਦਲ ਦਵੇਗਾ। ਸੈਕਟਰ ਚੌਂਤੀ, ਚੰਡੀਗੜ੍ਹ ਦੀ ਧੁੰਨੀ, ਪਾਸਪੋਰਟ ਬਣਾਉਣ ਵਾਲਿਆਂ ਦਾ ਇਸ ਸੈਕਟਰ ਨਾਲ ਵਾਹਵਾ ਕਰੀਬੀ ਰਿਸ਼ਤਾ ਹੈ।  ਇਥੇ ਦਫਤਰ, ਸਿਨੇਮੇ, ਮਾਲ, ਕੋਠੀਆਂ, ਸਭ ਸੁਨਿਸਚਿਤ ਤੇ ਅੱਜ ਮੈਂ ਉਸੇ ਸੈਕਟਰ ’ਚ ਜਾ ਰਿਹਾ ਹਾਂ। ਪਰ ਅੱਜ ਤਰਤੀਬ ਟੁੱਟ ਗਈ ਐ। ਰਾਹ ਪਿੰਡ ਵਰਗੇ ਹੋ ਗਏ ਪੱਥਰਾਂ ’ਚ ‘ਪਾੜ’ ਪੈ ਗਿਆ 34, 33, 45, 44 ਸੈਕਟਰ ਦਾ ਸਾਂਝਾ ਗੋਲ ਚੱਕਰ… ‘‘ਬਸ ਇਥੋਂ ਅੰਦਰ ਨਹੀਂ ਵਾੜਨੀ ਗੱਡੀ ਕਿਸੇ ਪਾਸੇ ਵੀ, ਕੋਨੇ ’ਤੇ ਖੜ੍ਹਾ ਦੇਣੀ ਐਂ 34 ਸੈਕਟਰ ਵਾਲੇ ਪਾਸੇ ਸਾਹਮਣੇ ਕੰਧ ’ਚ ਇਕ ਮੋਰੀ ਜਿਹੀ ਦਿਸੁ। ਉੱਥੋਂ ਅੰਦਰ ਵੜ ਜਾਣਾ ਬਸ ਸਾਹਮਣੇ ਈ ਐ ਘਰ।’’ … ਤੇ ਮੈਂ ਉਸ ਮੋਰੀ ਥਾਈਂ ਅੰਦਰ ਵੜ ਗਿਆ ਸੀ ਜਿਵੇਂ ਬਾਹਮਣਾਂ ਦੇ ਘਰ ਮੂਹਰੇ ਖੜ੍ਹੇ ਪਿੱਪਲ ਲਾਗਿਓਂ ਭੀੜੀ ਜਿਹੀ ਗਲੀ ਲੰਘ ਕੇ ਰੱਤੇ ਘੁਮਿਆਰ ਦੇ ਘਰ ਜਾ ਵੜਦਾ ਸੀ। ਇਥੇ ਰੱਤਾ ਘੁਮਿਆਰ ਨਹੀਂ ਰਹਿੰਦਾ … ਮੋਹਨ ਰਹਿੰਦਾ ਐ… ਮੋਹਨ ਭੰਡਾਰੀ … ਹੱਥ ਉਸ ਦੇ ਵੀ ਕਿਸੇ ਘੁਮਿਆਰ ਵਾਂਗ ਈ ਘੁੰਮਦੇ ਨੇ… ਪੋਟਿਆਂ ਦੀ ਹਿਲਜੁਲ ਇਵੇਂ ਜਿਵੇਂ ਸੁਰਾਹੀ ਦੀ ਗਰਦਨ ਪਲੋਸ ਰਿਹਾ ਹੋਵੇ। ਹੱਡ-ਪੈਰ ਉਵੇਂ ਈ ਜਿਵੇਂ ਕਿਸੇ ਕਾਮੇ ਦੇ ਹੁੰਦੇ ਐ। ਮੈਨੂੰ ਚੰਡੀਗੜ੍ਹ ਭੁੱਲ ਗਿਆ ਸੀ। ਮੇਰੇ ਸਾਹਮਣੇ ਆ ਵਸਿਆ ਸੀ ਖੰਨੇ ਲਾਗੇ ਕਿਸੇ ਵੇਲੇ ਘੁੱਗ ਵਸਿਆ ਪਿੰਡ – ਬਨਭੌਰਾ।
ਮੈਂ ਇੱਧਰ-ਉੱਧਰ ਝਾਕ ਰਿਹਾ ਸੀ, ਤੀਜੀ ਮੰਜ਼ਿਲ ’ਤੇ ਖੜ੍ਹੀ ਇਕ ਕੁੜੀ ਦਿਸੀ, ਮੈਂ ਪੁੱਛਿਆ, ‘‘ਮੋਹਨ ਭੰਡਾਰੀ?’’ … ਇਮਾਨਦਾਰ ਮਾਸੂਮੀਅਤ ਨਾਲ ਉਹ ਬੋਲੀ, ‘‘ਕੌਣ!’’ … ਉਸ ਮੰਜ਼ਿਲ ’ਤੇ ਕੁੜੀਆਂ ਵਾਸਤੇ ਪੀ.ਜੀ. ਬਣਿਆ ਹੋਇਆ ਸੀ, ਉਨ੍ਹਾਂ ਵਿਚਾਰੀਆਂ ਨੂੰ ਕੀ ਪਤਾ ਕਿ ‘ਕਬੂਤਰ’ ਕਿੱਥੇ ਰਹਿੰਦਾ ਐ … ਆਵਾਜ਼ ਹਵਾ ’ਚ ਲਹਿਰਾਈ, ‘‘ਆਜਾ ਸਾਹਬ, ਮੈਂ ਇੱਧਰ ਆ।’’ ਗਲਤੀ ਤਾਂ ਮੇਰੀ ਸੀ, ਮੈਂ ਬਨਭੌਰੇ ਦੇ ਮੋਹਨ ਨੂੰ ਪੱਥਰਾਂ ’ਚੋਂ ਲੱਭ ਰਿਹਾ ਸੀ, ਉਹ ਘਰ ਦੇ ਸੱਜੇ ਪਾਸੇ ਅੰਬਾਂ ਵਾਲੇ ਖੂਹ ’ਤੇ ਬੈਠਾ ਸੀ। ਮੈਂ ਭੱਜ ਕੇ ਉੱਧਰ ਗਿਆ, ਮੋਹਨ ਭੰਡਾਰੀ ਮੇਰੇ ਸਾਹਮਣੇ ਸੀ। ਉੱਥੇ ਕੋਈ ਖੂਹ ਨਹੀਂ ਸੀ ਪਰ ਪਾਣੀ ਦੀ ਬੋਤਲ ਪਈ ਸੀ। ਖੂਹ ਦੀ ਮੌਣ ਨਹੀਂ ਸੀ, ਪਰ ਪਾਰਕਿੰਗ ਵਾਲੀ ਥਾਂ ਦੀ ਬੰਨੀ ’ਤੇ ‘ਭੰਡਾਰੀ’ ਦਾ ਭੰਡਾਰ’ ਟਿਕਿਆ ਹੋਇਆ ਸੀ, ਕਿਤਾਬਾਂ, ਰਸਾਲੇ, ਐਨਕ, ਸਿਗਰਟਾਂ ਦੀ ਡੱਬੀ। ਉਹ ਤਾਂ ਜਿਵੇਂ ਉੱਥੇ ਅਖਾੜਾ ਲਾਈ ਬੈਠਾ ਸੀ। ਸ਼ੋਰ ਤੋਂ ਰਹਿਤ ਸਹਿਜ ਕਲਾ ਦਾ ਅਖਾੜਾ। …ਮਿਲਿਆ ਤਾਂ ਲੱਗਾ, ਮੇਰਾ ਬਾਬਾ ਮਿਲਿਆ … ਹੱਥ ਮਿਲਾਇਆ ਤਾਂ ਲੱਗਾ, ਮੇਰਾ ਆੜੀ ਮਿਲਿਆ … ਅੱਖਾਂ ’ਚੋਂ ਇੱਲਤੀ ਮੁਸਕਰਾਹਟ ਮੇਰੇ ਮੱਥੇ ਵੱਜੀ ਤਾਂ ਲੱਗਾ, ਮੇਰਾ ਕੋਈ ਭੇਤੀ ਮਿਲਿਆ। … ਚਾਹ ਪੀਏਂਗਾ, ਜੂਸ ਜਾਂ ਕੁਝ ਹੋਰ।’’ …ਭੰਡਾਰੀ ਨੂੰ ਪਤਾ ਸੀ ਕਿ ਮੈਂ ਉਹਦਾ ਭੰਡਾਰ ਪੀਣ ਆਇਆਂ ਪਰ ਫਿਰ ਵੀ ਉਹ ਪੁੱਛਦਾ ਹੈ, ‘‘ਬਾਕੀ ਸਭ ਸੁੱਖ ਸਾਂਦ ਐ?’’

ਡਾ. ਸਾਹਿਬ ਸਿੰਘ

ਡਾ. ਸਾਹਿਬ ਸਿੰਘ

ਮੈਂ ਕੋਈ ਗੱਲ ਸ਼ੁਰੂ ਕਰਦਾ, ਉਹ ਸੰਖੇਪ ਜਿਹਾ ਉੱਤਰ ਦੇ ਕੇ ਚੁੱਪ ਹੋ ਜਾਂਦਾ ਹੈ … ਉਸ ਦੀਆਂ ਕਹਾਣੀਆਂ ਪੜ੍ਹੀਆਂ ਹਨ, ਇਸ ਲਈ ਇਸ ਚੁੱਪ ਨਾਲ ਸਰਸ਼ਾਰ ਹੋ ਰਿਹਾ ਹਾਂ। …ਦਾਹੜੀ ਦੇ ਵਿਰਲੇ ਵਾਲ ਦੇਖਣ ਦਾ ਮੌਕਾ ਮਿਲ ਗਿਆ ਹੈ। ਇਨ੍ਹਾਂ ਵਾਲਾਂ ਹੇਠ ਛੁਪੇ ਪਰ ਅਣਛੁਪੇ ਰੰਗ ਦੇਖ ਕੇ ਲੁਤਫ਼ ਆ ਰਿਹਾ ਹੈ। ਇਨ੍ਹਾਂ ਗੱਲਾਂ ਨੇ ਲਾਲੀ ਸੰਭਾਲ ਕੇ ਰੱਖੀ ਐ… ਇਹ ਲਾਲੀ ਵਧਦੀ-ਘਟਦੀ ਰਹੀ ਐ ਪਰ ਮਰੀ ਕਦੀ ਨਹੀਂ … ਸਾਹਿਤ ਅਕੈਡਮੀ ਦਾ ਪੁਰਸਕਾਰ ਲੈਣ ਤੋਂ ਬਾਅਦ ਕਿੰਨੀ ਕੁ ਵਧੀ ਹੋਊ, ਕਹਿ ਨਹੀਂ ਸਕਦਾ … ਪਰ ਯਾਰਾਂ ਦੋਸਤਾਂ ਨਾਲ ਠਹਾਕੇ ਲਗਾਉਂਦਿਆਂ ਗੱਲ੍ਹਾਂ ਕਿਵੇਂ ਸੁਰਖ ਲਾਲ ਹੁੰਦੀਆਂ ਹੋਣਗੀਆਂ। ਮੈਂ ਖੰਡਰਾਂ ’ਚੋਂ ਇਬਾਰਤ ਲੱਭ ਰਿਹਾ ਹਾਂ… ਢਾਈ ਦੰਦ ਦਿਸ ਰਹੇ ਨੇ … ਪਰ ਚਮਕ ਬੱਤੀਆਂ ਵਰਗੀ … ਉਹਨੇ ਬੱਤੀ ਬਾਲ ਲਈ ਐ… ਕੁਛ ਇਵੇਂ ਖਿੱਚਿਆ ਜਿਵੇਂ ਪਿੰਡ ਦੀ ਜੂਹ ’ਚ ਸਾਰੀਆਂ ਇੱਲ੍ਹ-ਬਲਾਵਾਂ ਬਾਹਰ ਕੱਢਣ ਲਈ ਚੇਲਾ ‘ਸਾਲ’ ’ਤੇ ਚੜ੍ਹਦਾ ਸੀ… ਹਵਾ ’ਚ ਧੂੰਏਂ ਦੇ ਛੱਲੇ ਫੈਲ ਰਹੇ ਐ… ਮੋਹਨ ਦਾ ਤਲਿਸਮ ਉਜਾਗਰ ਹੋ ਰਿਹਾ ਹੈ। ਭੰਡਾਰੀ ਦੀ ਲੀਲਾ ਪ੍ਰਤੱਖ ਹੋ ਰਹੀ ਹੈ। ਮੇਰੀ ਤੇ ਉਹਦੀ ਸਾਂਝ’ ਪੈ ਰਹੀ ਹੈ… ਮੈਂ ਛੇੜਦਾ ਹਾਂ…ਉਹ ਕਹਿੰਦਾ ਹੈ, ਤੂੰ ਕੋਈ ਗੱਲ ਸੁਣਾ। … ਮੈਂ ਨਾਂਹ ’ਚ ਸਿਰ ਹਿਲਾਉਂਦਾ ਹਾਂ… ਉਹ ਖੱਬੇ ਦੇਖਦਾ ਹੈ… ਅੰਬਾਂ ਦੇ ਦਰੱਖਤਾਂ ਵੱਲ… ਫਿਰ ਬਿਨਾਂ ਉਚੇਚ ਸੱਜੇ ਦੇਖਦਾ ਹਾਂ … ਤੇਰਾਂ ਸੌ ਸਤੱਤਰ ਨੰਬਰ ਦੀ ਕੋਠੀ ਵੱਲ। ਹਾਵ-ਭਾਵ ਬਦਲਦੇ ਨਹੀਂ … ਉਹ ਸਹਿਜ ਹੈ… ਜਮ੍ਹਾਂ ਉਲਾਰ ਨਹੀਂ। ਮੋਹਨ ਕਦੇ ਹੁੱਬ ਕੇ ਖੱਬੇ ਪੱਖੀ ਨਹੀਂ ਬਣਿਆ। ਸੱਜੇ ਪੱਖੀ ਭੰਡਾਰੀ ਕਿਵੇਂ ਹੋ ਜਾਂਦਾ। ਪੰਜਾਬੀ ਜ਼ੁਬਾਨ ਦਾ ਮਹਾਨ ਕਹਾਣੀਕਾਰ … ਨਿਵੇਕਲਾ… ਸਮਰੱਥ … ਮੂਨ ਦੀ ਅੱਖ ਵਾਲਾ ਮੋਹਨ ਭੰਡਾਰੀ … ਮੈਂ ਉਸ ਦੀ ਅਗਲੀ ਗੱਲ ਦੀ ਉਡੀਕ ਕਰ ਰਿਹਾ ਹਾਂ … ਉਹਨੂੰ ਕੋਈ ਕਾਹਲ ਨਹੀਂ … ਖੱਬਾ ਹੱਥ ਗੱਲ੍ਹਾਂ ’ਤੇ ਫੇਰਦਾ ਹੈ, ਬੁੱਲ੍ਹ ਵੀ ਮਰੋੜਦਾ ਹੈ … ਪਰ ਅੱਖਾਂ ’ਚ ਕਾਹਲ ਨਹੀਂ ਉਗਮਦੀ … ਲਿਖਣ ਲੱਗਿਆਂ ਵੀ ਮੋਹਨ ਨੇ ਕਦੀ ਕਾਹਲ ਨਹੀਂ ਕੀਤੀ … ਉਡੀਕ ਬਰਕਰਾਰ ਰੱਖੀ … ਸੁਆਦ ਈ ਉਡੀਕ ’ਚ ਐ… ਉਹਨੂੰ ਚੇਤੇ ਆਉਂਦਾ ਹੈ। ਮੈਂ ਤਾਂ ਚਾਹ, ਜੂਸ, ਕੁਝ ਹੋਰ ਦੀ ਸੁਲਾਹ ਮਾਰੀ ਸੀ … ਪਰ ਉਹ ਕੋਠੀਆਂ ਸਾਹਮਣੇ ਬਣੀ ਪਾਰਕਿੰਗ ਪਲੇਸ ’ਚ ਬੈਠਾ ਹੈ… ਰਾਹ ਜਾਂਦੀ ਇਕ ਕੁੜੀ ਨੂੰ ਆਵਾਜ਼ ਮਾਰਦਾ ਹੈ, ‘‘ਗੁੱਡੀ, ਸਾਹਮਣੇ ਘਰੇ ਕਹੀਂ ਕਿ ਅੰਕਲ ਬੁਲਾਉਂਦੇ ਐ!’’ ਕੁੜੀ ਚੰਡੀਗੜ੍ਹ ਦੀ ਨਹੀਂ ਲਗਦੀ, ਕਿਤੇ ਬਟਾਲੇ ਜਾਂ ਧੂਰੀ ਦੀ ਹੋਊ, ਉਹਨੂੰ ਅੰਕਲ ਵਾਲੀ ਗੱਲ ਪੱਲੇ ਨਹੀਂ ਪੈਂਦੀ। ਮੈਂ ਮਾਈਕ ਸੰਭਾਲਦਾ ਹਾਂ, ‘‘ਔਹ ਸਾਹਮਣੇ ਤੇਰਾਂ ਸੌ ਸਤੱਤਰ ’ਚੋਂ ਅੰਟੀ ਨੂੰ ਬੁਲਾ।’’
ਸ੍ਰੀਮਤੀ ਮੋਹਨ ਭੰਡਾਰੀ ਚਾਹ ਦੇ ਦੋ ਕੱਪ, ਪਾਣੀ ਦੇ ਦੋ ਗਲਾਸ, ਕਾਜੂਆਂ ਨਾਲ ਭਰੀ ਕੌਲੀ, ਪੋਲੇ ਬਿਸਕੁਟਾਂ ਨਾਲ ਭਰੀ ਕੌਲੀ ਤੇ ਢੇਰ ਸਾਰਾ ਨਿੱਘ ਲੈ ਕੇ ਹਾਜ਼ਰ ਹੈ। ਉਹਦੇ ਬੋਲਾਂ ਵਿਚਲੀ ਮਿਠਾਸ, ਮਾਵਾਂ ਵਰਗੀ ਫਿਕਰਮੰਦੀ, ਸਵਿਤਰੀ ਵਰਗੀ ਪਤਨੀ-ਸਿਆਣਪ ਮਹਾਨ ਬੰਦੇ ਦੀ ਮਹਾਨਤਾ ਨੂੰ ਘੁੱਟੋ-ਵੱਟੀ ਪੀਣ ਵਾਲੀ ਦਰਿਆਦਿਲੀ … ਮੈਨੂੰ ਮੋਹਨ ਭੰਡਾਰੀ ਦੀ ਬੇਫ਼ਿਕਰੀ ਦਾ ਰਾਜ਼ ਪੱਲੇ ਪੈ ਰਿਹਾ ਹੈ.. ਅੰਟੀ ਪੋਲੇ ਬਿਸਕੁਟ ਆਪਣੇ ਮੋਹਨ ਵੱਲ ਕਰਦੀ ਹੈ ਤੇ ਕਾਜੂ ਮੇਰੇ ਵੱਲ … ਭੰਡਾਰੀ ਦੇ ਸਹਿਜ ਹਾਵ-ਭਾਵ ਹੋਰ ਵੀ ਟਿਕਾਊ ਅਵਸਥਾ ’ਚ ਆ ਜਾਂਦੇ ਹਨ। ਅੰਟੀ ਹਾਲ-ਚਾਲ, ਨਾਟਕਾਂ ਦੀਆਂ ਗਤੀਵਿਧੀਆਂ ਬਾਰੇ ਪੁੱਛਦੀ-ਪੁਛਾਉਂਦੀ ਅੰਦਰ ਚਲੇ ਜਾਂਦੀ ਹੈ। ਜਾਣਦੀ ਹੈ ਕਿ ਇਨ੍ਹਾਂ ਕਮਲਿਆਂ ਨੂੰ ਇਕੱਲੇ ਰਹਿਣ ਦੇਣ ’ਚ ਈ ਭਲਾਈ ਐ, ਨਾਲ ਖਲੋਤੇ ਅੰਬਾਂ ਦੇ ਰੁੱਖ ਵੀ ਰਮਜ਼ ਸਮਝ ਗਏ ਨੇ। ਹੁਣੇ-ਹੁਣੇ ਚਲਦੀ ਹਵਾ ਰੁਕ ਗਈ ਹੈ। ਮੈਂ ‘ਗਾਥਾ ਗਾਰਗੀ ਦੀ’ ਕਿਤਾਬ ਮੋਹਨ ਭੰਡਾਰੀ ਦੇ ਸਪੁਰਦ ਕਰਦਾ ਹਾਂ, ਥੋੜ੍ਹੇ ਦਿਨ ਪਹਿਲਾਂ ਉਧਾਰੀ ਲੈ ਕੇ ਗਿਆ ਸੀ…‘‘ਗਾਰਗੀ ਦੇ ਤੁਸੀਂ ਕਾਫੀ ਨੇੜੇ ਸੀ?’’ ‘‘ਬਹੁਤ!’’ ਭੰਡਾਰੀ ਇੰਨਾ ਕਹਿ ਕੇ ਫੇਰ ਚੁੱਪ ਕਰ ਗਿਆ ਹੈ… ਮੈਂ ਸੁਣਨਾ ਚਾਹੁੰਦਾ ਹਾਂ… ਐਵੇਂ ਕਹਿੰਦਾ ਹਾਂ, ‘‘ਗਾਰਗੀ ਦਾ ਕੱਦ ਕਾਫੀ ਛੋਟਾ ਸੀ।’’…‘‘ਜਿੰਨਾ ਬਾਹਰ ਸੀ, ਉਨਾ ਹੀ ਧਰਤੀ ਦੇ ਅੰਦਰ ਸੀ ਗਾਰਗੀ। ’’  ਉਮੀਦ ਬੱਝੀ ਕਿ ਹੁਣ ਬਾਬਾ ਕੋਈ ਕਿੱਸਾ ਛੇੜੇਗਾ … ਪਰ ਸ਼ਾਇਦ ਅਸੀਂ ਦੋਵੇਂ ਆਪੋ-ਆਪਣਾ ਪੈਂਤੜਾ ਮੱਲੀ ਬੈਠੇ ਸਾਂ … ਉਹ ਮੈਨੂੰ ਪੁੱਛਦਾ ਹੈ, ‘‘ਸਾਹਬ, ਤੂੰ ਲਗਾਤਾਰ ਥੀਏਟਰ … ਐਨਰਜੀ … ਚਾਅ … ਕਿਦਾਂ ਕਰਦੈਂ ਇਹ ਸਭ?’’ ਉਹ ਰੁਕ-ਰੁਕ ਕੇ ਬੋਲਿਆ … ‘‘ਬਸ, ਕਹਿ ਨਹੀਂ ਸਕਦਾ ਭੰਡਾਰੀ ਸਾਹਿਬ ਕਿ ਕਿੱਦਾਂ … ਅਨਡਿਸਕਾਈਏਬਲ।’’ … ਉਹ ਬਿਸਕੁਟ ਚੁੱਕਦਾ … ਕੰਬਦੇ ਹੱਥਾਂ ਨਾਲ ਚਾਹ ਦੀ ਪਿਆਲੀ ਤੱਕ ਲਿਜਾਉਣ ਦੀ ਕੋਸ਼ਿਸ਼ ਕਰਦਾ ਪਰ ਨਾਕਾਮਯਾਬ … ਮੈਨੂੰ ਲੱਗਾ ਇਹ ਉਸ ਦੀ ਅਦਾ ਹੈ … ਨਹੀਂ ਤਾਂ ਪਿਆਲੀ ਤਾਂ ਅੰਟੀ ਨੇ ਜਮਾਂ ਉਹਦੀ ਪਹੁੰਚ ਅੰਦਰ ਰੱਖੀ ਸੀ … ‘‘ਗਾਰਗੀ ਰਸੀਆ ਸੀ… ਕੁੜੀਆਂ… ਉਹਨੂੰ ਇਹ ਕਸਬ ਆਉਂਦਾ ਸੀ।’’ …ਗੱਲ ਤੁਰ ਪਈ ਹੈ…’’ ਭੰਡਾਰੀ ਸਾਹਬ ਕਿਵੇਂ … ਮੇਰਾ ਮਤਲਬ ਐਸਾ ਕੀ ਸੀ ਗਾਰਗੀ ’ਚ ਕਿ ਕੁੜੀਆਂ ਮਰਦੀਆਂ ਸੀ?’’ …ਬਿਸਕੁਟ ਚਾਹ ਅੰਦਰ ਚਲਾ ਗਿਆ ਹੈ, ‘‘ਕਹਿ ਨਹੀਂ ਸਕਦਾ … ਅਨਡਿਸਕਾਈਏਬਲ!’’ ਉਹਨੇ ਗੱਲ ਮੁਕਾ ਦਿੱਤੀ ਹੈ।
ਮੋਹਨ ਭੰਡਾਰੀ ਦੇ ਸੀਨੇ ’ਚ ਚੰਡੀਗੜ੍ਹ ਦਾ ਇਤਿਹਾਸ ਸਾਂਭਿਆ ਪਿਆ ਹੈ… ਵੀਹ ਸੈਕਟਰ ਵਾਲਾ ਘਰ … ਉੱਥੇ ਲੱਗਦੀਆਂ ਰੌਣਕਾਂ … ਸਾਹਿਤਕਾਰ ਲਈ ਚਾਹ-ਪਾਣੀ- ਰੋਟੀ ਦਾ ਪ੍ਰਬੰਧ… ਬਿਨਾਂ ਮੱਥੇ ਵੱਟ ਪਾਇਆਂ। ਉਨ੍ਹਾਂ ਦਿਨਾਂ ਨੂੰ ਚੇਤੇ ਕਰ ਉਹ ਅੰਬਾਂ ਵੱਲ ਦੇਖਦਾ ਹੈ। ਇਨ੍ਹਾਂ ਦੀ ਉਮਰ ਉਸ ਤੋਂ ਵੀ ਵੱਡੀ ਹੈ… ਤੇ ਦੇਣ ਵੀ … ‘‘ਕੌਣ ਕਹਿੰਦੇ, ਚੰਡੀਗੜ੍ਹ ਦੀ ਮਿੱਟੀ ਓਪਰੀ ਐ … ਜੇ ਓਪਰੀ ਹੁੰਦੀ ਤਾਂ ਇਹ ਰੁੱਖ-ਸੁੱਕ ਜਾਂਦੇ …ਮਿੱਟੀ ਜੜ੍ਹਾਂ ਪਕੜੀ ਬੈਠੀ ਹੈ।’’ ਦਰਵੇਸ਼ੀ ਦੇ ਆਲਮ ’ਚ ਉਹ ਨਿੱਕੇ ਫਿਕਰੇ ਰਾਹੀਂ ਵੱਡੀ ਕਹਾਣੀ ਕਹਿ ਜਾਂਦਾ ਹੈ। ‘‘ਕਿਸ਼ਨ, ਹੁਣ ਤੂੰ ਜੁਆਨ ਹੋ ਗਿਆਂ।’’ ‘ਕਬੂਤਰ’ ਕਹਾਣੀ ਦਾ ਆਖਰੀ ਨਿੱਕਾ ਵਾਕ ਪਾਠਕ ਦਾ ਪਿੱਛਾ ਨਹੀਂ ਛੱਡਦਾ।
‘‘ਹਾਂ, ਉਹ ਇੰਜ ਈ ਕਰਦਾ ਏ। ਘੱਟ ਬੋਲਦਾ, ਜ਼ਿਆਦਾ ਸੋਚਦਾ ਏ।’’ ‘ਸੱਟ’ ਕਹਾਣੀ ਦਾ ਇਹ ਫਿਕਰਾ ਸ਼ਾਇਦ ਭੰਡਾਰੀ ਨੇ ਆਪਣੇ ਬਾਰੇ ਹੀ ਲਿਖਿਆ ਸੀ। ਉਹਨੂੰ ਸ਼ਾਇਦ ਫਾਲਤੂ, ਲਮਕਾਓ ਵਖਿਆਨ ਨਾਲ ਚਿੜ ਐ… ਵੈਸੇ ਗੱਲ ਉਹ ਲਮਕਾਅ ਕੇ ਕਰਦਾ ਹੈ… ਕਈ ਵਾਰ ਦੱਖਣ ਤੋਂ ਸ਼ੁਰੂ ਕਰਦਾ ਹੈ, ਪੱਛਮ ਵੱਲ ਲਿਜਾ ਕੇ ਤੋੜਾ ਝਾੜਦਾ ਹੈ। ਵਿੱਚ ਜਿਹੇ ਜਿਹੜਾ ਚੁੱਪ ਦਾ ਆਲਮ ਸਿਰਜਦਾ ਹੈ, ਉਹ ਹੈ ਅਸਲ ਮੋਹਨ ਭੰਡਾਰੀ… ਸਰੋਤਾ ਉਦੋਂ ਹੀ ਅਸਲ ’ਚ ਉਹਦੇ ਵੱਲ ਅੰਤਰ ਧਿਆਨ ਹੁੰਦਾ ਹੈ, ਟਿਕਟਿਕੀ ਉਦੋਂ ਈ ਲੱਗਦੀ ਐ। ਉਹਦੇ ਹੱਥਾਂ ਦੀਆਂ ਮੁਦਰਾਵਾਂ, ਅੱਖਾਂ ਦੇ ਰੰਗ, ਹਰਕਤ ਕਰਦੀ ਗਲੇ ਦੀ ਘੰਡੀ। ਉਦੋਂ ਇਕ ਤਲਿਸਮ ਸਿਰਜ ਰਹੀ ਹੁੰਦੀ ਐ … ਤੇ ਉਹ ਅਚਾਨਕ ਇਸ ਤਲਿਸਮੀ ਮਾਹੌਲ ਨੂੰ ਝਟਕਾ ਦਿੰਦਿਆਂ ਸਰੋਤੇ ਦਾ ਕੰਨ ਮਰੋੜਦਾ ਹੈ, ‘‘ਹਾਅਅ … ਕੀ ਕਹਿ ਰਿਹਾ ਸੀ ਮੈਂ।’’ … ਤੁਸੀਂ ਗਾਰਗੀ ਬਾਰੇ ਕੁਝ ਦੱਸਣ ਲੱਗੇ ਸੀ’’, ਮੈਂ ਹੁਸ਼ਿਆਰੀ ਵਰਤਦਾ ਹਾਂ … ਉਹ ਮੇਰੇ ਵੱਲ ਦੇਖ ਮੁਸਕਰਾਉਂਦਾ ਹੈ… ‘‘ਗਾਰਗੀ… ਗਾਰਗੀ… ਸੀ ਜ਼ਿੰਦਗੀ ਦੀ ਲੱਜਤ ਮਾਣ ਗਿਆ ਗਾਰਗੀ…’’ ਮੋਹਣ ਕਈ ਕੁਝ ਕਹਿ ਗਿਆ ਐ ਹੁਣ…ਚਾਹ ਦਾ ਅਸਰ ਐ ਜਾਂ ਸਿਗਰਟ ਦਾ…ਜਾਂ ਮੇਰੀ ਜ਼ਿੱਦ ਦਾ! ਉਹ ਕਲਾਕਾਰ ਹੈ…ਲੁੱਚੀ ਗੱਲ ’ਤੇ ਦਾਨਿਆਂ ਵਾਂਗ ਹੱਸਦਾ ਐ…ਦਾਨੀ ਗੱਲ ਦਾ ਬਹੁਤੀ ਵਾਰ ਲੁੱਚਾ ਜਵਾਬ ਦੇ ਦਿੰਦਾ ਐ…ਇੱਲਤ ਉਹਦੇ ਅੰਦਰ ਐ ਕਿਤੇ…!
ਸਿਹਤ ਹੁਣ ਬਹੁਤੀ ਠੀਕ ਨਹੀਂ ਰਹਿੰਦੀ, ਡਾਕਟਰਾਂ ਨੇ ਬਚਾਅ ਲਿਆ ਹੈ…ਖਾਣ-ਪੀਣ ’ਤੇ ਪਾਬੰਦੀ ਹੈ।
ਮੈਂ ਚਾਹ ਪੀ ਚੁੱਕਾ ਹਾਂ, ਭੰਡਾਰੀ ਸਾਹਮਣੇ ਪਈ ਸ਼ਿਵ ਦੀ ਕਿਤਾਬ ਵੱਲ ਇਸ਼ਾਰਾ ਕਰਦਾ ਹੈ, ਮੈਂ ਪੰਨੇ ਫਰੋਲਦਾ ਹਾਂ…‘‘ਸ਼ਿਵ ਕਮਾਲ ਸੀ…ਬਹੁਤ…’’…ਮੋਹਣ ਫਿਰ ਖਿੜਿਆ ਹੈ…ਸਵਾਲ ਫਿਰ ਜਾਗਿਆ ਹੈ, ‘‘ਸ਼ਿਵ ਦੀਆਂ ਬਹੁਤ ਕੁੜੀਆਂ ਫੈਨ ਸਨ…ਕੀ ਕਾਰਨ ਸੀ?’’ ‘‘ਕਹਿ ਨਹੀਂ ਸਕਦੇ…ਅਨਡਿਸਕਾਈਏਬਲ,’’ ਬਾਬਾ ਸਥਿਰ ਹੈ…ਉਹਨੂੰ ਥਿੜਕਾਉਣਾ, ਭਟਕਾਉਣਾ ਔਖਾ…‘‘ਕੇ.ਸੀ. ਮੋਹਨ ਦਾ ਫੋਨ ਆਇਆ ਸੀ ਇੰਗਲੈਂਡ ਤੋਂ…ਕੱਲ੍ਹ…ਸੁਰਿੰਦਰ ਧੰਜਲ ਵੀ ਕੈਨੇਡਾ ਤੋਂ ਗੱਲ ਕਰ ਲੈਂਦਾ ਐ…’’ ਬਾਬਾ ਆਪਣੇ ਨੈੱਟਵਰਕ ਦੀ ਗੱਲ ਹੁੱਬ ਕੇ ਕਰਦਾ ਹੈ…ਮੈਂ ਦਰਵੇਸ਼ ਦਾ ਧਿਆਨ ਖੰਨੇ ਵੱਲ ਕੇ ਕਹਾਣੀਕਾਰਾਂ ਵੱਲ ਮੋੜਦਾ ਹਾਂ, ‘‘ਜਤਿੰਦਰ ਹਾਂਸ?’’ ‘ਵਧੀਆ’…‘‘ਜਸਵੀਰ ਰਾਣਾ?’’ ‘ਵਧੀਆ’…‘‘ਬਲਵਿੰਦਰ ਗਰੇਵਾਲ?’’ ‘‘ਵਧੀਆ’’…‘‘ਕੌਣ ਜ਼ਿਆਦਾ ਵਧੀਆ?’’ ‘‘ਸੂਈ ਦੇ…ਸੂਈ ਦੇ ਨੱਕੇ ’ਚੋਂ…!’’ ਵਾਕ ਅਧੂਰਾ ਛੱਡਤਾ…ਬਾਬੇ ਦੀ ਖੇਡ ਐ ਇਹ…ਮਨ ਦੀ ਮੌਜ ਵੀ ਤੇ ਕਮਾਲਈ ਘਾੜਤ ਵੀ! ਮੋਹਨ ਭੰਡਾਰੀ ਇਵੇਂ ਦਾ ਈ ਐ …ਉਹਨੂੰ ਇਵੇਂ ਦਾ ਈ ਹੋਣਾ ਚਾਹੀਦਾ ਸੀ…ਪੰਜਾਬ ’ਚ ਜਦੋਂ ਅਤਿਵਾਦ ਕਾਰਨ ਸਾਧਾਰਨ ਬੰਦੇ ਦਾ ਸਾਹ ਲੈਣਾ ਔਖਾ ਹੋਇਆ ਪਿਆ ਸੀ, ਜਦੋਂ ਦਿੱਲੀ ਦੀਆਂ ਸੜਕਾਂ ’ਤੇ ਹੈਵਾਨੀਅਤ ਦਾ ਨਾਚ ਹੋਇਆ ਸੀ, ਉਦੋਂ ਬਾਬੇ ਦੀ ਕਲਮ ’ਚੋਂ ‘ਮੂਨ ਦੀ ਅੱਖ’ ‘ਸਾਂਝ’ ‘ਕੇਸ ਵਾਹ ਜਿਉਣੀਏ’ ‘ਪਾੜ’ ਵਰਗੀਆਂ ਕਹਾਣੀਆਂ ਨਿਕਲੀਆਂ…ਇਹ ਕਹਾਣੀਆਂ ਦੁਹੱਥੜਾ ਨਹੀਂ ਸੀ ਮਾਰਦੀਆਂ, ਚੀਕਦੀਆਂ ਨਹੀਂ ਸਨ…ਦਰਦ ਫੈਲਿਆ ਹੋਇਆ ਸੀ ਸਫਿਆਂ ’ਤੇ…ਸਹਿਜਤਾ ਨਾਲ…ਮੋਹਨ ਭੰਡਾਰੀ ਵਾਲੀ ਸਹਿਜਤਾ…ਰਹਿਣੀ-ਬਹਿਣੀ, ਦਿੱਖ ਤੋਂ ‘ਹਿੰਦੂ’ ਲੇਖਕ ਦੁਆਰਾ ਲਿਖੀਆਂ ਇਹ ਕਹਾਣੀਆਂ ਉਸ ਸੰਤਾਪੇ ਦੌਰ ’ਚ ਇਤਿਹਾਸਕ ਕਾਰਜ ਕਰ ਗਈਆਂ ਸਨ। ਕਿਸੇ ਮੰਚ ਤੋਂ, ਕਿਸੇ ਸੈਮੀਨਾਰ ’ਚ ਮੈਂ ਉਹਨੂੰ ਚਿੱਥ ਕੇ ਗੱਲ ਕਰਦਿਆਂ ਨਹੀਂ ਸੁਣਿਆ। ਉਹਨੂੰ ਚਿੱਥਣਾ ਆਉਂਦਾ ਈ ਨਹੀਂ। ਅੰਟੀ ਵੀ ਜਾਣਦੀ ਐ…ਕੌਲੀ ’ਚੋਂ ਚੁੱਕ ਮੈਂ ਵੀ ਇਕ ਪੋਲਾ ਬਿਸਕੁਟ ਖਾਂਦਾ ਹਾਂ…ਮੇਰਾ ਸਾਥੀ ਮੈਨੂੰ ਉਥੋਂ ਲੈਣ ਲਈ ਪਹੁੰਚ ਗਿਆ ਹੈ…ਮੈਂ ਤਸਵੀਰਾਂ ਖਿੱਚਣ ਲਈ ਆਖਦਾ ਹਾਂ…ਬਾਬੇ ਨੂੰ ਨਿਆਣਿਆਂ ਵਾਂਗ ਚਾਅ ਚੜ੍ਹ ਜਾਂਦਾ ਹੈ…ਇੱਲਤ ਨਹੀਂ ਕਰਦਾ, ਦਰਵੇਸ਼ਾਂ ਵਾਂਗ ਤਸਵੀਰਾਂ ਖਿਚਵਾਉਂਦਾ ਹੈ…ਗਾਰਗੀ…  ਸ਼ਿਵ ਬੰਨੀ ’ਤੇ ਬੈਠੇ ਦੇਖ ਰਹੇ ਹਨ … ਅੰਬਾਂ ਦੇ ਰੁੱਖ ਟਿਕਟਿਕੀ ਲਾਈ ਖੜ੍ਹੇ ਹਨ…ਮੈਂ ਜਾਣ ਲਈ ਉੱਠਦਾ ਹਾਂ…ਮਨ ’ਚ ਆਉਂਦਾ ਕਿ ਰਸਮੀ ਜਿਹਾ ਇਕ ਸਵਾਲ ਪੁੱਛ ਲਵਾਂ ਕਿ ਸਾਹਿਤ ਕਿਉਂ ਲਿਖਦੇ ਓ…ਕਿਸ ਲਈ ਲਿਖਦੇ ਓ…ਲੋਕਾਂ ਦੇ ਦੁਖ-ਦਰਦ ਨਾਲ ਕਿੰਨੀ ਕੁ ਸਾਂਝ ਹੁੰਦੀ ਐ ਲੇਖਕ ਦੀ…ਆਪਣੀ ਮੂਰਖਤਾ ’ਤੇ ਅੰਦਰੋ-ਅੰਦਰ ਹਾਸਾ ਆਇਆ।
ਸ਼ੁਕਰ ਐ ਇਹ ਸਵਾਲ ਜ਼ੁਬਾਨ ’ਤੇ ਲਿਆ ਕੇ ਮੈਂ ‘ਮੂਨ ਦੀ ਅੱਖ’ ਵਿਚਲੀ ਨਸੀਬ ਕੌਰ ਦੀ ਇਕ ਅੱਖ ’ਚ ਅਟ ਕੇ ਹੰਝੂ ਦਾ ਅਪਮਾਨ ਕਰਨ ਦਾ ਬੱਜਰ ਗੁਨਾਹ ਕਰਨੋਂ ਬਚ ਗਿਆਂ…ਵੈਸੇ ਵੀ ਜੇ ਮੈਂ ਇਹ ਸਵਾਲ ਕਰ ਵੀ ਦਿੰਦਾ ਕਿ ‘‘ਕਿਉਂ ਲਿਖਦੇ ਓ, ਕਿਸ ਲਈ…ਲੋਕਾਂ ਲਈ ਜਾਂ ਆਪਣੇ ਆਪ ਲਈ?’’ ਤਾਂ ਫੁਲਬਹਿਰੀ ਵਾਲੇ ਹੱਥ ਆਪਣੀ ਠੋਡੀ ’ਤੇ ਧਰਦਿਆਂ ਬਾਬੇ ਨੇ ਸਿਰਫ ਅੰਬਾਂ ਦੀਆਂ ਟੀਸੀਆਂ ਵੱਲ ਦੇਖਣਾ ਸੀ ਤੇ ਪੋਲੇ ਜਿਹੇ ਕਹਿਣਾ ਸੀ, ‘‘ਕਹਿ ਨਹੀਂ ਸਕਦਾ… ਅਨਡਿਸਕਰਾਈਬੇਬਲ!’’

ਸੰਪਰਕ: 98880-11096


Comments Off on ਅੰਬਾਂ ਦੀ ਛਾਵੇਂ ਧੁੱਪ ਸੇਕਦਾ ਦਰਵੇਸ਼ – ਮੋਹਨ ਭੰਡਾਰੀ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.