ਬਾਬਰੀ ਮਸਜਿਦ ਕੇਸ: ਚਸ਼ਮਦੀਦ ਗਵਾਹ ਦੀ ਮੌਤ !    ਅਮਰੀਕਾ: ਸਿੱਖ ਡਾਕਟਰ ਨੂੰ ਜਾਨੋਂ ਮਾਰਨ ਦੀ ਧਮਕੀ !    ਮੁਕਾਬਲੇ ਵਾਲੀਆਂ ਥਾਵਾਂ ’ਤੇ ਆ ਕੇ ‘ਖ਼ੁਦਕੁਸ਼ੀ’ ਨਾ ਕਰਨ ਨੌਜਵਾਨ: ਵੈਦ !    ਬੰਗਲਾਦੇਸ਼: ਖ਼ੁਦਕੁਸ਼ ਹਮਲੇ ’ਚ ਪਰਿਵਾਰ ਦੇ 8 ਜੀਅ ਮਰੇ !    ਭੇਤਭਰੀ ਹਾਲਤ ਵਿੱਚ ਚੱਲੀ ਗੋਲੀ; ਮੁਲਾਜ਼ਮ ਜ਼ਖਮੀ !    ਬਦਨੌਰ ਵੱਲੋਂ ਸੈਨਿਕ ਬੋਰਡ ਨਾਲ ਮੀਟਿੰਗ !    ਯੂਨੀਵਰਸਿਟੀਆਂ ਦੀ ਭੂਮਿਕਾ ਨੂੰ ਪੁਨਰ ਪ੍ਰਭਾਸ਼ਿਤ ਕਰਨ ਦੀ ਲੋੜ: ਅਪੂਰਵਾਨੰਦ !    ਧੋਖਾਧੜੀ ਕਰਨ ਵਾਲੇ ਬਿਲਡਰਾਂ ਦੀ ਗ੍ਰਿਫ਼ਤਾਰੀ ਲਈ ਲੋਕਾਂ ਤੋਂ ਮੰਗਿਆ ਸਹਿਯੋਗ !    ਨਾਜਾਇਜ਼ ਉਸਾਰੀਆਂ ਦੇ ਮਾਮਲੇ ਵਿੱਚ ਕਸੂਤੇ ਘਿਰੇ ਕੌਂਸਲ ਅਧਿਕਾਰੀ !    ਬੱਚਿਆਂ ਦੇ ਰਿਪੋਰਟ ਕਾਰਡ ਨਾ ਦੇਣ ਕਾਰਨ ਸਕੂਲ ਅੱਗੇ ਧਰਨਾ !    

ਆਜ਼ਾਦੀ ਸੰਗਰਾਮ ਦਾ ਅਮਰ ਸ਼ਹੀਦ ਅਸ਼ਫ਼ਾਕਉੱਲਾ ਖ਼ਾਨ

Posted On December - 13 - 2016

ਸੁਰਿੰਦਰ ਕੋਛੜ

11312cd _Ashfak Ullah Khanਭਾਰਤੀ ਸੁਤੰਤਰਤਾ ਸੰਗਰਾਮ ਦੇ ਮੁਢਲੇ ਕ੍ਰਾਂਤੀਕਾਰੀਆਂ ਦੀ ਸੂਚੀ ਵਿੱਚ ਸ਼ਾਮਲ ਸ਼ਹੀਦ ਅਸ਼ਫ਼ਾਕਉੱਲਾ ਖ਼ਾਂ ਵਾਰਸੀ ‘ਹਸਰਤ’ ਦਾ ਜਨਮ ਉੱਤਰ ਪ੍ਰਦੇਸ਼ ਦੇ ਸ਼ਹੀਦਗੜ੍ਹ ਸ਼ਾਹਜਹਾਨਪੁਰ ਦੇ ਮੁਹੱਲਾ ਜਲਾਲਨਗਰ ਵਿੱਚ 22 ਅਕਤੂਬਰ 1900 ਨੂੰ ਪਿਤਾ ਮੁਹੰਮਦ ਸ਼ਫ਼ੀਕ ਉੱਲਾ ਖ਼ਾਂ ਤੇ ਮਾਤਾ ਮਹਿਰੂਨਿਸਾ ਦੇ ਘਰ ਹੋਇਆ।
‘ਸਰ ਫ਼ਰੋਸ਼ੀ ਕੀ ਤਮੰਨਾ, ਅਬ ਹਮਾਰੇ ਦਿਲ ਮੇਂ ਹੈ, ਦੇਖਣਾ ਹੈ ਜ਼ੋਰ ਕਿਤਨਾ ਬਾਜ਼ੂ-ਏ-ਕਾਤਿਲ ਮੇਂ ਹੈ’ ਦੇ ਰਚੇਤਾ  ਪੰਡਿਤ ਰਾਮ ਪ੍ਰਸਾਦ ਬਿਸਮਿਲ, ਅਸ਼ਫ਼ਾਕ ਦੇ ਵੱਡੇ ਭਰਾ ਰਿਆਸਤ ਉੱਲਾ ਖ਼ਾਂ ਦੇ ਜਮਾਤੀ ਸਨ। ਰਿਆਸਤ ਅਕਸਰ ਅਸ਼ਫ਼ਾਕ ਦੇ ਸਾਹਮਣੇ ਬਿਸਮਿਲ ਦੀ ਸ਼ਾਇਰੀ ਅਤੇ ਜ਼ਿੰਦਾ-ਦਿਲੀ ਦੇ ਚਰਚੇ ਕਰਦੇ ਰਹਿੰਦੇ ਸਨ। ਇਸ ਕਾਰਨ ਅਸ਼ਫ਼ਾਕ ਉਨ੍ਹਾਂ ਨਾਲ ਮਿਲਣ ਦਾ ਚਾਹਵਾਨ ਸੀ ਪਰ ਬਿਸਮਿਲ ਉਨ੍ਹੀਂ ਦਿਨੀਂ ਮੈਨਪੁਰੀ ਕਾਂਡ ਦੇ ਚਲਦਿਆਂ ਜੇਲ੍ਹ ਵਿੱਚ ਸਨ, ਜਿਸ ਕਾਰਨ ਉਨ੍ਹਾਂ ਨਾਲ ਮਿਲਣਾ ਸੰਭਵ ਨਾ ਹੋ ਸਕਿਆ। ਬਿਸਮਿਲ ਦੇ 1920 ਵਿੱਚ ਜੇਲ੍ਹ ਵਿੱਚੋਂ ਰਿਹਾਅ ਹੋ ਕੇ ਆਉਣ ’ਤੇ ਲੰਬੀ ਖੋਜ ਅਤੇ ਭੱਜ-ਦੌੜ ਤੋਂ ਬਾਅਦ ਅਖ਼ੀਰ ਅਸ਼ਫ਼ਾਕ ਨੇ ਉਨ੍ਹਾਂ ਨੂੰ ਲੱਭ ਲਿਆ। ਕੁਝ ਮੁਲਾਕਾਤਾਂ ਦੇ ਬਾਅਦ ਦੋਵਾਂ ਦੇ ਹਮ-ਵਿਚਾਰ ਹੋਣ ਕਰਕੇ ਗੂੜ੍ਹੀ ਦੋਸਤੀ ਹੋ ਗਈ। ਉਨ੍ਹਾਂ ਦੀ ਵੱਡੀ ਸਮਾਨਤਾ ਇਹ ਸੀ ਕਿ ਦੋਵੇਂ ਉਰਦੂ ਜ਼ਬਾਨ ਦੇ ਸ਼ਾਇਰ ਹੋਣ ਦੇ ਨਾਲ-ਨਾਲ ਆਪਣੀ ਭਾਰਤ ਮਾਂ ਦੇ ਖ਼ਿਦਮਤਗਾਰ ਵੀ ਸਨ। ਇਨ੍ਹਾਂ ਦੋਵਾਂ ਦੀ ਦੋਸਤੀ ਭਾਰਤੀ ਸੁਤੰਤਰਤਾ ਸੰਗਰਾਮ ਦੇ ਇਤਿਹਾਸ ਵਿੱਚ ਹਿੰਦੂ- ਮੁਸਲਿਮ ਏਕਤਾ ਦੀ ਵਿਲੱਖਣ ਮਿਸਾਲ ਹੈ। ਪਹਿਲੀ ਜਨਵਰੀ 1925 ਨੂੰ ਹਿੰਦੁਸਤਾਨ ਰਿਪਬਲਿਕਨ ਐਸੋਸੀਏਸ਼ਨ (ਐਚ.ਆਰ.ਏ.) ਦੁਆਰਾ ਅੰਗਰੇਜ਼ੀ ਵਿੱਚ ਪ੍ਰਕਾਸ਼ਿਤ ‘ਦਿ ਰੈਵੋਲੂਸ਼ਨਰੀ’ ਘੋਸ਼ਣਾ-ਪੱਤਰ ਨੂੰ ਉੱਤਰ ਪ੍ਰਦੇਸ਼ ਦੇ ਹਰੇਕ ਜ਼ਿਲ੍ਹੇ ਤਕ ਪਹੁੰਚਾਉਣ ਦੀ ਜ਼ਿੰਮੇਵਾਰੀ ਅਸ਼ਫ਼ਾਕ ਨੂੰ ਸੌਂਪੀ ਗਈ। ਇਸ ਕੰਮ ਵਿੱਚ ਉਸ ਦੀ ਸ਼ਲਾਘਾਯੋਗ ਭੂਮਿਕਾ ਨੂੰ ਵੇਖਦਿਆਂ ਐਚ.ਆਰ.ਏ. ਦੀ ਕੇਂਦਰੀ ਕਾਰਜਕਾਰਨੀ ਨੇ ਅਸ਼ਫ਼ਾਕ ਨੂੰ ਬਿਸਮਿਲ ਦਾ ਸਹਾਇਕ ਨਿਯੁਕਤ ਕਰ ਦਿੱਤਾ ਅਤੇ ਸੂਬੇ ਦੀ ਸਾਰੀ ਜ਼ਿੰਮੇਵਾਰੀ ਇਨ੍ਹਾਂ ਦੋਵਾਂ ਦੇ ਮੋਢਿਆਂ ਉੱਤੇ ਪਾ ਦਿੱਤੀ ਗਈ।
ਐਚ.ਆਰ.ਏ. ਦੀ ਪ੍ਰਦੇਸ਼ ਇਕਾਈ ਨੇ ਪਾਰਟੀ ਲਈ ਪੈਸਾ ਇਕੱਠਾ ਕਰਨ ਤੇ ਅੰਗਰੇਜ਼ੀ ਹਕੂਮਤ ਵਿਰੁੱਧ ਹਥਿਆਰਾਂ ਦੀ ਜੰਗ ਛੇੜਨ ਲਈ ਆਇਰਲੈਂਡ ਦੇ ਕ੍ਰਾਂਤੀਕਾਰੀਆਂ ਦੀ ਤਰਜ਼ ’ਤੇ ਡਕੈਤੀਆਂ ਮਾਰਨ ਦੀ ਯੋਜਨਾ ਬਣਾਈ। ਅਸ਼ਫ਼ਾਕ ਨੇ ਧਨਾਢ ਲੋਕਾਂ ਦੇ ਘਰਾਂ-ਦੁਕਾਨਾਂ ’ਤੇ ਡਾਕੇ ਮਾਰ ਕੇ ਧਨ ਲੁੱਟਣ ਲਈ ਆਪਣੇ ਭਰਾ ਰਿਆਸਤ ਉੱਲਾ ਦੀ ਲਾਇਸੈਂਸੀ ਬੰਦੂਕ ਅਤੇ ਦੋ ਪੇਟੀਆਂ ਕਾਰਤੂਸ ਦੀਆਂ ਲਿਆ ਕੇ ਬਿਸਮਿਲ ਦੇ ਹਵਾਲੇ ਕਰ ਦਿੱਤੀਆਂ ਪਰ ਬਿਸਮਿਲ ਨੇ ਕਿਹਾ ਕਿ ਉਹ ਲੋਕਾਂ ਨੂੰ ਲੁੱਟਣ ਦੀ ਥਾਂ ਸਰਕਾਰੀ ਖ਼ਜ਼ਾਨਾ ਲੁੱਟਣਗੇ। ਭਾਵੇਂ ਅਸ਼ਫ਼ਾਕ ਦਾ ਮੰਨਣਾ ਸੀ ਕਿ ਸਰਕਾਰੀ ਖ਼ਜ਼ਾਨਾ ਲੁੱਟਣਾ ਖ਼ਤਰੇ ਤੋਂ ਖਾਲੀ ਨਹੀਂ ਹੈ, ਪਰ ਬਾਕੀ ਸਾਥੀਆਂ ਦੀ ਜ਼ਿਦ ਦੇ ਚਲਦਿਆਂ ਉਹ ਰਾਜ਼ੀ ਹੋ ਗਿਆ। 9 ਅਗਸਤ, 1925 ਦੀ ਸ਼ਾਮ ਕਾਕੋਰੀ ਸਟੇਸ਼ਨ ਤੋਂ ਜਿਵੇਂ ਹੀ ਰੇਲਗੱਡੀ ਅੱਗੇ ਵਧੀ, ਅਸ਼ਫ਼ਾਕ ਦੇ ਇੱਕ ਸਾਥੀ ਨੇ ਗੱਡੀ ਦੀ ਜ਼ੰਜੀਰ ਖਿੱਚ ਦਿੱਤੀ ਅਤੇ ਅਸ਼ਫ਼ਾਕ ਨੇ ਡਰਾਈਵਰ ਦੀ ਕੰਨਪਟੀ ’ਤੇ ਪਿਸਤੌਲ ਰੱਖ ਦਿੱਤਾ। ਬਿਸਮਿਲ ਨੇ ਗਾਰਡ ਨੂੰ ਹੇਠਾਂ ਸੁੱਟ ਕੇ ਖ਼ਜ਼ਾਨੇ ਵਾਲੀ ਤਿਜੌਰੀ ਨੂੰ ਗੱਡੀ ਤੋਂ ਬਾਹਰ ਸੁੱਟ ਲਿਆ। ਸਭ ਕੁਝ ਯੋਜਨਾ ਦੇ ਮੁਤਾਬਿਕ ਹੀ ਹੋ ਰਿਹਾ ਸੀ ਪਰ ਤਿਜੌਰੀ ਦਾ ਜਿੰਦਰਾ ਨਹੀਂ ਸੀ ਟੁੱਟ ਰਿਹਾ। ਸਭ ਇਸ ਗੱਲ ਤੋਂ ਚਿੰਤਤ ਸਨ ਕਿ ਲਖਨਊ ਤੋਂ ਸੈਨਾ ਜਾਂ ਪੁਲੀਸ ਕਦੇ ਵੀ ਉੱਥੇ ਪਹੁੰਚ ਸਕਦੀ ਸੀ। ਅਖ਼ੀਰ ਤਿਜੌਰੀ ਦਾ ਜਿੰਦਰਾ ਟੁੱਟ ਗਿਆ ਅਤੇ ਇਹ ਕ੍ਰਾਂਤੀਕਾਰੀ ਪੁਲੀਸ ਦੇ ਪਹੁੰਚਣ ਤੋਂ ਪਹਿਲਾਂ ਹੀ ਖ਼ਜ਼ਾਨਾ ਲੈ ਕੇ ਰਫ਼ੂ-ਚੱਕਰ ਹੋ ਗਏ।
ਇਸ ਤੋਂ ਬਾਅਦ ਜਦੋਂ ਗ੍ਰਿਫ਼ਤਾਰੀਆਂ ਦਾ ਸਿਲਸਿਲਾ ਸ਼ੁਰੂ ਹੋਇਆ ਤਾਂ ਅਸ਼ਫ਼ਾਕ ਪੁਲੀਸ ਨੂੰ ਚਕਮਾ ਦੇ ਕੇ ਉੱਥੋਂ ਭੱਜ ਨਿਕਲਿਆ। ਉਹ ਉੱਥੋਂ ਕਾਨਪੁਰ, ਬਨਾਰਸ, ਰਾਜਸਥਾਨ ਅਤੇ ਬਿਹਾਰ ਆਦਿ ਸ਼ਹਿਰਾਂ ਵਿੱਚ ਲੁਕਦਾ-ਲੁਕਾਉਂਦਾ ਵਾਪਸ ਆਪਣੇ ਸ਼ਹਿਰ ਸ਼ਾਹਜਹਾਨਪੁਰ ਪੁੱਜ ਗਿਆ। ਉੱਥੋਂ ਉਹ ਜਦੋਂ ਪਾਸਪੋਰਟ ਬਣਾ ਕੇ ਵਿਦੇਸ਼ ਜਾ ਕੇ ਲਾਲਾ ਹਰਿਦਿਆਲ ਨੂੰ ਮਿਲਣ ਦੀ ਯੋਜਨਾ ਬਣਾ ਰਿਹਾ ਸੀ ਤਾਂ ਕਿਸੇ ਮੁਖ਼ਬਰ ਦੀ ਸੂਚਨਾ ’ਤੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਭਾਵੇਂ ਅਦਾਲਤ ਨੇ ਕਾਕੋਰੀ ਕਾਂਡ ਦਾ ਫ਼ੈਸਲਾ 6 ਅਪਰੈਲ 1926 ਨੂੰ ਸੁਣਾ ਦਿੱਤਾ ਸੀ, ਪਰ ਅਸ਼ਫ਼ਾਕਉੱਲਾ ਅਤੇ ਸਚਿੰਦਰਨਾਥ ਬਖ਼ਸ਼ੀ ਦੀ ਗ੍ਰਿਫ਼ਤਾਰੀ ’ਤੇ 7 ਦਸੰਬਰ 1926 ਨੂੰ ਅਦਾਲਤ ਦੁਆਰਾ ਮੁੜ ਮੁਕੱਦਮਾ ਦਾਇਰ ਕੀਤਾ ਗਿਆ। ਅਖ਼ੀਰ 13 ਜੁਲਾਈ 1927 ਨੂੰ ਕੇਸ ਦਾ ਫ਼ੈਸਲਾ ਸੁਣਾਉਂਦਿਆਂ ਅਸ਼ਫ਼ਾਕ ਉੱਲਾ ਨੂੰ ਸਜ਼ਾ-ਏ-ਮੌਤ ਦਾ ਹੁਕਮ ਸੁਣਾਇਆ ਗਿਆ। ਗ੍ਰਿਫ਼ਤਾਰੀ ਦੌਰਾਨ ਸੀ.ਆਈ.ਡੀ. ਦੇ ਮੁੱਖ ਅਧਿਕਾਰੀ ਖ਼ਾਨ ਬਹਾਦਰ ਤਸਦੁੱਕ ਹੁਸੈਨ ਨੇ ਅਸ਼ਫ਼ਾਕ ਨੂੰ ਸਮਝਾਇਆ,‘‘ਅਸ਼ਫ਼ਾਕ ਉੱਲਾ ਕਿਉਂਕਿ ਤੂੰ ਵੀ ਮੁਸਲਮਾਨ ਹੈਂ, ਇਸ ਲਈ ਤੈਨੂੰ ਆਗਾਹ ਕਰਨਾ ਚਾਹੁੰਦਾ ਹਾਂ ਕਿ ਰਾਮ ਪ੍ਰਸਾਦ ਬਿਸਮਿਲ ਅਤੇ ਉਸ ਦੇ ਸਾਰੇ ਸਾਥੀ ਹਿੰਦੂ ਹਨ ਅਤੇ ਇਹ ਲੋਕ ਹਿੰਦੂ ਸਲਤਨਤ ਕਾਇਮ ਕਰਨਾ ਚਾਹੁੰਦੇ ਹਨ। ਤੂੰ ਇਨ੍ਹਾਂ ਕਾਫ਼ਰਾਂ ਦੇ ਚੱਕਰ ਵਿੱਚ ਆ ਕੇ ਆਪਣੀ ਜ਼ਿੰਦਗੀ ਖ਼ਤਮ ਨਾ ਕਰ ਅਤੇ ਸਮਝਦਾਰੀ ਨਾਲ ਸਰਕਾਰੀ ਗਵਾਹ ਬਣ ਜਾ, ਹਕੂਮਤ ਤੇਰੇ ’ਤੇ ਤਰਸ ਖਾ ਕੇ ਤੇਰੀ ਸਜ਼ਾ ਮੁਆਫ਼ ਕਰ ਦੇਵੇਗੀ।’’ ਤਸਦੁੱਕ ਹੁਸੈਨ ਦੀ ਇਹ ਨਸੀਹਤ ਸੁਣਦਿਆਂ ਹੀ ਅਸ਼ਫ਼ਾਕ ਗੁੱਸੇ ਵਿੱਚ ਆ ਗਿਆ ਤੇ ਉਸ ਨੇ ਉਸ ਅਧਿਕਾਰੀ ਨੂੰ ਕਿਹਾ,‘‘ਜ਼ਬਾਨ ਸੰਭਾਲ ਕੇ ਗੱਲ ਕਰੋ। ਪੰਡਿਤ ਜੀ (ਰਾਮਪ੍ਰਸਾਦ ਬਿਸਮਿਲ) ਨੂੰ ਤੁਹਾਡੇ ਤੋਂ ਜ਼ਿਆਦਾ ਮੈਂ ਜਾਣਦਾ ਹਾਂ। ਉਨ੍ਹਾਂ ਦਾ ਅਜਿਹਾ ਮਕਸਦ ਬਿਲਕੁਲ ਨਹੀਂ ਹੈ ਅਤੇ ਜੇ ਹੈ ਵੀ ਤਾਂ ਹਿੰਦੂ ਰਾਜ ਤੁਹਾਡੇ ਇਸ ਅੰਗਰੇਜ਼ੀ ਰਾਜ ਤੋਂ ਕੀਤੇ ਬਿਹਤਰ ਹੋਵੇਗਾ। ਤੂੰ ਮੇਰੇ ਹਿੰਦੂ ਸਾਥੀਆਂ ਨੂੰ ਕਾਫ਼ਰ ਕਿਹਾ ਹੈ, ਇਸ ਲਈ ਤੇਰੇ ਲਈ ਇਹੀ ਬਿਹਤਰ ਹੋਵੇਗਾ ਕਿ ਤੂੰ ਜਲਦੀ ਇੱਥੋਂ ਤਸ਼ਰੀਫ਼ ਲੈ ਜਾ, ਨਹੀਂ ਤਾਂ ਮੇਰੇ ਉੱਪਰ ਕਤਲ ਦਾ ਇੱਕ ਕੇਸ ਹੋਰ ਕਾਇਮ ਹੋ ਜਾਵੇਗਾ।’’
ਅਖ਼ੀਰ 19 ਦਸੰਬਰ, 1927 ਨੂੰ ਫੈਜ਼ਾਬਾਦ ਦੀ ਜੇਲ੍ਹ ਵਿੱਚ ਅਸ਼ਫ਼ਾਕਉੱਲਾ ਖ਼ਾਂ ਨੂੰ ਫਾਂਸੀ ’ਤੇ ਚੜ੍ਹਾ ਦਿੱਤਾ ਗਿਆ। ਉਸ ਦੀ ਦੇਹ ਨੂੰ ਸ਼ਾਹਜਹਾਨਪੁਰ ਵਿੱਚ ਉਨ੍ਹਾਂ ਦੇ ਜੱਦੀ ਘਰ ਦੇ ਸਾਹਮਣੇ ਬਗ਼ੀਚੇ ਵਿੱਚ ਦਫ਼ਨਾ ਦਿੱਤਾ ਗਿਆ। ਉਨ੍ਹਾਂ ਦੇ ਮਕਬਰੇ ’ਤੇ ਉਨ੍ਹਾਂ ਦੀਆਂ ਆਪਣੀਆਂ ਲਿਖੀਆਂ ਪੰਕਤੀਆਂ ਅਜੇ ਵੀ ਉੱਕਰੀਆਂ ਹੋਈਆਂ ਹਨ:
ਜ਼ਿੰਦਗੀ ਵਾਦੇ ਵਫ਼ਾ ਤੁਝਕੋ ਮਿਲੇਗੀ ‘ਹਸਰਤ’
ਤੇਰਾ ਜੀਨਾ ਤੇਰੇ ਮਰਨੇ ਕੀ ਬਦੌਲਤ ਰਹੇਗਾ।
ਅਮਰ ਸ਼ਹੀਦ ਅਸ਼ਫ਼ਾਕਉੱਲਾ ਖ਼ਾਂ ਵਾਰਸੀ ‘ਹਸਰਤ’ ਦੀਆਂ ਦੇਸ਼ ਵਿੱਚ ਅੱਜ ਦੋ ਯਾਦਗਾਰਾਂ ਮੌਜੂਦ ਹਨ। ਇੱਕ ਉੱਤਰ ਪ੍ਰਦੇਸ਼ ਦੀ ਫੈਜ਼ਾਬਾਦ ਜੇਲ੍ਹ ਦੇ ਗੇਟ ’ਤੇ ਲਿਖਿਆ ਉਨ੍ਹਾਂ ਦਾ ਨਾਂ ‘ਅਮਰ ਸ਼ਹੀਦ ਅਸ਼ਫ਼ਾਕਉੱਲਾ ਗੇਟ’ ਅਤੇ ਦੂਜਾ ਉਨ੍ਹਾਂ ਦੀ ਅੰਤਿਮ ਯਾਦਗਾਰ ਦੇ ਰੂਪ ਵਿੱਚ ਮੌਜੂਦ ਉਨ੍ਹਾਂ ਦਾ ਮਕਬਰਾ। ਇਸ ਮਕਬਰੇ ’ਤੇ ਦੇਸ਼ ਦੀ ਆਜ਼ਾਦੀ ਤੋਂ ਪਹਿਲਾਂ ਗਣੇਸ਼ ਸ਼ੰਕਰ ਵਿਦਿਆਰਥੀ ਨੇ 200 ਰੁਪਏ ਭੇਜ ਕੇ ਇੱਕ ਛੱਤ ਬਣਵਾ ਕੇ ਦਿੱਤੀ ਸੀ, ਪਰ ਆਜ਼ਾਦ ਭਾਰਤ ਦੀ ਕਿਸੇ ਸਰਕਾਰ ਨੇ ਮੁੜ ਇਸ ਅਸਥਾਨ ਦੀ ਸਾਰ ਨਹੀਂ ਲਈ।

ਸੰਪਰਕ: 93561-27771


Comments Off on ਆਜ਼ਾਦੀ ਸੰਗਰਾਮ ਦਾ ਅਮਰ ਸ਼ਹੀਦ ਅਸ਼ਫ਼ਾਕਉੱਲਾ ਖ਼ਾਨ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.